Tips and Tricks: ਅੱਜਕੱਲ ਮਸ਼ੀਨੀ ਯੁੱਗ ਵਿੱਚ ਜਿੱਥੇ ਘਰਾਂ ਵਿਚ ਕਈ ਤਰ੍ਹਾਂ ਦੇ ਸੁੱਖ ਆਰਾਮ ਹਾਸਲ ਹੋਏ ਹਨ ਉੱਥੇ ਨਾਲ ਹੀ ਸੁਆਣੀਆਂ ਦਾ ਸਰੀਰਕ ਅਤੇ ਮਾਨਸਿਕ ਬੋਝ ਵੀ ਵੱਧ ਗਿਆ ਹੈ। ਕਿਉਂਕਿ ਅੱਜਕੱਲ ਉਨ੍ਹਾਂ ਦਾ ਕੰਮ ਘਰ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਪਰਿਵਾਰ ਦੇ ਜੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਨ੍ਹਾਂ ਨੂੰ ਘਰ ਤੋਂ ਬਾਹਰ ਵੀ ਕੰਮ ਕਰਨ ਜਾਣਾ ਪੈਂਦਾ ਹੈ।
ਨਤੀਜੇ ਵਜੋਂ ਸੁਆਣੀਆਂ ਨੂੰ ਕਈ ਤਰ੍ਹਾਂ ਦੀਆ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਕਈ ਵਾਰੀ ਉਹਨਾਂ ਦੀ ਸਿਹਤ ਤੇ ਵੀ ਇਸ ਦਾ ਬੜਾ ਮਾੜਾ ਅਸਰ ਪੈਂਦਾ ਹੈ। ਕੁਝ ਸੁਆਣੀਆਂ ਤਾ ਹਮੇਸ਼ਾ ਹੀ ਆਪਣੇ ਆਪ ਨੂੰ ਬੋਝਲ ਅਤੇ ਖਿੱਜਿਆ ਹੋਇਆ ਮਹਿਸੂਸ ਕਰਦੀਆਂ ਹਨ।
ਅਜਿਹੀ ਥਕਾਨ ਕਾਰਨ ਉਹ ਕਈ ਵਾਰ ਆਪਣੀਆਂ ਜ਼ਰੂਰੀ ਜਿਮੇਵਾਰਿਆਂ ਨਿਭਾਉਣ ਵਿਚ ਹੀ ਅਸਫਲ ਹੋ ਜਾਂਦੀਆ ਹਨ, ਜਿਸ ਕਾਰਨ ਨਾ ਤਾਂ ਉਹ ਆਪ ਖੁਸ਼ ਅਤੇ ਸੰਤੁਸ਼ਟ ਹੁੰਦੀਆਂ ਹਨ ਅਤੇ ਨਾ ਹੀ ਪਰਿਵਾਰ ਦੇ ਦੂਜੇ ਜੀਆਂ ਨੂੰ ਖੁਸ਼ੀ ਦਾ ਮਾਹੌਲ ਦੇ ਸਕਦੀਆ ਹਨ। ਥੋੜੀ ਜਿਹੀ ਸੂਝ ਬੂਝ ਅਤੇ ਹੁਸ਼ਿਆਰੀ ਨਾਲ ਇਸ ਸਮੱਸਿਆ ਦਾ ਸੌਖਾ ਹੱਲ ਕੀਤਾ ਜਾ ਸਕਦਾ ਹੈ। ਸੁਆਣੀਆਂ ਵਿਚ ਆਮਤੌਰ ਤੇ ਥਕਾਨ ਦੋ ਤਰਾਂ ਦੀ ਹੁੰਦੀ ਹੈ: ਸਰੀਰਕ ਥਕਾਨ ਅਤੇ ਮਾਨਸਿਕ ਥਕਾਨ। ਸਰੀਰਕ ਥਕਾਨ ਨਾਲ ਸਰੀਰ ਦਾ ਹਰ ਅੰਗ ਦੁਖਦਾ ਰਹਿੰਦਾ ਹੈ ਅਤੇ ਕੰਮ ਕਰਨ ਨੂੰ ਜੀਅ ਨਹੀ ਕਰਦਾ।
ਇਸ ਦੇ ਕੁਝ ਕਾਰਨ ਇਸ ਤਰ੍ਹਾਂ ਹਨ:
• ਕੰਮ ਕਰਨ ਵਾਲੇ ਸਥਾਨ ਅਤੇ ਲੋੜੀਦੀਆਂ ਚੀਜਾਂ ਦਾ ਸਹੀ ਪ੍ਰਬੰਧ ਨਾ ਹੋਣਾ
• ਸਹੀ ਉਪਕਰਨਾਂ ਦੀ ਘਾਟ ਹੋਣਾ ਜਾ ਕੰਮ ਕਰਨ ਵਾਲੇ ਸਮਾਨ ਦਾ ਸਹੀ ਨਾ ਹੋਣਾ
• ਕੰਮ ਕਰਨ ਦੇ ਗਲਤ ਆਸਨ
• ਕੰਮ ਨੂੰ ਯੋਜਨਾਬੰਦ ਤਰੀਕੇ ਨਾਲ ਨਾ ਕਰਨਾ।
ਕੰਮ ਨੂੰ ਸੁਖਾਲਾ ਕਰਨ ਲਈ ਤੇ ਆਪਣੀ ਸਰੀਰਕ ਥਕਾਨ ਘਟਾਉਣ ਲਈ ਉਪਰ ਲਿਖੇ ਕਾਰਨਾਂ ਬਾਰੇ ਸੁਚੇਤ ਰਹਿਣ ਦੀ ਲੋੜ ਹੈ। ਕੰਮ ਨੂੰ ਸਹੀ ਢੰਗ ਨਾਲ ਅਤੇ ਛੇਤੀ ਨਿਪਟਾਉਣ ਲਈ ਕੰਮ ਕਰਨ ਵਾਲੇ ਸਥਾਨ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਕਿ ਰਸੋਈ ਵਿਚ ਕੰਮ ਕਰਨ ਵੇਲੇ ਸਾਰੀਆਂ ਲੋੜੀਂਦੀਆਂ ਚੀਜ਼ਾਂ ਸੁਆਣੀ ਦੇ ਨੇੜੇ ਉਸ ਦੀ ਪਹੁੰਚ ਵਿਚ ਹੀ ਹੋਣੀਆਂ ਚਾਹੀਦੀਆਂ ਹਨ ਨਹੀ ਤਾਂ ਬਾਰ ਬਾਰ ਇਧਰੋਂ-ਉਧਰੋਂ ਚੀਜ਼ਾਂ ਇਕੱਠੀਆ ਕਰਨ ਨਾਲ ਕੰਮ ਕਰਨ ਤੋਂ ਪਹਿਲਾਂ ਹੀ ਕਾਫੀ ਥਕਾਵਟ ਹੋ ਜਾਂਦੀ ਹੈ। ਇਸੇ ਤਰ੍ਹਾ ਕੰਮ ਕਰਨ ਵਾਲੀ ਜਗ੍ਹਾ ਤੇ ਚੰਗੀ ਰੋਸ਼ਨੀ ਅਤੇ ਹਵਾ ਦਾ ਪ੍ਰਬੰਧ ਹੋਣਾ ਜ਼ਰੂਰੀ ਹੈ। ਰਸੋਈ ਵਿਚ ਧੂੰਏ ਦੇ ਨਿਕਾਸ ਲਈ ਚਿਮਨੀ ਜਾਂ ਐਗਜੋਸਟ ਪੱਖੇ ਦਾ ਲੱਗਿਆ ਹੋਣਾ ਜ਼ਰੂਰੀ ਹੈ।
ਇਸ ਦੇ ਨਾਲ ਹੀ ਕੰਮ ਨੂੰ ਸੋਖਾ ਕਰਨ ਲਈ ਕੰਮ ਲਈ ਲੋੜੀਂਦਾ ਸੰਦ ਅਤੇ ਉਪਕਰਣ ਵੀ ਸਹੀ ਹੋਣੇ ਜ਼ਰੂਰੀ ਹਨ। ਸਹੀ ਉਪਕਰਨਾਂ ਦੀ ਵਰਤੋਂ ਨਾਲ ਸਮਾਂ ਅਤੇ ਸ਼ਕਤੀ ਦੀ ਬੱਚਤ ਹੁੰਦੀ ਹੈ ਜਿਵੇਂ ਕਿ ਖੁੱਲੇ ਪਤੀਲੇ ਵਿਚ ਸਬਜ਼ੀ ਜਾ ਦਾਲ ਬਣਾਉਣ ਨਾਲੋਂ ਪ੍ਰੈਸ਼ਰ ਕੁਕਰ ਦੀ ਵਰਤੋਂ ਨਾਲ ਬਾਲਣ, ਸਮਾਂ ਅਤੇ ਸ਼ਕਤੀ ਬੱਚ ਜਾਂਦੀ ਹਨ। ਇਸ ਤਰ੍ਹਾਂ ਮਸਾਲਾ, ਕੁੰਡੀ ਸੋਟੇ ਵਿਚ ਕੁੱਟਣ ਨਾਲੋਂ ਮਿਕਸੀ ਵਿਚ ਵਧੇਰੇ ਜਲਦੀ ਅਤੇ ਵਧੀਆ ਪੀਸੇ ਜਾਂਦੇ ਹਨ। ਸਬਜ਼ੀ ਕੱਟਣ ਲਈ ਚਾਕੂ ਵੀ ਤੇਜ਼ ਧਾਰ ਵਾਲਾ ਹੋਣਾ ਚਾਹੀਦਾ ਹੈ। ਖੁੰਡੇ ਚਾਕੂ ਛੁਰੀਆਂ ਨਾਲ ਵੀ ਸਬਜ਼ੀਆਂ ਕੱਟਣ ਲਈ ਸਮਾਂ ਜਿਆਦਾ ਲਗਦਾ ਹੈ ਅਤੇ ਹੱਥ ਥੱਕ ਜਾਂਦੇ ਹਨ।
ਇਹ ਵੀ ਪੜੋ: 8 Top Tips For Parents: ਪੜ੍ਹਾਈ ਵਿੱਚ ਬੱਚਿਆਂ ਦਾ ਸਹੀ ਮਾਰਗ ਦਰਸ਼ਨ ਕਰਨ ਲਈ ਮਾਂ-ਬਾਪ ਅਪਨਾਉਣ ਇਹ ਤਰੀਕੇ
ਇਸ ਤੋਂ ਇਲਾਵਾ ਜੇਕਰ ਕੰਮ ਗਲਤ ਤਰੀਕੇ ਨਾਲ ਕੀਤਾ ਜਾਵੇ ਤਾਂ ਵੀ ਥਕਾਨ ਜਿਆਦਾ ਹੁੰਦੀ ਹੈ। ਜਿਵੇਂ ਕਿ ਪੈਰਾ ਭਾਰ ਬੈਠ ਕੇ ਰਸੋਈ ਦਾ ਕੰਮ-ਕਰਨ ਨਾਲ ਖੜੇ ਹੋਕੇ ਕੰਮ ਕਰਨ ਨਾਲੋਂ ਜਿਆਦਾ ਥਕਾਨ ਹੁੰਦੀ ਹੈ। ਉਂਝ ਵੀ ਬੈਠ ਕੇ ਜਿਆਦਾ ਕੰਮ ਕਰਨ ਨਾਲ ਪਿੱਠ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਲੱਤਾਂ ਅਤੇ ਪੈਰਾਂ ਵਿਚ ਖੂਨ ਦਾ ਦੌਰਾ ਸਹੀ ਨਾ ਹੋਣ ਕਾਰਨ ਪੈਰ ਸੌਂ ਜਾਂਦੇ ਹਨ। ਪਰ ਖੜਵੀਂ ਰਸੋਈ ਦੀਆਂ ਸ਼ੈਲਫਾਂ ਦੀ ਉਚਾਈ ਸੁਆਣੀ ਦੇ ਕੱਦ ਅਨੁਸਾਰ ਹੀ ਹੋਣੀ ਚਾਹੀਦੀ ਹੈ। ਜ਼ਿਆਦਾ ਉੱਚੀਆਂ ਸੈਲ਼ਫਾਂ ਤੇ ਉੱਚੇ ਹੋ ਕੇ ਕੰਮ ਕਰਨਾ ਪੈਂਦਾ ਹੈ ਅਤੇ ਨੀਵੀਂ ਸ਼ੈਲਫਾਂ ਤੇ ਕੰਮ ਕਰਦੇ ਸਮੇਂ ਝੁੱਕਣਾ ਪੈਂਦਾ ਹੈ ਜਿਸ ਨਾਲ ਪਿੱਠ ਉਪਰ ਜ਼ੋਰ ਪੈਦਾ ਹੈ ਅਤੇ ਕਮਰ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਲਈ ਰਸੋਈ ਵਿਚ ਕੰਮ ਕਰਨ ਵਾਲੀ ਸ਼ੈਲਫ ਦੀ ਉਚਾਈ ਸੁਆਣੀ ਦੀ ਕੁਹਣੀ ਦੀ ਉਚਾਈ ਤੋਂ 3-5 ਇੰਚ ਤੱਕ ਨੀਵੀਂ ਹੋਣੀ ਚਾਹੀਦੀ ਹੈ।
ਘਰ ਦੇ ਹੋਰ ਕੰਮ ਜਿਵੇਂ ਕਿ ਫਰਸ਼ ਦੀ ਸਫਾਈ, ਪੈਰਾਂ ਭਾਰ ਬੈਠ ਕੇ ਝਾੜੂ ਲਗਾਉਣ ਨਾਲ ਵੀ ਜਿਆਦਾ ਥਕਾਵਟ ਹੁੰਦੀ ਹੈ। ਇਸ ਤੋਂ ਬਚਣ ਲਈ ਲੰਬੇ ਹੈਂਡਲ ਵਾਲੀ ਝਾੜੂ ਦੀ ਵਰਤੋਂ ਠੀਕ ਰਹਿੰਦੀ ਹੈ। ਕਪੜੇ ਸੁਕਣੇ ਪਾਉਂਦੇ ਸਮੇਂ ਵੀ ਕਪੜਿਆਂ ਵਾਲੀ ਬਾਲਟੀ ਕਿਸੇ ਸਟੂਲ ਜਾਂ ਮੂੜੇ ਤੇ ਰੱਖ ਲੈਣ ਨਾਲ ਜ਼ਿਆਦਾ ਝੁਕਣ ਦੀ ਲੋੜ ਨਹੀ ਪੈਂਦੀ ਅਤੇ ਥਕਾਨ ਨਹੀ ਹੁੰਦੀ।
ਸਰੀਰਕ ਥਕਾਨ ਦੇ ਨਾਲ ਨਾਲ ਸੁਆਣੀ ਨੂੰ ਮਾਨਸਿਕ ਥਕਾਨ ਵੀ ਹੋ ਜਾਂਦੀ ਹੈ ਜਿਹੜੀ ਕਿ ਸਰੀਰਕ ਥਕਾਨ ਨਾਲੋਂ ਮਾੜੀ ਸਾਬਤ ਹੁੰਦੀ ਹੈ। ਮਾਨਸਿਕ ਥਕਾਨ ਦੇ ਮੁੱਖ ਕਾਰਨ ਜਿਵੇਂ ਕਿ ਮਿੱਥੇ ਸਮੇਂ ਵਿਚ ਕੰਮ ਪੂਰਾ ਨਾ ਹੋਣਾ, ਬੋਰ ਹੋਣਾ, ਕੰਮ ਵਿਚ ਟੋਕਾਟਾਕੀ ਅਤੇ ਪਰਿਵਾਰ ਦੇ ਜੀਆਂ ਦਾ ਸਹਿਯੋਗ ਅਤੇ ਸ਼ਲਾਘਾ ਨਾ ਮਿਲਣਾ। ਮਾਨਸਿਕ ਥਕਾਨ ਨੂੰ ਘਟਾਉਣ ਲਈ ਕੰਮ ਕਰਨ ਤੋਂ ਪਹਿਲਾਂ ਕੰਮ ਦੀ ਯੋਜਨਾ ਬਣਾ ਲੈਣੀ ਠੀਕ ਰਹਿੰਦੀ ਹੈ। ਯੋਜਨਾ ਬਣਾਉਂਦੇ ਸਮੇਂ ਜ਼ਰੂਰੀ ਕੰਮਾਂ ਨੂੰ ਪਹਿਲ ਦਿਉ ਅਤੇ ਕੋਈ ਵੀ ਕੰਮ ਇੱਕਠਾ ਨਾ ਹੋਣ ਦਿਉ। ਬੋਰੀਅਤ ਖਤਮ ਕਰਨ ਲਈ ਕੰਮ ਦੀ ਤਰਤੀਬ ਵਿਚ ਬਦਲਾਵ ਲਆਉ। ਇਕੋ ਕੰਮ ਨੂੰ ਹੀ ਲੱਗੇ ਰਹਿਣ ਨਾਲ ਚਿੜਚਿੜਾਪਨ ਵੀ ਪੈਦਾ ਹੋ ਜਾਂਦਾ ਹੈ ਅਤੇ ਕੰਮ ਵੀ ਤਸਲੀ ਬਖਸ਼ ਨਹੀਂ ਹੁੰਦਾ।
ਇਸ ਦੇ ਨਾਲ ਹੀ ਪਰਿਵਾਰ ਦੇ ਜੀਆਂ ਨੂੰ ਵੀ ਉਹਨਾਂ ਦੀ ਰੁਚੀ ਅਨੁਸਾਰ ਆਪਣੇ ਕੰਮ ਵੰਡ ਦਿਉ ਅਤੇ ਉਨ੍ਹਾਂ ਦੁਆਰਾ ਕੀਤੇ ਕੰਮਾਂ ਦੀ ਸ਼ਲਾਘਾ ਕਰੋ। ਇਸ ਤੋਂ ਇਲਾਵਾ ਬੱਚਿਆਂ ਅਤੇ ਵੱਡਿਆ ਨੂੰ ਇਹ ਵੀ ਦਸੋ ਕਿ ਕੋਈ ਕਮੀ ਰਹਿ ਜਾਣ ਨਾਲ ਵਾਧੂ ਟੋਕਾ ਟਾਕੀ ਨਾ ਕੀਤੀ ਜਾਵੇ ਅਤੇ ਗਲਤੀਆਂ ਤੇ ਬਾਰ ਬਾਰ ਨਾ ਚਿੜਿਕਿਆ ਜਾਵੇ ਕਿਉਂ ਕਿ ਅਜਿਹਾ ਕਰਨ ਨਾਲ ਕੰਮ ਕਰਨ ਵਾਲੇ ਦੇ ਦਿਮਾਗ ਉਤੇ ਤਨਾਅ ਰਹਿੰਦਾ ਹੈ।
ਉਪਰੋਕਤ ਲਿਖੇ ਨੁਕਤਿਆਂ ਤੋਂ ਇਲਾਵਾ ਸੰਗੀਤ ਵੀ ਮਾਨਸਿਕ ਥਕਾਨ ਨੂੰ ਕਾਫੀ ਹੱਦ ਤੱਕ ਘਟਾਉਣ ਵਿਚ ਸਹਾਈ ਹੁੰਦਾ ਹੈ। ਇਸ ਲਈ ਬੋਰੀਅਤ ਵਾਲੇ ਅਤੇ ਲੰਮੇ ਸਮੇਂ ਦੇ ਕੰਮ ਕਰਨ ਵੇਲੇ ਹਲਕਾ ਜਿਹਾ ਸੰਗੀਤ ਲਗਾਉਣ ਨਾਲ ਵੀ ਕੰਮ ਵਿਚ ਦਿਲਚਸਪੀ ਪੈਦਾ ਹੋ ਜਾਂਦੀ ਹੈ ਅਤੇ ਬਿਨਾਂ ਥਕਾਨ ਕੰਮ ਜਲਦੀ ਨਿਪਟਾਇਆ ਜਾ ਸਕਦਾ ਹੈ।
ਸਰੋਤ: ਸ਼ਰਨਬੀਰ ਕੌਰ ਬਲ ਅਤੇ ਦੀਪਿਕਾ ਬਿਸ਼ਟ, ਸ਼੍ਰੋਤ ਪ੍ਰਬੰਧ ਅਤੇ ਖਪਤਕਾਰ ਵਿਗਿਆਨ ਵਿਭਾਗ, ਕਮਿਊਨਿਟੀ ਸਾਇੰਸ ਕਾਲਜ, ਪੀ.ਏ.ਯੂ., ਲੁਧਿਆਣਾ
Summary in English: Work Management Tips: Some important tips for housewives to make household chores easier