1. Home
  2. ਬਾਗਵਾਨੀ

Horticultural Advisory: ਕਿਸਾਨ ਵੀਰੋਂ ਅਕਤੂਬਰ ਮਹੀਨੇ ਵਿੱਚ ਇਸ ਤਰ੍ਹਾਂ ਕਰੋ ਬਾਗਬਾਨੀ ਫਸਲਾਂ ਦੀ ਦੇਖਭਾਲ

ਅਕਤੂਬਰ ਮਹੀਨੇ ਮੌਸਮ ਵਿੱਚ ਤਬਦੀਲੀ ਆਉਣ ਨਾਲ ਹੀ ਬਾਗਬਾਨੀ ਫਸਲਾਂ ਨੂੰ ਗਰਮੀ ਅਤੇ ਬਾਰਸ਼ਾਂ ਤੋਂ ਕਾਫੀ ਰਾਹਤ ਮਿਲ ਜਾਂਦੀ ਹੈ ਅਤੇ ਇਸ ਮੌਸਮ ਦੌਰਾਨ ਕੀੜੇ-ਮਕੌੜਿਆਂ ਦਾ ਹਮਲਾ ਵੀ ਕਾਫੀ ਘੱਟ ਜਾਂਦਾ ਹੈ। ਨਿੰਬੂ ਜਾਤੀ ਫਲਾਂ, ਅਮਰੂਦ, ਲੁਕਾਠ ਅਤੇ ਬੇਰ ਦਾ ਵਾਧਾ ਜਾਰੀ ਰਹਿੰਦਾ ਹੈ।

Gurpreet Kaur Virk
Gurpreet Kaur Virk
ਇਸ ਤਰ੍ਹਾਂ ਕਰੋ ਬਾਗਬਾਨੀ ਫਸਲਾਂ ਦੀ ਦੇਖਭਾਲ

ਇਸ ਤਰ੍ਹਾਂ ਕਰੋ ਬਾਗਬਾਨੀ ਫਸਲਾਂ ਦੀ ਦੇਖਭਾਲ

Horticultural Activities for the Month of October: ਕਿਸਾਨਾਂ ਨੂੰ ਚੰਗੀ ਫ਼ਸਲ ਪੈਦਾ ਕਰਨ ਲਈ ਖੇਤੀ ਵੱਲ ਬਹੁਤ ਧਿਆਨ ਦੇਣਾ ਪੈਂਦਾ ਹੈ। ਕਿਸਾਨਾਂ ਨੂੰ ਹਰ ਮਹੀਨੇ ਆਪਣੀਆਂ ਫ਼ਸਲਾਂ ਨਾਲ ਸਬੰਧਤ ਕਈ ਕੰਮ ਕਰਨੇ ਪੈਂਦੇ ਹਨ, ਜਿਸ ਵਿੱਚ ਇਹ ਜਾਣਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕਿਹੜੀ ਫ਼ਸਲ ਦੀ ਬਿਜਾਈ ਕਦੋਂ ਕਰਨੀ ਹੈ ਅਤੇ ਸੀਜ਼ਨ ਦੇ ਹਿਸਾਬ ਨਾਲ ਇਸ ਦੀ ਸੰਭਾਲ ਕਰਨੀ ਹੈ। ਜੇਕਰ ਬਿਜਾਈ ਸਮੇਂ ਸਿਰ ਨਾ ਕੀਤੀ ਜਾਵੇ ਤਾਂ ਨਾ ਸਿਰਫ਼ ਉਤਪਾਦਨ ਘਟਦਾ ਹੈ ਸਗੋਂ ਅਗਲੀ ਫ਼ਸਲ ਦੀ ਕਟਾਈ ਵਿੱਚ ਵੀ ਦੇਰੀ ਹੁੰਦੀ ਹੈ।

ਇਸ ਤੋਂ ਇਲਾਵਾ ਕਿਸਾਨ ਨੂੰ ਫਸਲ ਦੀ ਪੈਦਾਵਾਰ ਦੇ ਵਿਚਕਾਰ ਬਿਜਾਈ ਤੋਂ ਲੈ ਕੇ ਵਾਢੀ ਤੱਕ ਕਈ ਕੰਮ ਕਰਨੇ ਪੈਂਦੇ ਹਨ। ਅੱਜ ਅਸੀਂ ਤੁਹਾਨੂੰ ਅਕਤੂਬਰ ਮਹੀਨੇ ਵਿੱਚ ਕੀਤੇ ਜਾਣ ਵਾਲੇ ਇਨ੍ਹਾਂ ਕੰਮਾਂ ਬਾਰੇ ਜਾਣਕਾਰੀ ਦੇ ਰਹੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਸਾਡੇ ਕਿਸਾਨ ਭਰਾਵਾਂ ਲਈ ਲਾਭਦਾਇਕ ਸਾਬਤ ਹੋਵੇਗੀ। ਤਾਂ ਆਓ ਜਾਣਦੇ ਹਾਂ ਅਕਤੂਬਰ ਵਿੱਚ ਬਾਗਬਾਨੀ ਫਸਲਾਂ ਦੇ ਸਬੰਧ ਵਿੱਚ ਕੀਤੇ ਜਾਣ ਵਾਲੇ ਖੇਤੀ ਕੰਮਾਂ ਬਾਰੇ।

ਫਲਦਾਰ ਬੂਟੇ

ਨਵੇਂ ਲਗਾਏ ਫਲਦਾਰ ਬੂਟਿਆਂ ਦੀ ਸਾਂਭ-ਸੰਭਾਲ ਵੱਲ ਵੀ ਧਿਆਨ ਜਾਰੀ ਰੱਖੋ ਅਤੇ ਪਿਉਂਦ ਤੋਂ ਹੇਠਾਂ ਫੁੱਟ ਰਹੀਆਂ ਸ਼ਾਖਾਵਾਂ ਨੂੰ ਮੁੱਢ ਤੋਂ ਕੱਟਦੇ ਰਹੋ। ਨਵੇਂ ਫਲਦਾਰ ਬੂਟੇ ਜੇਕਰ ਅਜੇ ਵੀ ਨਹੀ ਲਗਾਏ ਤਾਂ ਠੰਡ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਲਗਾ ਦਿਉ। ਨਵੇਂ ਲਗਾਏ ਬੂਟਿਆਂ ਵਿੱਚ ਖਾਲੀ ਥਾਂ ਤੇ ਹਾੜੀ ਦੀਆਂ ਫਸਲਾਂ ਵਿੱਚੋਂ ਕਣਕ, ਮਟਰ ਅਤੇ ਛੋਲੇ ਆਦਿ ਦੀ ਬਿਜਾਈ ਕਰ ਦਿਉ ਪਰ ਫਲਦਾਰ ਬੂਟਿਆਂ ਦੇ ਪਾਣੀ ਦਾ ਪ੍ਰਬੰਧ ਵੱਖਰਾ ਹੀ ਰੱਖੋ। ਪਪੀਤੇ ਦੇ ਬੂਟੇ ਇਸ ਮਹੀਨੇ ਦੇ ਅੱਧ ਤੱਕ ਲਗਾ ਦਿਉ। ਅੰਬ ਦੇ ਬੂਟਿਆਂ ਵਿੱਚ ਕੋਹੜ ਵਾਲੇ ਗੁੱਛੇ ਕੱਟ ਕੇ ਸਾੜ ਦਿਉ ਜਾਂ ਦੱਬ ਦਿਉ ਅਤੇ ਸਿਰਫ ਇਸੇ ਮਹੀਨੇ ਵਿੱਚ ਹੀ ਬਿਮਾਰੀ ਦੀ ਰੋਕਥਾਮ ਲਈ 3 ਗ੍ਰਾਮ ਐਨ.ਏ.ਏ. ਨੂੰ 3 ਮਿ.ਲਿ. ਅਲਕੋਹਲ ਵਿੱਚ ਘੋਲ ਕੇ 15 ਲਿਟਰ ਪਾਣੀ (ਇੱੱਕ ਸਪਰੇ ਪੰਪ) ਵਿੱਚ ਪਾ ਕੇ ਸਪਰੇ ਕਰੋ। ਨਿੰਬੂ ਜਾਤੀ ਫਲਾਂ ਦੇ ਕੋਹੜ ਰੋਗ ਤੋਂ ਰੋਕਥਾਮ ਲਈ 0.1 ਗ੍ਰਾਮ ਸਟਰੈਪਟੋਸਾਈਕਲੀਨ ਅਤੇ 0.05 ਗ੍ਰਾਮ ਕਾਪਰ ਸਲਫੇਟ ਜਾਂ 30 ਗ੍ਰਾਮ ਕਾਪਰ ਔਕਸੀਕਲੋਰਾਈਡ, ਸੁਰੰਗੀ ਕੀੜੇ ਦੀ ਰੋਕਥਾਮ ਲਈ 0.4 ਮਿ.ਲਿ. ਅਮੀਡਾਕਲੋਰਪਰਿਡ 17.8 ਐਸ.ਐਲ ਨੂੰ ਇੱਕ ਲਿਟਰ ਪਾਣੀ ਵਿੱਚ ਪਾ ਕੇ ਸਪਰੇ ਕਰੋ।

ਸਬਜ਼ੀਆਂ

ਸਰਦ ਰੁੱਤ ਦੀਆਂ ਸਬਜੀਆਂ ਦੀ ਘਰੇਲੂ ਬਗੀਚੀ ਵਿੱਚ ਲਗਾਉਣ ਲਈ ਬਾਗਬਾਨੀ ਵਿਭਾਗ ਜਾਂ ਪੀ.ਏ.ਯੂ. ਲੁਧਿਆਣਾ ਤੋਂ ਸਬਜ਼ੀ ਬੀਜਾਂ ਦੀ ਕਿੱਟ ਲਿਆ ਕੇ ਬਿਜਾਈ ਕਰ ਦਿਉ। ਆਲੁ ਦੀ ਬਿਜਾਈ ਲਈ ਢੁਕਵਾਂ ਸਮਾਂ ਹੈ। ਇਸ ਲਈ ਬੀਜ ਸਟੋਰ ਵਿੱਚੋ ਕੱਢ ਕੇ ਹਵਾਦਾਰ ਕਮਰੇ ਵਿੱਚ ਪਤਲੀ ਤਹਿ ਵਿੱਚ ਵਿਛਾ ਦਿਉ ਅਤੇ ਦਿਨ ਵਿੱਚ ਇੱਕ ਵਾਰ ਹਿਲਾਉ। ਬੀਜ ਨੂੰ ਰੋਗ ਰਹਿਤ ਕਰਨ ਲਈ 2.5 ਮਿ.ਲਿ. ਮੋਨਸਰਨ ਦਵਾਈ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ 10 ਮਿੰਟ ਲਈ ਭਿਉ ਕੇ ਸੋਧ ਲਵੋ। ਬਿਜਾਈ ਸਮੇਂ 125 ਕੁਇੰਟਲ ਦੇਸੀ ਰੂੜੀ ਖਾਦ, 500 ਗ੍ਰਾਮ ਯੂਰੀਆ, 970 ਗ੍ਰਾਮ ਸਿੰਗਲ ਸੁਪਰਫਾਸਫੇਟ ਅਤੇ 250 ਗ੍ਰਾਮ ਮਿਊਰੇਟ ਆਫ ਪੋਟਾਸ਼ ਖਾਦ ਪ੍ਰਤੀ ਮਰਲਾ ਪਾ ਦਿਉ ਅਤੇ ਫਿਰ ਵੱਟਾਂ ਤੇ ਆਲੂ ਲਗਾ ਦਿਉ।

ਨਦੀਨਾਂ ਦੀ ਰੋਕਥਾਮ ਲਈ 6.25 ਮਿ.ਲਿ. ਸਟੌਂਪ 30 ਈ.ਸੀ. ਜਾਂ 1.25 ਗ੍ਰਾਮ ਸੈਨਕੋਰ 70 ਤਾਕਤ ਨਦੀਨ ਉੱਗਣ ਤੋਂ ਪਹਿਲਾਂ ਜਾਂ 3-4.5 ਮਿ.ਲਿ. ਗਰਾਮੈਕਸੋਨ ਜਦੋਂ ਫਸਲ 5-10% ਉੱਗ ਆਵੇ ਤਾਂ ਪ੍ਰਤੀ ਮਰਲਾ ਛਿੜਕਾਅ ਕਰੋ। ਮੂਲੀ ਦੀਆਂ ਕਿਸਮਾਂ ਪੰਜਾਬ ਸਫੈਦ ਮੂਲੀ-2, ਪੰਜਾਬ ਪਸੰਦ, ਸ਼ਲਗਮ ਲਈ ਐਲ-1 ਅਤੇ ਗਾਜਰ ਦੀ ਪੰਜਾਬ ਬਲੈਕ ਬਿਊਟੀ, ਪੰਜਾਬ ਕੈਰਟ ਰੈੱਡ ਤੇ ਪੀ ਸੀ 34 ਦੀ ਬਿਜਾਈ ਖਤਮ ਕਰ ਦਿਉ ਅਤੇ ਬੀਜਣ ਤੋਂ ਪਹਿਲਾਂ 100 ਕਿੱਲੋ ਦੇਸੀ ਰੂੜੀ, 350 ਗ੍ਰਾਮ ਯੂਰੀਆ, 470 ਗ੍ਰਾਮ ਸਿੰਗਲ ਸੁਪਰਫਾਸਫੇਟ ਖਾਦ ਪ੍ਰਤੀ ਮਰਲਾ ਪਾ ਦਿਉ। ਗਾਜਰ ਲਈ 312 ਗ੍ਰਾਮ ਮਿਊਰੇਟ ਆਫ ਪੋਟਾਸ਼ ਖਾਦ ਪਾੳ। ਬੂਟਿਆਂ ਨੂੰ ਲੋੜ ਅਨੁਸਾਰ ਪਾਣੀ ਲਗਾਉ ਅਤੇ ਬਿਜਾਈ ਤੋਂ 15 ਦਿਨ ਬਾਅਦ ਬੂਟੇ ਵਿਰਲੇ ਕਰ ਦਿਉ ਤਾਂ ਜੋ ਇੰਨ੍ਹਾਂ ਦਾ ਵਾਧਾ ਇਕਸਾਰ ਹੋਵੇ।

ਇਹ ਵੀ ਪੜ੍ਹੋ: Beekeeping ਵਿੱਚ ਕਿਸਾਨਾਂ ਦਾ ਸੁਨਹਿਰਾ ਭਵਿੱਖ, ਜਾਣੋ 1 ਲੱਖ ਰੁਪਏ ਦੀ ਲਾਗਤ ਤੋਂ 3 ਲੱਖ ਰੁਪਏ ਦੀ ਕਮਾਈ ਦਾ ਪੂਰਾ ਗਣਿਤ

ਮਟਰ ਲਈ ਅਗੇਤਾ-6, ਅਗੇਤਾ-7 ਜਾਂ ਅਰਕਲ ਦੀ ਬਿਜਾਈ ਸ਼ੁਰੂ ਕਰਨ ਤੋਂ ਪਹਿਲਾ 15 ਗ੍ਰਾਮ ਬੀਜ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ ਨਾਲ ਸੋਧ ਕੇ ਲਗਾਉਣ ਸਮੇਂ 280 ਗ੍ਰਾਮ ਯੂਰੀਆ, 970 ਗ੍ਰਾਮ ਸਿੰਗਲ ਸੁਪਰਫਾਸਫੇਟ ਖਾਦ ਪ੍ਰਤੀ ਮਰਲਾ ਪਾ ਦਿਉ। ਅੱਧ ਅਕਤੂਬਰ ਤੋਂ ਪੰਜਾਬ-89 ਅਤੇ ਮਿੱਠੀ ਫਲੀ ਦੀ ਬਿਜਾਈ 30 X 10 ਸੈ.ਮੀ. ਦੇ ਫਾਸਲੇ ਤੇ ਕਰੋ। ਪੱਤੇਦਾਰ ਸਬਜੀਆਂ ਵਿੱਚ ਪਾਲਕ, ਮੇਥੀ, ਸਲਾਦ ਦੀ ਬਿਜਾਈ ਵੀ ਕਰ ਦਿਉ। 

ਪਿਆਜ਼ ਦੀ ਪੰਜਾਬ ਨਰੋਆ, ਪੀ ਆਰ ੳ-6 ਅਤੇ ਪੰਜਾਬ ਵਾਈਟ ਕਿਸਮਾਂ ਦੀ ਪਨੀਰੀ ਲਈ ਬੀਜ ਦੀ ਬਿਜਾਈ 15-20 ਸੈ.ਮੀ. ਉੱਚੇ ਬੈੱਡ ਤੇ 25-30 ਗ੍ਰਾਮ ਬੀਜ ਪ੍ਰਤੀ ਮਰਲਾ ਦੇ ਹਿਸਾਬ ਕਰ ਦਿਉ। ਟਮਾਟਰ ਦੀ ਪਨੀਰੀ ਤਿਆਰ ਕਰਨ ਲਈ ਮੰਡੀ ਦੇ ਹਿਸਾਬ ਨਾਲ ਕਿਸਮਾਂ ਦੀ ਚੋਣ ਕਰਕੇ ਵਿਉਤਬੰਦੀ ਕਰੋ। ਨਰਸਰੀ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ 3 ਗ੍ਰਾਮ ਕੈਪਟਾਨ ਦਵਾਈ ਨਾਲ ਜਰੂਰ ਸੋਧ ਲਵੋ। ਘਰੇਲੂ ਬਗੀਚੀ ਵਿਚ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਰਦੀ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਜਰੂਰ ਕਰੋ।  

ਫੁੱਲ ਤੇ ਸਜਾਵਟੀ ਬੂਟੇ

ਸਰਦ ਰੁੱਤ ਦੇ ਮੋਸਮੀ ਫੁੱਲਾਂ ਦੀ ਤਿਆਰ ਕੀਤੀ ਪਨੀਰੀ ਨੂੰ ਗਮਲਿਆਂ ਜਾਂ ਕਿਆਰੀਆਂ ਵਿੱਚ ਲਗਾ ਦਿਉ। ਗੁਲਾਬ ਦੇ ਬੂਟਿਆਂ ਦੀ ਕਾਂਟ-ਛਾਂਟ ਕਰ ਦਿਉ ਅਤੇ ਕੱਟੇ ਹੋਏ ਸਿਰਿਆਂ ਤੇ ਕਾਪਰ ਆਕਸੀਕਲੋਰਾਈਡ ਦਾ ਪੇਸਟ ਲਗਾ ਦਿਉ।ਗੁਲਦਾਉਦੀ ਦੇ ਬੂਟਿਆਂ ਨੂੰ ਕਾਨਿਆਂ ਦਾ ਸਹਾਰਾ ਦਿਉ ਅਤੇ ਰਸ ਚੂਸਣ ਵਾਲੇ ਕੀੜਿਆਂ ਤੋਂ ਰੋਕਥਾਮ ਲਈ 2 ਮਿ.ਲਿ. ਰੋਗਰ ਦਵਾਈ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਸਪਰੇ ਕਰੋ। ਗੰਢੇਦਾਰ ਬੂਟਿਆਂ ਜਿਵੇਂ ਗਲੈਡੀਉਲਸ, ਡੇਲੀਆ, ਨਰਗਿਸ ਆਦਿ ਦੀ ਬਿਜਾਈ ਹੁਣ ਵੀ ਕੀਤੀ ਜਾ ਸਕਦੀ ਹੈ ਅਤੇ ਰਜਨੀਗੰਧਾ, ਫੁੱਟਬਾਲ ਲਿੱਲੀ ਨੂੰ ਪਾਣੀ ਦੇਣਾ ਬੰਦ ਕਰ ਦਿਉ ਅਤੇ ਜਦੋਂ ਬੂਟਿਆਂ ਦੇ ਪੱਤੇ ਪੀਲੇ ਹੋ ਜਾਣ ਤਾਂ ਇੰਨ੍ਹਾਂ ਦੇ ਗੰਢੇ ਪੁੱਟ ਕੇ 2 ਗ੍ਰਾਮ ਬਾਵਿਸਟਨ ਦਵਾਈ ਪ੍ਰਤੀ ਲਿਟਰ ਪਾਣੀ ਦੇ ਹਿਸਾਬ 1 ਘੰਟਾ ਸੋਧਣ ਤੋਂ ਬਾਅਦ ਕੋਲਡ ਸਟੋਰੇਜ ਵਿੱਚ ਤੱਕ ਦਿਉ।

ਇਹ ਵੀ ਪੜ੍ਹੋ : Fish-cum-Duck Farming System: ਮੱਛੀ ਦੇ ਨਾਲ-ਨਾਲ ਬੱਤਖ ਪਾਲਣ ਕਰਨ ਨਾਲ ਕਿਸਾਨਾਂ ਨੂੰ Double Profit, ਖਰਚਾ 60 ਫੀਸਦੀ ਘੱਟ, ਆਮਦਨ ਉਮੀਦ ਤੋਂ ਵੱਧ

ਖੁੰਬਾਂ ਦੀ ਕਾਸ਼ਤ

ਬਟਨ ਖੁੰਬ ਉਗਾਉਣ ਵਾਲੇ ਕਮਰੇ ਜਾਂ ਸ਼ੈੱਡ ਵਿੱਚ ਬਿਜਾਈ ਕਰਨ ਤੋਂ ਇੱਕ ਹਫਤਾ ਪਹਿਲਾਂ ਕਿਟਾਣੂੰ ਰਹਿਤ ਕਰਨ ਲਈ 4-5 ਮਿ.ਲਿ. ਫਾਰਮਾਲੀਨ ਦੇ ਘੋਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਸਪਰੇ ਕਰੋ। ਤਿਆਰ ਕੀਤੀ ਕੰਪੋਸਟ ਵਿੱਚ ਖੁੰਬ ਦੀ ਬਿਜਾਈ ਦੂਜੇ ਹਫਤੇ ਦੌਰਾਨ ਕਰੋ ਅਤੇ ਸ਼ੈਲਫਾਂ ਤੇ ਲੱਕੜ ਦੀਆਂ ਪੇਟੀਆਂ ਵਿੱਚ ਕੀਤੀ ਬਿਜਾਈ ਨੂੰ ਅਖਬਾਰ ਨਾਲ ਢੱਕੋ ਅਤੇ ਹਰ ਰੋਜ਼ ਇਸ ਉੱਪਰ ਪਾਣੀ ਦਾ ਸਪਰੇ ਕਰੋ। ਜੇਕਰ ਬਿਜਾਈ ਪਲਾਸਟਿਕ ਦੇ ਲਿਫਾਫਿਆਂ ਵਿੱਚ ਕੀਤੀ ਹੈ ਤਾਂ ਪਾਣੀ ਦੇ ਸਪਰੇ ਦੀ ਜਰੂਰਤ ਨਹੀ ਹੈ। ਬੀਜ ਦੇ ਰੇਸ਼ੇ ਫੈਲਣ ਤੱਕ ਕਮਰਾ ਬੰਦ ਹੀ ਰੱਖੋ ਅਤੇ ਬਾਅਦ ਵਿੱਚ ਤਾਪਮਾਨ ਅਨੁਸਾਰ ਤਾਜ਼ੀ ਹਵਾ ਦੇਣ ਲਈ ਕੁਝ ਸਮੇਂ ਲਈ ਦਰਵਾਜ਼ਾ ਜਾਂ ਬਾਰੀਆਂ ਨੂੰ ਖੋਲ ਦਿਉ। ਬਿਜਾਈ ਤੋਂ ਦੋ ਹਫਤੇ ਬਾਅਦ ਕੇਸਿੰਗ ਕਰਨ ਲਈ ਵਰਤੀ ਜਾਣ ਵਾਲੀ ਖਾਦ ਦੀ ਤਿਆਰੀ ਵੀ ਸ਼ੁਰੂ ਕਰ ਦਿਉ ਅਤੇ ਉਸ ਨੂੰ ਵੀ 4-5 ਮਿ.ਲਿ. ਫਾਰਮਾਲੀਨ ਦੇ ਘੋਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਸਪਰੇ ਕਰਕੇ ਕੀਟਾਣੂ ਰਹਿਤ ਕਰੋ। ਗਰਮੀ ਰੁੱੱਤ ਦੀ ਖੁੰਬ ਲਈ ਤਾਜ਼ੀ ਪਰਾਲੀ ਇਕੱਠੀ ਕਰਕੇ ਡੇਢ ਕਿੱਲੋ ਦੇ ਪੂਲੇ ਬੰਨ ਕੇ ਕਿਸੇ ਸ਼ੈੱਡ ਹੇਠ ਰੱਖ ਦਿਉ। ਖੁੰਬਾਂ ਦੀ ਕਿਸਮ ਢੀਂਗਰੀ ਦੀ ਬਿਜਾਈ ਇਸ ਮਹੀਨੇ ਕੀਤੀ ਜਾ ਸਕਦੀ, ਇਸਦਾ ਬੀਜ ਅਤੇ ਹੋਰ ਜਾਣਕਾਰੀ ਲੈਣ ਲਈ ਆਪਣੇ ਇਲਾਕੇ ਦੇ ਬਾਗਬਾਨੀ ਵਿਕਾਸ ਅਫਸਰ ਨਾਲ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਟੀ ਦੇ ਮਾਹਿਰ ਨਾਲ ਸੰਪਰਕ ਕਰੋ। 

ਸ਼ਹਿਦ ਮੱਖੀਆਂ

ਸ਼ਹਿਦ ਮੱਖੀਆਂ ਦੇ ਬਕਸਿਆਂ ਤੋਂ ਵਧੇਰੇ ਸ਼ਹਿਦ ਲੈਣ ਲਈ ਬੇਰੀਆਂ ਅਤੇ ਤੋਰੀਏ ਦੀ ਫਸਲ ਦੇ ਨਜਦੀਕ ਰੱਖਿਆ ਜਾਵੇ ਅਤੇ ਜੇਕਰ ਸੰਭਵ ਹੋਵੇ ਬਕਸਿਆਂ ਨੂੰ ਇੰਨ੍ਹਾਂ ਫਸਲਾਂ ਵਾਲੇ ਇਲਾਕਿਆਂ ਵਿੱਚ ਸ਼ਿਫਟ ਕੀਤਾ ਜਾਵੇ। ਫੁੱਲ-ਫਲਾਕੇ ਵਾਲੇ ਏਰੀਏ ਵਿੱਚ ਮੱਖੀਆਂ ਦੇ ਵਾਧੇ ਲਈ ਇਹ ਬਹੁਤ ਹੀ ਢੁਕਵਾਂ ਸਮਾਂ ਹੈ, ਸੋ ਬਕਸਿਆਂ ਦੇ ਵਾਧੇ ਲਈ, ਪੁਰਾਣੀਆਂ ਰਾਣੀ ਮੱਖੀਆਂ ਬਦਲਣ ਲਈ ਨਵੀਆਂ ਰਾਣੀ ਮੱਖੀਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਚਿਚੜੀ ਦੇ ਹਮਲੇ ਦੀ ਸੂਰਤ ਵਿੱਚ ਅੰਦਰਲੇ ਢੱਕਣ ਹੇਠਾਂ ਡੰਡਿਆਂ ਉੱਤੇ 1 ਗ੍ਰਾਮ ਗੰਧਕ ਦਾ ਧੂੜਾ ਪ੍ਰਤੀ ਛੱਤੇ ਦੇ ਹਿਸਾਬ ਧੂੜੋ। ਬਰੂਡ ਬਿਮਾਰੀਆਂ ਬਾਰੇ ਸੁਚੇਤ ਰਹੋ ਅਤੇ ਮਾਹਿਰਾਂ ਦੀ ਸਲਾਹ ਨਾਲ ਹੀ ਰੋਕਥਾਮ ਕਰੋ।                                            

ਸਿਖਲਾਈ ਕੋਰਸ 

ਬਾਗਬਾਨੀ ਫਸਲਾਂ ਅਤੇ ਕਿੱਤੇ ਨਾਲ ਸਬੰਧਤ ਸਿਖਲਾਈ ਕੋਰਸਾਂ ਲਈ ਸਕਿੱਲ ਡਿਵੈਲਪਮੈਂਟ ਸੈਂਟਰ (ਫੋਨ ਨੰ:0161-240196-261) ਪੀ.ਏ.ਯੂ. ਲੁਧਿਆਣਾ ਤੋਂ ਅਤੇ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰਕੇ ਕੇ ਭਾਗ ਲੈ ਸਕਦੇ ਹੋ।

ਸਰੋਤ: ਡਾ. ਸੁਖਦੀਪ ਸਿੰਘ ਹੁੰਦਲ, ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ -ਕਮ- ਸਟੇਟ ਨੋਡਲ ਅਫਸਰ, ਘਰੇਲੂ ਬਗੀਚੀ, ਪੰਜਾਬ।

Summary in English: Horticultural Advisory: Take care of horticultural crops in the month of October

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters