Tips: ਜਿਉਂ-ਜਿਉਂ ਬੱਚੇ ਵੱਡੀਆਂ ਜਮਾਤਾਂ ਵਿੱਚ ਪੁਲਾਘਾਂ ਪੁੱਟਦੇ ਹਨ, ਤਿਉਂ-ਤਿਉਂ ਮਾਤਾ-ਪਿਤਾ ਨੂੰ ਇਸ ਗੱਲ ਦੀ ਚਿੰਤਾ ਸਤਾਉਣ ਲੱਗਦੀ ਹੈ ਕਿ ਉਨ੍ਹਾਂ ਦੇ ਬੱਚੇ ਪੜ੍ਹਾਈ ਵੱਲ ਉਨ੍ਹਾਂ ਧਿਆਨ ਤੇ ਸਮਾਂ ਨਹੀਂ ਲੱਗਾ ਰਹੇ, ਜਿੰਨਾਂ ਉਨ੍ਹਾਂ ਨੂੰ ਲਗਾਉਣਾ ਚਾਹੀਦਾ ਹੈ। ਜਿਵੇਂ ਹੀ ਬੱਚੇ ਵੱਡੀਆਂ ਜਮਾਤਾਂ ਵਿੱਚ ਪਹੁੰਚਦੇ ਹਨ, ਮਾਤਾ-ਪਿਤਾ ਨੂੰ ਇਸ ਗੱਲ ਦਾ ਅਹਿਸਾਸ ਹੋਣ ਲੱਗਦਾ ਹੈ, ਕਿ ਬੱਚਿਆਂ ਨੂੰ ਪੜ੍ਹਾਈ ਦੇ ਸਬੰਧ ਵਿੱਚ ਅਨੁਸ਼ਾਸਿਤ ਕਰਨਾ ਹੁਣ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਰਹੀ।
ਬਹੁਤੇ ਮਾਂ-ਬਾਪ ਵੱਡੀਆਂ ਜਮਾਤਾਂ ਵਿੱਚ ਬੱਚਿਆਂ ਨੂੰ ਪੜਾਉਣ ਵਿੱਚ ਅਸਮਰੱਥ ਹੁੰਦੇ ਹਨ ਜਾਂ ਉਨ੍ਹਾਂ ਕੋਲ ਸਮੇਂ ਦੀ ਘਾਟ ਹੁੰਦੀ ਹੈ। ਇਸ ਕਰਕੇ ਉਹ ਬੱਚਿਆਂ ਨੂੰ ਵੱਖ-ਵੱਖ ਟਿਊਸ਼ਨ ਕਲਾਸਾਂ ਵਿੱਚ ਦਾਖਲਾ ਦਿਵਾ ਦਿੰਦੇ ਹਨ। ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਰਹਿੰਦੀ ਹੈ, ਕਿ ਉਨ੍ਹਾਂ ਦਾ ਬੱਚਾ ਕਈ-ਕਈ ਘੰਟੇ ਇਨ੍ਹਾਂ ਕਲਾਸਾਂ ਵਿੱਚ ਖੂਬ ਪੜ੍ਹ ਰਿਹਾ ਹੈ, ਪਰ ਜ਼ਰੂਰੀ ਨਹੀਂ ਕਿ ਇਹ ਜ਼ਬਰਦਸਤੀ ਮਨ-ਭਾਉਂਦੇ ਨਤੀਜੇ ਹੀ ਸਾਹਮਣੇ ਲੈ ਕੇ ਆਵੇ।
ਪਹਿਲਾਂ ਸਕੂਲ ਤੇ ਫਿਰ ਇਹ ਲਗਾਤਾਰ ਚੱਲ ਰਹੀਆ ਟਿਊਸ਼ਨਾਂ ਦਾ ਸਿਲਸਿਲਾ ਬੱਚੇ ਨੂੰ ਬੁਰੀ ਤਰ੍ਹਾਂ ਥੱਕਾ ਦਿੰਦਾ ਹੈ। ਇਸ ਦੇ ਨਾਲ-ਨਾਲ ਉਸ ਨੂੰ ਸਕੂਲੋਂ ਮਿਲਿਆ ਘਰ ਦਾ ਕੰਮ (ਹੋਮ ਵਰਕ) ਵੀ ਪੂਰਾ ਕਰਨਾ ਪੈਂਦਾ ਹੈ। ਇਸ ਚੱਕਰਵਿਊ ਵਿੱਚ ਫਸੇ ਬੱਚੇ ਨੂੰ ਆਪਣੇ ਮਿੱਤਰਾਂ ਨਾਲ ਖੇਡਣ, ਮੌਜ-ਮਸਤੀ ਤੇ ਮਨ ਪਸੰਦ ਕੰਮ ਕਰਨ ਦਾ ਮੌਕਾ ਹੀ ਨਹੀਂ ਮਿਲਦਾ। ਜਿਸ ਕਰਕੇ ਉਹ ਹਮੇਸ਼ਾਂ ਨਾਖੁਸ਼, ਚਿੰਤਾਗ੍ਰਸਤ ਤੇ ਥੱਕਿਆ ਰਹਿੰਦਾ ਹੈ, ਉਸ ਨੂੰ ਨਹੀਂ ਸੁੱਝਦਾ ਕਿ ਉਹ ਕੀ ਕਰੇ। ਇਹ ਸਭ ਉਸ ਵਿੱਚ ਸਰੀਰਕ ਤੇ ਮਾਨਸਿਕ ਉਕਤਾਹਟ ਪੈਦਾ ਕਰਦਾ ਹੈ ਅਤੇ ਉਹ ਇਸ ਕਠੋਰ ਨਿਯੰਤਰਨ ਤੋਂ ਕਤਰਾਉਣ ਲਗਦਾ ਹੈ।
ਮਾਤਾ-ਪਿਤਾ ਹੋਣ ਦੇ ਨਾਤੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ, ਕਿ ਇਹ ਨੌਬਤ ਨਾ ਆਏ ਕਿ ਬੱਚੇ ਸਾਨੂੰ ਸੁਣਨ ਦੇ ਇਛੁੱਕ ਹੀ ਨਾ ਰਹਿਣ ਅਤੇ ਸਾਨੂੰ ਅਣ-ਸੁਣਿਆ ਕਰ ਦੇਣ। ਸਾਡਾ ਆਪਣੇ ਬੱਚਿਆਂ 'ਤੇ ਕੰਟਰੋਲ ਢਿੱਲਾ ਪੈ ਜਾਏ ਜਾਂ ਖਤਮ ਹੀ ਹੋ ਜਾਏ। ਇਸ ਲਈ ਜ਼ਰੂਰੀ ਹੈ, ਕਿ ਬੱਚਿਆਂ ਨੂੰ ਵਿਸ਼ਵਾਸ ਵਿੱਚ ਲੈ ਕੇ ਉਨ੍ਹਾਂ ਦੀ ਸਮਾਂ-ਸਾਰਣੀ ਇਸ ਤਰ੍ਹਾਂ ਬਣਾਈ ਜਾਵੇ, ਕਿ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੇ ਮਨ-ਪਸੰਦ ਕੰਮ ਕਰਨ ਦਾ ਵੀ ਸਮਾਂ ਮਿਲੇ। ਮਨ ਪ੍ਰਚਾਵੇ, ਟੀ.ਵੀ. ਦੇਖਣ, ਘੁੰਮਣ-ਫਿਰਨ, ਮਿੱਤਰਾਂ ਨੂੰ ਮਿਲਣ ਅਤੇ ਖੇਡਣ ਦੀਆਂ ਯਥਾਰਥਕ ਹੱਦਾਂ ਤਹਿ ਕੀਤੀਆਂ ਜਾਣ। ਹੇਠ ਲਿਖੇ ਸੁਝਾਅ ਇਸ ਵਿੱਚ ਸਹਾਈ ਹੋ ਸਕਦੇ ਹਨ:
1. ਪੜ੍ਹਾਈ ਲਈ ਘਰ ਵਿੱਚ ਇਹੋ ਜਿਹੇ ਸਥਾਨ ਦੀ ਚੋਣ ਕੀਤੀ ਜਾਵੇ, ਜਿੱਥੇ ਧਿਆਨ ਭੰਗ ਕਰਨ ਵਾਲੇ ਕਾਰਕ ਨਾ ਹੋਣ ਤੇ ਇਕਾਗਰਤਾ ਨਾਲ ਪੜ੍ਹਾਈ ਹੋ ਸਕੇ। ਇਹ ਸਥਾਨ ਹਵਾਦਾਰ, ਸਹੀ ਰੌਸ਼ਨੀ ਵਾਲਾ, ਨਾ ਜ਼ਿਆਦਾ ਠੰਡਾ ਤੇ ਨਾ ਜ਼ਿਆਦਾ ਗਰਮ ਹੋਵੇ, ਪਰ ਇਹ ਇੰਨਾ ਵੀ ਆਰਾਮਦਾਇਕ ਨਾ ਹੋਵੇ, ਕਿ ਬੱਚੇ ਨੂੰ ਸੁਸਤੀ ਜਾਂ ਨੀਂਦ ਆਉਣ ਲੱਗੇ।
2. ਸਮਾਂ ਸੂਚੀ ਸਭ ਤੋਂ ਅਹਿਮ ਹੈ। ਇੱਕ ਅੱਠਵੀਂ ਜਮਾਤ ਦੇ ਬੱਚੇ ਨੂੰ ਰੋਜ਼ਾਨਾ ਸਕੂਲ ਦੀ ਪੜ੍ਹਾਈ ਔਸਤਨ 2-3 ਘੰਟੇ ਪੜ੍ਹਨ ਦੀ ਲੋੜ ਹੁੰਦੀ ਹੈ। ਇੱਕ ਸਮੇਂ ਵਿੱਚ ਉਸ ਨੂੰ 45 ਮਿੰਟਾਂ ਤੋਂ ਘੱਟ 90 ਮਿੰਟ ਤੋਂ ਜ਼ਿਆਦਾ ਪੜ੍ਹਾਈ ਨਹੀਂ ਕਰਨੀ ਚਾਹੀਦੀ। ਇਸ ਤੋਂ ਬਾਅਦ ਉਸ ਨੂੰ ਕੁਝ ਸਮੇਂ ਦਾ ਬ੍ਰੇਕ ਦਿਓ। ਬੱਚਾ ਆਪਣੇ-ਆਪ ਹਿਸਾਬ ਲਗਾ ਲੈਂਦਾ ਹੈ, ਕਿ ਕਿਸ ਵਿਸ਼ੇ ਲਈ ਉਸ ਨੂੰ ਕਿੰਨਾਂ ਸਮਾਂ ਚਾਹੀਦਾ ਹੈ ਅਤੇ ਉਸ ਅਨੁਸਾਰ ਹੀ ਉਹ ਆਪਣਾ ਪੜ੍ਹਨ ਦਾ ਸਮਾਂ ਵਧਾ ਜਾਂ ਘਟਾ ਲੈਂਦਾ ਹੈ। ਜੇਕਰ ਉਸ ਨੂੰ ਕੋਈ ਹੋਮ ਵਰਕ ਨਹੀਂ ਵੀ ਮਿਲਿਆ ਤਾਂ ਵੀ ਉਸ ਨੂੰ ਰੋਜ਼ਾਨਾ ਕੁਝ ਸਮਾਂ ਪੜ੍ਹਾਈ ਵੱਲ ਲਗਾਉਣਾ ਚਾਹੀਦਾ ਹੈ। ਮਨਪ੍ਰਚਾਵੇ ਲਈ ਵੀ ਘੰਟੇ ਨਿਸ਼ਚਿਤ ਹੋਣੇ ਚਾਹੀਦੇ ਹਨ।
3. ਜ਼ਿਆਦਾ ਸਖਤੀ ਨਾਲ ਕੰਮ ਨਾ ਲਵੋ। ਬੱਚੇ ਦੀ ਉਮਰ, ਜਮਾਤ ਅਤੇ ਹਫਤੇ ਦੇ ਦਿਨ ਦੇ ਅਨੁਸਾਰ ਲਚਕੀਲਾਪਣ ਰੱਖੋ। ਬੱਚੇ ਨੂੰ ਮਰਜ਼ੀ ਨਾਲ ਆਪਣੀ ਪੜ੍ਹਾਈ ਤੇ ਖੇਡ ਦਾ ਸਮਾਂ ਚੁਣਨ ਦਿਓ। ਇਹ ਅਭਿਆਸ ਛੋਟੀ ਉਮਰ ਤੋਂ ਸ਼ੁਰੂ ਕਰਨ ਨਾਲ ਵੱਡੇ ਹੋਣ ਤੱਕ ਬੱਚੇ ਨੂੰ ਇਸ ਨੇਮ ਦੀ ਆਦਤ ਪੈ ਜਾਂਦੀ ਹੈ ਅਤੇ ਉਹ ਔਖਿਆਈ ਜਾਂ ਬੋਰੀਅਤ ਮਹਿਸੂਸ ਨਹੀਂ ਕਰਦਾ। ਛੋਟੇ ਬੱਚਿਆਂ ਲਈ ਜ਼ਿਆਦਾ ਘਬਰਾਹਟ ਵਿੱਚ ਪੈਣ ਦੀ ਲੋੜ ਨਹੀਂ, ਪਰ ਵੱਡੇ ਬੱਚਿਆਂ ਦਾ ਅਨੁਸ਼ਾਸ਼ਨ ਸਿੱਖਣਾ, ਇਸ ਦਾ ਪਾਲਣ ਕਰਨਾ ਤੇ ਆਪਣੀਆਂ ਪ੍ਰਾਥਮਿਕਤਾ ਦਾ ਮੁਲਾਂਕਣ ਕਰਨਾ ਜ਼ਰੂਰੀ ਹੈ।
4. ਛੋਟੀ ਜਮਾਤ ਤੋਂ ਹੀ ਬੱਚਿਆਂ ਨੂੰ ਆਪਣੀਆਂ ਕਾਪੀਆਂ-ਕਿਤਾਬਾਂ ਸਾਫ-ਸੁਥਰੀਆਂ ਤੇ ਟਿਕਾਣੇ ਸਿਰ ਰੱਖਣ ਦੀ ਆਦਤ ਪਾਓ। ਇਹ ਸੌਖਾ ਨਹੀ ਪਰ ਹੌਲੀ-ਹੌਲੀ ਸਬਰ ਨਾਲ ਬੱਚਾ ਇਹ ਸਿੱਖ ਜਾਵੇਗਾ। ਬੱਚਿਆਂ ਨੂੰ ਹਰ ਕੰਮ ਸਮੇਂ ਸਿਰ ਕਰਨ ਦੀ ਮਹੱਤਤਾ ਬਾਰੇ ਦੱਸੋ। ਵੱਡੇ ਬੱਚਿਆਂ ਨੂੰ ਦੱਸੋ, ਕਿ ਕਲਾਸ ਵਿੱਚ ਕੀਤੇ ਹਰ ਕੰਮ ਨੂੰ ਕਾਪੀ ਵਿੱਚ ਦਰਜ ਕਰਨਾ ਜ਼ਰੂਰੀ ਹੈ। ਬੱਚੇ ਨੂੰ ਇਸ ਗੱਲ ਦਾ ਸਹੀ ਅਨੁਮਾਨ ਹੋਵੇ, ਕਿ ਪੜ੍ਹਾਈ ਸਬੰਧੀ ਕੋਈ ਵੀ ਕੰਮ ਪੂਰਾ ਕਰਨ ਲਈ ਉਸ ਨੂੰ ਕਿੰਨਾ ਸਮਾਂ ਲੱਗੇਗਾ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਲੋੜੀਂਦਾ ਸਮਾਨ ਚੈੱਕ ਕਰਨਾ ਜ਼ਰੂਰੀ ਹੈ।
ਇਹ ਵੀ ਪੜੋ: Walk Benefits: ਸਿਹਤਮੰਦ ਅਤੇ ਫਿੱਟ ਰਹਿਣ ਲਈ ਰੋਜ਼ਾਨਾ ਕਰੋ 15 ਮਿੰਟ ਸੈਰ, ਇਨ੍ਹਾਂ ਬਿਮਾਰੀਆਂ ਤੋਂ ਪਾਓ ਛੁਟਕਾਰਾ
5. ਵਿਸ਼ੇ ਨਾਲ ਸਬੰਧਤ ਜਾਣਕਾਰੀ ਉਹ ਲਾਇਬ੍ਰੇਰੀ, ਅਧਿਆਪਕ, ਵੱਡਿਆਂ ਜਾਂ ਇੰਟਰਨੈੱਟ ਤੋਂ ਪ੍ਰਾਪਤ ਕਰ ਸਕਦਾ ਹੈ। ਜੇਕਰ ਉਸ ਨੇ ਇਮਤਿਹਾਨ ਲਈ ਕੋਈ ਵਿਸ਼ਾ ਤਿਆਰ ਕਰਨਾ ਹੈ, ਤਾਂ ਇਸ ਕੰਮ ਨੂੰ ਆਖਰੀ ਸਮੇਂ ਤੱਕ ਛੱਡਣ ਦੀ ਬਜਾਏ ਪਹਿਲਾਂ ਹੀ ਪੂਰਾ ਕਰ ਲੈਣਾ ਚਾਹੀਦਾ ਹੈ। ਔਖੀ ਪੜ੍ਹਾਈ ਪੂਰੀ ਕਰਨ ਲਈ ਪੂਰਨ ਇਕਾਗਰਤਾ ਵਾਲਾ ਸਮਾਂ ਚੁਣਨਾ ਚਾਹੀਦਾ ਹੈ, ਜਦੋਂਕਿ ਡਰਾਇੰਗ ਕਰਨਾ, ਦੁਬਾਰਾ ਲਿਖਣ ਜਾਂ ਕੰਮ ਦਾ ਰਿਕਾਰਡ ਬਨਾਉਣ ਵਰਗੇ ਕੰਮ ਘੱਟ ਇਕਾਗਰਤਾ ਵਾਲੇ ਸਮੇ ਵਿੱਚ ਵੀ ਕੀਤੇ ਜਾ ਸਕਦੇ ਹਨ। ਸੌਖੇ ਕੰਮ ਤੋਂ ਔਖੇ ਵੱਲ ਜਾਣਾ ਚਾਹੀਦਾ ਹੈ। ਇਸ ਨਾਲ ਸਵੈ ਵਿਸ਼ਵਾਸ਼ ਬਣਦਾ ਹੈ।
6. ਬੱਚੇ ਨੂੰ ਇਮਤਿਹਾਨ ਦੀ ਤਿਆਰੀ ਪਹਿਲਾਂ ਤੋਂ ਹੀ ਕਰਨ ਦੀ ਪ੍ਰੇਰਨਾ ਦਿਓ। ਪੁਰਾਣੇ ਪ੍ਰਸ਼ਨ ਪੱਤਰਾਂ ਨੂੰ ਨਿਸ਼ਚਿਤ ਸਮੇਂ ਵਿੱਚ ਹੱਲ ਕਰਕੇ, ਇਮਤਿਹਾਨ ਦੇ ਡਰ ਜਾਂ ਘਬਰਾਹਟ ਤੋਂ ਬਚਿਆ ਜਾ ਸਕਦਾ ਹੈ। ਬੱਚੇ ਨੂੰ ਸਮਝਾਓ ਕਿ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਮਿੰਟ ਅੱਖਾਂ ਬੰਦ ਕਰਕੇ ਆਪਣੀ ਇਕਾਗਰਤਾ ਬਣਾਏ, ਫਿਰ ਠੰਡੇ ਦਿਮਾਗ ਨਾਲ ਪ੍ਰਸ਼ਨ ਪੱਤਰ ਪੜ੍ਹੇ ਤੇ ਫਿਰ ਪੇਪਰ ਲਿਖਣਾ ਸ਼ੁਰੂ ਕਰੇ। ਇੱਧਰ-ਉੱਧਰ ਦੇਖ ਕੇ ਸਮਾਂ ਬਰਬਾਦ ਨਾ ਕਰੋ। ਹਮੇਸ਼ਾਂ ਸੌਖੇ ਪ੍ਰਸ਼ਨ ਤੋਂ ਪੇਪਰ ਸ਼ੁਰੂ ਕਰੇ। ਇਸ ਨਾਲ ਆਤਮ ਵਿਸ਼ਵਾਸ਼ ਵੱਧਦਾ ਹੈ। ਸਮੇਂ ਦੇ ਆਖਰੀ ਪੰਦਰਾਂ ਮਿੰਟ ਉਹ ਪੇਪਰ ਨੂੰ ਦੁਹਰਾਉਣ ਲਈ ਰੱਖੋ।
7. ਇਮਤਿਹਾਨ ਸ਼ੁਰੂ ਹੋਣ ਤੋਂ ਪਹਿਲਾਂ ਕਦੇ ਵੀ ਹੋਰ ਬੱਚਿਆਂ ਨਾਲ ਵਿਸ਼ੇ ਸਬੰਧੀ ਗੱਲਾਂ ਮਾਰ ਕੇ ਬੱਚੇ ਨੂੰ ਉਤਾਵਲਾ ਨਾ ਕਰੋ। ਇਹ ਉਤਾਵਲਾਪਣ ਬੱਚੇ ਦੀ ਇਮਤਿਹਾਨ ਵਿੱਚ ਕਾਰਗੁਜ਼ਾਰੀ 'ਤੇ ਅਸਰ ਪਾ ਸਕਦਾ ਹੈ।
8. ਪੇਪਰ ਖਤਮ ਹੋਣ ਤੋਂ ਬਾਅਦ ਬੱਚੇ ਨੂੰ ਪੇਪਰ ਦੀ ਕਾਰਗੁਜ਼ਾਰੀ ਬਾਰੇ ਬਹੁਤੇ ਪ੍ਰਸ਼ਨ ਨਾ ਪੁੱਛੋ। ਜਿੰਨਾ ਬੱਚਾ ਆਪਣੇ-ਆਪ ਦੱਸੇ ਉਨ੍ਹਾਂ ਕਾਫੀ ਹੈ। ਉਸ ਦਾ ਹੱਸ ਕੇ ਪਿਆਰ ਨਾਲ ਸਵਾਗਤ ਕਰੋ ਅਤੇ ਅਗਲੇ ਪੇਪਰ ਦੀ ਤਿਆਰੀ ਲਈ ਉਤਸ਼ਾਹਿਤ ਕਰੋ।
ਸਰੋਤ: ਗੁਰਉਪਦੇਸ਼ ਕੌਰ ਅਤੇ ਵੰਦਨਾ ਕੰਵਰ, ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ
Summary in English: 8 Top Tips For Parents: Parents should adopt these methods to guide their children properly in their studies.