
ਸੁਪਰਫੂਡ 'ਮੋਰਿੰਗਾ' ਦੀ ਕਾਸ਼ਤ ਅਤੇ ਸਿਹਤ ਲਾਭ-ਨੁਕਸਾਨ
Superfood 'Moringa': ਅੱਜ-ਕੱਲ੍ਹ ਲੋਕ ਆਪਣੇ ਆਪ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖਣ ਲਈ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣ ਲੱਗ ਪਏ ਹਨ। ਅਜਿਹੀ ਸਥਿਤੀ ਵਿੱਚ, ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਰੀਲਾਂ ਅਤੇ ਵੀਡੀਓ ਵਾਇਰਲ ਵੀ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਕੁਝ ਚੀਜ਼ਾਂ ਦੇ ਸੇਵਨ ਦੇ ਫਾਇਦਿਆਂ ਬਾਰੇ ਦੱਸਿਆ ਜਾ ਰਿਹਾ ਹੈ। ਅੱਜਕੱਲ੍ਹ ਮੋਰਿੰਗਾ ਪਾਊਡਰ ਖਾਣ ਦੇ ਸਿਹਤ ਲਾਭ ਦੱਸੇ ਜਾ ਰਹੇ ਹਨ।
ਮੋਰਿੰਗਾ, ਜਿਸਨੂੰ ਪੰਜਾਬੀ ਵਿੱਚ "ਸੁਹਾਂਜਣਾ" ਕਿਹਾ ਜਾਂਦਾ ਹੈ, ਇੱਕ ਜੜੀ-ਬੂਟੀ ਵਾਲਾ ਪੌਦਾ ਹੈ ਜੋ ਆਪਣੇ ਔਸ਼ਧੀ ਗੁਣਾਂ ਲਈ ਪ੍ਰਸਿੱਧ ਹੈ। ਇਸਦੇ ਪੱਤੇ, ਫਲ, ਫੁੱਲ, ਅਤੇ ਜੜ੍ਹਾਂ ਸਾਰੀਆਂ ਹੀ ਸਿਹਤ ਲਈ ਲਾਭਕਾਰੀ ਹਨ। ਪਰ ਇਹ ਜ਼ਰੂਰੀ ਨਹੀਂ ਕਿ ਹਰ ਉਹ ਚੀਜ਼ ਜੋ ਲਾਭਦਾਇਕ ਹੈ, ਉਹ ਸਾਰਿਆਂ ਲਈ ਲਾਭਦਾਇਕ ਹੋਵੇ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਲੋਕਾਂ ਨੂੰ ਮੋਰਿੰਗਾ ਪਾਊਡਰ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅਸੀਂ ਗੱਲ ਕਰਾਂਗੇ ਕਿ ਇਸ ਦੀ ਖੇਤੀ ਕਿੱਥੇ ਹੁੰਦੀ ਹੈ ਅਤੇ ਇਸ ਦੇ ਕੀ ਫਾਇਦੇ ਹਨ?
ਮੋਰਿੰਗਾ ਕੀ ਹੈ?
ਮੋਰਿੰਗਾ, ਜਿਸਨੂੰ ਪੰਜਾਬੀ ਵਿੱਚ 'ਸੁਹਾਂਜਣਾ' ਕਿਹਾ ਜਾਂਦਾ ਹੈ, ਇੱਕ ਔਸ਼ਧੀ ਪੌਦਾ ਹੈ ਜੋ ਆਪਣੀ ਉੱਚ ਪੌਸ਼ਟਿਕਤਾ ਅਤੇ ਔਖਧੀ ਗੁਣਾਂ ਕਰਕੇ ਜਾਣਿਆ ਜਾਂਦਾ ਹੈ। ਇਸ ਦੇ ਪੱਤੇ, ਫਲ, ਡੰਢੀਆਂ, ਫੁੱਲ, ਜੜ੍ਹਾਂ ਅਤੇ ਬੀਜ ਸਾਰੇ ਹੀ ਮਨੁੱਖੀ ਸਿਹਤ ਲਈ ਲਾਭਦਾਇਕ ਹਨ। ਇਹ ਪੌਦਾ ਛੋਟਾ ਜਿਹਾ ਦਰੱਖਤ ਹੁੰਦਾ ਹੈ ਅਤੇ ਇਸ ਦੀ ਤਾਸੀਰ ਗਰਮ ਹੁੰਦੀ ਹੈ।
ਮੋਰਿੰਗਾ ਦੀ ਵਰਤੋਂ
● ਸਬਜ਼ੀ ਵਜੋਂ (ਫਲਾਂ ਦੀਆਂ ਡੰਢੀਆਂ)
● ਸੁੱਕੇ ਪੱਤੇ ਚੂਰਣ ਵਜੋਂ
● ਤੇਲ ਅਤੇ ਦਵਾਈਆਂ ਬਣਾਉਣ ਲਈ
● ਆਯੁਰਵੇਦਿਕ ਉਪਚਾਰ ਲਈ
ਮੋਰਿੰਗਾ ਦੀ ਖੇਤੀ ਕਿੱਥੇ ਕੀਤੀ ਜਾਂਦੀ ਹੈ?
● ਮੋਰਿੰਗਾ ਦੀ ਕਾਸ਼ਤ ਭਾਰਤ ਦੇ ਕਈ ਹਿੱਸਿਆਂ ਵਿੱਚ ਕੀਤੀ ਜਾਂਦੀ ਹੈ, ਖਾਸ ਕਰਕੇ ਗਰਮ ਜਲਵਾਯੂ ਵਾਲੇ ਖੇਤਰਾਂ ਵਿੱਚ: ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ ਅਤੇ ਝਾਰਖੰਡ: ਇੱਥੇ ਇਸਦੀ ਵਪਾਰਕ ਤੌਰ 'ਤੇ ਵੱਡੇ ਪੱਧਰ 'ਤੇ ਕਾਸ਼ਤ ਕੀਤੀ ਜਾਂਦੀ ਹੈ।
● ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼: ਹੁਣ ਇੱਥੇ ਵੀ ਮੋਰਿੰਗਾ ਦੀ ਖੇਤੀ ਵੱਧ ਰਹੀ ਹੈ।
● ਇਹ ਪੌਦਾ ਖ਼ੁਸ਼ਕ ਅਤੇ ਅੱਧ-ਖ਼ੁਸ਼ਕ ਇਲਾਕਿਆਂ ਵਿੱਚ ਵਧੀਆ ਤਰੀਕੇ ਨਾਲ ਫਲਦਾ-ਫੁਲਦਾ ਹੈ।
ਮੋਰਿੰਗਾ ਦੀ ਖੇਤੀ ਦੇ ਲਾਭ
● ਘੱਟ ਲਾਗਤ ਵਾਲੀ ਫਸਲ
● ਘੱਟ ਪਾਣੀ ਦੀ ਲੋੜ
● 8-10 ਮਹੀਨਿਆਂ ਵਿੱਚ ਤਿਆਰ
● ਸਿਹਤ ਅਤੇ ਬਾਜ਼ਾਰ ਵਿੱਚ ਵੱਧ ਮੰਗ
ਮੋਰਿੰਗਾ ਦੇ ਫਾਇਦੇ
1. ਪੋਸ਼ਣਤੱਤਾਂ ਨਾਲ ਭਰਪੂਰ: ਮੋਰਿੰਗਾ ਦੇ ਪੱਤਿਆਂ ਵਿੱਚ ਵਿਟਾਮਿਨ A, C, ਕੈਲਸ਼ੀਅਮ, ਆਇਰਨ ਅਤੇ ਪੋਟੈਸ਼ੀਅਮ ਮੌਜੂਦ ਹੁੰਦੇ ਹਨ। ਇਹ ਪੌਸ਼ਟਿਕਤਾ ਵਿੱਚ ਦੁੱਧ ਅਤੇ ਕੇਲੇ ਤੋਂ ਵੀ ਅੱਗੇ ਹੈ।
2. ਇਮਿਊਨ ਸਿਸਟਮ ਮਜ਼ਬੂਤ: ਮੋਰਿੰਗਾ ਵਿੱਚ ਐਂਟੀਆਕਸੀਡੈਂਟਸ ਹੁੰਦੇ ਹਨ, ਜੋ ਰੋਗਾਂ ਤੋਂ ਲੜਨ ਦੀ ਸ਼ਮਤਾ ਵਧਾਉਂਦੇ ਹਨ।
3. ਸ਼ੂਗਰ ਅਤੇ ਬੀਪੀ ਕੰਟਰੋਲ: ਇਹ ਖੂਨ ਵਿੱਚ ਗਲੂਕੋਜ਼ ਦੀ ਮਾਤਰਾ ਨੂੰ ਕੰਟਰੋਲ ਕਰਕੇ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦਗਾਰ ਹੈ।
4. ਚਮੜੀ ਅਤੇ ਵਾਲਾਂ: ਮੋਰਿੰਗਾ ਦੇ ਤੇਲ ਅਤੇ ਪੱਤੇ ਚਮੜੀ ਨੂੰ ਨਮੀ ਪਹੁੰਚਾਉਂਦੇ ਹਨ ਅਤੇ ਵਾਲ਼ਾਂ ਨੂੰ ਮਜ਼ਬੂਤ ਕਰਦੇ ਹਨ।
5. ਹੱਡੀਆਂ ਦੀ ਮਜ਼ਬੂਤੀ: ਕੈਲਸ਼ੀਅਮ ਅਤੇ ਫਾਸਫੋਰਸ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਹ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
6. ਪਾਚਨ ਕਿਰਿਆ ਵਿੱਚ ਸੁਧਾਰ: ਸੁਹਾਂਜਣਾ ਦੇ ਪੱਤੇ ਪੇਟ ਦੀ ਸਫਾਈ ਕਰਦੇ ਹਨ ਅਤੇ ਕਬਜ਼ ਤੋਂ ਰਾਹਤ ਦਿੰਦੇ ਹਨ।
7. ਜ਼ਹਿਰੀਲੇ ਤੱਤਾਂ ਤੋਂ ਬਚਾਅ: ਇਸ ਵਿੱਚ ਡੀਟੌਕਸੀਫਾਈ ਕਰਨ ਵਾਲੇ ਗੁਣ ਹੁੰਦੇ ਹਨ ਜੋ ਜਿਗਰ ਅਤੇ ਗੁਰਦਿਆਂ ਨੂੰ ਸਾਫ਼ ਕਰਨ ਵਿੱਚ ਮਦਦ ਕਰਦੇ ਹਨ।
ਮੋਰਿੰਗਾ ਦੇ ਨੁਕਸਾਨ
1. ਗਰਭਵਤੀ ਔਰਤਾਂ: ਮੋਰਿੰਗਾ ਦੇ ਪੱਤੇ ਅਤੇ ਫੁੱਲ ਗਰਭ ਅਵਸਥਾ ਵਿੱਚ ਫਾਇਦੇਮੰਦ ਹੋ ਸਕਦੇ ਹਨ, ਪਰ ਇਸ ਦੀਆਂ ਜੜ੍ਹਾਂ ਅਤੇ ਸੱਕ ਦਾ ਸੇਵਨ ਗਰਭਵਤੀ ਔਰਤਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਇਸ ਪਾਊਡਰ ਵਿੱਚ ਕੁਝ ਅਜਿਹੇ ਤੱਤ ਵੀ ਪਾਏ ਜਾਂਦੇ ਹਨ ਜੋ ਬੱਚੇਦਾਨੀ ਵਿੱਚ ਸੁੰਗੜਨ ਦਾ ਕਾਰਨ ਬਣ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਗਰਭ ਅਵਸਥਾ ਦੌਰਾਨ ਇਸਦਾ ਸੇਵਨ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰੋ।
2. ਦੁੱਧ ਚੁੰਘਾਉਣ ਵਾਲੀਆਂ ਔਰਤਾਂ: ਹਾਲਾਂਕਿ, ਮੋਰਿੰਗਾ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਵਿੱਚ ਦੁੱਧ ਉਤਪਾਦਨ ਵਧਾਉਣ ਲਈ ਜਾਣਿਆ ਜਾਂਦਾ ਹੈ, ਪਰ ਇਸਦਾ ਸੇਵਨ ਕਰਦੇ ਸਮੇਂ ਇਸਦੀ ਮਾਤਰਾ ਵੱਲ ਧਿਆਨ ਦੇਣਾ ਮਹੱਤਵਪੂਰਨ ਹੈ। ਇਸਦਾ ਜ਼ਿਆਦਾ ਸੇਵਨ ਬੱਚੇ ਅਤੇ ਮਾਂ ਦੋਵਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
3. ਘੱਟ ਬਲੱਡ ਪ੍ਰੈਸ਼ਰ ਵਾਲੇ ਮਰੀਜ਼: ਮੋਰਿੰਗਾ ਪਾਊਡਰ ਵਿੱਚ ਪਾਏ ਜਾਣ ਵਾਲੇ ਤੱਤ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਜਿਨ੍ਹਾਂ ਨੂੰ ਪਹਿਲਾਂ ਹੀ ਘੱਟ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਇਸਦਾ ਜ਼ਿਆਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਜਾਂ ਇਸਦਾ ਸੇਵਨ ਡਾਕਟਰ ਦੀ ਸਲਾਹ 'ਤੇ ਹੀ ਕਰਨਾ ਚਾਹੀਦਾ ਹੈ।
4. ਸ਼ੂਗਰ ਦੇ ਮਰੀਜ਼: ਮੋਰਿੰਗਾ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ, ਪਰ ਜੇਕਰ ਤੁਸੀਂ ਪਹਿਲਾਂ ਹੀ ਸ਼ੂਗਰ ਨੂੰ ਕੰਟਰੋਲ ਕਰਨ ਲਈ ਦਵਾਈਆਂ ਲੈ ਰਹੇ ਹੋ ਤਾਂ ਇਸਦਾ ਸੇਵਨ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰੋ।
5. ਪੇਟ ਜਾਂ ਪਾਚਨ ਸੰਬੰਧੀ ਸਮੱਸਿਆਵਾਂ: ਜਿਨ੍ਹਾਂ ਲੋਕਾਂ ਨੂੰ ਪੇਟ ਜਾਂ ਪਾਚਨ ਸੰਬੰਧੀ ਸਮੱਸਿਆਵਾਂ ਹਨ, ਉਨ੍ਹਾਂ ਨੂੰ ਬਹੁਤ ਜ਼ਿਆਦਾ ਮੋਰਿੰਗਾ ਪਾਊਡਰ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਇਹ ਪਾਚਨ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਜਾਂ ਦਸਤ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
Summary in English: What is Moringa and where is it cultivated? Learn here about the cultivation and health benefits of Superfood 'Moringa'