
ਹੁਣ ਵੱਡੇ ਆਰਥਿਕ ਨੁਕਸਾਨ ਤੋਂ ਬਚ ਸਕਦੇ ਹਨ ਬਾਗਬਾਨ
Summer Seasonal Fruits: ਜ਼ਿਆਦਾ ਗਰਮੀ ਕਰਕੇ ਅੰਬ, ਨਿੰਬੂ, ਅਨਾਰ, ਲੀਚੀ ਅਤੇ ਅਮਰੂਦਾਂ ਦੇ ਫਲ ਫਟ ਜਾਂਦੇ ਹਨ। ਜਿਸ ਕਰਕੇ ਬਾਗਬਾਨ ਅਤੇ ਘਰੇਲੂ ਪੱਧਰ ਤੇ ਕਾਫੀ ਆਰਥਿਕ ਨੁਕਸਾਨ ਹੁੰਦਾ ਹੈ। ਫਟੇ ਹੋਏ ਫਲਾਂ ਕਰਕੇ ਮੰਡੀ ਵਿਚ ਸਹੀ ਮੁੱਲ ਨਹੀਂ ਮਿਲਦਾ। ਕਈ ਵਾਰ ਫਟੇ ਹੋਏ ਫਲਾਂ ਵਿਚ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਵੀ ਹੋ ਜਾਂਦਾ ਹੈ ਅਤੇ ਫਲ ਜਲਦੀ ਗਲ੍ਹ ਜਾਂਦੇ ਹਨ।
ਜ਼ਿਆਦਾਤਰ ਫਲ ਫੁਟਣ ਦੀ ਸਮੱਸਿਆ ਗਰਮ ਖੁਸ਼ਕ ਇਲਾਕਿਆਂ ਵਿਚ ਜ਼ਿਆਦਾ ਆਉਂਦੀ ਹੈ ਅਤੇ ਘਰੇਲੂ ਪੱਧਰ ਤੇ ਇਹ ਸਮੱਸਿਆ ਉਸ ਸਮੇਂ ਜ਼ਿਆਦਾ ਮਹਿਸੂਸ ਹੁੰਦੀ ਹੈ ਜਦੋਂ ਫਲਦਾਰ ਬੂਟੇ ਘਰ ਦੀਆਂ ਦੀਵਾਰਾਂ ਦੇ ਨੇੜੇ ਲਗਾਏ ਜਾਂਦੇ ਹਨ। ਇਸ ਲਈ ਫਲਦਾਰ ਬੂਟੇ ਲਗਾਉਣ ਸਮੇਂ ਬਾਗਬਾਨੀ ਵਿਭਾਗ ਪੰਜਾਬ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾਂ ਜ਼ਿਲ੍ਹੇ ਦੇ ਕੇ.ਵੀ.ਕੇ. ਵਿਖੇ ਬਾਗਬਾਨੀ ਮਾਹਰਾਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਫਲਦਾਰ ਬੂਟੇ ਪੀ.ਏ.ਯੂ., ਲੁਧਿਆਣਾ ਦੀਆਂ ਸਿਫਾਰਿਸ਼ਾਂ ਅਨੁਸਾਰ ਇਲਾਕੇ ਵਾਈਜ਼ ਲਗਾਏ ਜਾਣੇ ਚਾਹੀਦੇ ਹਨ।
ਫਲ ਫਟਣ ਦੇ ਮੁੱਖ ਕਾਰਨ
ਗਰਮੀਆਂ ਵਿਚ ਫਲ ਫਟਣ ਦੇ ਮੁੱਖ ਕਾਰਨ ਮਈ-ਜੂਨ ਮਹੀਨੇ ਪੈਣ ਵਾਲੀ ਗਰਮੀ ਹੈ ਜਦੋਂ ਤਾਪਮਾਨ 38-42 ਡਿਗਰੀ ਸੈਂਟੀਗਰੇਡ ਤੱਕ ਪਹੁੰਚ ਜਾਂਦਾ ਹੈ। ਇਸ ਸਮੇਂ ਦੌਰਾਨ ਜ਼ਮੀਨ ਅਤੇ ਬੂਟਿਆਂ ਤੋਂ ਪਾਣੀ ਦਾ ਵਾਸ਼ਪੀਕਰਨ ਬਹੁਤ ਹੁੰਦਾ ਹੈ। ਪਾਣੀ ਦੀ ਘਾਟ ਕਰਕੇ ਫਲ ਦਾ ਛਿਲਕਾ ਸਖਤ ਹੋ ਜਾਂਦਾ ਹੈ। ਜਦੋਂ ਅਸੀਂ ਇਕ ਦਮ ਜ਼ਿਆਦਾ ਪਾਣੀ ਦਿੰਦੇ ਹਾਂ ਜਾਂ ਬਾਰਸ਼ ਕਰਕੇ ਪਾਣੀ ਜ਼ਿਆਦਾ ਪੌਦਿਆਂ ਨੂੰ ਆ ਜਾਂਦਾ ਹੈ ਤਾਂ ਉਸ ਸਮੇਂ ਪੌਦਿਆਂ ਦੀਆਂ ਜੜ੍ਹਾਂ ਪਾਣੀ ਜ਼ਿਆਦਾ ਮਾਤਰਾ ਵਿਚ ਆਪਣੇ ਵਿਚ ਸਮਾ ਲੈਂਦੀਆਂ ਹਨ ਜਿਸ ਕਰਕੇ ਫਲ ਵਿਚ ਗੁੱਦਾ ਇਕ ਦਮ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਛਿਲਕਾ ਸਖਤ ਹੋਣ ਕਰਕੇ ਫਟ ਜਾਂਦਾ ਹੈ।
ਫਲ ਫਟਣ ਦਾ ਦੂਜਾ ਮੁੱਖ ਕਾਰਨ ਖੁਰਾਕੀ ਤੱਤਾਂ ਦੀ ਘਾਟ ਹੁੰਦੀ ਹੈ ਜਿਵੇਂ ਕੈਲਸ਼ੀਅਮ, ਪੋਟਾਸ਼ੀਅਮ ਅਤੇ ਬੋਰਾਨ। ਜ਼ਿਆਦਾਤਰ ਖੁਰਾਕੀ ਤੱਤਾਂ ਦੀ ਘਾਟ ਰੇਤਲੀਆਂ ਜ਼ਮੀਨਾਂ ਵਿਚ ਜ਼ਿਆਦਾ ਹੁੰਦੀ ਹੈ। ਘਰੇਲੂ ਪੱਧਰ ਉੱਤੇ ਵੀ ਘਰਾਂ ਵਿਚ ਰੇਤਲੀ ਮਿੱਟੀ ਦੇ ਭਰਤ ਪਾਏ ਹੁੰਦੇ ਹਨ ਜਿਸ ਕਰਕੇ ਇਹ ਸਮੱਸਿਆ ਆਉਂਦੀ ਹੈ।
ਉਕਤ ਤੋਂ ਇਲਾਵਾ ਤੀਸਰਾ ਕਾਰਨ ਫਲਦਾਰ ਬੂਟਿਆਂ ਉੱਤੇ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਹੋਣਾ। ਅੰਬ, ਅਨਾਰ, ਲੀਚੀ, ਅਮਰੂਦ ਅਤੇ ਨਿੰਬੂ ਜਾਤੀ ਦੇ ਫਲਦਾਰ ਬੂਟਿਆਂ ਦਾ ਫਲ ਫਟਣ ਤੋਂ ਬਚਾਅ ਲਈ ਹੇਠ ਲਿਖੇ ਉਪਰਾਲੇ ਕਰਨੇ ਚਾਹੀਦੇ ਹਨ:
1. ਅਪ੍ਰੈਲ, ਮਈ ਅਤੇ ਜੂਨ ਮਹੀਨਿਆਂ ਵਿਚ ਉਕਤ ਫਲਦਾਰ ਬੂਟਿਆਂ ਦੀ ਸਿੰਚਾਈ ਨਿਯਮਤ ਤੌਰ ਕਰਨੀ ਚਾਹੀਦੀ ਹੈ ਜਿਵੇਂ ਅਮਰੂਦ ਅਤੇ ਨਿੰਬੂ ਜਾਤੀ ਦੇ 3-4 ਸਾਲ ਉਮਰ ਦੇ ਬੂਟਿਆਂ ਨੂੰ ਇਕ ਹਫਤੇ ਬਾਦ ਅਤੇ ਪੁਰਾਣੇ ਬੂਟਿਆਂ ਨੂੰ 15 ਦਿਨਾਂ ਬਾਦ ਪਾਣੀ ਦੇਣਾ ਯਕੀਨੀ ਬਣਾਇਆ ਜਾਵੇ। ਫਲ ਦੇਣ ਵਾਲ ਅੰਬਾਂ ਅਤੇ ਅਨਾਰ ਦੇ ਬੂਟਿਆਂ ਨੂੰ 10-12 ਦਿਨਾਂ ਪਾਣੀ ਦੇਣਾ ਚਾਹੀਦਾ ਹੈ। ਲੀਚੀ ਦੇ ਬੂਟਿਆਂ ਨੂੰ ਮਈ-ਜੂਨ ਮਹੀਨੇ ਹਫਤੇ ਵਿਚ 2 ਵਾਰ ਪਾਣੀ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤਾਂ ਕਿ ਫਲ ਫਟਣ ਦੀ ਸਮੱਸਿਆ ਨਾ ਆਵੇ। ਜੇਕਰ ਇਸ ਸਮੇਂ ਦੌਰਾਨ ਬਾਰਸ਼ ਪੈ ਜਾਂਦੀ ਹੈ ਤਾਂ ਸਿੰਚਾਈ ਤੋਂ ਪ੍ਰਹੇਜ਼ ਕੀਤਾ ਜਾ ਸਕਦਾ ਹੈ।
ਫਲ ਫਟਣ ਤੋਂ ਰੋਕਣ ਲਈ ਸਵੇਰੇ ਸ਼ਾਮ ਪਾਣੀ ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ। ਜਿਥੋਂ ਤੱਕ ਹੋ ਸਕੇ ਫਲਦਾਰ ਬੂਟੇ ਦੀਵਾਰ ਤੋਂ 10-12 ਫੁੱਟ ਦੀ ਦੂਰੀ 'ਤੇ ਲਗਾਉਣੇ ਚਾਹੀਦੇ ਹਨ। ਉਕਤ ਤੋਂ ਇਲਾਵਾ ਘਰੇਲੂ ਪੱਧਰ 'ਤੇ ਗਰੀਨ ਸੇਡ ਨੈਟ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਬਾਗ ਲਗਾਉਣ ਸਮੇਂ ਬਾਗਾਂ ਦੇ ਆਲੇ ਦੁਆਲੇ ਹਵਾ ਰੋਕੋ ਵਾੜਾਂ ਦੇਸੀ ਅੰਬ, ਜ਼ਾਮਨ, ਬਿਲ, ਕਟਿਲ ਅਤੇ ਤੂਤ ਵਗੈਰਾ ਵੀ ਲਗਾਏ ਜਾ ਸਕਦੇ ਹਨ ਜੋ ਗਰਮੀਆਂ ਵਿਚ ਗਰਮ ਹਵਾਵਾਂ ਅਤੇ ਸਰਦੀਆਂ ਵਿਚ ਸਰਦ ਹਵਾਵਾਂ ਤੋਂ ਫਲਦਾਰ ਬੂਟਿਆਂ ਦਾ ਬਚਾਅ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਉਕਤ ਹਵਾ ਰੋਕੋ ਵਾੜਾਂ ਦੇ ਫਲ ਤੋਂ ਵੀ ਵਾਧੂ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: Kitchen Garden: ਘਰ 'ਚ ਇਸ ਤਰ੍ਹਾਂ ਉਗਾਓ ਲਾਲ ਮਿਰਚ ਦਾ ਪੌਦਾ, ਜਾਣੋ ਦੇਖਭਾਲ ਦੇ ਸੌਖੇ ਢੰਗ ਅਤੇ ਸ਼ਾਨਦਾਰ ਤਕਨੀਕ
2. ਉਕਤ ਫਲਦਾਰ ਬੂਟਿਆਂ ਵਿਚ ਤੱਤਾਂ ਦੀ ਘਾਟ ਪੂਰੀ ਕਰਨ ਲਈ ਬੋਰੈਕਸ 0.1%, ਜ਼ਿੰਕ ਸਲਫੇਟ 1.5%, ਕਾਪਰ ਸਲਫੇਟ 0.1% ਅਤੇ ਕੈਲਸ਼ੀਅਮ ਹਾਈਡਰੋਆਕਸਾਈਡ 1% ਦਾ ਫਲ ਦੇ ਵਿਕਸਤ ਹੋਣ ਸਮੇਂ ਸਪਰੇਅ ਕਰ ਦੇਣੀ ਚਾਹੀਦਾ ਹੈ। ਉਕਤ ਤੋਂ ਇਲਾਵਾ ਫਲਦਾਰ ਬੂਟਿਆਂ ਨੂੰ ਸਮੇਂ ਸਿਰ ਰਸਾਇਣ ਖਾਦ ਅਤੇ ਰੂੜੀ ਦੀ ਖਾਦ/ਗੰਡੋਇਆਂ ਦੀ ਖਾਦ ਸਹੀ ਸਮੇਂ ਤੇ ਜ਼ਰੂਰ ਪਾ ਦੇਣੀ ਚਾਹੀਦੀ ਹੈ।
3. ਬਾਗਬਾਨੀ ਮਾਹਰਾਂ ਦੀ ਸਲਾਹ ਅਨੁਸਾਰ ਉਕਤ ਫਲਦਾਰ ਬੂਟਿਆਂ ਤੇ ਕੀੜੇਮਾਰ ਦਵਾਈ ਅਤੇ ਉਲੀਨਾਸ਼ਕ ਦਵਾਈ ਦੀ ਸਪਰੇ ਕਰ ਦੇਣੀ ਚਾਹੀਦੀ ਹੈ।
4. ਫਲਦਾਰ ਬੂਟੇ ਲਗਾਉਣ ਸਮੇਂ ਸਹੀ ਵਰਾਇਟੀ ਦੀ ਚੋਣ ਕਰਨੀ ਚਾਹੀਦੀ ਹੈ ਜਿਵੇਂ ਲੀਚੀ ਦੀ ਕਲਕੱਤੀਆ ਕਿਸਮ ਅਤੇ ਅਨਾਰ ਦੀ ਗਣੇਸ਼ ਅਤੇ ਕੰਧਾਰੀ ਕਿਸਮਾਂ। ਉਕਤ ਤੋਂ ਇਲਾਵਾ ਫਲਦਾਰ ਬੂਟੇ ਵੀ ਇਲਾਕੇ ਅਨੁਸਾਰ ਲਗਾਉਣੇ ਚਾਹੀਦੇ ਹਨ ਜਿਵੇਂ ਨੀਮ ਪਹਾੜੀ ਇਲਾਕੇ ਵਿਚ ਅੰਬ, ਲੀਚੀ ਅਤੇ ਨਿੰਬੂ ਜਾਤੀ ਸਫਲਤਾ ਪੂਰਵਕ ਲਗਾਏ ਜਾ ਸਕਦੇ ਹਨ। ਪਟਿਆਲਾ ਜ਼ਿਲ੍ਹੇ ਵਿਚ ਅਮਰੂਦ ਸਫਲਤਾ ਪੂਰਵਕ ਲਗਾਏ ਜਾ ਸਕਦੇ ਹਨ। ਨਾਖਾਂ ਦੇ ਬਾਗ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਤਰਨਤਾਰਨ ਜ਼ਿਲ੍ਹੇ ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲਿਆਂ ਵਿਚ ਨਿੰਬੂ ਜਾਤੀ ਦੇ ਬੂਟੇ।
ਹੋਰ ਵਧੇਰੇ ਜਾਣਕਾਰੀ ਲਈ ਬਾਗਬਾਨੀ ਵਿਭਾਗ ਪੰਜਾਬ ਜਾਂ ਪੀ. ਏ. ਯੂ. ਲੁਧਿਆਣਾ ਦੇ ਬਾਗਬਾਨੀ ਮਾਹਿਰਾਂ ਨਾਲ ਸੰਪਰਕ ਪੈਦਾ ਕੀਤਾ ਜਾ ਸਕਦਾ ਹੈ।
ਸਰੋਤ: ਡਾ. ਸਵਰਨ ਸਿੰਘ ਮਾਨ, ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ, ਪਟਿਆਲਾ
Summary in English: Tips to prevent summer seasonal fruits from bursting, farmers can avoid huge economic losses.