
ਬਰਸਾਤਾਂ ਦੇ ਮੌਸਮ ਵਿੱਚ ਪਸ਼ੂਆਂ ਦਾ ਖਾਸ ਖਿਆਲ ਰੱਖਣ ਦੀ ਲੋੜ
Rainy Season: ਜੁਲਾਈ-ਅਗਸਤ ਦੇ ਮਹੀਨਿਆਂ ਵਿੱਚ ਤਾਪਮਾਨ ਭਾਵੇਂ ਮਈ ਜੂਨ ਨਾਲੋਂ ਘੱਟ ਹੋ ਜਾਂਦਾ ਹੈ ਪਰ ਹਵਾ ਵਿੱਚ ਵਾਧੂ ਨਮੀ ਹੋਣ ਕਰਕੇ ਇਹ ਗਰਮੀ ਪਸ਼ੂਆਂ ਦੇ ਲਈ ਜਿਆਦਾ ਹਾਨੀਕਾਰਕ ਹੁੰਦੀ ਹੈ ਇਸਲਈ ਬਰਸਾਤਾਂ ਦੇ ਮੌਸਮ ਵਿੱਚ ਪਸ਼ੂਆਂ ਦਾ ਖਾਸ ਖਿਆਲ ਰੱਖਣ ਦੀ ਲੋੜ ਹੁੰਦੀ ਹੈ। ਬਰਸਾਤਾਂ ਦੇ ਦਿਨਾਂ ਵਿੱਚ ਵਿਸ਼ਾਣੂ ਰੋਗਾਂ ਦੀ ਅਤੇ ਚਿੱਚੜਾਂ ਦੀ ਗਿਣਤੀ ਕਾਫ਼ੀ ਵਧ ਜਾਂਦੀ ਹੈ।
ਬਰਸਾਤੀ ਗਰਮੀ ਦੇ ਤਣਾਅ ਦਾ ਮਾੜਾ ਅਸਰ ਪਸ਼ੂ ਦੇ ਦੁੱਧ ਉਤਪਾਦਨ, ਪ੍ਰਜਨਣ, ਸਰੀਰਕ ਵਾਧੇ ਤੇ ਅਤੇ ਖੁਰਾਕ ਖਾਣ ਦੀ ਸਮਰੱਥਾ ਉੱਤੇ ਪੈਂਦਾ ਹੈ। ਵਿਦੇਸ਼ੀ ਅਤੇ ਦੋਗਲੀਆਂ ਗਾਂਵਾਂ ਵਿੱਚ ਇਸਦਾ ਪ੍ਰਭਾਵ ਸਭ ਤੋਂ ਜਿਆਦਾ ਦੇਖਣ ਨੂੰ ਮਿਲਦਾ ਹੈ। ਇਸ ਲਈ ਇਹ ਯਕੀਨੀ ਬਣਾਉਣਾ ਜਰੂਰੀ ਹੈ ਕਿ ਖੁਰਾਕੀ ਅਤੇ ਪ੍ਰਬੰਧਨ ਸੰਬੰਧੀ ਤਬਦੀਲੀਆਂ ਕਰਕੇ ਇਸ ਤਣਾਅ ਨੂੰ ਘਟਾਇਆ ਜਾਵੇ।
ਸਹੀ ਪ੍ਰਬੰਧਨ
ਇੱਕ ਤੰਦਰੁਸਤ ਦੁਧਾਰੂ ਪਸ਼ੂ ਦਿਨ ਦਾ ਜਿਆਦਾ ਸਮਾਂ ਆਰਾਮ ਨਾਲ ਬੈਠ ਕੇ ਜੁਗਾਲੀ ਕਰਨ ਵਿੱਚ ਬਿਤਾਉਂਦਾ ਹੈ, ਪਰ ਬਰਸਾਤਾਂ ਦੇ ਦਿਨਾਂ ਵਿੱਚ ਢਾਰਿਆਂ ਵਿੱਚ ਮੀਂਹ ਕਾਰਨ ਚਿੱਕੜ ਹੋਣ ਕਰਕੇ ਪਸ਼ੂ ਸੁੱਕੀ ਥਾਂ 'ਤੇ ਆਰਾਮ ਨਾਲ ਬੈਠ ਨਹੀਂ ਪਾਉਂਦਾ ਅਤੇ ਆਪਣੀਆਂ ਸਰੀਰਕ ਕਿਰਿਆਵਾਂ ਨਹੀਂ ਕਰ ਪਾਉਂਦਾ ਜਿਸ ਨਾਲ ਪਾਚਣ ਕਿਰਿਆ ਅਤੇ ਦੁੱਧ ਦੀ ਫੈਟ ਪ੍ਰਭਾਵਿਤ ਹੁੰਦੀ ਹੈ। ਬਰਸਾਤਾਂ ਦੇ ਦਿਨਾਂ ਵਿੱਚ ਢਾਰੇ ਗਿੱਲੇ ਹੋਣ ਕਰਕੇ ਥਣੈਲਾ ਰੋਗ (ਮੈਸਟਾਇਟਸ) ਹੋਣ ਦੇ ਸੰਭਾਵਨਾ ਵਧ ਜਾਂਦੀ ਹੈ। ਪਸ਼ੂਆਂ ਦੇ ਲੰਬੇ ਸਮੇਂ ਤੱਕ ਗਿੱਲੀ ਥਾਂ ਉੱਤੇ ਖੜਣ ਨਾਲ ਖੁਰਾਂ ਦੀਆਂ ਸਮੱਸਿਆਵਾਂ ਵੀ ਆ ਸਕਦੀਆਂ ਹਨ। ਇਸ ਲਈ ਬਰਸਾਤਾਂ ਦੇ ਦਿਨਾਂ ਵਿੱਚ ਜਿੰਨਾਂ ਹੋ ਸਕੇ, ਪਸ਼ੂਆਂ ਲਈ ਸੁੱਕੇ ਅਤੇ ਆਰਾਮਦਾਇਕ ਥਾਂ ਦਾ ਪ੍ਰਬੰਧ ਕਰਵਾਉਣਾ ਚਾਹੀਦਾ ਹੈ। ਫਰਸ਼ ਖੁਰਦਰੇ, ਨਾ ਤਿਲਕਣ ਵਾਲੇ, ਜਲਦੀ ਸਾਫ ਤੇ ਜਲਦੀ ਸੁੱਕਣ ਵਾਲੇ ਹੋਣੇ ਚਾਹੀਦੇ ਹਨ। ਫੀਡ/ਵੰਡ ਇਹੋ ਜਿਹੀ ਥਾਂ ਤੇ ਰੱਖਣੀ ਚਾਹੀਦੀ ਹੈ ਜਿੱਥੇ ਪਾਣੀ ਇਕੱਠਾ ਨਾ ਹੋ ਸਕੇ ਕਿਉਂਕਿ ਗਿੱਲੀ ਹੋਈ ਵੰਡ ਵਿੱਚ ਉੱਲੀ ਬਹੁਤ ਜਲਦੀ ਪੈਦਾ ਹੁੰਦੀ ਹੈ ਅਤੇ ਉੱਲੀ ਲੱਗੀ ਫੀਡ/ਵੰਡ ਦੀ ਪਸ਼ੂਆਂ ਦੀ ਖੁਰਾਕ ਵਿੱਚ ਵਰਤੋਂ ਕਰਨੀ ਨੁਕਸਾਨਦਾਇਕ ਹੋ ਸਕਦੀ ਹੈ।
ਮੱਖੀਆਂ ਅਤੇ ਮੱਛਰਾਂ ਤੋਂ ਬਚਾਓ
ਮੱਖੀਆਂ ਅਤੇ ਮੱਛਰ ਕਈ ਬਿਮਾਰੀਆਂ ਦੇ ਫੈਲਣ ਦਾ ਜ਼ਰੀਆ ਬਣਦੇ ਹਨ ਅਤੇ ਇਹਨਾਂ ਦੀ ਰੋਕਥਾਮ ਦੇ ਲਈ ਇਹ ਜਰੂਰੀ ਹੈ ਕਿ ਵਾੜਿਆਂ ਦੇ ਨੇੜੇ ਤੇੜੇ ਵਾਧੂ ਪਾਣੀ ਇਕੱਠਾ ਨਾ ਹੋਣ ਦਿਓ ਕਿਉਂਕਿ ਖੜੇ ਪਾਣੀ ਵਿੱਚ ਮੱਖੀਆਂ ਆਂਡੇ ਦੇ ਦਿੰਦੀਆਂ ਹਨ ਅਤੇ ਉਹਨਾਂ ਵਿੱਚੋਂ ਹੋਰ ਬੱਚੇ ਪੈਦਾ ਹੋ ਜਾਂਦੇ ਹਨ। ਮੱਖੀਆਂ ਅਤੇ ਮੱਛਰ ਪਸ਼ੂਆਂ ਨੂੰ ਤੰਗ ਕਰਦੇ ਰਹਿੰਦੇ ਹਨ ਜਿਸ ਕਰਕੇ ਪਸ਼ੂ ਅਰਾਮ ਨਾਲ ਬੈਠ ਕੇ ਜੁਗਾਲੀ ਨਹੀਂ ਕਰ ਪਾਉਂਦੇ। ਇਸ ਨਾਲ ਪਸ਼ੂਆਂ ਦੀ ਪਾਚਣ ਕਿਰਿਆ ਪ੍ਰਭਾਵਿਤ ਹੁੰਦੀ ਹੈ ਅਤੇੇ ਦੁੱਧ ਦੀ ਪੈਦਾਵਾਰ ਵੀ ਘਟਦੀ ਹੈ। ਮੱਖੀਆਂ ਦੇ ਕੱਟਣ ਨਾਲ ਪਸ਼ੂਆਂ ਨੂੰ ਕਈ ਘਾਤਕ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ ਜਿਸ ਕਰਕੇ ਪਸ਼ੂ ਦੀ ਮੌਤ ਵੀ ਹੋ ਸਕਦੀ ਹੈ। ਇਹਨਾਂ ਬਿਮਾਰੀਆਂ ਦੀ ਸਹੀ ਪਹਿਚਾਣ ਖੂਨ ਦੀ ਜਾਂਚ ਤੋਂ ਬਾਅਦ ਹੀ ਸੰਭਵ ਹੁੰਦੀ ਹੈ। ਬਿਮਾਰੀ ਵਾਲੇ ਹਲਾਤਾਂ ਵਿੱਚ ਛੇਤੀ ਤੋਂ ਛੇਤੀ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਚਿੱਚੜਾਂ ਅਤੇ ਮਲ੍ਹੱਪਾਂ ਦੀ ਰੋਕਥਾਮ
ਬਰਸਾਤਾਂ ਦੇ ਮੌਸਮ ਵਿੱਚ ਚਿੱਚੜਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋ ਜਾਂਦਾ ਹੈ। ਚਿੱਚੜੀਆਂ ਪਸ਼ੂ ਦੇ ਲੇਵੇ ਤੇ ਅਤੇ ਲੱਤਾਂ ਦੇ ਅੰਦਰਲੇ ਪਾਸੇ ਚਿਪਕ ਜਾਂਦੀਆਂ ਹਨ ਅਤੇ ਲਗਾਤਾਰ ਪਸ਼ੂ ਦਾ ਖੂਨ ਚੂਸਦੀਆਂ ਰਹਿੰਦੀਆਂ ਹਨ। ਇਸ ਲਈ ਚਿੱਚੜਾਂ ਦੀ ਰੋਕਥਾਮ ਲਈ ਦਵਾਈਆਂ ਦੀ ਵਰਤੋਂ ਕਰਦੇ ਵੇਲੇ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਪਸ਼ੂਆਂ ਦੇ ਨਾਲ ਨਾਲ ਉਹਨਾਂ ਦੇ ਢਾਰੇ/ਸ਼ੈਡਾਂ, ਸ਼ੈਡ ਦੇ ਫਰਸ਼ ਤੇ ਵੀ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ ਤਾਂ ਜੋ ਫਰਸ਼ ਤੋਂ ਚੜ੍ਹਨ ਵਾਲੇ ਚਿੱਚੜਾਂ ਦਾ ਖਾਤਮਾ ਕੀਤਾ ਜਾ ਸਕੇ। ਜੇਕਰ ਸ਼ੈਡ ਵਿੱਚ ਕਿਤੇ ਦਰਾੜ ਦਿਖੇ ਤਾਂ ਉੱਥੇ ਵੀ ਕੀਟਨਾਸ਼ਕਾਂ ਦਾ ਛਿੜਕਾਅ ਕਰੋ ਕਿਉਂਕਿ ਚਿੱਚੜੀਆਂ ਆਮਤੌਰ 'ਤੇ ਵਿਰਲਾਂ ਅਤੇ ਦਰਾੜਾਂ ਵਿੱਚ ਹੀ ਆਪਣੇ ਆਂਡੇ ਦਿੰਦੀਆਂ ਹਨ ਅਤੇ ਚਿੱਚੜਾਂ ਦੇ ਨਾਲ ਨਾਲ ਉਹਨਾਂ ਦਾ ਖਾਤਮਾ ਵੀ ਬਹੁਤ ਜਰੂਰੀ ਹੈ। ਬਰਸਾਤਾਂ ਖਤਮ ਹੋਣ 'ਤੇ ਸਾਰੇ ਪਸ਼ੂਆਂ ਨੂੰ ਪੇਟ ਦੇ ਕੀੜਿਆਂ ਵਿਰੁੱਧ ਕਿਰਮ ਰਹਿਤ ਕਰੋ। ਮਲ੍ਹੱਪ ਲਗਾਤਾਰ ਪਸ਼ੂ ਦੀ ਖੁਰਾਕ ਨੂੰ ਆਪਣੇ ਲਈ ਵਰਤ ਕੇ ਪਸ਼ੂ ਦੇ ਸਰੀਰ ਨੂੰ ਕਮਜੋਰ ਕਰਦੇ ਹਨ। ਮਲ੍ਹੱਪ ਰਹਿਤ ਕਰਨ ਲਈ ਪਿਪਰਾਜੀਨ, ਐਲਬੈਂਡਾਜੋਲ, ਫੈਨਬੈਂਡਾਜੋਲ ਆਦਿ ਦਵਾਈਆਂ ਦੀ ਵਰਤੋਂ ਪਸ਼ੂ ਦੇ ਭਾਰ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ।
ਇਹ ਵੀ ਪੜੋ: How Birds Can Damage Crops: ਫ਼ਸਲਾਂ ਨੂੰ ਹਾਨੀਕਾਰਕ ਪੰਛੀਆਂ ਤੋਂ ਬਚਾਉਣ ਅਤੇ Income Double ਕਰਨ ਦੇ ਤਰੀਕੇ
ਖੁਰਾਕ ਅਤੇ ਪਾਣੀ ਪ੍ਰਬੰਧ
ਇਹਨਾਂ ਦਿਨਾਂ ਵਿੱਚ ਪਸ਼ੂ ਦੇ ਮਹਿਦੇ ਦੀ ਤੇਜਾਬੀਪਨ ਦੀ ਸਮੱਸਿਆ ਵਧ ਜਾਂਦੀ ਹੈ, ਇਸ ਕਰਕੇ ਪਸ਼ੂਆਂ ਦੀ ਖੁਰਾਕ ਦੇ ਨਾਲ ਨਾਲ ਖੁੱਲ੍ਹਾ ਤਾਜਾ ਪਾਣੀ ਦੇਣਾ ਲਾਜਮੀ ਬਣਾਉਣਾ ਚਾਹੀਦਾ ਹੈ। ਪਸ਼ੂਆਂ ਦੀ ਖੁਰਾਕ ਵਿੱਚ ਬਫਰ ਦੀ ਵਰਤੋਂ ਕਰਨੀ ਫਾਇਦੇਮੰਦ ਰਹਿੰਦੀ ਹੈ ਜੋ ਤੇਜਾਬੀਪਨ ਦੀ ਸਮੱਸਿਆ ਨੂੰ ਰੋਕਦਾ ਹੈ। ਇਹਨਾਂ ਦਿਨਾਂ ਵਿੱਚ ਯੀਸਟ (ਖਮੀਰ) 150-200 ਗ੍ਰਾਮ/ ਕੁਇੰਟਲ ਦੇ ਹਿਸਾਬ ਨਾਲ ਵਰਤਣ ਨਾਲ ਪਸ਼ੂਆਂ ਦੀ ਪਾਚਨਸ਼ਕਤੀ ਸਹੀ ਰਹਿੰਦੀ ਹੈ। ਗਲੀ ਸੜੀ ਤੂੜੀ ਜਾਂ ਉੱਲੀ ਵਾਲੇ ਅਚਾਰ ਦੀ ਵਰਤੋਂ ਦੁੱਧ ਦੇਣ ਵਾਲੇ ਪਸ਼ੂਆਂ ਲਈ ਨਾ ਕੀਤੀ ਜਾਵੇ। ਪੀਣ ਵਾਲੇ ਪਾਣੀ ਦੀ 24 ਘੰਟੇ ਉਪਲੱਬਧਤਾ ਹੋਣੀ ਚਾਹੀਦੀ ਹੈੇ। ਪਸ਼ੂਆਂ ਦੀ ਖੁਰਾਕ ਵਿੱਚ ਧਾਤਾਂ ਦੇ ਚੂਰੇ ਦੀ ਵਰਤੋਂ ਯਕੀਨੀ ਬਨਾਉਣੀ ਚਾਹੀਦੀ ਹੈ। ਵੰਡ, ਹਰਾ ਚਾਰਾ ਅਤੇ ਤੂੜੀ ਰਲਾ ਕੇ ਪਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਢਾਰਿਆਂ ਅਤੇ ਖੁਰਲੀਆਂ ਦੀ ਸਮੇਂ ਸਮੇਂ ਤੇ ਸਫਾਈ ਕਰਦੇ ਰਹਿਣਾ ਚਾਹੀਦਾ ਹੈ।
ਪ੍ਰਜਨਣ ਤੇ ਪ੍ਰਭਾਵ
ਆਮ ਦੇਖਿਆ ਗਿਆ ਹੈ ਕਿ ਇਸ ਮੌਸਮ ਵਿੱਚ ਲਵੇਰੀਆਂ ਦੀ ਖੁਰਾਕ ਖਾਣ ਦੀ ਸਮਰੱਥਾ ਘਟ ਜਾਂਦੀ ਹੈ ਜਿਸਦੇ ਨਤੀਜੇ ਵਜੋਂ ਉਹਨਾਂ ਨੂੰ ਲੋੜੀਂਦੇ ਤੱਤ ਨਹੀਂ ਮਿਲ ਪਾਉਂਦੇ ਜਿਸ ਕਰਕੇ ਪਸ਼ੂਆਂ ਦੇ ਗੱਭਣ ਹੋਣ ਦੀ ਦਰ ਘਟ ਜਾਂਦੀ ਹੈ ਜਾਂ ਪਸ਼ੂ ਹੇਹੇ ਦੇ ਪੂਰੇ ਲੱਛਣ ਨਹੀਂ ਦਿਖਾਉਂਦਾ, ਖਾਸ ਕਰਕੇ ਮੱਝਾਂ ਵਿੱਚ ਗੂੰਗਾ ਹੇਹਾ ਆਮ ਦੇਖਿਆ ਜਾਂਦਾ ਹੈ। ਇਸ ਕਰਕੇ ਸਵੇਰੇ ਸ਼ਾਮ ਪਸ਼ੂਆਂ ਨੂੰ ਗਹੁ ਨਾਲ ਵੇਖਣਾ ਚਾਹੀਦਾ ਹੈ। ਪਸ਼ੂ ਦੇ ਬੈਠਣ ਵਾਲੀ ਥਾਂ ਤੇ ਜਾਂ ਸਰੀਰ ਤੇ ਲੱਗੀਆਂ ਤਾਰਾਂ ਵੇਖਣੀਆਂ ਚਾਹੀਦੀਆਂ ਹਨ, ਹੇਹੇ ਦੀਆਂ ਨਿਸ਼ਾਨੀਆਂ ਜਿਵੇਂ ਕਿ ਪਸ਼ੂ ਦਾ ਬੇਚੈਨ ਹੋਣਾ, ਪੱਠੇ ਘੱਟ ਖਾਣਾ, ਦੂਜੇ ਪਸ਼ੂਆਂ ਤੇ ਚੜਨਾ, ਲਵੇਰੀਆਂ ਦੀ ਸੂਅ ਦਾ ਸੁਜ ਜਾਣਾ ਤੇ ਗੁਲਾਬੀ ਰੰਗ ਦਾ ਹੋ ਜਾਣਾ, ਬਾਰ ਬਾਰ ਪਿਸ਼ਾਬ ਕਰਨਾ ਆਦਿ ਹੋ ਸਕਦੀਆਂ ਹਨ। ਟੀਕਾ ਭਰਾਉਣ ਤੋਂ 18-22 ਦਿਨਾਂ ਬਾਦ ਫੇਰ ਤੋਂ ਹੇਹੇ ਦੇ ਲੱਛਣਾਂ ਲਈ ਵੇਖੋ ਅਤੇ ਹੇਹੇ ਦੀਆਂ ਨਿਸ਼ਾਨੀਆਂ ਨਾ ਹੋਣ ਦੀ ਸੂਰਤ ਵਿੱਚ 2.5-3 ਮਹੀਨਿਆਂ ਬਾਅਦ ਮਾਹਿਰ ਡਾਕਟਰ ਤੋਂ ਚੈਕ ਕਰਵਾਓ।
ਬਰਸਾਤਾਂ ਦੇ ਦਿਨਾਂ ਵਿੱਚ ਗੱਲ-ਘੋਟੂ ਅਤੇ ਲੰਗੜੇ ਬੁਖਾਰ ਦੀਆਂ ਬਿਮਾਰੀਆਂ ਵੱਧ ਜਾਂਦੀਆਂ ਨੇ ਅਤੇ ਇਹਨਾਂ ਦੀ ਰੋਕਥਾਮ ਦੇ ਲਈ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਇਹਨਾਂ ਬਿਮਾਰੀਆਂ ਵਿਰੁੱਧ ਟੀਕਾਕਰਨ ਕਰਵਾਓ। ਉਪਰੋਕਤ ਨੁਕਤੇ ਅਪਣਾ ਕੇ ਪਸ਼ੂਆਂ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ ਜਿਸ ਨਾਲ ਪਸ਼ੂ ਤੋਂ ਵਧੇਰੇ ਦੁੱਧ ਲਿਆ ਜਾ ਸਕਦਾ ਹੈ ਅਤੇ ਉਹਨਾਂ ਦੇ ਸਮੇਂ ਸਿਰ ਨਵੇਂ ਦੁੱਧ ਹੋਣ ਦੀ ਉਮੀਦ ਬੱਝਦੀ ਹੈ।
ਸਰੋਤ: ਵਿਵੇਕ ਸ਼ਰਮਾ ਅਤੇ ਅੰਕੁਸ਼ ਪਰੋਚ, ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ
Summary in English: Animal Care Tips: Take special care of animals during the rainy season, do these things to prevent damage