Crop Diversification: ਅਮਰੂਦ ਪੰਜਾਬ ਦਾ ਇੱਕ ਬਹੁਤ ਮਸ਼ਹੂਰ ਫ਼ਲ ਹੈ ਅਤੇ ਇਹ ਸਾਲ ਵਿੱਚ ਦੋ ਵਾਰ ਬਰਸਾਤੀ ਅਤੇ ਸਿਆਲੂ ਫ਼ਲ ਦਿੰਦਾ ਹੈ। ਅਮਰੂਦ ਕਾਸ਼ਤ ਦੇ ਹਿਸਾਬ ਨਾਲ ਕਿੰਨੂ ਤੋਂ ਬਾਅਦ ਆਉਂਦਾ ਹੈ। ਅਮਰੂਦ ਸਖ਼ਤ-ਜਾਨ ਹੋਣ ਕਰਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੈਦਾ ਕੀਤਾ ਜਾਂਦਾ ਹੈ। ਜਿਨ੍ਹਾਂ ਇਲਾਕਿਆਂ ਵਿੱਚ ਵਧੇਰੀ ਸਰਦੀ ਦਾ ਮੌਸਮ ਹੋਵੇ ਉਹ ਝਾੜ ਵਧਾਉਣ ਅਤੇ ਫ਼ਲ ਦੇ ਗੁਣਾਂ 'ਚ ਸੁਧਾਰ ਲਈ ਉੱਤਮ ਸਮਝਿਆ ਜਾਂਦਾ ਹੈ।
ਇਹ ਹਲਕੀਆਂ, ਕਲਰਾਠੀਆਂ ਅਤੇ ਮਾੜੇ-ਨਿਕਾਸ ਵਾਲੀਆਂ ਜ਼ਮੀਨਾਂ ਵਿੱਚ ਵੀ ਉਗਾਇਆ ਜਾ ਸਕਦਾ ਹੈ। ਇਸ ਦੀ ਪੈਦਾਵਾਰ ਦੀ ਲਾਗਤ ਵੀ ਘੱਟ ਹੈ ਕਿਉਂਕਿ ਇਸ ਦੀ ਖਾਦ, ਸਿੰਚਾਈ ਅਤੇ ਪੌਦਿਆਂ ਦੀ ਸੁਰੱਖਿਆ ਲਈ ਲੋੜ ਜ਼ਿਆਦਾ ਨਹੀਂ ਹੈ। ਇਹ ਇੱਕ ਬਹੁਤ ਗੁਣਕਾਰੀ ਫ਼ਲ ਹੈ ਅਤੇ ਇਸ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਆਇਰਨ, ਫਾਸਫੋਰਸ ਅਤੇ ਕੈਲਸ਼ੀਅਮ ਭਰਪੂਰ ਹੁੰਦੀ ਹੈ।
ਅਮਰੂਦ ਦੇ ਫ਼ਲ ਵਿੱਚ ਵਿਟਾਮਿਨ ਸੀ ਦੀ ਮਾਤਰਾ ਨਿੰਬੂ ਜਾਤੀ ਦੇ ਫਲਾਂ ਨਾਲੋਂ 4-5 ਗੁਣਾ ਜ਼ਿਆਦਾ ਹੁੰਦੀ ਹੈ। ਅਮਰੂਦ ਦੇ ਪੱਕੇ ਹੋਏ ਫ਼ਲ ਵਿੱਚ 82% ਪਾਣੀ, 2.45% ਐਸਿਡ, 9.73% ਟੀ.ਐੱਸ.ਐੱਸ, 0.48% ਸੁਆਹ ਅਤੇ 260 ਮਿਲੀਗ੍ਰਾਮ ਵਿਟਾਮਿਨ ਸੀ ਪ੍ਰਤੀ 100 ਗ੍ਰਾਮ ਫਲ ਹੁੰਦਾ ਹੈ। ਅਮਰੂਦ ਵਿੱਚ ਐਂਟੀਔਕਸੀਡੈਂਟ ਅੰਸ਼ ਹੁੰਦੇ ਹਨ ਅਤੇ ਇਹ ਉਪਰਲੇ ਖੂਨ ਦੇ ਦਬਾਅ ਨੂੰ ਠੀਕ ਕਰਦਾ ਹੈ। ਅਮਰੂਦ ਵਿਚ ਫੀਨੋਲਿਕ ਮਿਸ਼ਰਣ ਕੈਂਸਰ ਦੇ ਸੈੱਲਾਂ ਨੂੰ ਠੀਕ ਕਰਨ ਅਤੇ ਚਮੜੀ ਦੀ ਉਮਰ ਨੂੰ ਰੋਕਣ ਵਿਚ ਮਦਦ ਕਰਦੇ ਹਨ। ਪੰਜਾਬ ਵਿਚ ਅਮਰੂਦ ਦੀ ਸਫਲ ਕਾਸ਼ਤ ਲਈ ਹੇਠ ਦਿੱਤੇ ਤਕਨੀਕਾਂ ਨੂੰ ਅਪਣਾਓ।
ਉੱਨਤ ਕਿਸਮਾਂ:
ਉੱਨਤ ਕਿਸਮ |
ਗੁਣ |
ਪੰਜਾਬ ਐਪਲ ਅਮਰੂਦ |
ਇਸ ਕਿਸਮ ਦੇ ਬੂਟੇ ਦਰਮਿਆਨੇ, ਫ਼ਲ ਗੋਲ ਅਤੇ ਗੂੜ੍ਹੀ ਲਾਲ ਚਮੜੀ ਵਾਲੇ ਹੁੰਦੇ ਹਨ । ਇਸ ਦਾ ਔਸਤਨ ਝਾੜ 100-125 ਕਿੱਲੋ ਪ੍ਰਤੀ ਬੂਟਾ ਹੋ ਸਕਦਾ ਹੈ। |
ਪੰਜਾਬ ਕਿਰਨ |
ਇਸ ਕਿਸਮ ਦੇ ਦਰੱਖਤ ਦਰਮਿਆਨੇ, ਫ਼ਲ ਦਰਮਿਆਨੇ, ਗੋਲ ਤੋਂ ਹਲਕੇ ਲੰਬੂਤਰੇ, ਗੁਲਾਬੀ ਗੁੱਦੇ ਵਾਲੇ, ਛੋਟੇ ਅਤੇ ਨਰਮ ਬੀਜਾਂ ਵਾਲੇ ਹੁੰਦੇ ਹਨ ।ਇਸਦਾ ਔਸਤਨ ਝਾੜ 100-125 ਕਿੱਲੋ ਪ੍ਰਤੀ ਬੂਟਾ ਹੁੰਦਾ ਹੈ । |
ਪੰਜਾਬ ਸਫ਼ੈਦਾ |
ਇਸ ਕਿਸਮ ਦੇ ਦਰੱਖਤ ਭਰਵੇਂ, ਫ਼ਲ ਦਰਮਿਆਨੇ ਤੋਂ ਵੱਡੇ ਅਕਾਰ ਦੇ, ਗੋਲ, ਮੁਲਾਇਮ, ਕਰੀਮੀ ਅਤੇ ਚਿੱਟੇ ਗੁੱਦੇ ਵਾਲੇ ਹੁੰਦੇ ਹਨ।ਇਸਦਾ ਦਾ ਔਸਤਨ ਝਾੜ 125-150 ਕਿੱਲੋ ਪ੍ਰਤੀ ਬੂਟਾ ਹੁੰਦਾ ਹੈ । |
ਸ਼ਵੇਤਾ |
ਇਸ ਕਿਸਮ ਦੇ ਬੂਟੇ ਦਰਮਿਆਨੇ, ਫ਼ਲ ਬੈਠਵੇ ਗੋਲ, ਮੁਲਾਇਮ, ਕਰੀਮੀ ਚਿੱਟੇ ਗੁੱਦੇ ਵਾਲੇ ਹੁੰਦੇ ਹਨ। ਇਸ ਦਾ ਔਸਤਨ ਝਾੜ 150 ਕਿਲੋ ਪ੍ਰਤੀ ਬੂਟਾ ਹੁੰਦਾ ਹੈ। |
ਪੰਜਾਬ-ਪਿੰਕ |
ਇਸ ਕਿਸਮ ਦੇ ਬੂਟੇ ਭਰਵੇਂ, ਫ਼ਲ ਦਰਮਿਆਨੇ ਤੋਂ ਵੱਡੇ ਅਕਾਰ ਦੇ ਸੁਨਹਿਰੀ ਪੀਲੇ ਰੰਗ ਦੇ ਹੁੰਦੇ ਹਨ। ਗੁੱਦਾ ਲਾਲ ਅਤੇ ਦਿਲ ਖਿੱਚਵੀਂ ਖੁਸ਼ਬੂ ਵਾਲਾ ਹੁੰਦਾ ਹੈ।ਇਸ ਦਾ ਔਸਤਨ ਝਾੜ 150-160 ਕਿਲੋ ਪ੍ਰਤੀ ਦਰੱਖ਼ਤ ਹੈ। |
ਅਰਕਾ ਅਮੁਲਿਆ |
ਇਸ ਦੇ ਦਰਖਤ ਕੁਝ ਹੱਦ ਤੱਕ ਮੱਧਰੇ ਅਤੇ ਫ਼ਲ ਵੱਡਾ, ਗੋਲ, ਲਿਸ਼ਕਵਾਂ ਤੇ ਚਿੱਟੇ ਗੁੱਦੇ ਵਾਲੇ ਹੁੰਦੇ ਹਨ ।ਬਰਸਾਤ ਤੇ ਸਰਦੀਆਂ ਦੀ ਫ਼ਸਲ ਦਾ ਔਸਤਨ ਝਾੜ 140-150 ਕਿਲੋ ਪ੍ਰਤੀ ਬੂਟਾ ਹੁੰਦਾ ਹੈ । |
ਅਲਾਹਾਬਾਦ ਸਫ਼ੈਦਾ |
ਇਸ ਕਿਸਮ ਦੇ ਬੂਟੇ ਕੁਝ ਮਧਰੇ, ਫ਼ਲ ਗੋਲ, ਮੁਲਾਇਮ ਅਤੇ ਗੁੱਦਾ ਚਿੱਟਾ ਹੁੰਦਾ ਹਨ । ਭਰ-ਜਵਾਨ ਬੂਟਿਆਂ ਤੋਂ 120 ਤੋਂ 140 ਕਿਲੋ ਫ਼ਲ ਪ੍ਰਤੀ ਬੂਟਾ ਮਿਲ ਜਾਂਦਾ ਹੈ। |
ਬੂਟੇ ਲਗਾਉਣਾ: ਅਮਰੂਦ ਫ਼ਰਵਰੀ-ਮਾਰਚ ਜਾਂ ਅਗਸਤ-ਸਤੰਬਰ ਦੌਰਾਨ ਲਗਾਇਆ ਜਾ ਸਕਦਾ ਹੈ। ਬੂਟੇ ਸ਼ਿਫ਼ਾਰਸ਼ ਫ਼ਾਸਲੇ ਜਿਵੇਂ ਕਿ 6X5 ਮੀਟਰ ਤੇ ਲਾਉਣੇ ਚਾਹੀਦੇ ਹਨ। ਇਸ ਤਰ੍ਹਾਂ ਪ੍ਰਤੀ ਏਕੜ 132 ਬੂਟੇ ਲਾਏ ਜਾ ਸਕਦੇ ਹਨ।
ਖਾਦਾਂ ਦੀ ਵਰਤੋਂ: ਰੂੜੀ ਦੀ ਖਾਦ ਮਈ ਵਿੱਚ ਪਾਉ। ਅੱਧੀਆਂ ਰਸਾਇਣਕ ਖਾਦਾਂ ਮਈ-ਜੂਨ ਤੇ ਅੱਧੀਆਂ ਸਤੰਬਰ-ਅਕਤੂਬਰ ਵਿੱਚ ਪਾਉ। ਝੋਨੇ ਦੀ ਪਰਾਲੀ ਤੋਂ ਬਣੀ ਖਾਦ 20 ਕਿੱਲੋ ਪ੍ਰਤੀ ਬੂਟਾ ਰੂੜੀ ਦੀ ਖਾਦ ਦੇ ਬਦਲ ਵਜੋਂ ਵਰਤੀ ਜਾ ਸਕਦੀ ਹੈ।
ਸਾਰਣੀ 1: ਅਮਰੂਦ ਲਈ ਸਿਫਾਰਿਸ਼ ਕੀਤੀ ਰੂੜੀ ਅਤੇ ਰਸਾਇਣਕ ਖਾਦਾਂ ਦਾ ਵੇਰਵਾ
ਬੂਟੇ ਦੀ ਉਮਰ (ਸਾਲ) |
ਰੂੜੀ ਦੀ ਖਾਦ (ਕਿਲੋ) |
ਯੂਰੀਆ (ਕਿਲੋ) |
ਸੁੱਪਰ ਫਾਸਫੇਟ (ਕਿਲੋ) |
ਪੋਟਾਸ਼ (ਕਿਲੋ) |
1-3 |
10-20 |
0.15-0.20 |
0.5-1.5 |
0.1-0.4 |
4-6 |
25-30 |
0.30-0.60 |
1.5-2.0 |
0.6-1.0 |
7-9 |
40-50 |
0.75-1.00 |
2.0-2.5 |
1.0-1.5 |
10 ਤੋਂ ਵੱਧ |
50 |
1.0 |
2.5 |
1.5 |
ਸਿਧਾਈ ਅਤੇ ਕਾਂਟ-ਛਾਂਟ: ਅਮਰੂਦਾਂ ਦੀ ਸਿਧਾਈ ਫ਼ਲਾਂ ਦੇ ਝਾੜ ਅਤੇ ਗੁਣਾਂ' ਚ ਸੁਧਾਰ ਕਰਦੀ ਹੈ। ਸਿਧਾਈ ਦਾ ‘ਸੁਧਰਿਆ ਟੀਸੀ ਢੰਗ’ ਆਮ ਵਰਤਿਆ ਜਾਂਦਾ ਹੈ। ਅਮਰੂਦ ਦੇ ਫੁੱਲ ਅਤੇ ਫ਼ਲ ਚਾਲੂ ਮੌਸਮ ਦੌਰਾਨ ਫੁੱਟੀਆਂ ਟਹਿਣੀਆਂ ਤੇ ਲੱਗਦੇ ਹਨ। ਇਸ ਕਰਕੇ ਸਾਲਾਨਾ ਹਲਕੀ ਕਾਂਟ-ਛਾਂਟ ਭਾਵ ਸਿਰੇ ਤੋਂ 10 ਸੈਂਟੀਮੀਟਰ ਕਟਾਈ ਕਰਨ ਨਾਲ ਤੁੜਾਈ ਤੋਂ ਬਾਅਦ ਨਵੀਆਂ ਟਹਿਣੀਆਂ ਦੇ ਵਾਧੇ' ਚ ਲਾਭਦਾਇਕ ਸਹਾਈ ਹੁੰਦੀ ਹੈ। ਇਸ ਤੋਂ ਇਲਾਵਾ ਰੋਗੀ, ਮਰੀਆਂ ਅਤੇ ਆਪਸ ਵਿੱਚ ਫ਼ਸਦੀਆਂ ਟਹਿਣੀਆਂ ਦੀ ਕਾਂਟ-ਛਾਂਟ ਵੀ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: Gardening in Grow Bags: ਹੁਣ ਗ੍ਰੋ ਬੈਗਸ ਦੀ ਮਦਦ ਨਾਲ ਘਰੇ ਉਗਾਓ Chemical Free Vegetables, ਜਾਣੋ ਕਿਹੜੀਆਂ ਗੱਲਾਂ ਦਾ ਰੱਖਣਾ ਹੈ ਖ਼ਾਸ ਧਿਆਨ?
ਅਮਰੂਦਾਂ ਦੇ ਪੁਰਾਣੇ ਬੂਟਿਆਂ ਤੋਂ ਦੋਬਾਰਾ ਝਾੜ ਲੈਣ ਦੇ ਢੰਗ: ਅਮਰੂਦਾਂ ਦੇ ਘੱਟ ਝਾੜ ਦੇਣ ਵਾਲੇ ਪੁਰਾਣੇ ਬੂਟਿਆਂ ਨੂੰ ਮਾਰਚ ਦੇ ਮਹੀਨੇ ਜ਼ਮੀਨ ਤੋਂ 1.5 ਮੀਟਰ ਦੀ ਉਚਾਈ ਤੋਂ ਕੱਟ ਦਿਉ। ਬੂਟਿਆਂ ਦੇ ਕੱਟੇ ਹੋਏ ਸਿਰਿਆਂ ਉਪਰ ਬੋਰਡੋ ਪੇਸਟ ਲਗਾ ਦਿਉ। ਅਗਸਤ-ਸਤੰਬਰ ਦੇ ਮਹੀਨੇ ਨਵੀਆਂ ਫੁੱਟੀਆਂ ਸ਼ਾਖਾਵਾਂ ਨੂੰ ਅੱਧ ਵਿਚਕਾਰੋਂ ਕੱਟ ਦਿਉ। ਸੰਘਣੀਆਂ ਅਤੇ ਆਪਸ ਵਿੱਚ ਫਸਦੀਆਂ ਟਹਿਣੀਆਂ ਨੂੰ ਵੀ ਕੱਢ ਦਿਉ।
ਸਿੰਚਾਈ: ਅਮਰੂਦਾਂ ਦੇ ਨਵੇਂ ਲਗਾਏ ਬੂਟਿਆਂ ਨੂੰ ਗਰਮੀਆਂ ਵਿੱਚ ਹਫ਼ਤੇ ਪਿੱਛੋਂ ਪਾਣੀ ਅਤੇ ਸਰਦੀਆਂ ਵਿੱਚ 2-3 ਪਾਣੀਆਂ ਦੀ ਜ਼ਰੂਰਤ ਹੁੰਦੀ ਹੈ। ਫ਼ਲ ਦਿੰਦੇ ਬੂਟਿਆਂ ਨੂੰ ਚੰਗਾ ਫੁੱਲ ਪੈਣ ਅਤੇ ਫ਼ਲ ਲੱਗਣ ਵਾਸਤੇ ਗਰਮੀਆਂ ਵਿੱਚ 2-3 ਹਫ਼ਤੇ ਬਾਅਦ ਅਤੇ ਸਰਦੀਆਂ ਵਿੱਚ ਇੱਕ ਮਹੀਨੇ ਦੇ ਵਕਫ਼ੇ ਨਾਲ ਪਾਣੀ ਦੇਣਾ ਚਾਹੀਦਾ ਹੈ।
ਫ਼ਸਲ ਸੁਧਾਰ: ਅਮਰੂਦ ਸਾਲ ਵਿੱਚ ਦੋ ਫ਼ਸਲਾਂ ਦਿੰਦਾ ਹੈ। ਸਰਦੀਆਂ ਦੀ ਫ਼ਸਲ ਦਾ ਫ਼ਲ ਗਰਮੀਆਂ ਦੀ ਰੁੱਤ ਦੇ ਫ਼ਲ ਨਾਲੋਂ ਗੁਣਾਂ' ਚ ਚੰਗਾ ਸਮਝਿਆ ਜਾਂਦਾ ਹੈ ਕਿਉਂਕਿ ਬਰਸਾਤ ਦੇ ਮੌਸਮ ਵਿੱਚ ਫ਼ਲਾਂ ਉੱਤੇ ਫ਼ਲ ਦੀ ਮੱਖੀ ਦਾ ਹਮਲਾ ਹੋ ਜਾਂਦਾ ਹੈ।
ਸਾਲ ਵਿੱਚ ਕੇਵਲ ਸਰਦੀਆਂ ਦੀ ਫ਼ਸਲ ਲੈਣ ਲਈ ਹੇਠ ਲਿਖੇ ਢੰਗ ਅਪਣਾਉ:
ੳ. ਯੂਰੀਆ 10 ਪ੍ਰਤੀਸ਼ਤ ਜਾ ਨੈਫਥਲੀਨ ਏਸਟਿਕ ਏਸਿਡ (ਐਨ ਏ ਏ) 600 ਮਿਲੀਗ੍ਰਾਮ ਪ੍ਰਤੀ ਲਿਟਰ ਦਾ ਮਈ ਮਹੀਨੇ ਜਦੋਂ ਭਰਪੂਰ ਫੁੱਲ ਖਿੜੇ ਹੋਣ, ਛਿੜਕਾਅ ਕਰੋ।
ਅ. ਟਹਿਣੀਆਂ ਦੇ 20-30 ਸੈਂਟੀਮੀਟਰ ਉਪਰਲੇ ਸਿਰਿਆ ਨੂੰ 20-30 ਅਪ੍ਰੈਲ ਦੌਰਾਨ ਕੱਟਣ ਨਾਲ ਬਰਸਾਤੀ ਫ਼ਸਲ ਰੁੱਕ ਜਾਂਦੀ ਹੈ।
ੲ. ਅਪ੍ਰੈਲ-ਮਈ ਦੌਰਾਨ ਪਾਣੀ ਬੰਦ ਕਰ ਦਿਉ। ਜੂਨ ਦੇ ਮਹੀਨੇ ਖਾਦਾਂ ਪਾਉ ਤਾਂ ਜੋ ਜੁਲਾਈ-ਅਗਸਤ ਵਿੱਚ ਬੂਟੇ ਦਾ ਵਾਧਾ ਹੋਵੇ ਅਤੇ ਇਸ ਨਾਲ ਅਗਸਤ-ਸਤੰਬਰ ਦੇ ਮਹੀਨੇ ਸਰਦੀਆਂ ਦੀ ਫ਼ਸਲ ਲਈ ਵੱਧ ਤੋਂ ਵੱਧ ਫੁੱਲ ਪੈ ਸਕਣ।
ਫ਼ਲਾਂ ਦੀ ਤੁੜਾਈ ਅਤੇ ਤੁੜਾਈ ਉਪਰੰਤ ਸੰਭਾਲ: ਅਮਰੂਦ ਤੁੜਾਈ ਉਪਰੰਤ ਪੱਕਣ ਵਾਲਾ ਫ਼ਲ ਹੈ ਅਤੇ ਫ਼ਲ ਜਦੋਂ ਤਿਆਰ ਪਰ ਸਖਤ ਹੋਵੇ ਉਸ ਸਮੇਂ ਤੋੜਨਾ ਚਾਹੀਦਾ ਹੈ। ਪੱਕਣ ਤੇ ਫ਼ਲ ਦਾ ਰੰਗ ਗੂੜ੍ਹੇ ਹਰੇ ਤੋਂ ਹਲਕੇ ਪੀਲੇ ਰੰਗ' ਚ ਬਦਲ ਜਾਂਦਾ ਹੈ।ਅਮਰੂਦ ਇੱਕ ਬਹੁਤ ਹੀ ਨਾਜ਼ੁਕ ਫ਼ਲ ਹੈ ਅਤੇ ਤੁੜਾਈ ਉਪਰੰਤ ਇਸ ਦਾ ਮੰਡੀਕਰਣ ਤੁਰੰਤ ਕਰਨਾ ਚਾਹੀਦਾ ਹੈ। ਤੋੜੇ ਹੋਏ ਫ਼ਲ ਸਾਫ ਕਰਕੇ, ਦਰਜਾਬੰਦੀ ਕਰਕੇ 4-10 ਕਿਲੋ ਆਕਾਰ ਦੇ ਛੇਕਾਂ ਵਾਲੇ ਫਾਈਬਰ ਬੋਰਡ ਦੇ ਡੱਬਿਆ ਜਾਂ ਵੱਖ-ਵੱਖ ਆਕਾਰ ਦੀਆਂ ਬਾਂਸ ਦੀਆਂ ਟੋਕਰੀਆਂ ਵਿੱਚ ਪੈਕ ਕਰਨੇ ਚਾਹੀਦੇ ਹਨ। ਅਮਰੂਦ ਦੇ ਫ਼ਲ ਜਦੋਂ ਸਹੀ ਪਕਾਈ ਤੇ ਤੋੜੇ ਗਏ ਹੋਣ ਤਾਂ ਮੋਰੀਆਂ ਕੀਤੇ ਮੋਮੀ ਲਿਫਾਫਿਆਂ' ਚ ਕਮਰੇ ਦੇ ਤਾਪਮਾਨ ਤੇ ਇੱਕ ਹਫ਼ਤਾ ਅਤੇ ਛੇਕਾਂ ਵਾਲੇ ਫਾਈਬਰ ਬੋਰਡ ਦੇ ਡੱਬਿਆ' ਚ ਪੈਕ ਕਰਕੇ ਕੋਲਡ ਸਟੋਰਾਂ (ਤਾਪਮਾਨ 0-3.3 ਡਿਗਰੀ ਸੈਂਟੀਗਰੇਡ ਅਤੇ ਨਮੀ 85-90%) ਵਿੱਚ ਤਿੰਨ ਹਫ਼ਤਿਆਂ ਲਈ ਰੱਖੇ ਜਾ ਸਕਦੇ ਹਨ।
ਪੌਦ-ਸੁਰੱਖਿਆ:
ਫ਼ਲ ਦੀਆਂ ਮੱਖੀਆਂ
ਇਹ ਅਮਰੂਦ ਦੇ ਬਹੁਤ ਹਾਨੀਕਾਰਕ ਕੀੜੇ ਹਨ। ਇਸ ਦਾ ਵਾਧਾ ਬੜੀ ਤੇਜ਼ੀ ਨਾਲ ਹੁੰਦਾ ਹੈ। ਫ਼ਲ ਦੀ ਮੱਖੀ ਫ਼ਲਾਂ ਦੇ ਰੰਗ ਬਦਲਣ ਸਮੇਂ ਨਰਮ ਛਿਲਕੇ ਤੇ ਆਂਡੇ ਦਿੰਦੀ ਹੈ। ਆਂਡਿਆਂ ‘ਚੋਂ ਬੱਚੇ ਨਿੱਕਲਣ ਤੋਂ ਬਾਅਦ ਇਹ ਫ਼ਲਾਂ ‘ਚ ਛੇਕ ਕਰਦੇ ਹਨ ਅਤੇ ਨਰਮ ਗੁੱਦਾ ਖਾਂਦੇ ਹਨ। ਹਮਲੇ ਵਾਲੇ ਫ਼ਲ ਧੱਸੇ ਹੋਏ ਤੇ ਕਾਲੇ ਹਰੇ ਮੋਰੀਆਂ ਵਾਲੇ ਦਿਸਦੇ ਹਨ। ਜਦ ਕੱਟ ਕੇ ਫ਼ਲ ਦੇਖੀਏ ਤਾਂ ਕੀੜੇ ਦੀਆਂ ਸੁੰਡੀਆਂ ਨਜ਼ਰ ਆਉਂਦੀਆਂ ਹਨ। ਖਰਾਬ ਫ਼ਲ ਗਲ਼ ਕੇ ਹੇਠਾਂ ਡਿੱਗ ਪੈਂਦੇ ਹਨ। ਕੀੜੇ ਦਰਖਤ ਹੇਠ ਜ਼ਮੀਨ ਵਿਚ ਪਲਦੇ ਰਹਿੰਦੇ ਹਨ।
ਇਸ ਦੀ ਰੋਕਥਾਮ ਲਈ
- ਬਰਸਾਤ ਰੁੱਤ ਵਿੱਚ ਲੱਗੇ ਫ਼ਲਾਂ ਨੂੰ ਪੱਕਣ ਤੋਂ ਪਹਿਲਾਂ ਚਿੱਟੇ ਰੰਗ ਦੇ ਨਾਨ-ਵੂਵਨ ਲਿਫ਼ਾਫ਼ਿਆਂ ਵਿੱਚ ਬੰਨ ਦਿਉ। ਉਨ੍ਹਾਂ ਬਾਗਾਂ ਜਿੱਥੇ ਫ਼ਲ ਦੀ ਮੱਖੀ ਦਾ ਹਮਲਾ ਪਹਿਲਾਂ ਤੋਂ ਹੀ ਗੰਭੀਰ ਹੁੰਦਾ ਹੈ, ਉੱਥੇ ਵਰਖਾ ਰੁੱਤ ਦੀ ਫ਼ਸਲ ਨਹੀਂ ਲੈਣੀ ਚਾਹੀਦੀ।
- ਬੂਟੇ ਤੇ ਪੱਕੇ ਹੋਏ ਫ਼ਲ ਨਾ ਰਹਿਣ ਦਿਉ। ਮੱਖੀ ਦੇ ਹਮਲੇ ਵਾਲੇ ਡਿੱਗੇ ਹੋਏ ਫ਼ਲਾਂ ਨੂੰ ਲਗਾਤਾਰ ਚੁਣ ਕੇ ਜ਼ਮੀਨ ਵਿੱਚ ਘੱਟੋ-ਘੱਟ 60 ਸੈਂਟੀਮੀਟਰ ਡੂੰਘੇ ਦੱਬ ਦੇਣਾ ਚਾਹੀਦਾ ਹੈ।
- ਫ਼ਸਲ ਦੀ ਤੁੜਾਈ ਦੇ ਤੁਰੰਤ ਬਾਅਦ ਬਾਗ ਦੀ 4-6 ਸੈਂਟੀਮੀਟਰ ਤੱਕ ਕਲਟੀਵੇਟਰ ਨਾਲ ਹਲਕੀ ਵਹਾਈ ਕਰਨੀ ਚਾਹੀਦੀ ਹੈ ਤਾਂ ਜੋ ਮੱਖੀ ਦੀਆਂ ਸੁੰਡੀਆਂ ਨੰਗੀਆਂ ਹੋ ਕੇ ਮਰ ਜਾਣ ।
- ਫ਼ਲ ਦੀਆਂ ਮੱਖੀਆਂ ਦੀ ਰੋਕਥਾਮ ਲਈ ਜੁਲਾਈ ਦੇ ਪਹਿਲੇ ਹਫ਼ਤੇ ਪੀ ਏ ਯੂ ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਲਗਾਉ ਅਤੇ ਲੋੜ ਪੈਣ ਤੇ ਦੁਬਾਰਾ ਲਗਾਉ।
ਇਹ ਵੀ ਪੜ੍ਹੋ: ਸੀਜ਼ਨਲ ਫੁੱਲਾਂ ਦੀ ਪਨੀਰੀ ਲਗਾਉਣ ਅਤੇ ਵਾਤਾਵਰਨ ਨੂੰ ਮਨਮੋਹਕ ਬਣਾਉਣ ਲਈ Best Tips, ਜਾਣੋ ਸਰਦੀ ਰੁੱਤ ਦੀਆਂ ਪਨੀਰੀਆਂ ਬਾਰੇ Dr. Swaran Singh Mann ਤੋਂ ਪੂਰੀ ਜਾਣਕਾਰੀ
ਅਮਰੂਦ ਦੇ ਫ਼ਲ ਦਾ ਗੜੂੰਆਂ
ਪੰਜਾਬ ਵਿੱਚ ਇਹ ਕੀੜਾ ਸਰਦੀਆਂ ਦੇ ਨਾਲ-ਨਾਲ ਬਰਸਾਤੀ ਮੌਸਮ ਵਿੱਚ ਵੀ ਅਮਰੂਦ ਦੇ ਫ਼ਲਾਂ ਦਾ ਭਾਰੀ ਨੁਕਸਾਨ ਕਰਦਾ ਹੈ। ਇਹ ਕੀੜਾ ਆਮ ਤੌਰ ਤੇ ਜੂਨ ਤੋਂ ਲੈ ਕੇ ਫ਼ਰਵਰੀ ਦੇ ਮਹੀਨੇ ਤੱਕ ਵੇਖਣ ਨੂੰ ਮਿਲਦਾ ਹੈ। ਮਾਦਾ ਪਤੰਗੇ ਮੁੱਖ ਤੌਰ ਤੇ ਫ਼ਲ਼ਾਂ ਦੀਆਂ ਡੋਡੀਆਂ ਅਤੇ ਫ਼ਲ਼ਾਂ ਵਿੱਚ ਅੰਡੇ ਦਿੰਦੇ ਹਨ। ਇਸ ਕੀੜੇ ਦੀ ਸੁੰਡੀ ਫ਼ਲ ਦੇ ਬੀਜਾਂ ਨੂੰ ਅਤੇ ਗੁੱਦੇ ਨੂੰ ਖਾਂਦੀ ਹੈ ਅਤੇ ਜਿਸ ਨਾਲ ਹਮਲੇ ਹੇਠ ਆਏ ਫ਼ਲ ਕਮਜ਼ੋਰ ਹੋ ਜਾਂਦੇ ਹਨ। ਫ਼ਲ ਸੁੱਕ ਜਾਂਦੇ ਹਨ ਅਤੇ ਪੱਕਣ ਤੋਂ ਪਹਿਲਾਂ ਹੀ ਹੇਠਾਂ ਡਿੱਗ ਜਾਂਦੇ ਹਨ। ਜਿੱਥੋਂ ਦੀ ਸੁੰਡੀ ਫ਼ਲ ਵਿੱਚ ਵੜਦੀ ਹੈ, ਉੱਥੋਂ ਫ਼ਲ ਬੇਢੱਭਾ ਜਿਹਾ ਹੋ ਜਾਂਦਾ ਹੈ। ਇਸ ਕੀੜੇ ਦੇ ਹਮਲੇ ਦਾ ਮੁੱਖ ਲੱਛਣ ਹਮਲੇ ਹੇਠ ਆਏ ਫ਼ਲਾਂ ਚ' ਮਲ-ਮੂਤਰ ਅਤੇ ਰੇਸ਼ਮੀ ਜਾਲਿਆਂ ਦਾ ਲਟਕਣਾ ਹੈ, ਜਿਸ ਨਾਲ ਇਸ ਕੀੜੇ ਦੀ ਪਛਾਣ ਆਸਾਨੀ ਨਾਲ ਹੋ ਜਾਂਦੀ ਹੈ। ਬਾਅਦ ਵਿੱਚ ਹਮਲੇ ਹੇਠ ਆਏ ਫ਼ਲ ਕਾਲ਼ੇ ਹੋ ਜਾਂਦੇ ਹਨ। ਇਹ ਕੀੜਾ ਨਰਮ ਟਾਹਣੀਆਂ ਨੂੰ ਖਾਂਦਾ ਵੀ ਵੇਖਿਆ ਗਿਆ ਹੈ।
ਰੋਕਥਾਮ ਲਈ ਚਾਰ ਕਿਲੋ ਨਿੰਮ ਦੀਆਂ ਕਰੂੰਬਲਾਂ (ਪੱਤੇ, ਹਰੀਆਂ ਟਹਿਣੀਆਂ ਅਤੇ ਨਿਮੋਲੀਆਂ) ਨੂੰ 10 ਲਿਟਰ ਪਾਣੀ ਵਿੱਚ ੩੦ ਮਿੰਟ ਲਈ ਉਬਾਲੋ। ਇਸ ਘੋਲ ਨੂੰ ਕੱਪੜ ਛਾਣ ਕਰ ਲਓ ਅਤੇ ਤਰਲ ਨੂੰ ਸਿਫਾਰਸ਼ ਕੀਤੀ ਮਾਤਰਾ ਮੁਤਾਬਿਕ ਛਿੜਕਾਅ ਕਰੋ।
ਅਮਰੂਦ ਦੀ ਧਾਰੀਆਂ ਵਾਲੀ ਮਿਲ਼ੀਬੱਗ
ਇਹ ਕੀੜਾ ਅਮਰੂਦ ਤੇ ਜੁਲਾਈ ਤੋਂ ਅਕਤੂਬਰ ਤੱਕ ਸਰਗਰਮ ਰਹਿੰਦਾ ਹੈ। ਇਸ ਕੀੜੇ ਦੀ ਮਾਦਾ ਹੀ ਨੁਕਸਾਨ ਕਰਦੀ ਹੈ ਅਤੇ ਇਸ ਮਿਲ਼ੀਬੱਗ ਦੇ ਮਲ-ਮੂਤਰ ਤੇ ਕਾਲੀ ਉੱਲੀ ਜੰਮ ਜਾਂਦੀ ਹੈ, ਜਿਸ ਕਰਕੇ ਬੂਟੇ ਦੇ ਹਮਲੇ ਹੇਠ ਆਏ ਹਿੱਸੇ ਕਾਲੀ ਭਾਅ ਜਿਹੀ ਮਾਰਦੇ ਹਨ। ਇਸ ਕੀੜੇ ਦੇ ਹਮਲੇ ਨਾਲ ਪੱਤੇ ਪੀਲੇ ਹੋ ਕੇ ਝੜ ਜਾਦੇ ਹਨ ਅਤੇ ਫ਼ਲਾਂ ਉੱਪਰ ਵੀ ਝਰੀਟਾਂ ਪੈ ਜਾਂਦੀਆਂ ਹਨ। ਸਰਦੀਆਂ ਦੌਰਾਨ ਇਸ ਕੀੜੇ ਦੀਆਂ ਸਾਰੀਆਂ ਜਾਤੀਆਂ ਸਿਆਲੀ ਨੀਂਦਰ ਲਈ ਨਰਮ ਸ਼ਾਖਾਵਾਂ ਤੇ ਟਹਿਣੀਆਂ ਤੇ ਚਲੀਆਂ ਜਾਂਦੀਆਂ ਹਨ। ਰੋਕਥਾਮ ਲਈ
- ਬਾਗਾਂ ਨੂੰ ਸਾਫ਼ ਸੁਥਰਾ ਰੱਖੋ। ਨਦੀਨਾਂ ਅਤੇ ਘਾਹ ਦੀ ਰੋਕਥਾਮ ਸਮੇਂ-ਸਮੇਂ ਤੇ ਕਰੋ।ਕਿਉਂਕਿ ਨਦੀਨ ਮਿਲੀਬੱਗ ਅਤੇ ਕੀੜੇ-ਕੀੜੀਆਂ ਦੀ ਮੇਜ਼ਬਾਨੀ ਦਾ ਵਿਕਲਪ ਬਣਦੇ ਹਨ।
- ਖੇਤ ਦੀਆਂ ਵੱਟਾਂ/ਬੰਨੇ ਨਦੀਨਾਂ ਅਤੇ ਮਲਬ/ਰਹਿੰਦ-ਖੂੰਹਦ ਤੋਂ ਮੁਕਤ ਰੱਖੋ ਕਿਉਕਿ ਇਹ ਮਿਲ਼ੀਬੱਗ ਦੀ ਮੇਜ਼ਬਾਨੀ ਵਿੱਚ ਸਹਾਇਕ ਹੁੰਦੇ ਹਨ।
- ਕੀੜਿਆਂ ਦੇ ਭੌਣ ਨਸ਼ਟ ਕਰਨ ਲਈ ਭੌਣ ਵਿੱਚ 2.5 ਮਿਲੀਲਿਟਰ ਕਲੋਰਪਾਈਰੀਫੋਸ 20 ਈ.ਸੀ ਪ੍ਰਤੀ ਲਿਟਰ ਜਾਂ 10 ਕਿੱਲੋਗ੍ਰਾਮ ਮੈਲਾਥੀਓਨ 5 ਪ੍ਰਤੀਸ਼ਤ ਦੇ ਧੂੜਾ ਦੀ ਵਰਤੋ ਕਰੋ।
ਮੁਰਝਾਉਣਾ (ਵਿਲਟ)
ਇਸ ਰੋਗ ਦੇ ਲੱਛਣ ਬੂਟਿਆਂ ਦੇ ਮੁੱਢਾਂ ਉੱਤੇ ਉੱਲੀ ਨਾਲ ਹਮਲਾ ਹੋ ਜਾਣ ਤੋਂ ਕਈ ਮਹੀਨੇ ਬਾਅਦ ਪ੍ਰਗਟ ਹੁੰਦੇ ਹਨ। ਹਮਲੇ ਵਾਲਿਆਂ ਬੂਟਿਆਂ ਦੇ ਪੱਤੇ ਵਿਰਲੇ ਤੇ ਪੀਲੇ ਹੋ ਕੇ ਮੁਰਝਾ ਜਾਦੇ ਹਨ। ਟਾਹਣੀਆਂ ਰੋਡੀਆਂ ਹੋ ਜਾਂਦੀਆਂ ਹਨ। ਜੜ੍ਹਾਂ ਦੀ ਛਿੱਲ ਤੇ ਲੱਕੜ ਵਿਚਕਾਰਲੀ ਥਾਂ ਦਾ ਰੰਗ ਬਦਲ ਜਾਂਦਾ ਹੈ। ਦੁਬਾਰਾ ਲਾਏ ਬੂਟੇ ਇਸ ਰੋਗ ਨਾਲ ਮਰਨ ਤੋਂ ਕੁਝ ਵਰ੍ਹੇ ਪਿਹਲਾਂ ਫ਼ਲ ਦਿੰਦੇ ਹਨ।
ਇਸ ਬਿਮਾਰੀ ਦੀ ਰੋਕਥਾਮ ਲਈ
- ਮੁਰਝਾਏ ਹੋਏ ਬੂਟੇ ਨੂੰ ਜੜ੍ਹਾਂ ਸਮੇਤ ਪੱਟ ਕੇ ਮਚਾ ਦਿਉ।
- ਜਿੱਥੋਂ ਮੁਰਝਾਏ ਹੋਏ ਬੂਟੇ ਨੂੰ ਪੱਟਿਆ ਹੈ, ਉਸ ਮਿੱਟੀ ਨੂੰ 2% ਫਾਰਮਾਲੀਨ ਦੇ ਘੋਲ ਨਾਲ ਗਿੱਲੀ ਕਰਕੇ ਉੱਪਰੋਂ ਸਰਕੰਡੇ ਜਾਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ। ਮਿੱਟੀ ਨੂੰ 14 ਦਿਨ ਧੁੱਪ ਲੁਆਉ ਤੇ ਫਿਰ ਅਮਰੂਦ ਦੇ ਸਿਹਤਮੰਦ ਬੂਟੇ ਲਾਉ।
- ਅਮਰੂਦ ਦੇ ਬੂਟੇ ਚੰਗੇ ਜਲ ਨਿਕਾਸ ਵਾਲੀ ਜ਼ਮੀਨ ਵਿੱਚ ਲਾਉ। ਜ਼ਮੀਨ ਬਹੁਤੀ ਭਾਰੀ ਨਾ ਹੋਵੇ ਤਾਂ ਚੰਗਾ ਹੈ।
- ਅਕਤੂਬਰ-ਨਵੰਬਰ ਦੇ ਮਹੀਨਿਆਂ ਵਿੱਚ ਵਿਲਟ ਦੇ ਲੱਛਣ ਦਿਖਾਉਣ ਵਾਲੇ ਬੂਟਿਆਂ ਤੇ ਵਿਲਟ ਦਾ ਪ੍ਰਬੰਧਨ ਕਰਨ ਲਈ ਕੋਬਾਲਟ ਕਲੋਰਾਈਡ (15 ਗ੍ਰਾਮ ਪ੍ਰਤੀ 100 ਲੀਟਰ ਪਾਣੀ) ਦੀ ਸਪਰੇਅ ਕੀਤੀ ਜਾ ਸਕਦੀ ਹੈ।
ਫ਼ਲ ਦਾ ਗਲਣਾ/ਟਾਹਣੀਆਂ ਸੁੱਕਣਾ
ਫ਼ਲਾਂ ਉੱਪਰ ਜ਼ਰਾ ਕੁ ਚਿੱਬ ਵਾਲੇ, ਡੂੰਘੇ ਗੋਲ ਭੁਰੇ ਰੰਗ ਦੇ ਚਟਾਖ਼ ਪੈ ਜਾਂਦੇ ਹਨ। ਦਾਗ ਦੇ ਕੇਂਦਰ ਵਿੱਚ ਗੁਲਾਬੀ ਰੰਗ ਦੇ ਚਿਪਕਵੇਂ ਜਿਹੇ ਕਿਟਾਣੂੰ ਜਮ੍ਹਾਂ ਹੋ ਜਾਂਦੇ ਹਨ। ਇਹ ਉੱਲੀ ਬਰਸਾਤ ਵਿੱਚ ਛੋਟੇ ਬੂਟੇ ਦੀਆਂ ਸ਼ਾਖਾਂ ਤੇ ਪੱਤਿਆਂ ਉੱਪਰ ਵੀ ਹਮਲਾ ਕਰਦੀ ਹੈ। ਇਸ ਵੱਜੋਂ ਕਰੂੰਬਲਾਂ ਸੁੱਕ ਜਾਦੀਆਂ ਹਨ।
ਇਸ ਬਿਮਾਰੀ ਦੀ ਰੋਕਥਾਮ ਲਈ
• ਬੂਟਿਆਂ ਦੇ ਦੌਰਾਂ ਵਿੱਚ ਮੀਂਹ ਜਾਂ ਸਿੰਚਾਈ ਦਾ ਪਾਣੀ ਖੜ੍ਹਾ ਨਾ ਰਹਿਣ ਦਿਉ। ਰੋਗੀ ਫ਼ਲ ਤੇ ਸੁੱਕੀਆਂ ਸ਼ਾਖਾਂ ਕੱਟ ਸੁੱਟੋ। ਇਸ ਪਿੱਛੋਂ ਬੂਟਿਆਂ ਉੱਪਰ 300 ਗ੍ਰਾਮ ਬਲਾਈਟੌਕਸ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕੋ।
• ਗਲੇ ਫ਼ਲਾਂ ਨੂੰ ਧਰਤੀ ਹੇਠ ਡੂੰਘੇ ਦੱਬ ਦਿਉ। ਫ਼ਲਾਂ ਨੂੰ ਸੱਟ/ਚੋਟ ਤੋਂ ਬਚਾਉ।
ਸਰੋਤ: ਹਰਜੋਤ ਸਿੰਘ ਸੋਹੀ1 ਅਤੇ ਸੁਖਜਿੰਦਰ ਸਿੰਘ ਮਾਨ2
ਕ੍ਰਿਸ਼ੀ ਵਿਗਿਆਨ ਕੇਂਦਰ (ਬਰਨਾਲਾ1 ਅਤੇ ਸ਼੍ਰੀ ਮੁਕਤਸਰ ਸਾਹਿਬ2)
Summary in English: Increase Crop Diversity through Guava Cultivation in Punjab Know Recommended Advanced Varieties and Fertilizer Details