Sunflower Farming: ਸੂਰਜਮੁਖੀ ਘੱਟ ਸਮਾਂ ਲੈਣ ਵਾਲੀ ਇੱਕ ਬਹੁਤ ਹੀ ਮਹੱਤਵਪੂਰਨ ਤੇਲਬੀਜ ਫ਼ਸਲ ਹੈ, ਜਿਸ ਦੀ ਕਾਸ਼ਤ ਪੰਜਾਬ ਵਿੱਚ ਲਗਭਗ 1.5-ਹਜ਼ਾਰ ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ। ਇਸ ਦੇ ਬੀਜ ਵਿੱਚ ਲਗਭਗ 34-43% ਚੰਗੀ ਗੁਣਵੱਤਾ ਵਾਲਾ ਤੇਲ ਅਤੇ ਪ੍ਰੋਟੀਨ ਕੇਕ ਹੁੰਦਾ ਹੈ।
ਸੂਰਜਮੁਖੀ ਦਾ ਤੇਲ ਖਾਣ ਵਾਲੇ ਰਿਫਾਇੰਡ ਤੇਲ ਅਤੇ ਵਨਸਪਤੀ ਦੇ ਨਿਰਮਾਣ ਲਈ ਬਹੁਤ ਢੁਕਵਾਂ ਹੈ। ਸੂਰਜਮੁਖੀ ਦਾ ਤੇਲ ਲਿਨੋਲਿਕ ਐਸਿਡ (64%) ਦਾ ਇੱਕ ਭਰਪੂਰ ਸਰੋਤ ਹੈ ਜੋ ਦਿਲ ਦੀਆਂ ਕੋਰੋਨਰੀ ਨਾੜੀਆਂ ਵਿੱਚ ਜਮ੍ਹਾਂ ਕੋਲੇਸਟ੍ਰੋਲ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ ਅਤੇ ਇਸ ਤਰ੍ਹਾਂ ਸੂਰਜਮੁਖੀ ਦਾ ਤੇਲ ਦਿਲ ਦੇ ਮਰੀਜ਼ਾਂ ਲਈ ਬਹੁਤ ਚੰਗਾ ਹੈ।
ਇਸ ਤੇਲ ਦੀ ਵਰਤੋਂ ਸਾਬਣ, ਕਾਸਮੈਟਿਕਸ, ਬੱਚਿਆ ਦੇ ਖਾਣੇ, ਪੋਲਟਰੀ ਅਤੇ ਪਸ਼ੂਆਂ ਦੇ ਰਾਸ਼ਨ ਵਿੱਚ ਵੀ ਕੀਤੀ ਜਾਂਦੀ ਹੈ। ਬਸੰਤ ਰੁੱਤ ਵਿੱਚ ਸ਼ਹਿਦ ਦੀਆਂ ਮੱਖੀਆਂ ਦੀ ਵਧੇਰੀ ਗਿਣਤੀ ਹੋਣ ਨਾਲ ਬੀਜ ਦੀ ਚੰਗੀ ਬਣਤਰ ਅਤੇ ੳੱਚ ਪੈਦਾਵਾਰ ਲਈ ਜਾ ਸਕਦੀ ਹੈ। ਪੰਜਾਬ ਵਿੱਚ ਤੋਰੀਆ, ਆਲੂ, ਮੂਢੀ ਗੰਨਾ ਅਤੇ ਕਪਾਹ ਦੀ ਫ਼ਸਲ ਤੋਂ ਬਾਅਦ ਸੂਰਜਮੁਖੀ ਦੀ ਸਫ਼ਲਤਾਪੂਰਵਕ ਕਾਸ਼ਤ ਕੀਤੀ ਜਾ ਸਕਦੀ ਹੈ। ਬਾਸਮਤੀ-ਕਣਕ ਦੇ ਫਸਲੀ ਚੱਕਰ ਦੀ ਬਿਜਾਏ ਬਾਸਮਤੀ-ਸੂਰਜਮੁਖੀ ਫਸਲੀ ਚੱਕਰ ਵਧੇਰੇ ਲਾਹੇਵੰਦ ਅਤੇ ਲਾਭਕਾਰੀ ਹੈ। ਸਫਲ ਕਾਸ਼ਤ ਅਤੇ ਚੰਗੀ ਪੈਦਾਵਾਰ ਲੈਣ ਲਈ ਖੇਤ ਵਿੱਚ ਬਿਜਾਈ ਤੋਂ ਲੈ ਕੇ ਵੱਢਣ ਤੱਕ ਸਾਰੇ ਅਭਿਆਸਾਂ ਦਾ ਖਾਸ ਖਿਆਲ ਰੱਖਣਾ ਜਰੂਰੀ ਹੈ।
ਆਉ ਸੂਰਜਮੁਖੀ ਦੀ ਸੁਚੱਜੀ ਕਾਸ਼ਤ ਬਾਰੇ ਜਾਣੀਏ
ਮਿੱਟੀ ਅਤੇ ਜ਼ਮੀਨ ਦੀ ਤਿਆਰੀ - ਸੂਰਜਮੁਖੀ ਦੀ ਕਾਸ਼ਤ ਲਈ ਪਾਣੀ ਦੇ ਚੰਗੇ ਨਿਕਾਸ ਵਾਲੀ ਦਰਮਿਆਨੀ ਜ਼ਮੀਨ ਸਭ ਤੋਂ ਢੁੱਕਵੀਂ ਹੈ। ਕਲਰਾਠੀ ਅਤੇ ਸੇਮ ਵਾਲੀਆਂ ਜ਼ਮੀਨਾਂ ਇਸ ਦੀ ਕਾਸ਼ਤ ਦੇ ਯੋਗ ਨਹੀਂ ਹਨ। ਖੇਤ ਨੂੰ 2-3 ਵਾਰ ਚੰਗੀ ਤਰ੍ਹਾਂ ਵਾਹੁਣ ਨਾਲ ਹਰੇਕ ਵਾਹੀ ਤੋਂ ਬਾਅਦ ਸੁਹਾਗਾ ਫੇਰੋ ਤਾਂ ਜੋ ਬਿਜਾਈ ਲਈ ਚੰਗਾ ਖੇਤ ਤਿਆਰ ਹੋ ਸਕੇ।
ਦੋਗਲੀਆਂ ਕਿਸਮਾਂ ਦੀ ਚੋਣ- ਸੂਰਜਮੁਖੀ ਦੀ ਕਾਸ਼ਤ ਲਈ ਹੇਠਾ ਦਿੱਤੀਆਂ ਕਿਸਮਾਂ ਵਿੱਚੋਂ ਚੋਣ ਕੀਤੀ ਜਾ ਸਕਦੀ ਹੈ।
ਕਿਸਮ |
ਕੱਦ (ਸੈ.ਮੀ.) |
ਤੇਲ ਦੀ ਮਾਤਰਾ (%) |
ਪੱਕਣ ਲਈ ਦਿਨ |
ਝਾੜ (ਕੁਇੰਟਲ/ ਏਕੜ) |
ਪੀ ਐੱਸ ਐੱਚ (2080) |
151 |
43.7 |
97 |
9.8 |
ਪੀ ਐੱਸ ਐੱਚ (1962) |
165 |
41.9 |
99 |
8.2 |
ਡੀ ਕੇ 3849 |
172 |
34.5 |
102 |
8.4 |
ਪੀ ਐੱਸ ਐੱਚ (1996) (ਪਿਛੇਤੀ ਬਿਜਾਈ) |
141 |
35.8 |
96 |
7.8 |
ਇਹ ਵੀ ਪੜ੍ਹੋ: Agriculture Expert ਰਾਜਵੀਰ ਥਿੰਦ ਨੇ ਘੱਟ ਖਰਚ ਅਤੇ ਘੱਟ ਜ਼ਹਿਰਾਂ ਦੀ ਵਰਤੋਂ ਕਰਕੇ ਚੰਗੀ ਗੁਣਵੱਤਾ ਵਾਲੀ ਮਟਰਾਂ ਦੀ ਫ਼ਸਲ ਪੈਦਾ ਕਰਨ ਲਈ ਦਿੱਤੇ ਸੁਝਾਅ
ਬਿਜਾਈ ਦਾ ਸਮਾਂ ਅਤੇ ਬੀਜ ਦੀ ਮਾਤਰਾ- ਸੂਰਜਮੁਖੀ ਦੀ ਬਿਜਾਈ ਜਨਵਰੀ ਮਹੀਨੇ ਵਿੱਚ ਪੂਰੀ ਕਰ ਲੈਣੀ ਚਾਹੀਦੀ ਹੈ ਕਿਉਂਕਿ ਪਛੇਤੀ ਬਿਜਾਈ ਵਿੱਚ ਝਾੜ ਦੀ ਕਮੀ ਆਉਂਦੀ ਹੈ। ਫਰਵਰੀ ਦੇ ਦੂਜੇ ਪੰਦਰਵਾੜੇ ਦੌਰਾਨ ਫ਼ਸਲ ਦੀ ਬਿਜਾਈ ਲੇਟ ਜਾਂ ਸਿੱਧੀ ਬਿਜਾਈ ਕਰਨ ਨਾਲ ਮਾਰਚ ਦੇ ਮਹੀਨੇ ਵਿੱਚ ਪਰਾਗਣ ਕਿਰਿਆ ਦੌਰਾਨ ਵੱਧ ਤਾਪਮਾਨ ਨਾਲ ਬੀਜ ਬਣਨ ਵਿੱਚ ਸਮੱਸਿਆ ਆਉਂਦੀ ਹੈ। ਇਸ ਲਈ ਪਛੇਤੀ ਬਿਜਾਈ ਵਿੱਚ ਫ਼ਸਲ ਦੀ ਸਿੱਧੀ ਬਿਜਾਈ ਕਰਨ ਦੀ ਬਿਜਾਏ ਪਨੀਰੀ ਰਾਹੀਂ ਕਾਸ਼ਤ ਕਰਨੀ ਚਾਹੀਦੀ ਹੈ। ਫ਼ਸਲ ਦੀ ਸਿੱਧੀ ਬਿਜਾਈ ਲਈ 2 ਕਿੱਲੋ ਬੀਜ ਪ੍ਰਤੀ ਏਕੜ ਵਰਤੋ ਅਤੇ ਬੀਜ ਨੂੰ 6 ਗ੍ਰਾਮ ਟੈਗਰਾਨ 35 ਡਬਲਯੂ ਐੱਸ (ਮੈਟਾਲੈਕਸਲ) ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬਿਜਾਈ ਕਰੋ। ਮੈਂਥੇ ਅਤੇ ਸੂਰਜਮੁਖੀ ਦੀ ਅੰਤਰ ਫ਼ਸਲ ਲਈ ਸੂਰਜਮੁਖੀ ਦੀ 120 ਸੈਂਟੀਮੀਟਰ ਤੇ ਬੀਜੀ ਫ਼ਸਲ ਵਿੱਚ ਦੋ ਕਤਾਰਾਂ ਮੈਥੇ ਲਈ 1.5 ਕੁਇੰਟਲ ਮੈਥੇ ਦੀਆਂ ਜੜ੍ਹਾ ਪ੍ਰਤੀ ਏਕੜ ਵਰਤੋਂ।
ਬਿਜਾਈ ਦਾ ਢੰਗ- ਬਿਜਾਈ 4-5 ਸੈਂਟੀਮੀਟਰ ਦੀ ਡੂੰਘਾਈ ਵਿੱਚ ਅਤੇ 60 ਸੈਂਟੀਮੀਟਰ ਦੀਆਂ ਕਤਾਰਾਂ ਵਿੱਚ ਬੂਟੇ ਤੋਂ ਬੂਟੇ ਵਿੱਚ 30 ਸੈਂਟੀਮੀਟਰ ਦਾ ਫ਼ਾਸਲਾ ਰੱਖ ਕੇ ਕਰੋ। ਫ਼ਸਲ ਦੀ ਬਿਜਾਈ ਪੂਰਬ ਪੱਛਮ ਦਿਸ਼ਾ ਵਾਲੀਆਂ ਵੱਟਾਂ ਦੇ ਦੱਖਣ ਵਾਲੇ ਪਾਸੇ 6-8 ਸੈਂਟੀਮੀਟਰ ਹੇਠਾਂ ਕੀਤੀ ਜਾ ਸਕਦੀ ਹੈ। ਵੱਟ ਤੇ ਬੀਜੀ ਫ਼ਸਲ ਨੂੰ 2-3 ਦਿਨ ਬਾਅਦ ਪਾਣੀ ਦਿਉ। ਵੱਟਾਂ ਤੇ ਬਿਜਾਈ ਕਰਨ ਨਾਲ ਫ਼ਸਲ ਦੇ ਡਿੱਗਣ ਤੋਂ ਬਚਾਅ ਅਤੇ ਠੰਡ ਵਾਲੇ ਦਿਨਾਂ ਵਿੱਚ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਸੂਰਜਮੁਖੀ ਦੀ ਪਛੇਤੀ ਬਿਜਾਈ (ਫਰਵਰੀ-ਮਾਰਚ) ਲਈ ਪਨੀਰੀ ਰਾਹੀਂ ਕਾਸ਼ਤ ਕੀਤੀ ਜਾ ਸਕਦੀ ਹੈ।
ਪਨੀਰੀ ਦੀ ਬਿਜਾਈ ਲਈ 1.5 ਕਿਲੋ ਬੀਜ ਅਤੇ ਲਗਭਗ ਸਵਾ ਮਰਲਾ (30 ਵਰਗ ਮੀਟਰ) ਰਕਬਾ ਚਾਹੀਦਾ ਹੈ। ਇਸ ਵਿੱਚੋਂ ਇੱਕ ਏਕੜ ਦੇ ਬੂਟੇ ਲਗਭਗ 30 ਦਿਨ ਵਿੱਚ ਤਿਆਰ ਹੋ ਜਾਣਗੇ। ਪਨੀਰੀ ਦੀ ਬਿਜਾਈ ਲਈ 0.5 ਕਿਲੋ ਯੂਰੀਆ ਅਤੇ 1.5 ਕਿਲੋ ਸੁਪਰ ਫਾਸਫੇਟ ਦੀ ਵਰਤੋਂ ਕਰਕੇ ਬੈੱਡ ਤਿਆਰ ਕਰੋ ਅਤੇ ਚੰਗੀ ਤਰ੍ਹਾਂ ਸੜ੍ਹੀ ਹੋਈ ਰੂੜ੍ਹੀ ਨਾਲ ਬੀਜ ਨੂੰ ਢੱਕ ਦਿਉ। ਪਨੀਰੀ ਦੀ ਬਿਜਾਈ ਤੋਂ ਬਾਅਦ ਹਲਕਾ ਪਾਣੀ ਦਿਉ। ਪਨੀਰੀ ਵਾਲੇ ਕਿਆਰੇ ਨੂੰ ਪਾਰਦਰਸ਼ੀ ਪਲਾਸਟਿਕ ਦੀ ਚਾਦਰ ਨਾਲ ਸੋਟੀਆਂ ਦਾ ਸਹਾਰਾ ਦੇ ਕੇ ਸੁਰੰਗ ਵਾਂਗ ਢੱਕ ਦਿਉ। ਪਨੀਰੀ ਦੇ ਬੀਜ ਪੁੰਗਰਣ ਅਤੇ ਬਾਹਰ ਆ ਜਾਣ ਤੋਂ ਬਾਅਦ ਚਾਦਰ ਨੂੰ ਹਟਾ ਦਿਉ। ਪਨੀਰੀ ਤਿਆਰ ਹੋਣ ਤੋਂ ਬਾਅਦ ਅਤੇ ਪੁੱਟਣ ਤੋਂ ਪਹਿਲਾਂ ਪਾਣੀ ਲਾ ਦਿਉ।
ਇਹ ਵੀ ਪੜ੍ਹੋ: Wheat Variety: ਕਣਕ ਦੀ HD 3385 ਕਿਸਮ ਮੌਸਮੀ ਬਦਲਾਅ ਦੇ ਅਨੁਕੂਲ, ਝਾੜ 7 ਟਨ ਪ੍ਰਤੀ ਹੈਕਟੇਅਰ
ਖਾਦ ਪ੍ਰਬੰਧਨ- ਖਾਦਾਂ ਨੂੰ ਮਿੱਟੀ ਪਰਖ ਦੇ ਆਧਾਰ ਤੇ ਪਾਉ ਅਤੇ ਦਰਮਿਆਨੀਆਂ ਜ਼ਮੀਨਾਂ ਵਿੱਚ ਬਿਜਾਈ ਸਮੇਂ 21 ਕਿਲੋ ਨਾਈਟ੍ਰੋਜਨ (50 ਕਿਲੋ ਯੂਰੀਆ) ਅਤੇ 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰ ਫਾਸਫੇਟ) ਪ੍ਰਤੀ ਏਕੜ ਵਰਤੋ। ਹਲਕੀਆਂ ਜ਼ਮੀਨਾਂ ਵਿੱਚ 24 ਕਿੱਲੋ ਨਾਈਟ੍ਰੋਜਨ (50 ਕਿੱਲੋ ਯੂਰੀਆ) ਨੂੰ ਦੋ ਕਿਸ਼ਤਾਂ ਵਿੱਚ ਅੱਧੀ ਬਿਜਾਈ ਅਤੇ ਅੱਧੀ ਇੱਕ ਮਹੀਨੇ ਬਾਅਦ ਪਾਉ। ਪੋਟਾਸ਼ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 12 ਕਿੱਲੋ ਪੋਟਾਸ਼ (20 ਕਿੱਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਬਿਜਾਈ ਸਮੇਂ ਵਰਤੋ।
ਤੋਰੀਆ ਦੀ ਫ਼ਸਲ ਤੋਂ ਬਾਅਦ ਬਿਜਾਈ ਕੀਤੀ ਫ਼ਸਲ ਵਿੱਚ ਸਿਫਾਰਸ਼ ਕੀਤੀ ਖਾਦ ਦੇ ਨਾਲ 10 ਟਨ ਚੰਗੀ ਤਰ੍ਹਾਂ ਗਲੀ ਸੜੀ ਹੋਈ ਰੂੜ੍ਹੀ ਦੀ ਵਰਤੋਂ ਕਰੋ। ਜੇਕਰ ਸੂਰਜਮੁਖੀ ਦੀ ਕਾਸ਼ਤ ਆਲੂ ਜਿਸ ਨੂੰ 20 ਟਨ ਰੂੜ੍ਹੀ ਪਾਈ ਗਈ ਹੋਵੇ ਤੋਂ ਬਾਅਦ ਕੀਤੀ ਜਾਵੇ ਤਾਂ ਯੂਰੀਆ ਨੂੰ ਘਟਾ ਕੇ 25 ਕਿੱਲੋ ਪ੍ਰਤੀ ਏਕੜ ਪਾਈ ਜਾਵੇ। ਮੈਂਥੇ ਅਤੇ ਸੂਰਜਮੁਖੀ ਦੀ ਅੰਤਰ ਖੇਤੀ ਵਿੱਚ ਸੂਰਜਮੁਖੀ ਨੂੰ ਸਿਫ਼ਾਰਸ਼ ਖਾਦ ਤੋਂ ਇਲਾਵਾ 23 ਕਿੱਲੋ ਨਾਈਟ੍ਰੋਜਨ (50 ਕਿਲੋ ਯੂਰੀਆ) (ਅੱਧਾ ਬਿਜਾਈ ਸਮੇਂ ਅਤੇ ਅੱਧਾ ਬਿਜਾਈ ਤੋਂ 40 ਦਿਨ ਬਾਅਦ) ਅਤੇ 12 ਕਿਲੋ ਫਾਸਫੋਰਸ (75 ਕਿਲੋ ਸੁਪਰਫਾਸਫੇਟ) (ਬਿਜਾਈ ਸਮੇਂ) ਪ੍ਰਤੀ ਏਕੜ ਪਾਓ।
ਸਿੰਚਾਈ- ਸੂਰਜਮੁਖੀ ਨੂੰ ਮਿੱਟੀ ਅਤੇ ਮੌਸਮ ਤੇ ਆਧਾਰ ਤੇ ਲਗਭਗ 6-9 ਪਾਣੀਆਂ ਦੀ ਲੋੜ ਪੈਂਦੀ ਹੈ। ਪਹਿਲਾ ਪਾਣੀ ਬਿਜਾਈ ਤੋਂ ਇੱਕ ਮਹੀਨਾ ਬਾਅਦ ਅਤੇ ਇਸ ਤੋਂ ਬਾਅਦ ਮਾਰਚ ਵਿੱਚ ਪਾਣੀ ਦੋ ਹਫ਼ਤਿਆਂ ਬਾਅਦ ਅਤੇ ਅਪ੍ਰੈਲ ਵਿੱਚ 8-10 ਦਿਨਾਂ ਬਾਅਦ ਲਾਉ। ਸੂਰਜਮੁਖੀ ਨੂੰ 50% ਫੁੱਲ ਪੈਣ ਸਮੇਂ, ਦਾਣਿਆਂ ਦੇ ਨਰਮ ਅਤੇ ਸਖਤ ਦੋਧੇ ਸਮੇਂ ਸਿੰਚਾਈ ਬਹੁਤੀ ਜ਼ਰੂਰੀ ਹੈ।
ਮਿੱਟੀ ਚੜ੍ਹਾਉਣਾ ਅਤੇ ਨਦੀਨਾਂ ਦੀ ਰੋਕਥਾਮ- ਬੂਟਿਆਂ ਨੂੰ ਡਿੱਗਣ ਤੋਂ ਬਚਾਉਣ ਲਈ ਫੁੱਲ ਨਿਕਲਣ ਤੋਂ ਪਹਿਲਾਂ (60-70 ਸੈਂਟੀਮੀਟਰ ਉੱਚੀ ਫ਼ਸਲ) ਮਿੱਟੀ ਚੜ੍ਹਾਉ। ਫ਼ਸਲ ਵਿੱਚ ਪਹਿਲੀ ਗੋਡੀ ਬਿਜਾਈ ਤੋਂ 2-3 ਹਫ਼ਤੇ ਬਾਅਦ ਅਤੇ ਦੂਜੀ ਉਸ ਤੋਂ 3 ਹਫ਼ਤੇ ਬਾਅਦ ਕਰੋ ।
ਕਟਾਈ ਅਤੇ ਗਹਾਈ- ਸਿਰਾਂ ਦੇ ਹੇਠਲੇ ਪਾਸੇ ਪੀਲਾ ਭੂਰਾ ਰੰਗ, ਡਿਸਕਾਂ ਦੇ ਸੁੱਕਣਾ ਸ਼ੁਰੂ ਹੋਣਾ ਅਤੇ ਦਾਣਿਆਂ ਦਾ ਰੰਗ ਕਾਲਾ ਹੋਣ ਤੇ ਫ਼ਸਲ ਕੱਟਣ ਲਈ ਤਿਆਰ ਹੈ। ਸਿਰਾਂ ਦੀ ਗਹਾਈ ਸੂਰਜਮੁਖੀ ਥਰੈਸ਼ਰ ਨਾਲ ਕਰੋ ਅਤੇ ਚੰਗੀ ਤਰ੍ਹਾਂ ਸੁਕਾਅ ਕੇ ਸਟੋਰ ਕਰੋ।
ਸਰੋਤ: ਜਗਮਨਜੋਤ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ
Summary in English: Bumper Profit: Adopt these varieties for successful cultivation of sunflower, you will get a yield of 8 to 9 quintals per acre