
Cultivation of Chrysanthemums: ਪਿਛਲੇ ਕੁਝ ਸਾਲਾਂ ਵਿੱਚ ਸ਼ਹਿਰਾਂ ਦੇ ਆਲੇ-ਦੁਆਲੇ ਦੇ ਕਿਸਾਨ ਵਪਾਰਕ ਤੌਰ 'ਤੇ ਫੁੱਲਾਂ ਦੀ ਖੇਤੀ ਨੂੰ ਅਪਣਾ ਰਹੇ ਹਨ। ਇਹਨਾਂ ਫੁੱਲਾਂ ਦੀ ਵਰਤੋਂ ਸਾਡੇ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿੱਚ ਅੱਜ-ਕੱਲ ਬਹੁਤ ਆਮ ਹੋ ਗਈ ਹੈ। ਜਿਸ ਕਾਰਨ ਦਿਨ-ਬ-ਦਿਨ ਫੁੱਲਾਂ ਦੀ ਮੰਗ ਵਧਦੀ ਜਾ ਰਹੀ ਹੈ।
ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚ ਫੁੱਲਾਂ ਹੇਠ ਰਕਬਾ ਔਸਤਨ ਵਧਿਆ ਹੈ ਜਿਸ ਕਰਕੇ ਸਾਡੇ ਕਿਸਾਨ ਵੀਰਾਂ ਦਾ ਰੁਝਾਨ ਫੁੱਲਾਂ ਦੀ ਕਾਸ਼ਤ ਵੱਲ ਵੱਧ ਰਿਹਾ ਹੈ। ਫੁੱਲਾਂ ਦੀ ਕਾਸ਼ਤ ਨਾਲ ਹੋਰ ਫ਼ਸਲਾਂ ਦੇ ਮੁਕਾਬਲੇ ਜ਼ਿਆਦਾ ਮੁਨਾਫਾ ਲਿਆ ਜਾ ਸਕਦਾ ਹੈ।
ਗੁਲਦਾਉਦੀ ਇੱਕ ਅਜਿਹਾ ਖ਼ੂਬਸੂਰਤ ਫੁੱਲ ਹੈ ਜੋ ਕਿ ਵੱਖ-ਵੱਖ ਰੰਗਾਂ, ਕਿਸਮਾਂ ਅਤੇ ਮੰਤਵਾਂ ਲਈ ਪੂਰੇ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ।ਹੋਰਨਾਂ ਫੁੱਲਾਂ ਦੇ ਮੁਕਾਬਲੇ ਇਹ ਇੱਕ ਅਜਿਹੀ ਫ਼ਸਲ ਹੈ ਜਿਸ ਵਿੱਚ ਬਹੁਤ ਜ਼ਿਆਦਾ ਭਿੰਨਤਾ ਪਾਈ ਜਾਂਦੀ ਹੈ। ਇਸ ਫ਼ਸਲ ਦੀਆਂ ਕਲਮਾਂ ਬਣਾ ਕੇ ਅਤੇ ਗਮਲੇ ਤਿਆਰ ਕਰਕੇ ਵੇਚਣ ਨਾਲ ਚੰਗਾ ਮੁਨਾਫ਼ਾ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਖੇਤਾਂ ਵਿੱਚ ਲਗਾਉਣ ਵਾਲੀਆਂ ਕਿਸਮਾਂ ਤੋਂ ਫੁੱਲ ਖਿੜਣ ਤੇ ਤੋੜ ਕੇ ਡੰਡੀਦਾਰ ਅਤੇ ਡੰਡੀ ਰਹਿਤ ਕਿਸਮਾਂ ਮੰਡੀਆਂ ਵਿੱਚ ਵੇਚ ਕੇ ਚੰਗੀ ਆਮਦਨ ਲਈ ਜਾ ਸਕਦੀ ਹੈ। ਆਮ ਤੌਰ ਤੇ ਜੜ੍ਹਦਾਰ ਕਲਮਾਂ 8-10 ਰੁਪਏ/ਕਲਮ ਦੇ ਹਿਸਾਬ ਨਾਲ ਅਤੇ ਗੁਲਦਾਉਦੀ ਦਾ ਗਮਲਾ 100-400 ਰੁਪਏ ਪ੍ਰਤੀ ਗਮਲਾ ਦੇ ਹਿਸਾਬ ਨਾਲ ਵੇਚਿਆ ਜਾ ਸਕਦਾ ਹੈ। ਇਸ ਤੋਂ ਬਿਨ੍ਹਾਂ ਡੰਡੀਦਾਰ ਕਿਸਮਾਂ ਦੀਆਂ 10 ਡੰਡੀਆਂ ਦਾ ਗੁੱਛਾ 150-300 ਰੁਪਏ ਅਤੇ ਡੰਡੀ ਰਹਿਤ ਕਿਸਮਾਂ ਦੇ ਖੁੱਲ੍ਹੇ ਫੁੱਲ 40- 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮੰਡੀ ਵਿੱਚ ਵੇਚੇ ਜਾ ਸਕਦੇ ਹਨ।
ਗੁਲਦਾਉਦੀ ਦੇ ਫੁੱਲ ਆਮ ਤੌਰ ਤੇ ਨਵੰਬਰ ਤੋਂ ਦਸੰਬਰ ਮਹੀਨੇ ਵਿੱਚ ਖਿੜਦੇ ਹਨ। ਇਹ ਫੁੱਲ ਆਮ ਲੋਕਾਂ ਵਿੱਚ ਹਰਮਨ ਪਿਆਰਾ ਹੋਣ ਕਰਕੇ ਦਸੰਬਰ ਦੇ ਮਹੀਨੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ 'ਗੁਲਦਾਉਦੀ ਸ਼ੋਅ' ਵੀ ਕਰਵਾਏ ਜਾਂਦੇ ਹਨ। ਪੀ.ਏ.ਯੂ. ਲੁਧਿਆਣਾ ਰਾਹੀਂ ਵੀ ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਇਹ ਸ਼ੋਅ ਲਗਾਇਆ ਜਾਂਦਾ ਹੈ ਜੋ ਕਿ ਆਮ ਲੋਕਾਂ, ਕਿਸਾਨਾਂ, ਫੁੱਲ ਉਗਾਉਣ ਵਾਲਿਆਂ ਲਈ ਖ਼ਾਸ ਖਿੱਚ ਦਾ ਕੇਂਦਰ ਬਣਦਾ ਹੈ। ਇਸ ਸ਼ੋਅ ਦੌਰਾਨ ਫੁੱਲ ਪ੍ਰੇਮੀ ਇਹਨਾਂ ਫੁੱਲਾਂ ਦਾ ਅਨੰਦ ਵੀ ਮਾਣਦੇ ਹਨ ਅਤੇ ਫੁੱਲਾਂ ਦੇ ਗਮਲੇ ਵੀ ਖਰੀਦਦੇ ਹਨ।
ਗੁਲਦਾਉਦੀ ਨੂੰ ਆਮ ਤੌਰ ਤੇ ਮੁੱਖ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ, ਵੱਡੇ ਫੁੱਲਾਂ ਵਾਲੀਆਂ ਕਿਸਮਾਂ (ਜਪਾਨੀ-ਸਟੈਂਡਰਡ) ਅਤੇ ਛੋਟੇ ਫੁੱਲਾਂ ਵਾਲੀਆਂ ਕਿਸਮਾਂ (ਕੋਰੀਅਨ-ਸਪ੍ਰੇ)। ਗੁਲਦਾਉਦੀ ਦੇ ਫੁੱਲ ਭਾਵੇਂ ਨਵੰਬਰ-ਦਸੰਬਰ ਵਿੱਚ ਖਿੜਦੇ ਹਨ, ਪਰ ਜੂਨ-ਜੁਲਾਈ ਦੇ ਮਹੀਨੇ ਵਿੱਚ ਕਲਮਾਂ ਦੀ ਤਿਆਰੀ ਦਾ ਕੰਮ ਸ਼ੁਰੂ ਕੀਤਾ ਜਾਂਦਾ ਹੈ। ਇਹਨਾਂ ਕਲਮਾਂ ਨੂੰ ਮੌਸਮ ਅਤੇ ਹਵਾ ਵਿਚ ਨਮੀ ਦੀ ਮਾਤਰਾ ਅਨੁਸਾਰ ਅੱਧ ਜੂਨ ਤੋਂ ਜੁਲਾਈ ਦੇ ਅੰਤ ਤੱਕ ਸਿਿਰਆਂ ਦੀਆਂ 5-7 ਸੈ:ਮੀ: ਕਲਮਾਂ ਲੈ ਕੇ ਰੇਤਾ ਜਾਂ ਫਿਰ ਝੋਨੇ ਦੀ ਸੜੀ ਹੋਈ ਫੱਕ ਵਿੱਚ ਲਗਾਇਆ ਜਾਂਦਾ ਹੈ ਅਤੇ ਕਿਸੇ ਠੰਡੀ ਥਾਂ ਜਾਂ ਛਾਂਦਾਰ ਜਾਲੀ ਹੇਠਾ ਰੱਖਿਆ ਜਾਂਦਾ ਹੈ। ਦਿਨ ਵਿੱਚ ਦੋ ਵਾਰ ਪਾਣੀ ਦੇਣ ਨਾਲ ਨਮੀ ਬਰਕਰਾਰ ਰਹਿੰਦੀ ਹੈ ਅਤੇ 15-20 ਦਿਨਾਂ ਬਾਅਦ ਇਹਨਾਂ ਕਲਮਾਂ ਵਿੱਚ ਜੜ੍ਹਾ ਬਣ ਜਾਂਦੀਆਂ ਹਨ।
ਇਹ ਵੀ ਪੜ੍ਹੋ: Punjab ਦੇ ਕਿਸਾਨਾਂ ਨੂੰ ਸਲਾਹ, Dr. Sukhdeep Singh Hundal ਨੇ ਸਾਂਝੇ ਕੀਤੇ ਅਗਸਤ ਮਹੀਨੇ ਦੇ ਬਾਗਬਾਨੀ ਰੁਝੇਂਵੇਂ
ਮਧਰੀਆਂ ਕਿਸਮਾਂ ਦੀਆਂ ਜੜ੍ਹਦਾਰ ਕਲਮਾਂ ਗਮਲਿਆਂ ਵਿੱਚ ਅਗਸਤ ਦੇ ਪਹਿਲੇ ਹਫ਼ਤੇ ਤੋਂ ਮੱਧ ਤੱਕ ਲਗਾਈਆਂ ਜਾਂਦੀਆਂ ਹਨ ਅਤੇ ਇਹਨਾਂ ਦੀ ਚੰਗੀ ਦੇਖਭਾਲ ਕੀਤੀ ਜਾਂਦੀ ਹੈ ਤਾਂ ਜੋ ਗਮਲਾ ਭਰਵਾਂ ਬਣੇ ਅਤੇ ਚੰਗੀ ਕੀਮਤ ਤੇ ਵੇਚਿਆ ਜਾ ਸਕੇ। 8 ਇੰਚ ਦੇ ਗਮਲੇ ਵਿੱਚ ਸਟੈਂਡਰਡ ਕਿਸਮਾਂ ਦੀ ਇੱਕ ਕਲਮ ਅਤੇ ਸਪ੍ਰੇ ਕਿਸਮਾਂ ਦੀਆਂ 3 ਕਲਮਾਂ ਲਗਾ ਕੇ ਬਹੁਤ ਵਧੀਆ ਗਮਲੇ ਤਿਆਰ ਕੀਤੇ ਜਾ ਸਕਦੇ ਹਨ।ਬੂਟਿਆਂ ਦੇ ਸਹੀ ਵਾਧੇ ਲਈ 2 ਹਿੱਸੇ ਮਿੱਟੀ, 1 ਹਿੱਸਾ ਰੇਤ, 1 ਹਿੱਸਾ ਪੱਤਿਆਂ ਵਾਲੀ ਖਾਦ ਜਾਂ 1 ਹਿੱਸਾ ਗਲੀ ਸੜੀ ਰੂੜੀ ਖਾਦ ਨਾਲ ਗਮਲੇ ਭਰੇ ਜਾ ਸਕਦੇ ਹਨ। ਕੁਝ ਕਿਸਮਾਂ ਡੰਡੀਦਾਰ ਅਤੇ ਡੰਡੀ ਰਹਿਤ ਫੁੱਲਾਂ ਦੇ ਉਤਪਾਦਨ ਲਈ ਵਰਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਵਰਤੋਂ ਗੁਲਦਸਤੇ ਬਣਾਉਣ ਵਿਚ ਅਤੇ ਹਾਰ ਬਣਾਉਣ ਵਿੱਚ ਕੀਤੀ ਜਾਂਦੀ ਹੈ। ਇਹਨਾਂ ਕਿਸਮਾਂ ਨੂੰ ਖੇਤਾਂ ਵਿੱਚ ਲਗਾ ਕੇ ਚੰਗੀ ਆਮਦਨ ਲਈ ਜਾ ਸਕਦੀ ਹੈ।
ਗਮਲਿਆਂ ਅਤੇ ਖੇਤਾਂ ਵਿੱਚ ਬੂਟੇ ਲਾਉਣ ਤੋਂ 4 ਅਤੇ 7 ਹਫ਼ਤੇ ਬਾਅਦ ਬੂਟਿਆਂ ਨੂੰ ਸਿਰੇ ਤੋਂ ਤੋੜ ਦੇਣਾ ਚਾਹੀਦਾ ਹੈ ਤਾਂ ਕਿ ਬੂਟੇ ਜ਼ਿਆਦਾ ਫੈਲ ਸਕਣ ਅਤੇ ਫੁੱਲਾਂ ਦੀ ਗਿਣਤੀ ਵਧਣ ਨਾਲ ਗਮਲਾ ਭਰਵਾਂ ਨਜ਼ਰ ਆਏ। ਇਸ ਤੋਂ ਇਲਾਵਾ ਖੇਤਾਂ ਵਿੱਚ ਲਗਾਈਆਂ ਕਿਸਮਾਂ ਵਿੱਚ ਵੀ ਇਸ ਕਿਰਿਆ ਨਾਲ ਫੁੱਲਾਂ ਦੀ ਗਿਣਤੀ ਵੱਧ ਜਾਂਦੀ ਹੈ। ਵੱਡੇ ਫੁੱਲਾਂ ਵਾਲੀਆਂ ਕਿਸਮਾਂ (ਜਾਪਾਨੀ) ਜੋ ਕਿ ਗਮਲਿਆਂ ਵਿੱਚ ਇੱਕ ਵੱਡੇ ਅਕਾਰ ਦੇ ਫੁੱਲ ਲੈਣ ਲਈ ਲਗਾਈਆਂ ਜਾਂਦੀਆਂ ਹਨ, ਇਹਨਾਂ ਕਿਸਮਾਂ ਵਿਚ ਸਿਰੇ ਦੀ ਇੱਕ ਚੰਗੀ ਸਿਹਤਮੰਦ ਫੁੱਲ ਦੀ ਡੋਡੀ ਛੱਡ ਕੇ ਬਾਕੀ ਸਾਰੀਆਂ ਤੋੜ ਦਿੱਤੀਆਂ ਜਾਂਦੀਆਂ ਹਨ। ਇਹ ਕਿਰਿਆ ਲਗਾਉਣ ਤੋਂ ਇਕ ਮਹੀਨੇ ਬਾਅਦ ਅਤੇ ਫਿਰ ਮਹੀਨੇ ਦੇ ਫਾਸਲੇ ਤੇ ਦੁਹਰਾਈ ਜਾਂਦੀ ਹੈ ਤਾਂ ਕਿ ਵੱਡੇ ਅਕਾਰ ਦਾ ਸਿਰੇ ਦਾ ਇੱਕ ਫੁੱਲ ਲਿਆ ਜਾ ਸਕੇ।
ਇਹ ਵੀ ਪੜ੍ਹੋ: Gardening Tips: ਹੁਣ ਘਰ ਦੇ ਗਮਲੇ ਵਿੱਚ ਹੀ ਲਾਓ ਅੰਬ, ਦਿਨਾਂ 'ਚ ਤਿਆਰ ਹੋ ਜਾਣਗੀਆਂ ਇਹ ਕਿਸਮਾਂ

ਇਹ ਬੂਟੇ ਸਤੰਬਰ-ਅਕਤੂਬਰ ਤੱਕ ਵਧਦੇ ਰਹਿੰਦੇ ਹਨ ਅਤੇ ਅਕਤੂਬਰ-ਨਵੰਬਰ ਦੇ ਮਹੀਨੇ ਵਿੱਚ ਇਹਨਾਂ ਕਿਸਮਾਂ ਵਿੱਚ ਫੁੱਲਾਂ ਦੀਆਂ ਡੋਡੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ। ਗਮਲਿਆਂ ਵਿੱਚ ਲੱਗੇ ਬੂਟਿਆਂ ਨੂੰ ਸੋਟੀਆਂ ਅਤੇ ਧਾਗੇ ਨਾਲ ਬੰਨ੍ਹਕੇ ਸਹਾਰਾ ਦਿੱਤਾ ਜਾਂਦਾ ਹੈ ਤਾਂ ਕਿ ਟਾਹਣੀਆਂ ਪਾਸਿਆਂ ਨੂੰ ਨਾ ਡਿੱਗਣ ਅਤੇ ਚੰਗੇ ਫੁੱਲ ਪੈਦਾ ਹੋ ਸਕਣ। ਜਪਾਨੀ ਕਿਸਮਾਂ ਵਿੱਚ ਸਿਰਫ ਇੱਕ ਅਤੇ ਕੋਰੀਅਨ ਕਿਸਮਾਂ ਵਿੱਚ 3-4 ਸਹਾਰੇ ਦਿੱਤੇ ਜਾ ਸਕਦੇ ਹਨ। ਇਹ ਗਮਲੇ ਜਦੋਂ ਪੂਰੀ ਤਰ੍ਹਾਂ ਫੁੱਲ ਦੀਆਂ ਡੋਡੀਆਂ ਨਾਲ ਭਰ ਜਾਂਦੇ ਹਨ ਤਾਂ ਇਹ ਵੇਚਣ ਲਈ ਤਿਆਰ ਹੋ ਜਾਂਦੇ ਹਨ।
ਗਮਲਿਆਂ ਵਿੱਚ ਫੁੱਲਾਂ ਦਾ ਥੋੜ੍ਹਾ ਜਿਹਾ ਰੰਗ ਨਜ਼ਰ ਆਉਣ ਤੇ ਖਰੀਦਦਾਰ ਇਹਨਾਂ ਗਮਲਿਆਂ ਨੂੰ ਖਰੀਦ ਸਕਦੇ ਹਨ ਅਤੇ ਲਗਭਗ 1-11/2 ਮਹੀਨੇ ਤੱਕ ਇਹਨਾਂ ਫੁੱਲਾਂ ਦੇ ਖਿੜਨ ਦਾ ਆਨੰਦ ਮਾਣ ਸਕਦੇ ਹਨ। ਜਿਵੇਂ-ਜਿਵੇਂ ਸ਼ਹਿਰੀਕਰਨ ਵਧਦਾ ਜਾ ਰਿਹਾ ਹੈ, ਇਹਨਾਂ ਗਮਲਿਆਂ ਦੀ ਮੰਗ ਵਧਦੀ ਜਾ ਰਹੀ ਹੈ, ਇਸ ਮੰਗ ਨੂੰ ਪੂਰਾ ਕਰਨ ਲਈ ਲੋੜ ਮੁਤਾਬਕ ਗਮਲੇ ਤਿਆਰ ਕਰਕੇ ਵੇਚੇ ਜਾ ਸਕਦੇ ਹਨ ਅਤੇ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
ਬੂਟਿਆਂ ਨੂੰ ਗਲਣ-ਸੜਨ ਅਤੇ ਹੋਰ ਬਿਮਾਰੀਆਂ ਤੋਂ ਬਚਾਉਣ ਲਈ, ਕਲਮਾਂ ਲਗਾਉਣ ਸਮੇਂ, ਖੇਤਾਂ ਅਤੇ ਗਮਲਿਆਂ ਵਿਚ ਬਦਲਣ ਅਤੇ ਵਾਧੇ ਦੇ ਦੌਰਾਨ ਉਲੀਨਾਸ਼ਕ ਦਵਾਈਆਂ ਦਾ ਲੋੜ ਮੁਤਾਬਕ ਸਪ੍ਰੇ ਕਰਨਾ ਚਾਹੀਦਾ ਹੈ।ਦਸੰਬਰ ਮਹੀਨੇ ਦੇ ਅੰਤ ਵਿੱਚ ਜਦੋਂ ਫੁੱਲ ਸੁੱਕ ਜਾਂਦੇ ਹਨ ਤਾਂ ਇਹਨਾਂ ਸੁੱਕੀਆਂ ਡੰਡੀਆਂ ਨੂੰ ਕੱਟ ਦਿੱਤਾ ਜਾਂਦਾ ਹੈ। ਫ਼ਰਵਰੀ ਦੇ ਮਹੀਨੇ ਵਿੱਚ ਜਦੋਂ ਤਾਪਮਾਨ ਥੋੜ੍ਹਾ ਗਰਮ ਹੁੰਦਾ ਹੈ, ਇਹ ਬੂਟੇ ਨਵਾਂ ਫੁਟਾਰਾ ਲੈਂਦੇ ਹਨ। ਜਿਨ੍ਹਾਂ ਨੂੰ ਨਿਖੇੜ ਕੇ ਉੱਚੀਆਂ ਕਿਆਰੀਆਂ ਤੇ ਲਗਾਇਆ ਜਾਂਦਾ ਹੈ ਅਤੇ ਜੂਨ ਮਹੀਨੇ ਤੱਕ ਇਹਨਾਂ ਬੂਟਿਆਂ ਦੀ ਸਮੇਂ ਸਿਰ ਪਾਣੀ ਅਤੇ ਖਾਦ ਪਾ ਕੇ ਚੰਗੀ ਦੇਖਭਾਲ ਕੀਤੀ ਜਾਂਦੀ ਹੈ ਤਾਂ ਕਿ ਜੂਨ ਜੁਲਾਈ ਵਿੱਚ ਇਹਨਾਂ ਬੂਟਿਆਂ ਤੋਂ ਸਿਹਤਮੰਦ ਕਲਮਾਂ ਲਈਆਂ ਜਾ ਸਕਣ। ਅਪ੍ਰੈਲ-ਮਈ ਦੀ ਸਿੱਧੀ ਧੁੱਪ ਤੋਂ ਬਚਾਉਣ ਲਈ ਇਹਨਾਂ ਨੂੰ ਛਾਂਦਾਰ ਜਾਲੀ ਨਾਲ ਵੀ ਢੱਕਿਆ ਜਾਂਦਾ ਹੈ ਤਾਂ ਜੋ ਧੁੱਪ ਦਾ ਅਸਰ ਘੱਟ ਹੋ ਸਕੇ ਅਤੇ ਬੂਟੇ ਵਧੀਆ ਤਰੀਕੇ ਨਾਲ ਵਧ-ਫੁੱਲ ਸਕਣ।
ਪੀ.ਏ.ਯੂ. ਲੁਧਿਆਣਾ ਦੁਆਰਾ ਵੱਖ-ਵੱਖ ਮੰਤਵਾਂ ਲਈ ਸਿਫਾਰਿਸ਼ ਕੀਤੀਆਂ ਕਿਸਮਾਂ:
1. ਗਮਲਿਆਂ ਲਈ ਕਿਸਮਾਂ: ਪੰਜਾਬ ਗੁਲ-ਏ-ਸਾਹਿਰ (ਪੀਲਾ), ਪੰਜਾਬ ਅਨੁਰਾਧਾ (ਪੀਲਾ), ਮਦਰ ਟੈਰੇਸਾ (ਸਫੈਦ ਕਰੀਮ), ਪੰਜਾਬ ਗੋਲਡ (ਪੀਲਾ), ਰੋਆਇਲ ਪਰਪਲ (ਗੁਲਾਬੀ), ਅਨਮੋਲ (ਪੀਲਾ)
2. ਡੰਡੀ ਰਹਿਤ ਕਿਸਮਾਂ: ਪੰਜਾਬ ਸ਼ਿੰਗਾਰ (ਸਫੈਦ), ਬੱਗੀ (ਸਫੈਦ), ਰਤਲਾਮ ਸਿਲੈਕਸ਼ਨ (ਕਰੀਮ)।
3. ਡੰਡੀਦਾਰ ਕਿਸਮਾਂ: ਪੰਜਾਬ ਸ਼ਿਆਮਲੀ (ਜਾਮਣੀ ਅਤੇ ਗੂੜ੍ਹਾ ਜਾਮਣੀ ਕੇਂਦਰ), ਰੀਗਨ ਵ੍ਹਾਈਟ (ਸਫੈਦ)।
ਸਰੋਤ:
ਡਾ. ਮਧੂ ਬਾਲਾ
ਸਾਂਇਟਿਸਟ (ਫਲੋਰੀਕਲਚਰ ਅਤੇ ਲੈਂਡਸਕੇਪਿੰਗ)
ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ,
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ।
ਡਾ. ਪਰਮਿੰਦਰ ਸਿੰਘ
ਪ੍ਰੋਫੈਸਰ ਅਤੇ ਮੁਖੀ (ਫਲੋਰੀਕਲਚਰ ਅਤੇ ਲੈਂਡਸਕੇਪਿੰਗ)
ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ,
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ।
Summary in English: Profitable Business: Cultivation of Chrysanthemums, 'Guldaudi cultivation' is more profitable for farmers than wheat and paddy