1. Home
  2. ਖੇਤੀ ਬਾੜੀ

Cash Crops: ਕਮਾਦ ਦੀ ਫਸਲ ਤੋਂ ਵਧੇਰੇ ਲਾਭ ਲੈਣ ਲਈ ਅਪਣਾਓ ਇਹ ਲਾਹੇਵੰਦ ਤਕਨੀਕ, ਕਿਸਾਨਾਂ ਨੂੰ ਵਧੀਆ ਝਾੜ ਨਾਲ ਮਿਲੇਗਾ ਤਗੜਾ ਮੁਨਾਫ਼ਾ

ਕਮਾਦ ਇੱਕ ਲੰਬੇ ਸਮੇਂ ਵਿੱਚ ਹੋਣ ਵਾਲੀ ਫ਼ਸਲ ਹੈ, ਜੋ ਸ਼ੁਰੂ ਵਿੱਚ ਬਹੁਤ ਹੌਲੀ-ਹੌਲੀ ਵਧਦੀ ਹੈ ਅਤੇ ਸਾਲ ਵਿੱਚ ਸਿਰਫ਼ ਇੱਕ ਵਾਰ ਹੀ ਕਿਸਾਨ ਨੂੰ ਆਮਦਨ ਦਿੰਦੀ ਹੈ। ਇਸ ਤੋਂ ਇਲਾਵਾ ਇਸ ਦੀਆਂ ਕਤਾਰਾਂ ਵਿੱਚ ਫ਼ਾਸਲਾ ਵੀ ਬਹੁਤ ਹੁੰਦਾ ਹੈ ਇਸ ਲਈ ਜੇਕਰ ਸਾਡੇ ਕਿਸਾਨ ਵੀਰ ਇਹ ਲਾਹੇਵੰਦ ਤਕਨੀਕ ਆਪਣਾ ਲੈਣ ਤਾਂ ਵਧੀਆ ਝਾੜ ਨਾਲ ਵਧੇਰੇ ਮੁਨਾਫ਼ਾ ਕਮਾ ਸਕਦੇ ਹਨ। ਆਓ ਇਸ ਲੇਖ ਰਾਹੀਂ ਇਸ ਲਾਹੇਵੰਦ ਤਕਨੀਕ ਬਾਰੇ ਜਾਣਦੇ ਹਾਂ।

Gurpreet Kaur Virk
Gurpreet Kaur Virk
ਕਮਾਦ ਦੀ ਫਸਲ ਲਈ ਵਧੀਆ ਤਕਨੀਕ

ਕਮਾਦ ਦੀ ਫਸਲ ਲਈ ਵਧੀਆ ਤਕਨੀਕ

Intercropping: ਅਬਾਦੀ ‘ਚ ਹੋ ਰਹੇ ਲਗਾਤਾਰ ਵਾਧੇ ਕਾਰਨ ਕਿਸਾਨਾਂ ਦੀ ਖੇਤੀਯੋਗ ਜ਼ਮੀਨ ਲਗਾਤਾਰ ਘਟ ਰਹੀ ਹੈ। ਘਟ ਰਹੀ ਜ਼ਮੀਨ ਵਿੱਚੋਂ ਵਧ ਰਹੀ ਅਬਾਦੀ ਵਾਸਤੇ ਭੋਜਨ ਪਦਾਰਥਾਂ ਜਿਵੇਂ ਕਿ ਅਨਾਜ, ਦਾਲਾਂ, ਤੇਲ ਬੀਜਾਂ, ਸਬਜੀਆਂ, ਖੰਡ ਆਦਿ ਦੀ ਮੰਗ ਨੂੰ ਪੂਰਾ ਕਰਨ ਲਈ ਇਹਨਾਂ ਫ਼ਸਲਾਂ ਦਾ ਉਤਪਾਦਨ ਵਧਾਉਣਾ ਬਹੁਤ ਜ਼ਰੂਰੀ ਹੈ।

ਖੇਤੀਬਾੜੀ ਅਧੀਨ ਜ਼ਮੀਨ ਦੀ ਉਪਲੱਬਧਤਾ ਸੀਮਤ ਹੋਣ ਦੇ ਕਾਰਨ ਇਹਨਾਂ ਫ਼ਸਲਾਂ ਹੇਠ ਰਕਬਾ ਵਧਾਉਣਾ ਹੁਣ ਸੰਭਵ ਨਹੀਂ ਹੈ। ਇਸ ਲਈ ਸਾਡੇ ਕੋਲ ਇੱਕ ਵਿਕਲਪ ਇਹ ਬਚਦਾ ਹੈ ਕਿ ਉਪਲੱਬਧ ਜ਼ਮੀਨ 'ਤੇ ਹੀ ਮੁੱਖ ਫ਼ਸਲਾਂ ਦੇ ਵਿਚਕਾਰ ਖਾਲੀ ਬਚੀ ਹੋਈ ਜਗ੍ਹਾ ਵਿੱਚ ਅੰਤਰ-ਫ਼ਸਲੀ ਕਾਸ਼ਤ ਕਰਕੇ ਉਤਪਾਦਨ ਵਧਾਇਆ ਜਾਵੇ।

ਅੰਤਰ-ਫ਼ਸਲੀ ਕਾਸ਼ਤ ਕਰਨਾ ਕਾਸ਼ਤਕਾਰੀ ਦਾ ਅਜਿਹਾ ਢੰਗ ਹੈ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਨੂੰ ਇੱਕ ਨਿਰਧਾਰਿਤ ਫ਼ਾਸਲੇ ਤੇ ਇਕੱਠਿਆਂ ਹੀ ਖੇਤ ਵਿੱਚ ਬੀਜ ਦਿੱਤਾ ਜਾਂਦਾ ਹੈ। ਅੰਤਰ ਫ਼ਸਲਾਂ ਦੀ ਕਾਸ਼ਤ ਕਰਨ ਦਾ ਮੁੱਖ ਮੰਤਵ ਹੀ ਸੀਮਤ ਜ਼ਮੀਨ ਤੋਂ ਵਧੇਰੇ ਝਾੜ ਪ੍ਰਾਪਤ ਕਰਨਾ ਹੈ। ਕਮਾਦ ਇੱਕ ਲੰਬੇ ਸਮੇਂ ਵਿੱਚ ਹੋਣ ਵਾਲੀ ਫ਼ਸਲ ਹੈ ਜੋ ਸ਼ੁਰੂ ਵਿੱਚ ਬਹੁਤ ਹੌਲੀ ਹੌਲੀ ਵਧਦੀ ਹੈ ਅਤੇ ਸਾਲ ਵਿੱਚ ਸਿਰਫ਼ ਇੱਕ ਵਾਰ ਹੀ ਕਿਸਾਨ ਨੂੰ ਆਮਦਨ ਦਿੰਦੀ ਹੈ। ਇਸ ਤੋਂ ਇਲਾਵਾ ਇਸ ਦੀਆਂ ਕਤਾਰਾਂ ਵਿੱਚ ਫ਼ਾਸਲਾ ਵੀ ਬਹੁਤ ਹੁੰਦਾ ਹੈ ਇਸ ਲਈ ਇਹ ਫ਼ਸਲ ਥੋੜੇ ਸਮੇਂ ਵਿੱਚ ਹੋਣ ਵਾਲੀਆਂ ਬਹੁ-ਕੀਮਤੀ ਫ਼ਸਲਾਂ ਦੀ ਅੰਤਰ-ਫ਼ਸਲੀ ਕਾਸ਼ਤ ਲਈ ਢੁਕਵੀਂ ਸਿੱਧ ਹੁੰਦੀ ਹੈ।

ਪੱਤਝੜ ਰੁੱਤ ਵਿੱਚ ਬੀਜਿਆ ਹੋਇਆ ਕਮਾਦ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਪੁੰਗਰ ਪੈਂਦਾ ਹੈ, ਪਰੰਤੂ ਬਸੰਤ ਰੁੱਤ ਆਉਣ ਤੱਕ ਇਸ ਦਾ ਵਾਧਾ ਬਹੁਤ ਘੱਟ ਹੁੰਦਾ ਹੈ। ਇਸ ਸਮੇਂ ਦੇ ਦੌਰਾਨ ਗੰਨੇ ਨੂੰ ਵਾਧੇ ਲਈ ਜ਼ਿਆਦਾ ਘਟਕਾਂ ਦੀ ਲੋੜ ਨਹੀਂ ਪੈਂਦੀ। ਇਸ ਲਈ ਇਸ ਰੁੱਤ ਵਿੱਚ ਬੀਜੇ ਗਏ ਕਮਾਦ ਤੋਂ ਵਧੇਰੇ ਮੁਨਾਫ਼ਾ ਲੈਣ ਲਈ ਇਸ ਦੇ ਨਾਲ ਬਹੁਤ ਸਾਰੀਆਂ ਹਾੜੀ ਦੀਆਂ ਫ਼ਸਲਾਂ ਦੀ ਅੰਤਰ-ਫ਼ਸਲੀ ਕਾਸ਼ਤ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਪੱਤਝੜ ਦੇ ਕਮਾਦ ਦੀ ਫ਼ਸਲ ਅਤੇ ਇਸ ਵਿਚ ਬੀਜੀਆਂ ਜਾਂਦੀਆਂ ਫ਼ਸਲਾਂ ਦੀ ਕਾਸ਼ਤ ਲਈ ਹੇਠਾਂ ਦੱਸੇ ਹੋਏ ਨੁਕਤਿਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਕਮਾਦ ਦੀ ਕਾਸ਼ਤ

ਕਿਸਮਾਂ ਦੀ ਚੋਣ: ਪਤਝੜ ਰੁੱਤ ਵਿੱਚ ਕਮਾਦ ਦੀਆਂ ਸੀ ਓ ਪੀ ਬੀ 92, ਸੀ ਓ 118, ਸੀ ਓ ਜੇ 85 ਅਤੇ ਸੀ ਓ ਜੇ 64 ਕਿਸਮਾਂ ਦੀ ਚੋਣ ਕਰਨੀ ਚਾਹੀਦੀ ਹੈ।

ਬਿਜਾਈ ਦਾ ਸਮਾਂ ਅਤੇ ਢੰਗ

ਤਿੰਨ ਅੱਖਾਂ ਵਾਲੀਆਂ 20 ਹਜ਼ਾਰ ਜਾਂ ਚਾਰ ਅੱਖਾਂ ਵਾਲੀਆਂ 15 ਹਜ਼ਾਰ ਜਾਂ ਪੰਜ ਅੱਖਾਂ ਵਾਲੀਆਂ 12 ਹਜ਼ਾਰ ਗੁੱਲੀਆਂ ਪ੍ਰਤੀ ਏਕੜ ਵਰਤਦੇ ਹੋਏ ਪਤਝੜ ਰੁੱਤ ਦੇ ਕਮਾਦ ਦੀ ਬਿਜਾਈ 20 ਸਤੰਬਰ ਤੋਂ 20 ਅਕਤੂਬਰ ਤੱਕ 90 ਸੈਂਟੀਮੀਟਰ ਵਿੱਥ ਦੀਆਂ ਕਤਾਰਾਂ ਵਿੱਚ ਕਰਨੀ ਚਾਹੀਦੀ ਹੈ।ਦੋ ਕਤਾਰੀ ਖ਼ਾਲੀ ਵਿਧੀ ਰਾਹੀਂ ਬਿਜਾਈ ਕਰਨ ਲਈ ਫ਼ਸਲ ਦੀ ਬਿਜਾਈ 2 ਕਤਾਰਾਂ ਵਿੱਚ ਇੱਕ ਫੁੱਟ ਚੌੜੀਆਂ ਅਤੇ 20-25 ਸੈਂਟੀਮੀਟਰ ਡੂੰਘੀਆਂ ਖਾਲ਼ੀਆਂ, ਜੋ ਕਿ ਆਪਸ ਵਿੱਚ 3 ਫ਼ੁੱਟ ਦੇ ਫ਼ਾਸਲੇ ਤੇ ਬਣਾਈਆਂ ਹੋਣ, ਵਿੱਚ ਕੀਤੀ ਜਾਂਦੀ ਹੈ। ਬਰੋਟੇ (ਗੁੱਲੀਆਂ) ਖਾਲ਼ੀਆਂ ਵਿੱਚ ਰੱਖਣ ਤੋਂ ਬਾਅਦ ਦੋ ਖਾਲੀਆਂ ਵਿਚਕਾਰਲੀ ਮਿੱਟੀ ਨਾਲ ਢੱਕ ਦਿੱਤੇ ਜਾਂਦੇ ਹਨ।ਕਮਾਦ ਦੀ ਫ਼ਸਲ ਦੀ ਬਿਜਾਈ ਬੈੱਡ ਪਲਾਂਟਰ ਦੁਆਰਾ ਬੀਜੀ ਗਈ ਕਣਕ ਦੀ ਖੜ੍ਹੀ ਫ਼ਸਲ ਵਿੱਚ ਵੀ ਕੀਤੀ ਜਾ ਸਕਦੀ ਹੈ। ਇਸਦੇ ਲਈ ਬਿਜਾਈ ਤੋਂ ਇੱਕ ਦਿਨ ਪਹਿਲਾਂਸ਼ਾਮ ਵੇਲੇ ਪਾਣੀ ਲਗਾਉਣ ਤੋਂ ਬਾਅਦ ਅਗਲੇ ਦਿਨ ਸਿਫ਼ਾਰਿਸ਼ ਅਨੁਸਾਰ ਸੋਧੀਆਂ ਹੋਈਆਂਗੁੱਲੀਆਂ ਸਿਆੜਾਂ ਵਿੱਚ ਰੱਖਣਉਪਰੰਤ ਪੈਰਾਂ ਨਾਲ ਦਬਾਅ ਦੇਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ: Wheat Varieties: ਕਣਕ ਦੀਆਂ ਇਹ ਤਿੰਨ ਕਿਸਮਾਂ ਘੱਟ ਪਾਣੀ ਅਤੇ ਸੋਕੇ ਵਿੱਚ ਵੀ ਦੇਣਗੀਆਂ ਵੱਧ ਝਾੜ

ਖਾਦ ਪ੍ਰਬੰਧਨ

ਖਾਦਾਂ ਦੀ ਵਰਤੋਂ ਆਮ ਤੌਰ ਮਿੱਟੀ ਪਰਖ ਦੇ ਆਧਾਰ ਤੇ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਮਿੱਟੀ ਪਰਖ ਨਾ ਕਰਾਉਣ ਦੀ ਸੂਰਤ ਵਿੱਚ ਦਰਮਿਆਨੀਆਂ ਉਪਜਾਊ ਜ਼ਮੀਨਾਂ ਵਿੱਚ 195 ਕਿਲੋ ਯੂਰੀਆ ਪ੍ਰਤੀ ਏਕੜ (ਤੀਜਾ ਹਿੱਸਾ ਬਿਜਾਈ ਵੇਲੇ, ਤੀਜਾ ਹਿੱਸਾ ਮਾਰਚ ਦੇ ਅਖੀਰ ਵਿੱਚ ਅਤੇ ਬਾਕੀ ਦਾ ਤੀਜਾ ਹਿੱਸਾ ਅਪ੍ਰੈਲ ਦੇ ਅਖੀਰ ਵਿੱਚ) ਪਾਉਣੀ ਚਾਹੀਦੀ ਹੈ।ਫ਼ਾਸਫ਼ੋਰਸ ਤੱਤ ਦੀ ਵਰਤੋਂ ਸਿਰਫ਼ ਘਾਟ ਵਾਲੀਆਂ ਜ਼ਮੀਨਾਂ ਵਿੱਚ 75 ਕਿੱਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ।ਪੰਜਾਬ ਵਿਚ ਕਮਾਦ ਦੀ ਫ਼ਸਲ ਨੂੰ ਪੋਟਾਸ਼ ਤੱਤ ਦੀ ਲੋੜ ਨਹੀਂ ਪੈਂਦੀ। ਕਮਾਦ ਵਿੱਚ ਬੀਜੀਆਂ ਅੰਤਰ ਫ਼ਸਲਾਂ ਵਿੱਚ ਖਾਦਾਂ ਦੀ ਵਰਤੋਂ ਸਾਰਣੀ 1 ਵਿੱਚ ਲਿਖੇ ਅਨੁਸਾਰ ਕਰਨੀ ਚਾਹੀਦੀ ਹੈ।

ਨਦੀਨਾਂ ਦੀ ਰੋਕਥਾਮ

ਕਮਾਦ ਵਿਚ ਅੰਤਰ ਫ਼ਸਲ ਦੇ ਤੌਰ ਤੇ ਬੀਜੀ ਕਣਕ ਵਿੱਚ ਗੁੱਲੀ ਡੰਡੇ ਜਾਂ ਕਣਕ ਵਾਲੇ ਹੋਰ ਨਦੀਨਾ ਦੀ ਸਮੱਸਿਆ ਆ ਜਾਂਦੀ ਹੈ। ਇਸ ਲਈ ਨਿਰੋਲ ਕਣਕ ਦੀ ਫ਼ਸਲ ਲਈ ਸਿਫ਼ਾਰਸ਼ ਕੀਤੇ ਨਦੀਨਨਾਸ਼ਕਾਂ ਨੂੰ ਵਰਤ ਕੇ ਕਮਾਦ ਵਿੱਚ ਬੀਜੀ ਕਣਕ ਵਿੱਚੋਂ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਸਿੰਚਾਈ

ਪਹਿਲਾ ਪਾਣੀ ਬਿਜਾਈ ਤੋਂ ਇਕ ਮਹੀਨਾ ਬਾਅਦ ਅਤੇ ਇਸ ਪਿਛੋਂ ਫ਼ਰਵਰੀ ਤੱਕ ਤਿੰਨ ਪਾਣੀ ਲਾਉਣੇ ਚਾਹੀਦੇ ਹਨ। ਗਰਮ ਅਤੇ ਖੁਸ਼ਕ ਮੌਸਮ ਕਰਕੇ ਅਪ੍ਰੈਲ ਤੋਂ ਜੂਨ ਵਾਲਾ ਸਮਾਂ ਕਮਾਦ ਦੇ ਵਾਧੇ ਲਈ ਬਹੁਤ ਨਾਜ਼ੁਕ ਸਮਾਂ ਹੈ। ਇਸ ਸਮੇਂ ਫ਼ਸਲ ਨੂੰ 7-12 ਦਿਨਾਂ ਦੇ ਵਕਫ਼ੇ ਅੰਦਰ ਲੋੜ ਮੁਤਾਬਕ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ। ਬਾਰਸ਼ਾਂ ਦੇ ਦਿਨਾਂ ਵਿਚ ਜੇਕਰ ਖੇਤ ਵਿਚ ਬਾਰਸ਼ਾਂ ਨਾਲ ਬਹੁਤਾ ਪਾਣੀ ਖੜ੍ਹਾ ਹੋ ਜਾਵੇ ਤਾਂ ਉਸ ਨੂੰ ਬਾਹਰ ਕੱਢਣ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ।

ਅੰਤਰ ਫ਼ਸਲਾਂ ਦੀ ਕਾਸ਼ਤ

ਪੱਤਝੜ ਰੁੱਤ ਦੇ ਕਮਾਦ ਤੋਂ ਵਧੇਰੇ ਮੁਨਾਫ਼ਾ ਲੈਣ ਲਈ ਸਾਰਣੀ 1 ਅਨੁਸਾਰ ਅੰਤਰ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ।
ਅੰਤਰ ਫ਼ਸਲਾਂ ਦੀ ਕਾਸ਼ਤ ਕੁੱਲ ਉਪਜ ਅਤੇ ਸ਼ੁੱਧ ਆਮਦਨ ਵਧਾਉਣ ਲਈ, ਮਨੁੱਖੀ ਅਤੇ ਕੁਦਰਤੀ ਸਰੋਤਾਂ ਦੀ ਉਪਯੋਗਤਾ ਵਧਾਉਣ ਲਈ ਅਤੇ ਜ਼ਮੀਨ ਦੀ ਫ਼ਸਲੀ ਵਿਭਿੰਨਤਾ ਨੂੰ ਪੂਰਾ ਕਰਨ ਲਈ ਬਹੁਤ ਹੀ ਲਾਹੇਵੰਦ ਤਕਨੀਕ ਹੈ। ਇਸ ਲਈ ਕਿਸਾਨ ਭਰਾਵਾਂ ਨੂੰ ਮੁੱਖ ਫ਼ਸਲਾਂ ਵਿੱਚ ਦੱਸੀਆਂ ਗਈਆਂ ਅੰਤਰ ਫ਼ਸਲ਼ਾਂ ਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਸੀਮਤ ਸਰੋਤਾਂ ਤੋਂ ਵੱਧੋ ਵੱਧ ਮੁਨਾਫ਼ਾ ਲਿਆ ਜਾ ਸਕੇ।

ਇਹ ਵੀ ਪੜ੍ਹੋ: Wheat Fields: ਪਰਾਲੀ ਨੂੰ ਖੇਤ ਵਿੱਚ ਸਾਂਭਣ ਨਾਲ ਕਣਕ-ਝੋਨੇ ਦੇ ਝਾੜ ਵਿੱਚ ਸ਼ਾਨਦਾਰ ਵਾਧਾ, ਪਰਾਲੀ ਪ੍ਰਬੰਧਨ ਵਾਲੇ ਕਣਕ ਦੇ ਖੇਤਾਂ ਵਿੱਚ ਇਸ ਤਰ੍ਹਾਂ ਕਰੋ ਖਾਦਾਂ ਦੀ ਸੁਚੱਜੀ ਵਰਤੋਂ

ਸਰੋਤ: ਫਤਿਹਜੀਤ ਸਿੰਘ ਸੇਖੋਂ, ਵਿਵੇਕ ਕੁਮਾਰ ਅਤੇ ਰਮਿੰਦਰ ਸਿੰਘ ਘੁੰਮਣ, ਪੀ.ਏ.ਯੂ.-ਫਾਰਮ ਸਲਾਹਕਾਰ ਸੇਵਾ ਕੇਂਦਰ ਫਰੀਦਕੋਟ

Summary in English: Cash Crops: Adopt this beneficial technique to get more profit from sugarcane crop, farmers will get huge profit with better yield.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters