
ਫ਼ਲਦਾਰ ਬੂਟਿਆਂ ਦੀਆਂ ਉੱਨਤ ਕਿਸਮਾਂ
Fruit Garden: ਬਾਗ਼ਬਾਨੀ ਇੱਕ ਲੰਬੇ ਸਮੇਂ ਦਾ ਕਿੱਤਾ ਹੈ ਇਸ ਲਈ ਬਾਗ਼ ਲਾਉਣ ਤੋਂ ਪਹਿਲਾਂ ਕੁਝ ਗੱਲਾਂ ਜਿਵੇਂ ਕਿ ਫ਼ਲਾਂ ਦੀ ਚੋਣ, ਕਿਸਮਾ ਦੀ ਚੋਣ, ਬੂਟੇ ਲਗਾਉਣ ਦੀ ਦਿਸ਼ਾ, ਬੂਟਿਆਂ ਵਿਚਕਾਰ ਸਹੀ ਫ਼ਾਸਲਾ, ਸਿੰਜਾਈ ਦਾ ਪ੍ਰਬੰਧ, ਬੂਟੇ ਲਗਾਉਣ ਦੀ ਯੋਜਨਾਬੰਦੀ, ਮਿੱਟੀ ਦੀ ਅਨੁਕੂਲਤਾ, ਮਿਆਰੀ ਕਿਸਮ ਦੇ ਬੂਟਿਆਂ ਦੀ ਚੋਣ ਆਦਿ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।
ਕਿਸੇ ਕਿਸਮ ਦੀ ਬਾਗ਼ ਲਗਾਉਣ ਵੇਲੇ ਸ਼ੁਰਆਤੀ ਸਮੇਂ ਵਿੱਚ ਕੀਤੀ ਕੁਤਾਈ ਭਵਿੱਖ ਵਿੱਚ ਆਰਥਿਕ ਪੱਖੋਂ ਭਾਰੀ ਨੁਕਸਾਨ ਕਰ ਸਕਦੀ ਹੈ।
ਬਾਗ ਲਗਾਉਣ ਦਾ ਸਮਾਂ
ਮਾਨਸੂਨ ਰੁੱਤ ਦੇ ਆਉਣ ਨਾਲ ਹੀ ਸਦਾਬਹਾਰ ਫ਼ਲਦਾਰ ਬੂਟੇ ਲਾਉਣ ਦਾ ਕੰਮ ਜੁਲਾਈ-ਅਗਸਤ ਵਿੱਚ ਸ਼ੁਰੂ ਹੋ ਜਾਂਦਾ ਹੈ। ਪਰ ਸਤੰਬਰ-ਅਕਤੂਬਰ ਮਹੀਨੇ ਦਾ ਸਮਾਂ ਜ਼ਿਆਦਾ ਢੁੱਕਵਾ ਰਹਿੰਦਾ ਹੈ ਕਿਉਕਿ ਇਸ ਸਮੇਂ ਤੱਕ ਤਾਪਮਾਨ ਘੱਟਣਾ ਸ਼ੁਰੂ ਹੋ ਜਾਂਦਾ ਹੈ।
ਮਿੱਟੀ ਦੀ ਅਨੁਕੂਲਤਾ
ਫ਼ਲਦਾਰ ਬੂਟੇ ਲਗਾਉਣ ਲਈ ਮਿੱਟੀ ਜ਼ਿਆਦਾ ਲੂਣੀ/ਖਾਰੀ, ਸੇਮ ਵਾਲੀ, ਉਜਾੜ ਵਾਲੀ ਨਹੀਂ ਹੋਣੀ ਚਾਹੀਦੀ ਸਗੋਂ ਵਧੀਆ, ਮੈਰਾ, ਹਵਾਦਾਰ ਅਤੇ ਭਰਭੂਰ ਤੱਤਾਂ ਵਾਲੀ ਹੋਣੀ ਚਾਹੀਦੀ ਹੈ। ਜ਼ਮੀਨ ਦੀ 2 ਮੀਟਰ ਤੱਕ ਦੀ ਡੂੰਘਾਈ ਵਿੱਚ ਕੋਈ ਸਖ਼ਤ ਤਹਿ ਨਹੀਂ ਹੋਣੀ ਚਾਹੀਦੀ। ਪਾਣੀ ਦੀ ਸਤਹਿ 3 ਮੀਟਰ ਤੋਂ ਥੱਲੇ ਹੋਣੀ ਚਾਹੀਦੀ ਹੈ ਅਤੇ ਇਸ ਵਿੱਚ ਕੋਈ ਉਤਰਾਅ- ਚੜ੍ਹਾਅ ਨਹੀਂ ਆਉਣਾ ਚਾਹੀਦਾ।
ਫ਼ਲਾਂ ਦੀ ਸਫਲ ਕਾਸ਼ਤ ਲਈ ਬਾਗਾਂ ਦੀ ਮਿੱਟੀ ਦੀ ਸਿਹਤ ਚੰਗੀ ਹੋਣੀ ਚਾਹੀਦੀ ਹੈ। ਜ਼ਿਆਦਾਤਰ ਫ਼ਲਾਂ ਦੇ ਪੌਦੇ 6.5 ਤੋਂ 7.5 ਤੱਕ ਪੀ.ਐਚ. ਵਾਲੀ ਮਿੱਟੀ ਵਿੱਚ ਵਧੀਆ ਉੱਗਦੇ ਹਨ, ਕਿਉਂਕਿ ਜ਼ਿਆਦਾਤਰ ਖੁਰਾਕੀ ਤੱਤ ਇਸ ਸੀਮਾ ਵਿੱਚ ਉਪਲੱਬਧ ਹੁੰਦੇ ਹਨ। ਨਿੰਬੂ ਜਾਤੀ ਅਤੇ ਆੜੂ ਦੀ ਕਾਸ਼ਤ ਲਈ ਕੈਲਸ਼ੀਅਮ ਕਾਰਬੋਨੇਟ ਅਤੇ ਚੂਨੇ ਦੀ ਮਾਤਰਾ ਕ੍ਰਮਵਾਰ 5 ਅਤੇ 10 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਹੋਰ ਫ਼ਲਾਂ ਲਈ 10 ਅਤੇ 20 ਤੋਂ ਘੱਟ ਹੋਣੀ ਚਾਹੀਦੀ ਹੈ (ਸਾਰਣੀ ਨੰ 1)।
ਸਾਰਣੀ ਨੰ 1: ਵੱਖ-ਵੱਖ ਫ਼ਲਾਂ ਦੇ ਪੌਦਿਆਂ ਦੇ ਸਮੂਹ ਲਈ ਮਿੱਟੀ ਦੇ ਗੁਣਾਂ ਦੀ ਜਾਣਕਾਰੀ
ਗੁਣ |
ਨਿੰਬੂ-ਜਾਤੀ ਅਤੇ ਆੜ |
ਦੂਜੇ ਫ਼ਲਦਾਰ ਬੂਟੇ |
ਕੰਡਕਟਿਵਿਟੀ (ਮਿਲੀ ਮਹੋਜ਼/ਸੈਂਟੀਮੀਟਰ) |
0.5 ਤੋਂ ਘੱਟ |
1.0 ਤੋਂ ਘੱਟ |
ਕੈਲਸ਼ੀਅਮ ਕਾਰਬੋਨੇਟ (%) |
5 ਤੋਂ ਘੱਟ |
10 ਤੋਂ ਘੱਟ |
ਲਾਈਮ ਕਨਕਰੀਸ਼ਨ (%) |
10 ਤੋਂ ਘੱਟ |
20 ਤੋਂ ਘੱਟ |
ਪੀ.ਐਚ. |
8.5 ਤੋਂ ਘੱਟ |
8.7 ਤੱਕ, ਉਪਰ ਵਾਲੇ ਦੋ ਫੁੱਟ ਲਈ/ ਹੇਠਾਂ 9.0 ਤੱਕ ਹੋ ਸਕਦੀ ਹੈ। |
* 2 ਮੀਟਰ ਦੀ ਡੂੰਘਾਈ ਤੱਕ ਜ਼ਮੀਨ ਦੇ ਸਾਰੇ ਦਿਗ ਮੰਡਲ।
ਫ਼ਲਦਾਰ ਬੂਟਿਆਂ ਦੀ ਕਿਸਮ ਦੀ ਚੋਣ: ਫ਼ਲਦਾਰ ਬੂਟਿਆਂ ਦੀ ਸਹੀ ਕਿਸਮ ਦੀ ਸਹੀ ਚੋਣ ਅਤੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਆਪਣੇ ਖੇਤਰ ਲਈ ਸਿਫ਼ਾਰਿਸ਼ ਕਿਸਮਾਂ ਦੀ ਚੋਣ ਸੰਬੰਧੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਪੰਜਾਬ ਬਾਗਬਾਨੀ ਵਿਭਾਗ ਦੇ ਤਕਨੀਕੀ ਮਾਹਿਰਾਂ ਨਾਲ ਰਾਬਤਾ ਜ਼ਰੂਰ ਕਰੋ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਦਾ ਵੇਰਵਾ ਸਾਰਣੀ ਨੰ 2 ਵਿੱਚ ਦਿੱਤਾ ਹੋਇਆ ਹੈ।
ਸਾਰਣੀ ਨੰ 2: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਫ਼ਲਦਾਰ ਬੂਟਿਆਂ ਦੀਆਂ ਸਿਫ਼ਾਰਸ਼ਾ ਕੀਤੀਆ ਉੱਨਤ ਕਿਸਮਾਂ
ਫ਼ਲ |
ਸਿਫ਼ਾਰਸ਼ਾ ਕੀਤੀਆ ਉੱਨਤ ਕਿਸਮਾਂ |
ਸੰਤਰਾ |
ਪੀ ਏ ਯੂ ਕਿੰਨੂ-1, ਡੇਜ਼ੀ, ਡਬਲਿਯੂ ਮਰਕਟ, ਕਿੰਨੂ ਅਤੇ ਦੇਸੀ ਸੰਤਰਾ |
ਮਾਲਟਾ |
ਵੈਨੇਗੇਲੀਆ ਸੈਨਗੁਆਨੋ, ਅਰਲੀ ਗੋਲਡ, ਵਲੈਨਸ਼ੀਆ, ਮੁਸੰਮੀ, ਜਾਫ਼ਾ ਅਤੇ ਬਲੱਡ ਰੈੱਡ |
ਗਰੇਪ ਫ਼ਰੂਟ |
ਸਟਾਰ ਰੂਬੀ, ਰੈਡਬਲੱਸ਼, ਮਾਰਸ਼ ਸੀਡਲੈੱਸ, ਡੰਕਨ ਅਤੇ ਫੋਸਟਰ |
ਲੈਮਨ |
ਪੰਜਾਬ ਬਾਰਾਮਾਸੀ ਨਿੰਬੂ, ਪੰਜਾਬ ਗਲਗਲ, ਪੀ.ਏ.ਯੂ. ਬਾਰਾਮਾਸੀ ਨਿੰਬੂ-1 ਅਤੇ ਯੂਰੇਕਾ |
ਨਿੰਬੂ |
ਕਾਗਜ਼ੀ |
ਮਿੱਠਾ |
ਦੇਸੀ |
ਅਮਰੂਦ |
ਪੰਜਾਬ ਐਪਲ ਗੁਆਵਾ, ਪੰਜਾਬ ਕਿਰਨ, ਪੰਜਾਬ ਸਫ਼ੈਦਾ, ਸ਼ਵੇਤਾ, ਪੰਜਾਬ-ਪਿੰਕ, ਅਰਕਾ ਅਮੁਲਿਆ, ਸਰਦਾਰ ਅਤੇ ਅਲਾਹਾਬਾਦ ਸਫ਼ੈਦਾ |
ਅੰਬ |
ਅਲਫ਼ੈਂਜ਼ੋ, ਦੁਸਹਿਰੀ, ਲੰਗੜਾ, ਗੰਗੀਆਂ ਸੰਧੂਰੀ (ਜੀ ਐੱਨ-19), ਜੀ ਐਨ-1, ਜੀ ਐਨ-2, ਜੀ ਐਨ-3, ਜੀ ਐਨ-4, ਜੀ ਐਨ-5, ਜੀ ਐਨ-6 ਅਤੇ ਜੀ ਐਨ-7 |
ਬੇਰ |
ਵਲੈਤੀ, ਉਮਰਾਨ ਅਤੇ ਸਨੌਰ-2 |
ਲੀਚੀ |
ਦੇਹਰਾਦੂਨ, ਕਲਕੱਤੀਆ ਅਤੇ ਸੀਡਲੈਸ ਲੇਟ |
ਆਂਵਲਾ |
ਬਲਵੰਤ, ਨੀਲਮ ਅਤੇ ਕੰਚਨ |
ਕੇਲਾ |
ਗਰੈਂਡ ਨੈਨ |
ਚੀਕੂ |
ਕਾਲੀਪੱਤੀ ਅਤੇ ਕ੍ਰਿਕਟਬਾਲ |
ਪਪੀਤਾ |
ਰੈੱਡ ਲੇਡੀ 786, ਪੰਜਾਬ ਸਵੀਟ, ਪੂਸਾ ਡਲੀਸ਼ੀਅਸ, ਪੂਸਾ ਡਵਾਰਫ਼ ਅਤੇ ਹਨੀਡਿੳ |
ਲੁਕਾਠ |
ਕੈਲੇਫੋਰਨੀਆਂ ਐਡਵਾਂਸ, ਗੋਲਡਨ ਯੈਲ ਅਤੇ ਪੇਲ ਯੈਲ |
ਬਿੱਲ |
ਕਾਗਜ਼ੀ |
ਡਰੈਗਨ ਫਰੂਟ |
ਰੈਡ ਡਰੈਗਨ-1 ਅਤੇ ਵਾਈਟ ਡਰੈਗਨ-1 |
ਜਾਮਣ |
ਕੋਂਕਣ ਬਹਾਦੋਲੀ ਅਤੇ ਗੋਮਾ ਪ੍ਰਿਅੰਕਾ |
ਇਹ ਵੀ ਪੜ੍ਹੋ: Punjab ਦੇ ਕਿਸਾਨਾਂ ਨੂੰ ਸਲਾਹ, Dr. Sukhdeep Singh Hundal ਨੇ ਸਾਂਝੇ ਕੀਤੇ ਅਗਸਤ ਮਹੀਨੇ ਦੇ ਬਾਗਬਾਨੀ ਰੁਝੇਂਵੇਂ
ਨਰਸਰੀ ‘ਚੋਂ ਬੂਟਿਆਂ ਦੀ ਚੋਣ
ਚੰਗੀ ਨਸਲ ਦੇ ਸਿਹਤਮੰਦ ਬੂਟੇ ਜਿਹੜੇ ਕੀੜਿਆਂ ਅਤੇ ਬਿਮਾਰੀਆਂ ਤੋਂ ਰਹਿਤ ਹੋਣ, ਕਿਸੇ ਭਰੋਸੇਯੋਗ ਅਤੇ ਨੇੜੇ ਦੀ ਨਰਸਰੀ ਤੋਂ ਲੈਣੇ ਚਾਹੀਦੇ ਹਨ । ਬੂਟੇ ਨਰੋਏ ਅਤੇ ਦਰਮਿਆਨੀ ਉਚਾਈ ਦੇ ਹੋਣੇ ਚਾਹੀਦੇ ਹਨ । ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਪਿਉਂਦ ਸਹੀ ਸਿਫ਼ਾਰਸ਼ ਕੀਤੇ ਜੜ੍ਹ-ਮੁੱਢ ਤੇ ਹੀ ਕੀਤੀ ਗਈ ਹੋਵੇ, ਪਿਉਂਦ ਵਾਲਾ ਜੋੜ ਪੱਧਰਾ ਹੋਵੇ ਅਤੇ ਬਹੁਤਾ ਉੱਚਾ ਨਾ ਹੋਵੇ। ਬੂਟੇ ਖਰੀਦਣ ਸਮੇਂ 10 ਤੋਂ 15 ਪ੍ਰਤੀਸ਼ਤ ਬੂਟੇ ਲੋੜ ਨਾਲੋ ਵੱਧ ਖਰੀਦੋ ਤਾਂ ਜੋ ਇਹਨਾਂ ਨੂੰ ਮਰਨ ਵਾਲੇ ਬੂਟਿਆਂ ਦੀ ਥਾਂ ਤੇ ਲਗਾਇਆ ਜਾ ਸਕੇ। ਕਿਸਾਨ ਵੀਰ, ਸਾਰਣੀ ਨੰ 2 ਵਿੱਚ ਲਿਖੇ ਗਏ ਫ਼ਲਦਾਰ ਬੂਟੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਪੀ.ਏ.ਯੂ. ਦੇ ਖੇਤਰੀ ਖੋਜ ਕੇਂਦਰਾਂ, ਰਾਜ ਦੀਆਂ ਸਰਕਾਰੀ ਜ਼ਾਂ ਮਨਜ਼ੂਰਸ਼ੁਦਾ ਨਰਸਰੀਆਂ ਤੋਂ ਖਰੀਦ ਸਕਦੇ ਹਨ।
ਬਾਗ ਲਗਾਉਣ ਦੇ ਢੰਗ ਅਤੇ ਬੂਟਿਆਂ ਵਿੱਚਕਾਰ ਫ਼ਾਸਲਾ
ਨਵੇਂ ਬਾਗ਼ਾਂ ਨੂੰ ਵਰਗਾਕਾਰ, ਆਇਤਾਕਾਰ, ਛੇ-ਕੋਨਾ, ਤਿਕੋਨੇ ਜਾਂ ਕੁਇਨਕਨਸ ਢੰਗ ਨਾਲ ਲਾਇਆ ਜਾ ਸਕਦਾ ਹੈ, ਪਰ ਆਮ ਤੌਰ ’ਤੇ ਪੰਜਾਬ ਵਿੱਚ ਨਵੇਂ ਬਾਗਾਂ ਨੂੰ ਵਰਗਾਕਾਰ ਢੰਗ ਨਾਲ ਹੀ ਲਾਇਆ ਜਾਦਾ ਹੈ। ਹਰ ਫ਼ਲਦਾਰ ਬੂਟੇ ਨੂੰ ਲਾਉਣ ਦਾ ਫ਼ਾਸਲਾ ਵੀ ਵੱਖ-ਵੱਖ ਹੁੰਦਾ ਹੈ ਜਿਹੜਾ ਕਿ ਸਾਰਣੀ ਨੰ 3 ਵਿੱਚ ਦਿੱਤਾ ਗਿਆ ਹੈ। ਕੁਝ ਫ਼ਲਦਾਰ ਬੂਟੇ ਜਿਵੇਂ ਕਿ ਅੰਬ, ਲ਼ੀਚੀ ਅਤੇ ਚੀਕੂ ਆਦਿ ਲੰਬੇ ਸਮੇਂ ਬਾਅਦ ਫਲ ਦੇਣ ਲੱਗਦੇ ਹਨ ਅਤੇ ਇਹਨਾਂ ਦੇ ਬਾਗ ਵਧੇਰੇ ਫਾਸਲੇ ੳੱੁਪਰ ਵੀ ਲੱਗੇ ਹੁੰਦੇ ਹਨ। ਇਸ ਲਈ ਇਹਨਾਂ ਬਾਗਾਂ ਵਿਚ ਛੋਟੇ ਕੱਦ ਅਤੇ ਛੇਤੀ ਫਲ ਦੇਣ ਵਾਲੇ ਫਲਦਾਰ ਬੂਟੇ ਜਿਵੇਂ ਕਿ ਅਮਰੂਦ, ਪਪੀਤਾ, ਕਿੰਨੂ ਆਦਿ ਪੂਰਕ ਪੌਦਿਆਂ ਵਜੋਂ ਵੀ ਲਾਏ ਜਾ ਸਕਦੇ ਹਨ। ਜਦੋਂ ਮੁੱਖ ਫ਼ਲਦਾਰ ਬੂਟਿਆਂ ਦਾ ਭਰਪੂਰ ਵਿਕਾਸ ਹੋ ਜਾਵੇ ਅਤੇ ਉਹ ਪੂਰਾ ਫਲ ਦੇਣ ਲੱਗ ਜਾਣ ਤਾਂ ਇਹ ਪੂਰਕ ਪੌਦੇ ਪੁੱਟ ਦੇਣੇ ਚਾਹੀਦੇ ਹਨ।
ਇਹ ਵੀ ਪੜ੍ਹੋ: Profitable Business: ਕਣਕ ਅਤੇ ਝੋਨੇ ਨਾਲੋਂ 'ਗੁਲਦਾਉਦੀ ਦੀ ਕਾਸ਼ਤ' ਕਿਸਾਨਾਂ ਲਈ ਵਧੇਰੇ ਲਾਭਦਾਇਕ, ਆਓ ਜਾਣਦੇ ਹਾਂ ਕਿਵੇਂ?
ਸਾਰਣੀ 3: ਬੂਟਿਆਂ ਵਿੱਚਕਾਰ ਫ਼ਾਸਲਾ ਅਤੇ ਬੂਟਿਆਂ ਦੀ ਗਿਣਤੀ
ਫ਼ਲਦਾਰ ਬੂਟੇ |
ਫ਼ਾਸਲਾ (ਮੀਟਰ) |
ਬੂਟੇ ਪ੍ਰਤੀ ਏਕੜ |
ਅੰਬ /ਚੀਕੂ |
9.0 × 9.0 |
49 |
ਬੇਰ/ਲੀਚੀ/ਆਮਲਾ |
7.5 × 7.5 |
72 |
ਲੁਕਾਠ |
6.5 × 6.5 |
90 |
ਨਿੰਬੂ ਜਾਤੀ/ਅਮਰੂਦ/ਅੰਜੀਰ |
6.0 × 6.0 |
110 |
ਅਮਰੂਦ (ਸੰਘਣੀ ਪ੍ਰਣਾਲੀ) |
6.0 × 5.0 |
132 |
ਕਿੰਨੂ (ਸੰਘਣੀ ਪ੍ਰਣਾਲੀ) |
6.0 × 3.0 |
220 |
ਕੇਲਾ |
1.8 × 1.8 |
1230 |
ਪਪੀਤਾ/ਫਾਲਸਾ |
1.5 × 1.5 |
1760 |
ਪਪੀਤਾ (ਰੈਡ ਲੇਡੀ) |
1.8 × 1.8 |
1230 |
ਟੋਏ ਪੁੱਟਣਾ ਅਤੇ ਭਰਨਾ
ਹਰ ਬੂਟੇ ਲਈ ਇੱਕ ਮੀਟਰ ਡੂੰਘੇ ਅਤੇ ਇੱਕ ਮੀਟਰ ਘੇਰੇ ਵਾਲੇ ਟੋਏ ਪੁੱਟ ਲਉ। ਇਨ੍ਹਾਂ ਟੋਇਆਂ ਵਿੱਚ ਉਪਰਲੀ ਮਿੱਟੀ ਅਤੇ ਰੂੜੀ ਬਰਾਬਰ ਮਾਤਰਾ ਵਿੱਚ ਪਾਉ ਤੇ ਜ਼ਮੀਨ ਤੋਂ ਉੱਚੇ ਭਰ ਦਿਉ। ਇਨ੍ਹਾਂ ਵਿੱਚ ਬੂਟੇ ਲਾਉਣ ਤੋਂ ਪਹਿਲਾਂ ਪਾਣੀ ਦਿਉ। ਪਾਣੀ ਦੇਣ ਤੋਂ ਬਾਅਦ ਜੇ ਟੋਏ ਵਿੱਚਲੀ ਮਿੱਟੀ ਬੈਠ ਗਈ ਹੋਵੇ ਤਾਂ ਉੱਪਰਲੀ ਸਤਿਹ ਤੇ ਮਿੱਟੀ ਪਾ ਕੇ ਜ਼ਮੀਨ ਦੇ ਬਰਾਬਰ ਪੱਧਰ ਕਰ ਦਿਉ ।
ਨਵੇਂ ਬੂਟੇ ਲਾਉਣਾ ਤੇ ਮੁੱਢਲੀ ਦੇਖ-ਭਾਲ
ਟੋਏ ਤਿਆਰ ਕਰਨ ਤੋਂ ਬਾਅਦ ਬੂਟੇ ਲਾਗਾਉਣ ਵਾਲੇ ਫੱਟੇ (ਪਲਾਟਿੰਗ ਬੋਰਡ) ਨੂੰ ਇਸ ਤਰ੍ਹਾਂ ਰੱਖੋ ਕਿ ਇੱਕ ਪਾਸੇ ਨਿਸ਼ਾਨਬੰਦੀ ਵਾਲੀਆਂ ਕਿੱਲੀਆਂ ਫੱਟੇ ਤੇ ਪਾਸੇ ਵਾਲੇ ਕੱਟ ਵਿਚ ਪੂਰੀ ਤਰ੍ਹਾਂ ਫਿੱਟ ਹੋ ਜਾਣ । ਇਸ ਤੋਂ ਬਾਅਦ ਬੂਟੇ ਨੂੰ ਟੋਏ ਵਿੱਚ ਇਸ ਤਰ੍ਹਾਂ ਰੱਖੋ ਕਿ ਬੂਟੇ ਦਾ ਤਣਾ ਫੁੱਟੇ ਦੇ ਵਿਚਕਾਰਲੇ ਕੱਟ (ਵੀ-ਨੋਚ) ਵਿਚ ਆ ਜਾਵੇ । ਸਦਾਬਹਾਰ ਬੂਟੇ ਲਗਾਉਣ ਸਮੇਂ ਗਾਚੀ ਤੋਂ ਪੋਲੀਥੀਨ ਲਾਹ ਲੈਣਾ ਚਾਹੀਦਾ ਹੈ ਅਤੇ ਗਾਚੀ ਨੂੰ ਟੁੱਟਣ ਨਹੀਂ ਦੇਣਾ ਚਾਹੀਦਾ। ਟੋਏ ਦੇ ਵਿਚਕਾਰ ਬੂਟਾ ਲਗਾਉਂਣ ਤੋਂ ਬਾਅਦ ਉਸ ਨੂੰ ਚμਗੀ ਤਰ੍ਹਾਂ ਆਲੇ ਦਵਾਲੇ ਤੋਂ ਨੱਪ ਦਿਓ ਤਾਂ ਜੋ ਗਾਚੀ ਨਾ ਟੁੱਟੇ ਤੇ ਬੂਟਾ ਸਿੱਧਾ ਰਹੇ। ਪਿਉਂਦ ਵਾਲਾ ਹਿੱਸਾ ਜ਼ਮੀਨ ਤੋਂ 6 ਤੋਂ 9 ਇੰਚ ਤਕ ਜ਼ਰੂਰ ਉੱਚਾ ਹੋਵੇ ਤਾਂ ਜੋ ਜੜ੍ਹ-ਮੁੱਢ ਨਾ ਫੁੱਟ ਸਕੇ। ਛੋਟੇ ਬੂਟਿਆਂ ਨੂੰ ਜੇ ਲੋੜ ਹੋਵੇ ਤਾਂ ਸਹਾਰੇ ਨਾਲ ਖੜਾ ਕੀਤਾ ਜਾਣਾ ਚਾਹੀਦਾ ਹੈ ਪਰ ਜੜ੍ਹਾਂ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ।
ਛੋਟੇ ਬੂਟਿਆਂ ਦੀ ਦੇਖਭਾਲ
ਬੂਟਿਆਂ ਦੇ ਦੌਰਾਂ ਨੂੰ ਨਦੀਨਾਂ ਤੋਂ ਮੁਕਤ ਰੱਖਣਾ ਚਾਹੀਦਾ ਹੈ। ਬਰਸਾਤ ਦੇ ਮੌਸਮ ਦੌਰਾਨ, ਬੂਟਿਆਂ ਦੇ ਆਲੇ ਦੁਆਲੇ ਪਾਣੀ ਖੜਾ ਨਹੀਂ ਹੋਣਾ ਚਾਹੀਦਾ। ਸੁੱਕੀ ਹੋਈ ਅਤੇ ਰੋਗੀ ਟਾਹਣੀਆਂ ਨੂੰ ਸਾਵਧਾਨੀ ਨਾਲ ਕੱਟ ਦਿਓੁ। ਨਿਯਮਿਤ ਤੌਰ ਤੇ ਛੋਟੇ ਬੂਟਿਆਂ ਦੀ ਜਾਂਚ ਕਰਦੇ ਰਹੋ ਅਤੇ ਜੜ੍ਹ ਮੁੱਢ ਤੋਂ ਨਿਕਲੀ ਕੋਈ ਵੀ ਨਵੀਂ ਟਾਹਣੀ ਨੂੰ ਕੱਟ ਦਿਓ।
ਸਰੋਤ: ਸਰਵਪ੍ਰਿਆ ਸਿੰਘ, ਸੁਖਜਿੰਦਰ ਸਿੰਘ ਮਾਨ
ਪੀ.ਏ.ਯੂ.- ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਗੁਰਦਾਸਪੁਰ
Summary in English: How to Start a Fruit Garden: Proper planning and management is essential for planting a garden, know advanced varieties of fruit trees