
ਬੱਚਿਆਂ ਦੇ ਵਿਕਾਸ ਵਿੱਚ ਰਚਨਾਤਮਕ ਗਤੀਵਿਧੀਆਂ ਦੀ ਮਹੱਤਵਪੂਰਨ ਭੂਮਿਕਾ
Summer Vacation: ਗਰਮੀ ਦੀਆਂ ਛੁੱਟੀਆਂ ਬੱਚਿਆਂ ਲਈ ਬਹੁਤ ਸੁਹਾਵਣਾ ਸਮਾਂ ਹੁੰਦਾ ਹੈ। ਇਹ ਸਮਾਂ ਉਹਨਾਂ ਨੂੰ ਰੋਜ਼ ਸਕੂਲ ਜਾਣ ਦੀ ਰੁਟੀਨ ਤੋਂ ਛੁਟਕਾਰਾ ਦਵਾਉਂਦਾ ਹੈ; ਆਰਾਮ ਕਰਨ ਅਤੇ ਨਵੀਆਂ ਚੀਜ਼ਾਂ ਸਿਖਣ ਦਾ ਮੌਕਾ ਦਿੰਦਾ ਹੈ। ਇਹਨਾਂ ਛੁੱਟੀਆਂ ਵਿਚ ਕਈ ਲੋਕ ਵੱਖ-ਵੱਖ ਥਾਵਾਂ 'ਤੇ ਘੁੰਮਣ ਜਾਂਦੇ ਹਨ, ਆਪਣੇ ਰਿਸ਼ਤੇਦਾਰਾਂ ਨੂੰ ਮਿਲਦੇ ਹਨ ਜਦਕਿ ਕਈ ਘਰਾਂ ਵਿਚ ਹੀ ਰਹਿਣਾ ਪਸੰਦ ਕਰਦੇ ਹਨ।
ਘਰ ਵਿਚ ਰਹਿਣ ਨਾਲ ਜ਼ਿਆਦਾ ਤਰ ਬੱਚੇ ਮੋਬਾਇਲ ਜਾਂ ਟੀ.ਵੀ. 'ਤੇ ਸਮਾਂ ਬਿਤਾਉਂਦੇ ਹਨ। ਇਸ ਲਈ ਬੱਚਿਆਂ ਨੂੰ ਇਸ ਸਮੇਂ ਰਚਨਾਤਮਕ ਗਤੀਵਿਧੀਆਂ ਜਾਂ ਕਾਰਜਾਂ ਵਿਚ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿ ਗਰਮੀ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਰਚਨਾਤਮਕ ਗਤੀਵਿਧੀਆਂ ਵਿੱਚ ਕਿਵੇਂ ਸ਼ਾਮਲ ਕਰੀਏ...
ਰਚਨਾਤਮਕ ਗਤੀਵਿਧੀਆਂ ਦਾ ਬੱਚਿਆਂ ਦੇ ਵਿਕਾਸ 'ਤੇ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ। ਇਹ ਬੱਚਿਆਂ ਦੇ ਰਚਨਾਤਮਕ ਵਿਕਾਸ ਵਿਚ ਸਹਾਈ ਹੋਣ ਦੇ ਨਾਲ-ਨਾਲ ਉਹਨਾਂ ਵਿਚ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨ ਦਾ ਵਿਸ਼ਵਾਸ ਪੈਦਾ ਕਰਦੀਆਂ ਹਨ। ਇਸ ਦੇ ਨਾਲ ਬੱਚਿਆਂ ਦੇ ਸਮਾਂ ਪ੍ਰਬੰਧਨ ਅਤੇ ਗੱਲਬਾਤ ਕਰਨ ਦੇ ਹੁਨਰ ਨੂੰ ਵੀ ਨਿਖਾਰਦੀਆਂ ਹਨ। ਗਰਮੀ ਦੀਆਂ ਛੁੱਟੀਆਂ ਵਿਚ ਬੱਚਿਆਂ ਨੂੰ ਹੇਠ ਲਿਖੀਆਂ ਰਚਨਾਤਮਕ ਗਤੀਵਿਧੀਆਂ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ:
ਪੇਂਟਿੰਗ ਅਤੇ ਕਰਾਫਟ ਕਰਨਾ: ਬੱਚਿਆਂ ਦੇ ਪੇਂਟਿੰਗ ਅਤੇ ਕਰਾਫਟ ਦੇ ਹੁਨਰ ਨੂੰ ਗਰਮੀ ਦੀਆਂ ਛੁੱਟੀਆਂ ਵਿਚ ਨਿਖਾਰਿਆ ਜਾ ਸਕਦਾ ਹੈ। ਇਸ ਦੇ ਨਾਲ-ਨਾਲ ਉਹਨਾਂ ਨੂੰ ਸਿਲਾਈ, ਕਢਾਈ, ਬਟਨ ਲਗਾਉਣਾ, ਤੁਰਪਾਈ ਕਰਨਾ ਆਦਿ ਦੀ ਸਿਖਲਾਈ ਦਿੱਤੀ ਜਾ ਸਕਦੀ ਹੈ। ਬੱਚੇ ਸਾਦੀ ਸਿਲਾਈ, ਕੱਪੜੇ ਦੇ ਟੁੱਕੜਿਆਂ ਤੋਂ ਮੇਜ਼ ਪੋਸ਼ ਤਿਆਰ ਕਰਨਾ, ਪੁਰਾਣੀਆਂ ਵਸਤੂਆਂ ਨੂੰ ਨਵਾਂ ਰੂਪ ਦੇ ਕੇ ਕੰਮ ਦੀਆਂ ਘਰੇਲੂ ਸਜਾਵਟੀ ਸਮਾਨ ਬਣਾਉਣਾ ਆਦਿ ਸਿਖ ਸਕਦੇ ਹਨ।
ਬਲਾਕ ਬਣਾਉਣਾ ਅਤੇ ਬੁਝਾਰਤਾਂ ਨੂੰ ਹੱਲ ਕਰਨਾ: ਬੱਚਿਆਂ ਨੂੰ ਬਲਾਕ ਬਣਾਉਣਾ ਅਤੇ ਬੁਝਾਰਤਾਂ ਨੂੰ ਹੱਲ ਕਰਨ ਵਰਗੀਆਂ ਗਤੀਵਿਧੀਆਂ ਵਿਚ ਸ਼ਾਮਲ ਕਰਨ ਨਾਲ ਉਹਨਾਂ ਦੀ ਚੁਣੌਤਿਆਂ ਦਾ ਸਾਹਮਣਾ ਕਰਨ ਦੀ ਅਤੇ ਸਮੱਸਿਆਂ ਦੇ ਹੱਲ ਕੱਢਣ ਦੀ ਯੋਗਤਾ ਵਿਚ ਵਾਧਾ ਹੁੰਦਾ ਹੈ।
ਖਾਣਾ ਬਣਾਉਣਾ ਅਤੇ ਬੇਕਿੰਗ ਕਰਨਾ: ਬੱਚਿਆਂ ਨੂੰ ਰਸੋਈ ਵਿਚ ਖਾਣਾ ਬਣਾਉਣ ਅਤੇ ਬੇਕਿੰਗ ਕਰਨ ਵਰਗੇ ਹੁਨਰ ਸਿਖਾਓ। ਬੱਚੇ ਸੁਰੱਖਿਅਤ ਅਤੇ ਪੌਸ਼ਟਿਕ ਖਾਣੇ ਦੀ ਮਹੱਤਤਾ ਬਾਰੇ ਸਿਖ ਕੇ ਆਪਣੇ ਲਈ ਵਧੀਆ ਭੋਜਨ ਦੀ ਚੌਣ ਕਰਨ ਦੇ ਯੋਗ ਹੋ ਸਕਦੇ ਹਨ। ਬੱਚੇ ਸੋਖੀਆਂ ਬਣਨ ਵਾਲੀਆਂ ਖਾਣ ਦੀਆਂ ਚੀਜ਼ਾਂ ਜਿਵੇ ਸੈਂਡਵਿਚ, ਸਲਾਦ, ਕੂਕੀਜ਼, ਕੱਪ-ਕੇਕ ਆਦਿ ਬਣਾਉਣਾ ਅਸਾਨੀ ਨਾਲ ਸਿਖ ਸਕਦੇ ਹਨ।
ਘਰ ਦੀ ਸਫਾਈ: ਬੱਚਿਆਂ ਨੂੰ ਘਰ ਦੀ ਸਫਾਈ ਵਿਚ ਯੋਗਦਾਨ ਪਾਉਣ ਲਈ ਪ੍ਰੇਰੋ। ਸਰਲ ਕੰਮ ਜਿਵੇਂ ਆਪਣੀਆਂ ਵਸਤੂਆਂ ਆਪਣੀ ਜਗ੍ਹਾ ਤੇ ਰੱਖਣਾ, ਝਾੜ ਪੂੰਝ ਕਰਨਾ ਜੀਵਨ ਦੇ ਬੁਨਿਆਦੀ ਹੁਨਰ ਹਨ ਜਿਹੜੇ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਵਿਚ ਸਿਖਾਏ ਜਾ ਸਕਦੇ ਹਨ।ਇਸ ਦੇ ਨਾਲ ਹੀ ਬੱਚਿਆਂ ਨੂੰ ਸਫਾਈ ਦੀ ਮਹੱਤਤਾ ਅਤੇ ਸਫਾਈ ਲਈ ਪ੍ਰਯੋਗ ਹੋਣ ਵਾਲੇ ਪਦਾਰਥਾਂ ਦੀ ਸੁਚੱਜੀ ਵਰਤੋਂ ਕਰਨੀ ਵੀ ਸਿਖਾਈ ਜਾ ਸਕਦੀ ਹੈ।
ਇਹ ਵੀ ਪੜੋ: 8 Top Tips For Parents: ਪੜ੍ਹਾਈ ਵਿੱਚ ਬੱਚਿਆਂ ਦਾ ਸਹੀ ਮਾਰਗ ਦਰਸ਼ਨ ਕਰਨ ਲਈ ਮਾਂ-ਬਾਪ ਅਪਨਾਉਣ ਇਹ ਤਰੀਕੇ
ਕਿਤਾਬਾਂ ਪੜਨ ਦੀ ਆਦਤ: ਚੰਗੀਆਂ ਕਿਤਾਬਾਂ ਪੜਨ ਨਾਲ ਅਤੇ ਉਸ ਬਾਰੇ ਕੁਝ ਸਤਰਾਂ ਲਿਖਣ ਨਾਲ ਬੱਚੇ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਦਾ ਪ੍ਰਭਾਵਸ਼ਾਲੀ ਪ੍ਰਕਟਾਵਾ ਕਰਨਾ ਸਿਖਦੇ ਹੈ।ਇਸ ਹੁਨਰ ਨੂੰ ਹੋਰ ਨਿਖਾਰਨ ਲਈ ਛੁੱਟੀਆਂ ਵਿਚ ਬੱਚਿਆਂ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਪੱਤਰ ਲਿਖਣ ਲਈ ਵੀ ਪ੍ਰੇਰਿਆ ਜਾ ਸਕਦਾ ਹੈ।
ਸਮੂਹ ਅਤੇ ਟੀਮ ਵਿਚ ਖੇਡਣਾ: ਛੁੱਟੀਆਂ ਵਿਚ ਬੱਚਿਆਂ ਨੂੰ ਟੀਮ ਅਤੇ ਸਮੂਹ ਵਿਚ ਖੇਡਣ ਲਈ ਉਤਸ਼ਾਹਿਤ ਕਰਨ ਨਾਲ ਉਹਨਾਂ ਵਿਚ ਸਹਿਯੋਗ ਅਤੇ ਸਮਝੋਤਾ ਵਰਗੇ ਗੁਣ ਵਿਕਸਿਤ ਹੋਣਗੇ।
ਸਾਂਝੀਆਂ ਗਤੀਵਿਧੀਆਂ: ਪਿੰਡ ਦੇ ਸਾਂਝੇ ਸਥਾਨ ਨੂੰ ਸਾਫ ਕਰਨ ਵਿਚ ਅਤੇ ਉਥੇ ਬੂਟੇ ਲਗਾਉਣ ਵਿਚ ਬੱਚਿਆਂ ਨੂੰ ਸ਼ਾਮਲ ਕਰਨ ਨਾਲ ਉਹਨਾਂ ਨੂੰ ਸਾਂਝੇ ਸਥਾਨ ਦੇ ਰੱਖ ਰਖਾਵ ਅਤੇ ਦੇਖਭਾਲ ਦੀ ਜਿੰਮੇਵਾਰੀ ਦਾ ਅਹਿਸਾਸ ਹੋਵੇਗਾ।
ਸੱਭਿਆਚਾਰਕ ਗਤੀਵਿਧੀਆਂ: ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜੇ ਰੱਖਣ ਲਈ ਉਹਨਾਂ ਨੂੰ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਕਿ ਰਵਾਇਤੀ ਕਲਾ, ਸ਼ਿਲਪਕਲਾ ਆਦਿ ਬਾਰੇ ਦੱਸੋ ਅਤੇ ਇਨ੍ਹਾਂ ਸੱਭਿਆਚਾਰਕ ਗਤੀਵਿਧੀਆਂ ਵਿਚ ਉਹਨਾਂ ਨੂੰ ਸ਼ਾਮਲ ਕਰੋ।
ਕੱਪੜਿਆਂ ਦਾ ਰੱਖ ਰਖਾਵ: ਬੱਚਿਆਂ ਨੂੰ ਕੱਪੜਿਆਂ ਤੋਂ ਦਾਗ ਉਤਾਰਨ, ਕੱਪੜਿਆਂ ਨੂੰ ਤਹਿ ਲਾ ਕੇ ਅਲਮਾਰੀ ਵਿਚ ਲਗਾਉਣਾ ਸਿਖਾਓ।
ਬਜਟ ਅਤੇ ਪੈਸੇ ਦਾ ਪ੍ਰਬੰਧਨ: ਬੱਚਿਆਂ ਨੂੰ ਆਪਣੇ ਨਾਲ ਬਾਜ਼ਾਰ ਲੈ ਕੇ ਜਾਓ; ਸਮਾਨ ਤੇ ਲੱਗੇ ਲੇਬਲ ਨੂੰ ਪੜ੍ਹਨਾ, ਚੀਜ਼ਾਂ ਦੇ ਮੁੱਲ ਦੀ ਤੁਲਨਾ ਅਤੇ ਆਪਣੇ ਬਜਟ ਵਿਚ ਰਹਿ ਕੇ ਬੇਲੋੜੇ ਖਰਚੇ ਰੋਕਣ ਵਰਗੇ ਗੁਰ ਸਿਖਾਓ।
ਸੁਰੱਖਿਅਤ ਰਹਿਣਾ: ਛੁੱਟੀਆਂ ਵਿਚ ਬੱਚਿਆਂ ਨੂੰ ਸੁਰੱਖਿਅਤ ਰਹਿਣ ਅਤੇ ਸੱਟ ਲਗਣ ਤੇ ਮੁਢਲੇ ਉਪਚਾਰ ਬਾਰੇ ਬੁਨਿਆਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਸਰੋਤ: ਡਾ. ਮਨੀਸ਼ਾ ਭਾਟੀਆ, ਸਹਾਇਕ ਪ੍ਰੌਫੈਸਰ (ਗ੍ਰਹਿ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ
Summary in English: Keep your children away from TV and mobile during summer holidays with these creative activities