1. Home
  2. ਪਸ਼ੂ ਪਾਲਣ

Guidelines for Beekeepers: ਸ਼ਹਿਦ ਮੱਖੀ ਪਾਲਕਾਂ ਲਈ ਸੁਝਾਅ, ਸ਼ਹਿਦ ਮੱਖੀ ਕਟੁੰਬਾਂ ਦੀ ਸਰਦੀ ਲੰਘਾਉਣ ਵਿੱਚ ਕਰੋ ਮਦਦ

ਸਰਦੀ ਵਧਣ ਨਾਲ ਸ਼ਹਿਦ ਮੱਖੀਆਂ ਨੂੰ ਕਟੁੰਬ ਤੋਂ ਬਾਹਰ ਕੰਮ ਕਰਨ ਲਈ ਬਹੁਤ ਘਟ ਸਮਾਂ ਮਿਲਦਾ ਹੈ ਅਤੇ ਦਿਨ ਦਾ ਜ਼ਿਆਦਾ ਸਮਾਂ ਉਹ ਕਟੁੰਬ ਵਿਚ ਹੀ ਰਹਿੰਦੀਆਂ ਹਨ। ਇਨ੍ਹਾਂ ਹਾਲਤਾਂ ਅਨੁਸਾਰ ਜੇਕਰ ਅਗੇਤੇ ਯੋਗ ਉਪਰਾਲੇ ਨਾ ਕੀਤੇ ਜਾਣ ਤਾਂ ਕਟੁੰਬ ਵਿਚ ਸ਼ਹਿਦ ਮੱਖੀਆਂ ਦੀ ਗਿਣਤੀ, ਬਰੂਡ ਦੀ ਮਾਤਰਾ ਅਤੇ ਖੁਰਾਕ ਵਿਚ ਭਾਰੀ ਕਮੀ ਆ ਸਕਦੀ ਹੈ।

Gurpreet Kaur Virk
Gurpreet Kaur Virk
ਸ਼ਹਿਦ ਮੱਖੀ ਪਾਲਕਾਂ ਲਈ ਸੁਝਾਅ

ਸ਼ਹਿਦ ਮੱਖੀ ਪਾਲਕਾਂ ਲਈ ਸੁਝਾਅ

Beekeeping Business: ਪੰਜਾਬ ਵਿਚ ਆਮ ਤੌਰ 'ਤੇ ਦਸੰਬਰ ਤੋਂ ਅੱਧ ਫਰਵਰੀ ਤੱਕ ਵਧੇਰੇ ਠੰਡ ਪੈਂਦੀ ਹੈ ਅਤੇ ਤੇਜ਼ ਠੰਡੀਆਂ ਹਵਾਵਾਂ, ਧੁੰਦ ਅਤੇ ਬੱਦਲਵਾਈ ਕਾਰਨ ਮੌਸਮ ਅਣਸੁਖਾਵਾਂ ਹੋ ਜਾਂਦਾ ਹੈ। ਸਰਦੀ ਵਧਣ ਨਾਲ ਸ਼ਹਿਦ ਮੱਖੀਆਂ ਨੂੰ ਕਟੁੰਬ ਤੋਂ ਬਾਹਰ ਕੰਮ ਕਰਨ ਲਈ ਬਹੁਤ ਘਟ ਸਮਾਂ ਮਿਲਦਾ ਹੈ ਅਤੇ ਦਿਨ ਦਾ ਜ਼ਿਆਦਾ ਸਮਾਂ ਉਹ ਕਟੁੰਬ ਵਿਚ ਹੀ ਰਹਿੰਦੀਆਂ ਹਨ। ਇਨ੍ਹਾਂ ਹਾਲਤਾਂ ਅਨੁਸਾਰ ਜੇਕਰ ਅਗੇਤੇ ਯੋਗ ਉਪਰਾਲੇ ਨਾ ਕੀਤੇ ਜਾਣ ਤਾਂ ਕਟੁੰਬ ਵਿਚ ਸ਼ਹਿਦ ਮੱਖੀਆਂ ਦੀ ਗਿਣਤੀ, ਬਰੂਡ ਦੀ ਮਾਤਰਾ ਅਤੇ ਖੁਰਾਕ ਵਿਚ ਭਾਰੀ ਕਮੀ ਆ ਸਕਦੀ ਹੈ।

ਇਸ ਲਈ ਸਰਦੀ ਰੁੱਤ ਵਿੱਚ ਕਟੁੰਬਾਂ ਲਈ ਜ਼ਰੂਰੀ ਉਪਰਾਲੇ ਜਿਵੇਂ ਕਿ ਕਟੁੰਬਾਂ ਲਈ ਧੁੱਪ ਦਾ ਪ੍ਰਬੰਧ, ਕਮਜ਼ੋਰ ਕਟੁੰਬਾਂ ਨੂੰ ਮਿਲਾਉਣਾ, ਕਟੁੰਬਾਂ ਨੂੰ ਸਰਦੀ ਦੀ ਅੰਦਰਲੀ ਅਤੇ ਬਾਹਰਲੀ ਪੈਕਿੰਗ ਦੇਣੀ, ਖੁਰਾਕ ਦੀ ਕਮੀ ਪੂਰੀ ਕਰਨੀ ਅਤੇ ਵਾਧੂ ਛੱਤੇ ਸੰਭਾਲਣ ਆਦਿ ਕੰਮਾ ਦੀ ਯੋਜਨਾਬੰਦੀ ਅਗੇਤੀ ਕਰੋ ਤਾਂ ਜੋ ਕਟੁੰਬਾਂ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾ ਸਕੇ ਅਤੇ ਸ਼ਹਿਦ ਮੱਖੀਆਂ ਸਫਲਤਾ ਪੂਰਵਕ ਸਰਦੀ ਲੰਘਾ ਸਕਣ।

1. ਕਟੁੰਬਾਂ ਦਾ ਨਿਰੀਖਣ ਕਰਨਾ

ਕਿਸੇ ਸ਼ਾਂਤ ਸਾਫ ਧੁੱਪ ਵਾਲੇ ਦਿਨ ਕਟੁੰਬਾਂ ਦਾ ਨਿਰੀਖਣ ਦੁਪਹਿਰ ਵੇਲੇ ਕਰੋ। ਨਿਰੀਖਣ ਸਮੇਂ ਰਾਣੀ ਮੱਖੀ ਦੇ ਕੰਮ-ਕਾਜ ਦਾ ਜਾਇਜ਼ਾ ਲਵੋ ਅਤੇ ਪੁਰਾਣੀ ਰਾਣੀ ਨੂੰ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਬਦਲ ਦਿਓ। ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਕਮਜ਼ੋਰ ਕਟੁੰਬਾਂ ਨੂੰ ਤਕੜੇ ਕਟੁੰਬਾਂ ਵਿਚੋਂ ਬਰੂਡ ਵਾਲੇ ਛੱਤੇ, ਸ਼ਹਿਦ ਮੱਖੀਆਂ ਤੋਂ ਬਿਨਾਂ ਕੱਢ ਕੇ ਦੇਣ ਨਾਲ ਉਨ੍ਹਾਂ ਦੀ ਬਲਤਾਂ ਵਧਾਈ ਜਾ ਸਕਦੀ ਹੈ ਜਾਂ ਫਿਰ ਘੱਟ ਬਲਤਾਂ ਵਾਲੇ ਕਮਜ਼ੋਰ ਕਟੁੰਬਾਂ ਨੂੰ ਆਪਸ ਵਿੱਚ ਮਿਲਾ ਦਿਓ।

2. ਕਟੁੰਬਾਂ ਲਈ ਧੁੱਪ ਦਾ ਪ੍ਰਬੰਧ ਕਰਨਾ

ਸਰਦੀ ਰੁੱਤ ਤੋਂ ਪਹਿਲਾਂ ਕਟੁੰਬ ਦਰੱਖਤਾਂ ਦੀ ਛਾਂ ਥੱਲੇ ਪਏ ਹੁੰਦੇ ਹਨ ਪਰ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹਨਾਂ ਨੂੰ ਧੁੱਪੇ ਰੱਖਣ ਲਈ ਅਗੇਤਾ ਪ੍ਰਬੰਧ ਕਰ ਲੈਣਾ ਚਾਹੀਦਾ ਹੈ। ਸ਼ਹਿਦ ਮੱਖੀ ਕਟੁੰਬਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਖਿਸਕਾਉਣ ਵੇਲੇ ‘ਤਿੰਨ ਫੁੱਟ ਜਾਂ ਤਿੰਨ ਕਿੱਲੋਮੀਟਰ’ ਵਾਲੇ ਸੁਨਹਿਰੀ ਅਸੂਲ ਨੂੰ ਅਪਣਾਓ।ਇਸ ਤੋਂ ਭਾਵ ਕਿ ਜੇਕਰ ਕਟੁੰਬਾਂ ਨੂੰ ਉਸੇ ਫਾਰਮ ਤੇ ਛਾਂ ਤੋਂ ਧੁੱਪ ਵੱਲ ਲਿਜਾਣਾ ਹੋਵੇ ਤਾਂ ਕਟੁੰਬਾਂ ਨੂੰ ਹਰ ਰੋਜ਼ ਧੁੱਪ ਵੱਲ 3-3 ਫੁੱਟ ਖਿਸਕਾਓ। ਪਰੰਤੂ ਜੇਕਰ ਫਾਰਮ ਤੇ ਧੁੱਪ ਦਾ ਕੋਈ ਵੀ ਪ੍ਰਬੰਧ ਨਾ ਹੋਵੇ ਤਾਂ ਕਟੁੰਬਾਂ ਦੇ ਗੇਟ ਰਾਤ ਨੂੰ ਬੰਦ ਕਰਕੇ, 3 ਕਿਲੋਮੀਟਰ ਤੋਂ ਵੱਧ ਦੂਰ ਲਿਜਾ ਕੇ ਧੁੱਪੇ ਰੱਖੋ ਅਤੇ ਗੇਟ ਖੋਲ ਦਿਓ।ਸਰਦੀ ਰੁੱਤ ਵਿੱਚ ਕਟੁੰਬਾਂ ਦੇ ਗੇਟ ਦਾ ਮੁੰਹ ਪੂਰਬ-ਦੱਖਣ ਦਿਸ਼ਾ ਵੱਲ ਰੱਖੋ ਤਾਂ ਕਿ ਦਿਨ ਦੇ ਵਧੇਰੇ ਸਮੇਂ ਕਟੁੰਬ ਵਿੱਚ ਧੁੱਪ ਦਾ ਨਿਘ ਮਿਲ ਸਕੇ।

3. ਕਟੁੰਬਾਂ ਨੂੰ ਠੰਡੀਆਂ ਹਵਾਵਾਂ ਤੋਂ ਬਚਾਉਣਾ

ਸਰਦੀ ਰੁੱਤ ਵਿੱਚ ਅਕਸਰ ਲਹਿੰਦੀ ਦਿਸ਼ਾ ਵੱਲੋਂ ਵਗਦੀਆਂ ਹਵਾਵਾਂ ਸ਼ਹਿਦ ਮੱਖੀਆਂ ਨੂੰ ਕਟੁੰਬ ਅੰਦਰਲਾ ਤਾਪਮਾਨ ਸੁਖਾਵਾਂ ਬਣਾਏ ਰਖਣ ਵਿਚ ਔਖ ਪੇਸ਼ ਕਰਦੀਆਂ ਹਨ।ਇਸ ਗੱਲ ਦਾ ਖਾਸ ਖਿਆਲ ਰੱਖੋ ਕੇ ਕਟੁੰਬਾਂ ਵਿਚਲੀਆਂ ਸਾਰੀਆਂ ਤਰੇੜਾਂ, ਝੀਥਾਂ ਗਾਰੇ ਨਾਲ ਲੇਪੀਆਂ ਹੋਣ ਤਾਂ ਜੋ ਠੰਡੀਆਂ ਹਵਾਵਾਂ ਗੇਟ ਤੋਂ ਇਲਾਵਾ ਹੋਰ ਕਿਧਰੋਂ ਕਟੁੰਬ ਵਿੱਚ ਦਾਖਲ ਨਾ ਹੋ ਸਕਣ। ਲੋੜ ਅਨੁਸਾਰ ਕਟੁੰਬ ਦਾ ਗੇਟ ਵੀ ਛੋਟਾ ਕੀਤਾ ਜਾ ਸਕਦਾ ਹੈ।ਸ਼ਹਿਦ ਮੱਖੀ ਫਾਰਮ ਤੇ ਸਰਦੀ ਤੋਂ ਬਚਾਓ ਲਈ ਬੂਟਿਆਂ ਦੀ ਵਾੜ ਇਕ ਸਥਾਈ ਹਲ ਪ੍ਰਦਾਨ ਕਰਦੀ ਹੈ।

ਇਹ ਵੀ ਪੜ੍ਹੋ: Animal Health: ਸਰਦੀਆਂ ਵਿੱਚ ਨੁਕਸਾਨ ਤੋਂ ਬਚਣ ਲਈ ਪਸ਼ੂ ਪਾਲਕਾਂ ਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ, ਪਸ਼ੂਆਂ ਦੀ ਖੁਰਾਕ ਵਿੱਚ ਕਰੋ ਤਬਦੀਲੀ

4. ਕਮਜ਼ੋਰ ਕਟੁੰਬਾਂ ਨੂੰ ਆਪਸ ਵਿਚ ਮਿਲਾਉਣਾ

ਕਮਜ਼ੋਰ ਜਾਂ ਰਾਣੀ-ਰਹਿਤ ਕਟੁੰਬ ਸਫਲਤਾ-ਪੂਰਵਕ ਸਰਦੀ ਰੁੱਤ ਨਹੀਂ ਲੰਘਾ ਪਾਉਂਦੇ ਅਤੇ ਇਸ ਲਈ ਅਜਿਹੇ ਕਟੁੰਬਾਂ ਨੂੰ ਹੋਰ ਕਟੁੰਬਾਂ ਨਾਲ ਮਿਲਾ ਕੇ ਤਕੜੇ ਕਰ ਦੇਣਾ ਚਾਹੀਦਾ ਹੈ। ਇਸ ਲਈ ਅਖਬਾਰ ਵਾਲਾ ਤਰੀਕਾ ਸਭ ਤੋਂ ਸੌਖਾ ਅਤੇ ਕਾਮਯਾਬ ਹੈ।ਇਸ ਕੰਮ ਲਈ ਦੋਹਾਂ ਮਿਲਾਉਣ ਯੋਗ ਕਟੁੰਬਾਂ ਵਿਚੋਂ ਜ਼ਿਆਦਾ ਬਲਤਾਂ ਵਾਲੇ ਰਾਣੀ ਸਹਿਤ ਕਟੁੰਬ ਦਾ ਉਪਰਲਾ ਢੱਕਣ ਅਤੇ ਅੰਦਰਲਾ ਢੱਕਣ ਹਟਾਉਣ ਤੋਂ ਬਾਅਦ ਫਰੇਮਾਂ ਦੇ ਉਪਰਲੇ ਡੰਡਿਆਂ ਉੱਪਰ ਅਖਬਾਰ ਵਿਛਾ ਦਿਉੇ। ਇਸ ਅਖਬਾਰ ਵਿੱਚ ਖੁਰਪੀ ਨਾਲ ਛੋਟੇ-ਛੋਟੇ ਟੱਕ ਅਖਬਾਰ ਵਿਛਾਉਣ ਤੋਂ ਪਹਿਲਾਂ ਹੀ ਕਰ ਲਉ ਪਰ ਧਿਆਨ ਰੱਖੋ ਕਿ ਟੱਕ ਇਨ੍ਹੇ ਵੱਡੇ ਨਾ ਹੋਣ ਕਿ ਉਸ ਵਿੱਚੋਂ ਮੱਖੀਆਂ ਲੰਘ ਸਕਣ।

ਹੁਣ ਮਿਲਾਉਣ ਯੋਗ ਦੂਜੇ ਰਾਣੀ ਰਹਿਤ ਕਟੁੰਬ ਨੂੰ ਉਸਦੇ ਬੌਟਮ ਬੋਰਡ ਤੋਂ ਚੱਕ ਕੇ ਰਾਣੀ ਸਹਿਤ ਕਟੁੰਬ ਦੇ ਫਰੇਮਾਂ ਉੱਪਰ ਵਿਛਾਈ ਅਖਬਾਰ ਉੱਪਰ ਟਿਕਾ ਦਿਉ ਅਤੇ ਇਸ ਉੱਪਰ ਅੰਦਰਲਾ ਅਤੇ ਬਾਹਰਲਾ ਢੱਕਣ ਲਗਾ ਦਿਉ। ਦੋ ਚੈਂਬਰਾਂ ਨੂੰ ਗਾਰੇ ਨਾਲ ਲਿਪ ਕੇ ਮੱਖੀ ਬੰਦ ਕਰ ਦਿਉ। ਹੁਣ ਦੋਨਾਂ ਚੈਂਬਰਾਂ ਦੀਆਂ ਸ਼ਹਿਦ ਮੱਖੀਆਂ ਦੇ ਵਿਚਕਾਰ ਸਿਰਫ ਛੋਟੇ ਛੇਕਾਂ ਵਾਲੀ ਅਖਬਾਰ ਹੈ। ਇਸ ਅਖਬਾਰ ਦੀਆਂ ਮੋਰੀਆਂ ਰਾਹੀਂ ਦੋਨਾਂ ਚੈਂਬਰਾਂ ਦੀਆਂ ਮੱਖੀਆਂ ਦੀ ਸੁਗੰਧ ਮਿਲਕੇ ਇੱਕ ਹੋ ਜਾਂਦੀ ਹੈ ਅਤੇ ਤਿੰਨ ਚਾਰ ਦਿਨਾਂ ਦੇ ਅੰਦਰ ਸ਼ਹਿਦ ਮੱਖੀਆਂ ਆਪ ਹੀ ਅਖਬਾਰ ਦੇ ਛੇਕ ਵੱਡੇ ਕਰਕੇ ਇੱਕ-ਮਿਕ ਹੋ ਜਾਂਦੀਆਂ ਹਨ।ਕਟੁੰਬਾਂ ਨੂੰ ਆਪਸ ਵਿਚ ਮਿਲਾਉਣਾ ਦਾ ਕੰਮ ਕੇਵਲ ਸ਼ਾਮ ਵੇਲੇ ਕਰੋ ਜਦੋਂ ਸਾਰੀਆਂ ਮੱਖੀਆਂ ਛੱਤੇ ਵਿਚ ਵਾਪਿਸ ਆ ਜਾਣ।

ਇਹ ਵੀ ਪੜ੍ਹੋ: Winter Care: ਮਾਹਿਰਾਂ ਦੀ ਮੱਛੀ ਪਾਲਕਾਂ ਨੂੰ ਚੇਤਾਵਨੀ, ਜੇਕਰ ਤਾਪਮਾਨ 10 ਡਿਗਰੀ ਤੋਂ ਹੇਠਾਂ ਜਾਂਦਾ ਹੈ ਤਾਂ ਹੋ ਜਾਓ ਸਾਵਧਾਨ, ਇਸ ਖੁਰਾਕ ਨੂੰ ਤੁਰੰਤ ਕਰ ਦਿਓ ਬੰਦ

5. ਸ਼ਹਿਦ ਮੱਖੀ ਕਟੁੰਬਾਂ ਨੂੰ ਅੰਦਰਲੀ ਅਤੇ ਬਾਹਰਲੀ ਪੈਕਿੰਗ ਦੇਣੀ

ਸ਼ਹਿਦ ਮੱਖੀਆਂ ਉਪਰ ਆਪਣੇ ਵਾਤਾਵਰਣ ਦਾ ਬਹੁਤ ਵਧੇਰੇ ਪ੍ਰਭਾਵ ਪੈਂਦਾ ਹੈ।ਹਾਲਾਂਕਿ ਸ਼ਹਿਦ ਮੱਖੀਆਂ ਝੁੰਡ ਬਣਾ ਆਪਣੇ ਕਟੁੰਬ ਦਾ ਤਾਪਮਾਨ ਨਿਯੰਤ੍ਰਿਤ ਕਰ ਸਕਦੀਆਂ ਹਨ ਪਰ ਸਰਦੀਆਂ ਦੀ ਪੈਕਿੰਗ ਦੇਣ ਨਾਲ ਉਹਨਾ ਦਾ ਕੰਮ ਆਸਾਨ ਹੋ ਜਾਂਦਾ ਹੈ ਅਤੇ ਕਟੁੰਬ ਦਾ ਤਾਪਮਾਨ ਨਿਯੰਤ੍ਰਿਤ ਕਰਨ ਲਈ ਉਹਨਾ ਨੂੰ ਵਧੇਰੇ ਊਰਜਾ ਖਰਚ ਨਹੀ ਕਰਨੀ ਪੈਂਦੀ। ਅੰਦਰਲੀ ਪੈਕਿੰਗ ਦੀ ਲੋੜ ਆਮ ਤੌਰ ਤੇ ਘੱਟ ਬਲਤਾ ਵਾਲੇ ਕਮਜ਼ੋਰ ਕਟੁੰਬਾਂ ਨੂੰ ਪੈਂਦੀ ਹੈ।ਦਸ ਫਰੇਮ ਬਲਤਾ ਵਾਲੇ ਕਟੁੰਬ ਨੂੰ ਅੰਦਰਲੀ ਪੈਕਿੰਗ ਦੀ ਲੋੜ ਨਹੀ ਹੁੰਦੀ। ਅੰਦਰਲੀ ਪੈਕਿੰਗ ਤੋਂ ਭਾਵ ਕਟੁੰਬ ਦੇ ਅੰਦਰ ਖਾਲੀ ਥਾਂ ਵਿਚ ਸੁਕੀ ਪਰਾਲੀ ਨੂੰ ਅਖਬਾਰ ਜਾਂ ਮੋਮੀ ਲਿਫਾਫੇ ਵਿਚ ਭਰ ਕੇ ਦਿਓ।

ਜੇਕਰ ਕਟੁੰਬ ਵਿਚ 6-7 ਫਰੇਮ ਮੱਖੀਆਂ ਹਨ ਤਾਂ ਇਹ ਸਾਰੇ ਛੱਤੇ ਕਟੁੰਬ ਵਿਚ ਇਕ ਪਾਸੇ ਵੱਲ ਧੱਕ ਕੇ ਅਖੀਰਲੇ ਛੱਤੇ ਨਾਲ ਡੰਮੀ ਬੋਰਡ ਲਗਾ ਦਿਓ ਅਤੇ ਖਾਲੀ ਬਚੀ ਥਾਂ ਵਿਚ ਪੈਕਿੰਗ ਭਰ ਦਿਓ।ਜੇਕਰ ਕਟੁੰਬ ਕਮਜ਼ੋਰ ਹਨ (4-5 ਫਰੇਮ) ਤਾਂ ਸਾਰੇ ਫਰੇਮ ਹਾਈਵ ਦੇ ਵਿਚਕਾਰ ਖਿਸਕਾ ਦਿਓ ਅਤੇ ਦੋਹਾਂ ਪਾਸੇ ਡੰਮੀ ਬੋਰਡ ਲਗਾ ਕੇ ਪੈਕਿੰਗ ਭਰ ਦਿਓ।ਬਾਹਰਲੀ ਪੈਕਿੰਗ ਤੋਂ ਭਾਵ ਹੈ ਹਾਈਵ ਨੂੰ ਬਾਹਰਲੇ ਸਾਰੇ ਪਾਸਿਓ ਢੱਕ ਦੇਣਾ। ਇਸ ਲਈ ਹਾਈਵ ਸਟੈਂਡ ਅਤੇ ਬੌਟਮ ਬੋਰਡ ਵਿਚਕਾਰ 2 ਇੰਚ ਮੋਟੀ ਸੁਕੀ ਪਰਾਲੀ ਵਿਛਾ ਦਿਓ ਅਤੇ ਆਸੇ-ਪਾਸੇ ਵੱਲੋਂ ਜਾਂ ਜਮੀਨ ਨਾਲ ਲਗਦੀ ਵਾਧੂ ਪਰਾਲੀ ਕੱਟ ਦਿਓ। ਹੁਣ ਹਾਈਵ ਨੂੰ ਚਾਰੇ ਪਾਸਿਓ ਕਿਸੇ ਮੋਮੀ ਕਾਗਜ਼ ਨਾਲ ਲਪੇਟ ਦਿਓ ਪਰ ਕਟੁੰਬ ਦਾ ਗੇਟ ਨਾ ਬੰਦ ਕਰੋ।ਸ਼ਹਿਦ ਮੱਖੀ ਪਾਲਕ ਇਹ ਯਕੀਨੀ ਬਨਾਉਣ ਕਿ ਪੈਕਿੰਗ ਦੇਣ ਤੋਂ ਪਹਿਲਾਂ ਕਟੁੰਬ ਵਿਚ ਬਲਤਾ ਅਨੁਸਾਰ 3-5 ਕਿਲੋ ਖੁਰਾਕ ਹੋਵੇ।

6. ਖੁਰਾਕ ਦੇਣਾ

ਸਰਦੀ ਲੰਘਾਉਣ ਵਾਸਤੇ ਕਟੁੰਬਾਂ ਵਿੱਚ ਲੋੜ ਅਨੁਸਾਰ ਖੁਰਾਕ ਛੱਡ ਦੇਣੀ ਚਾਹੀਦੀ ਹੈ ਪਰ ਜੇਕਰ ਫਿਰ ਵੀ ਖੁਰਾਕ ਦੀ ਕਮੀ ਹੋਵੇ ਤਾਂ ਸ਼ਹਿਦ ਮੱਖੀਆਂ ਨੂੰ ਖੰਡ ਅਤੇ ਪਾਣੀ ਦਾ ਗਾੜ੍ਹਾ ਘੋਲ 2:1 ਅਨੁਪਾਤ ਵਿਚ ਬਨਾ ਕੇ ਖਾਲੀ ਛੱਤਿਆਂ ਵਿਚ ਭਰ ਕੇ ਦਿਓ।

7. ਵਾਧੂ ਛੱਤੇ ਸੰਭਾਲਣਾ

ਸਰਦੀ ਦੇ ਮੌਸਮ ਦੌਰਾਨ ਕਟੁੰਬ ਵਿਚ ਫਾਲਤੂ ਪਏ ਖਾਲੀ ਛੱਤਿਆਂ ਨੂੰ ਬਾਹਰ ਕੱਢ ਕੇ ਅਗਲੀ ਬਹਾਰ ਰੁੱਤ ਲਈ ਗੰਧਕ ਦੀ ਧੂਣੀ ਦੇ ਕੇ ਸਾਂਭ ਲਓ। ਇਸ ਨਾਲ ਨਾ ਕੇਵਲ ਵਾਧੂ ਖਾਲੀ ਛੱਤਿਆਂ ਦੀ ਸੰਭਾਲ ਹੋ ਜਾਂਦੀ ਹੈ ਸਗੋਂ ਕਟੁੰਬਾਂ ਵਿਚ ਸ਼ਹਿਦ ਮੱਖੀਆਂ ਨੂੰ ਕਟੁੰਬ ਦਾ ਤਾਪਮਾਨ ਨਿਅੰਤ੍ਰਿਤ ਕਰਨ ਵਿਚ ਵੀ ਮੁਸ਼ਿਕਲ ਪੇਸ਼ ਨਹੀ ਆਉਂਦੀ।

ਸਰੋਤ: ਗੁਰਪ੍ਰੀਤ ਸਿੰਘ ਮੱਕੜ ਅਤੇ ਰਿਤੂ ਰਾਜ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ

Summary in English: Guidelines for Beekeepers: Tips for Beekeeping Businesss, Help Your Bees Beat the Winter Blues

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters