
ਕਪਾਹ ਦੀ ਫਸਲ ਵਿੱਚ ਆਉਣ ਵਾਲੀਆਂ ਸਮੱਸਿਆਵਾਂ
Cotton Cultivation: ਨਰਮਾ/ਕਪਾਹ ਪੰਜਾਬ ਵਿੱਚ ਸਾਉਣੀ ਦੀ ਮਹੱਤਵਪੂਰਨ ਰੇਸ਼ੇ ਵਾਲੀ ਫਸਲ ਹੈ। ਉੱਤਰੀ ਭਾਰਤ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਪ੍ਰਮੁੱਖ ਰਾਜ ਹਨ, ਜਿਸ ਵਿੱਚ ਸਾਉਣੀ ਵਿੱਚ ਨਰਮੇ/ਕਪਾਹ ਦੀ ਖੇਤੀ ਕੀਤੀ ਜਾਂਦੀ ਹੈ। ਪੰਜਾਬ ਦੇ ਦੱਖਣੀ ਪੱਛਮੀ ਖੇਤਰ ਦੇ ਜਿਲ੍ਹਿਆਂ ਬਠਿੰਡਾ, ਮਾਨਸਾ, ਫਾਜ਼ਿਲਕਾ, ਫਰੀਦਕੋਟ, ਬਰਨਾਲਾ, ਫਿਰੋਜ਼ਪੁਰ, ਸ਼੍ਰੀ ਮੁਕਤਸਰ ਸਾਹਿਬ ਵਿੱਚ ਨਰਮੇ ਦੀ ਖੇਤੀ ਕੀਤੀ ਜਾਂਦੀ ਹੈ। ਪਰ ਨਰਮੇ-ਕਪਾਹ ਹੇਠਲਾ ਕੁਝ ਰਕਬਾ ਝੋਨੇ ਦੀ ਫਸਲ ਥੱਲੇ ਆ ਰਿਹਾ ਹੈ।
ਇਸ ਦਾ ਮੁੱਖ ਕਾਰਨ ਸਮੇਂ-ਸਮੇਂ ਨਰਮੇ ਕਪਾਹ ਦੀ ਫਸਲ ਵਿੱਚ ਆਉਣ ਵਾਲੀਆਂ ਜੈਵਿਕ (ਪੱਤਾ ਮਰੋੜ ਰੋਗ, ਪੱਤਿਆਂ ਦੇ ਧੱਬਿਆਂ ਦਾ ਰੋਗ, ਬੈਕਟੀਰੀਅਲ ਬਲਾਈਟ) ਅਤੇ ਅਜੀਵਿਕ (ਪੈਰਾਵਿਲਟ, ਨਰਮੇ ਦੀ ਫਸਲ ਵਿੱਚ ਪਾਣੀ ਖੜ੍ਹਨ ਦੇ ਪ੍ਰਭਾਵ, ਫੁੱਲ-ਡੋਡੀ ਦਾ ਝੜਨਾ, ਤਿੜਕ, ਵੱਧ ਤਾਪਮਾਨ ਕਾਰਨ ਪੱਤੇ ਦਾ ਝੁਲਸ ਜਾਣਾ) ਸਮੱਸਿਆਵਾਂ ਵੀ ਹਨ। ਜੋ ਝਾੜ ਘਟਾਉਣ ਦਾ ਕਾਰਨ ਬਣਦੀਆਂ ਹਨ। ਸਾਉਣੀ 2023-24, ਵਿੱਚ ਨਰਮੇ ਦੇ ਖੇਤਾਂ ਵਿੱਚ ਜੈਵਿਕ ਅਤੇ ਅਜੀਵਿਕ ਸਮੱਸਿਆਵਾਂ ਵੇਖਣ ਵਿੱਚ ਆਈ। ਇਸ ਲਈ ਕਿਸਾਨਾਂ ਨੂੰ ਸਹੀ ਪ੍ਰਬੰਧ ਲਈ ਇਨ੍ਹਾਂ ਦੇ ਹੋਣ ਦੇ ਕਾਰਨ ਦਿੱਤੇ ਜਾ ਰਹੇ ਹਨ। ਪਹਿਚਾਣ ਅਤੇ ਇਸ ਦੇ ਉਪਾਅ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਜੋ ਕਿ ਹੇਠ ਲਿਖੇ ਅਨੁਸਾਰ ਹੈ।
1. ਪੱਤਾ ਮਰੋੜ/ਲੀਫ ਕਰਲ ਰੋਗ ( Cotton leaf curl virus disease)
ਨਰਮੇ-ਕਪਾਹ ਦੀ ਫਸਲ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕਈ ਬਿਮਾਰੀਆਂ ਦਾ ਪ੍ਰਕੋਪ ਹੁੰਦਾ ਹੈ ਜਿਸ ਵਿੱਚ ਪੱਤਾ ਮਰੋੜ ਰੋਗ ਸਭ ਤੋਂ ਪ੍ਰਮੁੱਖ ਹਨ। ਪੱਤਾ ਮਰੋੜ ਬਿਮਾਰੀ ਜੈਮਿਨੀਵਾਇਰਸ ਕਰਕੇ ਲੱਗਦੀ ਹੈ। ਇਹ ਬਿਮਾਰੀ ਮਿੱਟੀ ਜਾਂ ਬੀਜ ਰਾਹੀ ਨਹੀ ਲੱਗਦੀ ਅਤੇ ਚਿੱਟੀ ਮੱਖੀ ਨਾਲ ਫੈਲਦੀ ਹੈ। ਇਸ ਬਿਮਾਰੀ ਦਾ ਪ੍ਰਭਾਵ ਮੌਸਮ ਦੇ ਹਿਸਾਬ ਨਾਲ ਵੱਧਦਾ ਘੱਟਦਾ ਰਹਿੰਦਾ ਹੈ। ਸ਼ੁਰੂਆਤੀ ਤੌਰ ਤੇ ਇਸ ਬਿਮਾਰੀ ਦੇ ਹਮਲੇ ਦਾ ਅਸਰ ਸਭ ਤੋਂ ਵੱਧ ਹੁੰਦਾ ਹੈ। ਇਸ ਬਿਮਾਰੀ ਕਾਰਨ ਬੂਟਾ ਛੋਟਾ ਰਹਿ ਜਾਂਦਾ ਹੈ। ਰੋਗੀ ਬੂਟੇ ਨੂੰ ਫੁੱਲ ਡੋਡੀਆਂ ਵੀ ਘੱਟ ਲੱਗਦੀਆਂ ਹਨ ਅਤੇ ਝਾੜ ਵੀ ਘੱਟ ਜਾਂਦਾ ਹੈ। ਇਸ ਰੋਗ ਦੀਆਂ ਨਿਸ਼ਾਨੀਆਂ ਕਿਸਮ ਅਤੇ ਬੂਟੇ ਦੀ ਉਮਰ ਮੁਤਾਬਕ ਥੋੜਾ ਬਹੁਤਾ ਬਦਲ ਸਕਦੀਆਂ ਹਨ।
ਸਾਉਣੀ 2022, ਵਿੱਚ ਬਠਿੰਡਾ ਜ਼ਿਲ੍ਹੇ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਪੱਤਾ ਮਰੋੜ ਰੋਗ ਦੀ ਸਮੱਸਿਆਵਾ ਵੱਧ ਵੇਖਣ ਵਿੱਚ ਆਈ। ਇਸ ਦਾ ਮੁੱਖ ਕਾਰਨ ਗੈਰ ਸਿਫਾਰਸ਼ ਕਿਸਮਾਂ ਦਾ ਬੀਜਣਾ, ਮੌਸਮੀ ਹਾਲਾਤਾਂ ਵਿੱਚ ਤਬਦੀਲੀ, ਬਿਜਾਈ ਵਿੱਚ ਦੇਰੀ ਅਤੇ ਵਾਇਰਸ ਦਾ ਹੋਣਾ ਇਕ ਹੋਰ ਵੱਡਾ ਮਹੱਤਵਪੂਰਨ ਕਾਰਨ ਹੈ। ਸਾਉਣੀ 2023 ਵਿੱਚ ਪਿਛਲੇ 8-9 ਸਾਲਾਂ ਦੇ ਦੌਰਾਨ ਇਸ ਬਿਮਾਰੀ ਦਾ ਪ੍ਰਕੋਪ ਸਭ ਤੋਂ ਘੱਟ ਦੇਖਣ ਵਿੱਚ ਆਇਆ। ਇਸ ਦਾ ਮੁੱਖ ਕਾਰਨ ਸਿਫਾਰਸ਼ ਕਿਸਮਾਂ ਦਾ ਬੀਜਣਾ, ਮੌਸਮੀ ਹਾਲਾਤਾਂ ਵਿੱਚ ਤਬਦੀਲੀ, ਵਾਇਰਸ ਦਾ ਨਾ ਹੋਣਾ ਅਤੇ ਚਿੱਟੀ ਮੱਖੀ ਦਾ ਘਟਣਾ ਇਸ ਦਾ ਮੁੱਖ ਕਾਰਨ ਹੈ।
ਪੱਤਾ ਮਰੋੜ ਰੋਗ ਦੇ ਲੱਛਣ
● ਇਸ ਵਿਸ਼ਾਣੂ ਰੋਗ ਕਾਰਨ ਪੱਤਿਆ ਦੀਆਂ ਨਾੜਾ ਮੋਟੀਆਂ ਹੋ ਜਾਂਦੀਆਂ ਹਨ। ਜ਼ਿਆਦਾ ਬਿਮਾਰੀ ਦੀ ਹਾਲਤ ਵਿੱਚ ਬੂਟੇ ਛੋਟੇ ਰਹਿ ਜਾਂਦੇ ਹਨ, ਪੱਤੇ ਉਪਰ ਵੱਲ ਨੂੰ ਮੁੜ ਜਾਂਦੇ ਹਨ ਅਤੇ ਕੌਲੀਆਂ/ਕੱਪਾਂ ਦੀ ਸ਼ਕਲ ਅਖਤਿਆਰ ਕਰ ਲੈਂਦੇ ਹਨ। ਪੱਤੇ ਦੇ ਹੇਠਲੇ ਪਾਸੇ ਪੱਤੀਆਂ ਨਿਕਲ ਆਉਂਦੀਆਂ ਹਨ।
● ਜਦੋਂ ਪੱਤਾ ਰੋਗ ਬਿਮਾਰੀ ਦਾ ਪ੍ਰਕੋਪ ਵੱਧ ਜਾਂਦਾ ਹੈ ਤਾਂ ਸ਼ੁਰੂਆਤ ਵਿੱਚ ਬੂਟੇ ਦਾ 25% ਤੋਂ 50% ਹਿੱਸਾ ਵਿੱਚ ਪੱਤਾ ਰੋਗ ਬਿਮਾਰੀ ਦੇ ਲੱਛਣ ਵੇਖਣ ਵਿੱਚ ਆਉਂਦੇ ਹਨ ਅਤੇ ਹੌਲੀ ਹੌਲੀ ਬੂਟੇ ਦਾ 75% ਹਿੱਸਾ ਇਸ ਬਿਮਾਰੀ ਦੇ ਥੱਲੇ ਆ ਜਾਂਦਾ ਹੈ ਅਤੇ ਬਾਅਦ ਵਿੱਚ ਸਾਰੇ ਦਾ ਸਾਰਾ ਬੂਟਾ (100%) ਇਸ ਬਿਮਾਰੀ ਤੋ ਪ੍ਰਭਾਵਤ ਹੋ ਜਾਂਦਾ ਹੈ। ਇਸ ਕਾਰਨ ਰੋਗੀ ਬੂਟੇ ਨੂੰ ਫੁੱਲ ਡੋਡੀਆਂ ਵੀ ਘੱਟ ਲੱਗਦੀਆਂ ਹਨ ਅਤੇ ਝਾੜ ਵੀ ਘਟ ਜਾਂਦਾ ਹੈ ਅਤੇ ਰੂ ਦੇ ਰੇਸ਼ੇ ਉਪਰ ਵੀ ਮਾੜਾ ਅਸਰ ਪੈਦਾ ਹੈ।
ਪੱਤਾ ਮਰੋੜ/ਲੀਫ ਕਰਲ ਰੋਗ ਤੋਂ ਬਚਾਅ
ਪੱਤਾ ਮਰੌੜ/ਲੀਫ ਕਰਲ ਰੋਗ ਤੋਂ ਬਚਨ ਲਈ ਨਰਮੇਂ ਦੇ ਖੇਤਾਂ ਦਾ ਸ਼ੁਰੂ ਆਤੀ ਤੌਰ ਤੇ ਸਰਵੇਖਣ ਕਰਨਾ ਬਹੁਤ ਜ਼ਰੂਰੀ ਹੈ।
● ਨਰਮੇ ਕਪਾਹ ਦੀ ਬਿਜਾਈ ਪੀ.ਏ.ਯੂ, ਲੁਧਿਆਣਾ ਦੁਆਰਾ ਕੀਤੀ ਗਈ ਸਿਫਾਰਸ਼ ਦਾ ਢੱਕਵਾਂ ਸਮਾਂ ( 1 ਅਪ੍ਰੈਲ ਤੋਂ 15 ਮਈ ) ਦੇ ਦੌਰਾਨ ਕਰ ਲੈਣੀ ਚਾਹੀਦੀ ਹੈ। ਸਿਫਾਰਸ਼ ਕਿਸਮਾਂ ਹੀ ਬੀਜਣੀਆਂ ਚਾਹੀਦੀਆਂ ਹਨ। ਗੈਹ ਸਿਫਾਰਸ਼ ਕਿਸਮਾਂ ਅਤੇ ਪਿਛੇਤੀ ਬਿਜਾਈ ਪੱਤਾ ਮਰੌੜ ਬਿਮਾਰੀ ਨੂੰ ਵਧਾਉਂਦੀ ਹੈ ਅਤੇ ਝਾੜ ਤੇ ਮਾੜਾ ਅਸਰ ਪਾਉਂਦੀ ਹੈ।
● ਕਿਸਾਨ ਵੀਰਾਂ ਨੂੰ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਗਈ ਦੇਸੀ ਕਪਾਹ ਦੀ ਕਿਸਮ (ਐਲ ਡੀ 1019, ਐਲ ਡੀ 949 ਅਤੇ ਐਫ ਡੀ ਕੇ 124) ਦੀ ਕਾਸ਼ਤ ਕਰਨੀ ਚਾਹੀਦੀ ਹੈ। ਕਿਉਂਕਿ ਦੇਸੀ ਕਪਾਹ ਨੂੰ ਪੱਤਾ ਮਰੌੜ ਬਿਮਾਰੀ ਨਹੀ ਲੱਗਦੀ ਹੈ।
● ਨਰਮੇ ਨੂੰ ਨਿੰਬੂ ਜਾਤੀ ਦੇ ਬਾਗਾਂ ਵਿੱਚ ਅਤੇ ਭਿੰਡੀ ਦੇ ਖੇਤਾਂ ਨੇੜੇ ਨਹੀ ਬੀਜਣਾ ਚਾਹੀਦਾ।
● ਨਰਮੇ-ਕਪਾਹ ਦੇ ਖੇਤਾਂ ਦੇ ਆਲੇ ਦੁਆਲੇ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਨਦੀਨ ਅਤੇ ਨਰਮੇਂ ਦੇ ਆਪਣੇ ਆਪ ਜੰਮੇ ਬੂਟੇ (ਵਲੰਟੀਅਰ) ਬੂਟਿਆਂ ਨੂੰ ਪੁੱਟ ਕੇ ਨਸ਼ਟ ਕਟ ਦੇਣਾ ਚਾਹੀਦਾ ਹੈ।
● ਖੇਤ ਵਿੱਚ ਕੰਘੀ ਬੂਟੀ ਅਤੇ ਪੀਲੀ ਬੂਟੀ ਅਤੇ ਹੋਰ ਨਦੀਨਾਂ ਦੇ ਬੂਟਿਆਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ ਜਿਵੇਂ ਕਿ ਇਸ ਬਿਮਾਰੀ ਦੇ ਬਦਲਵੇਂ ਬੂਟੇ ਹੁੰਦੇ ਹਨ।
● ਨਾਈਟਰੋਜਨ ਖਾਦ ਦੀ ਸਿਫਾਰਸ਼ ਕੀਤੀ ਮਾਤਰਾ ਤੋ ਵੱਧ ਨਹੀ ਪਾਉਣੀ ਚਾਹੀਦੀ।
● ਘੱਟ ਲਾਗਤ ਵਾਲੇ ਪੀਲੇ ਕਾਰਡ (ਯੈਲੋ ਟਰੈਪ) ਨਰਮੇਂ ਦੇ ਖੇਤ ਵਿੱਚ ਲਗਾਓ ਜੋ ਕਿ ਸ਼ੁਰੂਆਤੀ ਅਵਸਥਾ ਵਿੱਚ ਚਿੱਟੀ ਮੱਖੀ (ਜਿਸ ਨਾਲ ਪੱਤਾ ਮਰੌੜ ਰੋਗ ਫੈਲਦਾ ਹੈ) ਦੇ ਵਾਧੇ ਨੂੰ ਰੋਕਣ ਵਿੱਚ ਸਹਾਇਕ ਹੁੰਦੇ ਹਨ।
● ਫਸਲ ਦੀ ਸ਼ੁਰੂਆਤੀ ਅਵਸਥਾ ਵਿੱਚ ਚਿੱਟੀ ਮੱਖੀ ਦਾ ਹਮਲੇ ਹੋਣ ਤੇ ਇੱਕ ਤੋ ਦੋ ਸਪਰੇਅ (ਇਕ ਲੀਟਰ ਨਿੰਬੀਸੀਡੀਨ ਜਾਂ ਅਚੂਕ) ਅਤੇ ਘਰ ਦਾ ਬਣਾਇਆ ਨਿੰਮ ਦਾ ਘੋਲ 1200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਜਦੋਂ ਚਿੱਟੀ ਮੱਖੀ ਦਾ ਪ੍ਰਕੋਪ ਵੱਧ ਜਾਵੇ ਤਾਂ ਪੀ.ਏ.ਯੂ ਵੱਲੋਂ ਸਿਫਾਰਸ਼ ਕੀਤੀਆਂ ਰਸਾਇਣਾ ਦਾ ਪ੍ਰਯੋਗ ਕਰਨਾ ਚਾਹੀਦਾ ਅਤੇ ਕਿਸੇ ਵੀ ਕੀਟਨਾਸ਼ਕ ਦਾ ਮਿਸ਼ਰਣ (ਆਪ ਬਣਾਕੇ ਜਾਂ ਬਣੇ ਬਣਾਏ ਮਿਸ਼ਰਣ) ਦਾ ਛਿੜਕਾਅ ਬਿਲਕੁਲ ਨਹੀ ਕਰਨਾ ਚਾਹੀਦਾ।
ਇਹ ਵੀ ਪੜ੍ਹੋ: Paddy Cultivation Costs: ਕਿਸਾਨ ਵੀਰੋ, ਝੋਨੇ ਦੀ ਕਾਸ਼ਤ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਨਾਲ ਹੋਵੇਗਾ ਖਰਚਾ ਘੱਟ ਤੇ ਮੁਨਾਫਾ ਵੱਧ
2. ਪੱਤਿਆ ਦੇ ਧੱਬਿਆਂ ਦਾ ਰੋਗ (Leaf Spots):
ਇਹ ਬਿਮਾਰੀ ਕਈ ਉੱਲੀਆਂ ਦੇ ਹਮਲੇ ਕਾਰਨ ਲੱਗਦੀ ਹੈ। ਮਾਇਰੋਥੀਸ਼ੀਅਮ ਉੱਲੀ ਨਾਲ ਪੱਤਿਆਂ ਅਤੇ ਟੀਡਿਆਂ ਉੱਤੇ ਗੋਲ ਭੂਰੇ ਰੰਗ ਦੇ ਜਾਮਣੀ ਕਿਨਾਰਿਆਂ ਵਾਲੇ ਧੱਬੇ ਪੈ ਜਾਂਦੇ ਹਨ। ਇਹਨਾਂ ਧੱਬਿਆਂ ਉੱਤੇ ਬਾਅਦ ਵਿੱਚ ਕਾਲੇ ਰੰਗ ਦੇ ਟਿਮਕਣੇ ਜਿਹੇ ਬਣ ਜਾਂਦੇ ਹਨ। ਮੀਂਹ ਅਤੇ ਜਿਆਦਾ ਨਮੀ ਵਾਲੀਆਂ ਹਾਲਤਾਂ ਬਿਮਾਰੀ ਵਿੱਚ ਵਾਧਾ ਕਰਦੀਆਂ ਹਨ।
ਸਰਕੋਸਪੋਰਾ ਉੱਲੀ ਦੇ ਧੱਬੇ ਆਮਤੌਰ ਤੇ ਬੂਟਿਆਂ ਨੂੰ ਟੀਂਡੇ ਪੈਣ ਦੇ ਸਮੇ ਨਜ਼ਰ ਆਉਂਦੇ ਹਨ। ਇਸ ਰੋਗ ਨਾਲ ਪੱਤਿਆਂ ਉੱਤੇ ਭੂਰੇ ਗੋਲ ਬੇਢੰਗੇ ਆਕਾਰ ਦੇ ਧੱਬੇ ਪੈ ਜਾਂਦੇ ਹਨ। ਜਿਨ੍ਹਾਂ ਦੇ ਕਿਨਾਰੇ ਗੂੜ੍ਹੇ ਭੂਰੇ ਰੰਗ ਦੇ ਹੁੰਦੇ ਹਨ। ਬਾਅਦ ਵਿੱਚ ਇਹ ਧੱਬੇ ਵਿਚਕਾਰ ਸਲੇਟੀ ਰੰਗ ਦੇ ਹੋ ਜਾਂਦੇ ਹਨ। ਜੇਕਰ ਹਵਾ ਵਿੱਚ ਨਮੀ ਜਿਆਦਾ ਹੋਵੇ, ਤਾਪਮਾਨ ਘੱਟ ਹੋਵੇ ਤਾਂ ਇਸ ਬਿਮਾਰੀ ਦਾ ਹਮਲਾ ਵਧੇਰੇ ਹੁੰਦਾ ਹੈ। ਗੰਭੀਰ ਹਾਲਤਾਂ ਵਿੱਚ ਇਹ ਧੱਬੇ ਆਪਸ ਵਿੱਚ ਮਿਲ ਕੇ ਪੱਤਿਆਂ ਦੇ ਸਾਰੇ ਹਿੱਸਿਆਂ ਤੇ ਫੈਲ ਜਾਂਦੇ ਹਨ ਅਤੇ ਪੱਤੇ ਸੁੱਕ ਕੇ ਝੜ ਜਾਂਦੇ ਹਨ। ਇਹ ਉੱਲੀ ਰੋਗ ਦੇ ਬੀਜਾਣੂ ਫਸਲ ਦੀ ਰਹਿੰਦ ਖੂੰਹਦ ਦੇ ਵਿੱਚ ਰਹਿ ਜਾਂਦੇ ਹਨ।
ਆਲਟਰੇਨੀਆਂ ਉੱਲੀਆਂ ਦੇ ਹਮਲੇ ਨਾਲ ਪੱਤਿਆਂ ਉੱਤੇ ਹਲਕੇ ਪੀਲੇ ਤੇ ਭੂਰੇ ਰੰਗ ਦੇ ਬੇਢੰਗੇ ਆਕਾਰ ਦੇ ਧੱਬੇ ਪੈ ਜਾਂਦੇ ਹਨ ਜੋ ਕਿ ਬਾਅਦ ਵਿੱਚ ਗੂੜ੍ਹੇ ਹੋ ਜਾਂਦੇ ਹਨ ਅਤੇ ਇਹਨਾਂ ਧੱਬਿਆਂ ਵਿੱਚ ਗੋਲ ਧਾਰੀਆਂ ਵੀ ਬਣ ਜਾਂਦੀਆਂ ਹਨ। ਬਿਮਾਰੀ ਦਾ ਹਮਲਾ ਜਿਆਦਾ ਹੋਣ ਕਰਕੇ ਪੱਤੇ ਸੁੱਕ ਕੇ ਝੜ ਜਾਂਦੇ ਹਨ।
ਦੱਖਣੀ ਪੱਛਮੀ ਖੇਤਰ ਵਿੱਚ ਨਰਮੇ ਦੀ ਫਸਲ ਉੱਤੇ ਪੱਤਿਆਂ ਦੇ ਧੱਬਾਂ ਦਾ ਰੋਗ ਖਾਸ ਕਰਕੇ ਮਾਇਰੋਥੀਸ਼ੀਅਮ ਅਤੇ ਸਰਕੋਸਪੋਰਾ ਉੱਲੀ ਨਾਲ ਲੱਗਦਾ ਹੈ ਜਦੋਂ ਕਿ ਆਲਟਰਨੇਰੀਆ ਉੱਲੀ ਨਾਲ ਘੱਟ ਦੇਖਣ ਵਿੱਚ ਦੇਖਣ ਵਿੱਚ ਆਉਂਦਾ ਹੈ। ਪਿਛਲੇ ਚਾਰ ਪੰਜ ਸਾਲਾਂ ਵਿੱਚ ਨਰਮੇ ਦੇ ਖੇਤਾਂ ਵਿੱਚ ਪੱਤਿਆਂ ਦੇ ਧੱਬੇ ਦਾ ਰੋਗ 100-110 ਦਿਨ ਦੇ ਬਾਅਦ ਵੇਖਣ ਵਿੱਚ ਆਉਂਦਾ ਹੈ ਪਰ ਇਸ ਦਾ ਨਰਮੇ ਦੀ ਫਸਲ ਦੇ ਝਾੜ ਉੱਪਰ ਬਹੁਤ ਘੱਟ ਅਸਰ ਪੈਂਦਾ ਹੈ। ਜਦੋਂ ਨਰਮੇਂ ਦੀ ਫਸਲ ਉੱਤੇ ਬੱਦਲਵਾਈ ਜਾਂ ਭਾਰੀ ਬਾਰਸ਼ ਹੋ ਜਾਵੇ ਤਾਂ ਇਸ ਬਿਮਾਰੀ ਦੀ ਸਮੱਸਿਆਂ ਵਧ ਜਾਂਦੀ ਹੈ। ਸਾਉਣੀ 2023 ਅਤੇ 2024 ਵਿੱਚ ਸਤੰਬਰ ਮਹੀਨੇ ਵਿੱਚ ਮੀਂਹ ਕਾਰਨ ਪੱਤਿਆਂ ਦੇ ਧੱਬਿਆ ਦਾ ਰੋਗ ਬਿਜਾਈ ਤੋਂ 115-120 ਦਿਨਾਂ ਬਾਅਦ ਦੇਖਣ ਵਿੱਚ ਆਇਆ।
ਉਪਾਅ:- ਇਸ ਬਿਮਾਰੀ ਦੇ ਲੱਛਣ ਜਦੋਂ ਨਰਮੇ ਦੀ ਫਸਲ ਉੱਪਰ ਵਿਖਾਈ ਦੇਣ ਉਸ ਸਮੇ 200 ਮਿਲੀਲਿਟਰ ਐਮੀਸਟਾਰ ਟੋਪ 325 ਐਸ ਸੀ (ਐਜੋਕਸੀਸਟਰੋਬਿਨ+ ਡਾਈਫੈਨੋਕੋਨਾਜ਼ੋਲ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਲੋੜ ਮੁਤਾਬਕ 15-20 ਦਿਨਾਂ ਦੇ ਵਕਫੇ ਤੇ ਇਹ ਛਿੜਕਾਅ ਦੁਬਾਰਾ ਕੀਤਾ ਜਾ ਸਕਦਾ ਹੈ।
3. ਬੈਕਟੀਰੀਅਲ ਬਲਾਈਟ (Bacterial Blight)
ਇਹ ਬਿਮਾਰੀ ਬੈਕਟੀਰੀਆ ਜੀਵਾਣੂ ਨਾਲ ਫੈਲਦੀ ਹੈ। ਦੱਖਣੀ ਪੱਛਮੀ ਖੇਤਰ ਵਿੱਚ ਨਰਮੇ ਦੀ ਫਸਲ ਉੱਤੇ ਜ਼ਿਆਦਾ ਪ੍ਰਕੋਪ ਵੀਨ ਬਲਾਈਟ (Vein Blight) ਦਾ ਦੇਖਣ ਵਿੱਚ ਆਉਂਦਾ ਹੈ। ਖਾਸ ਕਰਕੇ ਇਹ ਬਿਮਾਰੀ ਸਿਲ੍ਹੇ ਮੌਸਮ ਵਿੱਚ ਵੱਧ ਹਮਲਾ ਕਰਦੀ ਹੈ। ਇਸ ਬਿਮਾਰੀ ਦੀ ਸਮੱਸਿਆ ਭਾਰੀ ਬਾਰਸ਼ ਹੋਣ ਦੇ ਕਾਰਨ ਹੋਰ ਵੀ ਵਧ ਜਾਂਦੀ ਹੈ। ਸਾਉਣੀ 2024 ਵਿੱਚ ਬੈਕਟੀਰੀਅਲ ਬਲਾਇਟ ਦਾ ਹਮਲਾ ਘੱਟ ਵੇਖਣ ਵਿੱਚ ਆਇਆ। ਇਹ ਬਿਮਾਰੀ ਜਮੀਨ ਤੋਂ ਉਪੱਰਲੇ ਵਾਲੇ ਬੂਟੇ ਦੇ ਸਾਰੇ ਭਾਗਾਂ ਤੇ ਹਮਲਾ ਕਰਦੀ ਹੈ। ਪੱਤਿਆਂ ਦੇ ਦੋਵੇ ਪਾਸੇ ਪਾਣੀ ਭਿੱਜੇ ਜਿਹੇ ਨੌਕਦਾਰ ਧੱਬੇ ਪੈ ਜਾਂਦੇ ਹਨ। ਅਤੇ ਇਹ ਧੱਬੇ ਬਾਅਦ ਵਿੱਚ ਭੂਰੇ ਅਤੇ ਫਿਰ ਕਾਲੇ ਹੋ ਕੇ ਸੁੱਕ ਜਾਂਦੇ ਹਨ। ਇਸ ਬਿਮਾਰੀ ਦੇ ਕਣ ਨਵੇਂ ਬਣ ਰਹੇ ਟੀਡਿਆਂ ਉੱਪਰ ਵੀ ਅਸਰ ਕਰਦੇ ਹਨ। ਸ਼ੁਰੂ ਵਿੱਚ ਟੀਡਿਆਂ ਉਪਰ ਪਾਣੀ ਭਿੱਜੇ ਧੱਬੇ ਪਾਉਂਦਾ ਹੈ ਅਤੇ ਬਾਅਦ ਵਿੱਚ ਇਹ ਧੱਬੇ ਕਾਲੇ ਭੂਰੇ ਅਤੇ ਵਿਚਕਾਰੋ ਅੰਦਰ ਧੱਸੇ ਹੋਏ ਹੁੰਦੇ ਹਨ। ਇਹ ਬਿਮਾਰੀ ਬੀਜ ਅਤੇ ਫਸਲ ਦੀ ਰਹਿੰਦ ਖੂੰਹਦ ਰਾਹੀ ਫੈਲਦੀ ਹੈ ਅਤੇ ਇਸ ਬਿਮਾਰੀ ਤੋਂ ਬਚਣ ਲਈ ਬਿਮਾਰੀ ਰਹਿਤ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ।
4. ਪੈਰਾਵਿਲਟ: (Para Wilt)
ਪੈਰਾਵਿਲਟ ਇੱਕ ਅੰਦਰੂਨੀ ਵਿਕਾਰ ਹੈ ਜਿਸ ਕਾਰਨ ਨਰਮੇ ਦੇ ਟਾਂਵੇ ਟਾਂਵੇ ਬੂਟੇ ਸੁੱਕ ਜਾਂਦੇ ਹਨ। ਪੈਰਾਵਿਲਟ ਕਾਰਨ ਬੂਟੇ ਦੇ ਇੱਕ ਦਮ ਕੁਮਲਾਉਣ ਦਾ ਕਾਰਨ ਬੂਟੇ ਦੁਆਰਾ ਪਾਣੀ ਲੈਣ ਜਾਂ ਪਾਣੀ ਮਿਲਣ ਵਿੱਚ ਵਿਗਾੜ ਆਉਣਾ ਹੈ। ਪੈਰਾਵਿਲਟ ਕਿਸੇ ਵੀ ਜੀਵਾਣੂ ਜਾਂ ਵੀਸ਼ਾਣੂ ਕਾਰਨ ਨਹੀ ਹੁੰਦਾ, ਇਸ ਲਈ ਲੰਬੇ ਸਮੇ ਦੀ ਔੜ, ਤੇਜ਼ ਧੁੱਪ, ਜ਼ਿਆਦਾ ਤਾਪਮਾਨ ਤੋ ਬਾਅਦ ਭਾਰੀ ਸਿੰਚਾਈ ਜਾਂ ਮੀਹ ਪੈਣਾ ਕਾਰਨ ਪੈਰਾਵਿਲਟ ਲਈ ਅਨੁਕੂਲ ਹਾਲਾਤ ਤਿਆਰ ਕਰਦੇ ਹਨ। ਖੇਤ ਵਿੱਚ ਪਾਣੀ ਖੜਣ ਨਾਲ ਨਰਮੇ ਦੀਆਂ ਜ਼ੜ੍ਹਾਂ.ਨੂੰ ਹਵਾ ਨਹੀ ਮਿਲਦੀ ਜਿਸ ਕਾਰਨ ਇਥਲੀਨ ਜਿਆਦਾ ਮਾਤਰਾ ਵਿੱਚ ਪੈਦਾ ਹੁੰਦੀ ਹੈ ਅਤੇ ਇਸ ਕਾਰਨ ਨਰਮੇ ਦੇ ਹਰੇ ਪੱਤੇ ਇੱਕ ਦਮ ਕੁਮਲਾ ਜਾਂਦੇ ਹਨ। ਤੇ ਫਿਰ ਕੁਝ ਦਿਨਾਂ ਬਾਅਦ ਸੁੱਕ ਕੇ ਝੜ ਜਾਂਦੇ ਹਨ। ਪੈਰਾਵਿਲਟ ਨਾਲ ਪ੍ਰਭਾਵਿਤ ਬੂਟੇ ਦੀਆਂ ਜੜ੍ਹਾਂ ਤੇ ਕੋਈ ਮਾੜਾ ਅਸਰ ਨਹੀ ਹੁੰਦਾ ਅਤੇ ਇਸ ਦੀ ਖਾਸ ਨਿਸ਼ਾਨੀ ਹੈ ਕਿ ਵੈਰਾਵਿਲਟ ਤੋਂ ਪ੍ਰਭਾਵਿਤ ਬੂਟਿਆਂ ਨੂੰ ਆਸਾਨੀ ਨਾਲ ਨਹੀ ਪੁੱਟਿਆ ਜਾ ਸਕਦਾ।
ਉਪਾਅ:- ਪੈਰਾਵਿਲਟ ਦੀਆਂ ਮੁਢਲੀਆਂ ਨਿਸ਼ਾਨੀਆਂ ਦੇਖਦੇ ਸਾਰ ਹੀ ਪ੍ਰਭਾਵਿਤ ਬੂਟਿਆਂ ਉਪਰ ਕੋਬਾਲਟ ਕਲੋਰਾਈਡ 10 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਘੋਲ ਕੇ 24 ਘੰਟਿਆਂ ਦੇ ਅੰਦਰ ਅੰਦਰ ਛਿੜਕਾਅ ਕਰਨਾ ਚਾਹੀਦਾ ਹੈ। ਕੋਬਾਲਟ ਕਲੋਰਾਈਡ ਦਾ ਅਸਰ ਸਿਰਫ ਉਹਨਾਂ ਬੂਟਿਆਂ ਤੇ ਹੀ ਹੁੰਦਾ ਹੈ ਜੋ ਪੂਰੀ ਤਰ੍ਹਾ ਮੁਰਝਾਏ ਨਹੀ ਹੁੰਦੇ।
5.ਨਰਮੇ ਦੀ ਫਸਲ ਵਿੱਚ ਪਾਣੀ ਖੜ੍ਹਨ ਦੇ ਪ੍ਰਭਾਵ (Effect of water stagnation on cotton crop)
ਨਰਮੇ ਦੀ ਫਸਲ ਸਾਉਣੀ ਦੀ ਦੱਖਣੀ ਪੱਛਮੀ ਖੇਤਰ ਦੀ ਘੱਟ ਪਾਣੀ ਲੈਣ ਵਾਲੀ ਫਸਲ ਹੈ। ਇਸ ਦੀ ਕਾਸ਼ਤ ਹਲਕੀਆਂ ਤੋ ਲੈ ਕੇ ਭਾਰੀਆ ਜ਼ਮੀਨਾਂ ਵਿੱਚ ਕੀਤੀ ਜਾਂਦੀ ਹੈ। ਨਰਮੇ ਦੀ ਫਸਲ ਵਿੱਚ ਉੱਗਣ ਤੋਂ ਬਾਅਦ ਬਹੁਤ ਜਿਆਦਾ ਪਾਣੀ ਟੁੱਟ ਕੇ ਲੱਗ ਜਾਵੇ ਜਾਂ ਭਾਰਾ ਮੀਂਹ ਪੈ ਜਾਵੇ ਅਤੇ ਪਾਣੀ ਜ਼ਿਆਦਾ ਦੇਰ ਤੱਕ ਖੇਤ ਵਿੱਚ ਖੜ੍ਹ ਜਾਵੇ ਤਾਂ ਨਰਮਾ ਮਰ ਸਕਦਾ ਹੈ। ਪਾਣੀ ਦੀ ਮਾਰ ਕਾਰਨ ਨਰਮੇ ਦੀ ਫਸਲ ਦਾ ਬਹੁਤ ਨੁਕਸਾਨ ਹੋ ਸਕਦਾ ਹੈ। ਦੇਰ ਤੱਕ ਫਸਲ ਵਿੱਚ ਪਾਣੀ ਖੜਨ ਕਾਰਨ ਜਮੀਨ ਵਿੱਚ ਹਵਾ ਦੀ ਮਾਤਰਾ ਖਤਮ ਹੋ ਜਾਂਦੀ ਹੈ, ਜਿਸ ਕਾਰਨ ਨਰਮੇ ਦੇ ਬੂਟੇ ਮਰ ਜਾਂਦੇ ਹਨ। ਰੇਤਲੀਆਂ ਜ਼ਮੀਨਾਂ ਵਿੱਚ ਪਾਣੀ ਜੀਰਨ ਦੀ ਕੁਸ਼ਲਤਾ ਜਿਆਦਾ ਹੋਣ ਕਾਰਨ ਪਾਣੀ ਜਲਦੀ ਸੁੱਕ ਜਾਂਦਾ ਹੈ ਅਤੇ ਇਸ ਵਿੱਚ ਨਰਮਾ ਮਰਨ ਦੇ ਆਸਾਰ ਘੱਟ ਹੁੰਦੇ ਹਨ। ਇਸ ਦੇ ਉਲਟ ਭਾਰੀਆਂ ਜ਼ਮੀਨਾਂ ਵਿੱਚ ਪਾਣੀ ਦੀ ਮਾਰ ਕਾਰਨ ਫਸਲ ਦਾ ਜ਼ਿਆਦਾ ਨੁਕਸਾਨ ਹੁੰਦਾ ਹੈ। ਸਾਉਣੀ 2023 ਵਿੱਚ ਜਿਲ੍ਹਾ ਬਠਿੰਡਾ (ਬਲਾਕ ਤਲਵੰਡੀ ਸਾਬੋ) ਅਤੇ ਮਾਨਸਾ ਦੇ ਕੁੱਝ ਪਿੰਡਾ ਵਿੱਚ ਨਰਮੇ ਦੇ ਖੇਤਾ ਵਿੱਚ ਪਾਣੀ ਨਿਕਾਸੀ ਨਾ ਹੋਣ ਕਰਕੇ ਇਹ ਸਮੱਸਿਆ ਵੇਖਣ ਵਿੱਚ ਆਈ। ਨਰਮੇ ਦੀ ਕਾਸ਼ਤ ਲਈ ਖੇਤ ਵਿੱਚ ਪਾਣੀ ਦੇ ਨਿਕਾਸ ਦਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ। ਜਿਸ ਖੇਤ ਵਿੱਚ ਪਾਣੀ ਖੜਣ ਦੀ ਸਮੱਸਿਆ ਹੋਵੇ ਉਸ ਖੇਤ ਵਿੱਚ ਨਰਮੇ-ਕਪਾਹ ਦੀ ਫਸਲ ਬੀਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਪੀ.ਏ.ਯੂ. ਟਰੈਕਟਰ ਚਲਿਤ ਝੋਨੇ ਦੀ Mat-Type Nursery Seeder Machine ਦੇ ਫਾਇਦੇ, ਧਿਆਨ ਰੱਖਣਯੋਗ ਨੁਕਤੇ ਅਤੇ ਕਿਸਾਨਾਂ ਦੀ Success Story
6.ਫੁੱਲ- ਡੋਡੀ ਦਾ ਝੜਨਾ( Droppings)
ਨਰਮੇ ਦੀ ਫਸਲ ਵਿੱਚ ਤੱਤਾਂ ਦੀ ਮੰਗ ਫੁੱਲ ਪੈਣ ਅਤੇ ਟੀਂਡੇ ਬਣਨ ਦੇ ਪੜਾਅ ਵਿੱਚ ਇੱਕ ਦਮ ਬਹੁਤ ਜਾਂਦੀ ਹੈ। ਮਿੱਟੀ ਵਿੱਚ ਪਾਏ ਤੱਤ ਖਾਸ ਤੌਰ ਤੇ ਨਾਈਟ੍ਰੋਜਨ ਅਤੇ ਪੋਟਾਸ਼ੀਅਮ ਇਸ ਮੰਗ ਨੂੰ ਪੂਰਾ ਕਰਨ ਵਿੱਚ ਅਸਮੱਰਥ ਹੁੰਦੇ ਹਨ ਅਤੇ ਮੰਗ ਦੀ ਪੂਰਤੀ ਨਾ ਹੋਣ ਕਾਰਨ ਫੁੱਲ ਡੋਡੀ ਅਤੇ ਕੱਚੇ ਟੀਡੇ ਝੜਨ ਲੱਗਦੇ ਹਨ (ਚਿਤਰ-6), ਜਿਸ ਕਾਰਨ ਫਸਲ ਦਾ ਝਾੜ ਘੱਟ ਜਾਂਦਾ ਹੈ।
ਉਪਾਅ:- ਫੁੱਲ ਡੋਡੀ ਦੇ ਝੜਨ ਨੂੰ ਰੋਕਣ ਲਈ ਪੋਟਾਸ਼ੀਅਮ ਨਾਈਟ੍ਰੇਟ (13:0:45) ਦੇ ਸਪਰੇਅ ਕਰਕੇ ਤੱਤਾਂ ਦੀ ਮੰਗ ਨੂੰ ਪੂਰਾ ਕਰਨਾ ਲਾਭਦਾਇਕ ਹੁੰਦਾ ਹੈ। ਇਸ ਤਰ੍ਹਾਂ ਫੁੱਲ ਡੋਡੀ ਅਤੇ ਕੱਚੇ ਟੀਡੇ ਘੱਟ ਝੜਦੇ ਹਨ। ਫੁੱਲਾਂ ਦੀ ਸ਼ੁਰੂਆਤ ਤੋਂ ਲੈ ਕੇ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ (13:0:45)(NPK) ਦੇ ਚਾਰ ਸਪਰੇਅ ਹਫਤੇ ਹਫਤੇ ਦੇ ਵਕਫੇ ਤੇ ਕਰਨੇ ਚਾਹੀਦੇ ਹਨ। 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ ਦਾ ਮਤਲਬ ਹੈ ਕਿ 100 ਲੀਟਰ ਪਾਣੀ ਵਿੱਚ 2 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਦਾ ਘੋਲ ਬਣਾਓ।
7.ਤਿੜਕ (Tirak)
ਇਹ ਵੀ ਇੱਕ ਅੰਦਰੂਨੀ ਵਿਕਾਰ ਹੈ, ਕਿਸੇ ਜੀਵਾਣੂ ਜਾਂ ਵਿਸ਼ਾਣੂ ਕਾਰਨ ਨਹੀਂ ਹੁੰਦਾ। ਤਿੜਕ ਨਾਲ ਨਰਮੇ ਦੇ ਪੱਤੇ ਪੀਲੇ ਅਤੇ ਲਾਲ ਹੋ ਜਾਂਦੇ ਹਨ ਅਤੇ ਪਿਛੋਂ ਟੀਂਡੇ ਪੂਰੀ ਤਰ੍ਹਾਂ ਨਹੀਂ ਖਿੜਦੇ (ਕੱਚੇ ਟੀਂਡੇ ਥੋੜ੍ਹੇ-ਥੋੜ੍ਹੇ ਖੁੱਲ ਜਾਂਦੇ ਹਨ (ਚਿਤਰ-7) ਤਿੜਕ ਜ਼ਿਆਦਾ ਤਰ ਹਰਿਆਣਾ, ਰਾਜਸਥਾਨ ਅਤੇ ਇਨ੍ਹਾ ਦੇ ਨਾਲ ਲੱਗਦੇ ਪੰਜਾਬ ਦੇ ਖੁਸ਼ਕ ਇਲਾਕਿਆ ਵਿੱਚ ਆਉਂਦੀ ਹੈ। ਇਸ ਦੇ ਮੁੱਖ ਕਾਰਨ, ਲੰਮੇ ਸਮੇਂ ਦੀ ਔੜ, ਸਿੰਚਾਈ ਲਈ ਪਾਣੀ ਦੀ ਘਾਟ, ਹਲਕੀਆਂ ਰੇਤਲੀਆਂ ਜ਼ਮੀਨਾਂ ਵਿੱਚ ਖੁਰਾਕੀ ਤੱਤਾਂ ਦੀ ਘਾਟ, ਬਹੁਤ ਅਗੇਤੀ ਬਿਜਾਈ, ਪੌਦ ਸੁਰੱਖਿਆ ਠੀਕ ਨਾ ਹੋਣਾ ਹਨ। ਤਿੜਕ ਇਹਨਾਂ ਕਾਰਨਾਂ ਵਿੱਚੋਂ ਕਿਸੇ ਇੱਕ ਜਾਂ ਇੱਕ ਤੋਂ ਜ਼ਿਆਦਾ ਕਾਰਨਾਂ ਕਰਕੇ ਹੋ ਸਕਦੀ ਹੈ। ਫੁੱਲ ਡੋਡੀ ਪੈਣ ਸਮੇਂ ਬਹੁਤ ਜਿਆਦਾ ਗਰਮੀ ਵੀ ਤਿੜਕ ਨੂੰ ਹੋਰ ਵਧਾਉਂਦੀ ਹੈ। ਕੱਚੇ ਟੀਂਡੇ ਖੁੱਲਣ ਨਾਲ ਵੜੇਵੇ ਅਤੇ ਰੇਸ਼ੇ ਦਾ ਪੂਰਾ ਵਿਕਾਸ ਨਹੀ ਹੁੰਦਾ ਅਤੇ ਕੌਡੀਆ ਬਣ ਜਾਂਦੇ ਹਨ। ਇਸ ਕਾਰਨ ਨਰਮੇ ਦੀ ਕੁਆਲਟੀ ਤੇ ਮਾੜਾ ਅਸਰ ਹੁੰਦਾ ਹੈ। ਸਾਉਣੀ 2022 ਵਿੱਚ ਵੱਧ ਤਾਪਮਾਨ ਤਾਂ ਵੇਖਣ ਵਿੱਚ ਆਇਆ ਪਰ ਤਿੜਕ ਦੀ ਸਮੱਸਿਆ ਘੱਟ ਵੇਖਣ ਵਿੱਚ ਆਈ।
ਉਪਾਅ:- ਤਿੜਕ ਤੋਂ ਬਚਾਅ ਲਈ ਖਾਦਾਂ ਦੀ ਸੁਚੱਜੀ ਵਰਤੋਂ, ਸਮੇਂ ਸਿਰ ਸਿੰਚਾਈ ਅਤੇ ਪੌਦ ਸੁਰੱਖਿਆ ਦੀਆ ਸਿਫਾਰਿਸ਼ਾ ਕੀਤੀਆਂ ਰਸਾਇਣਾ ਦੀ ਵਰਤੋਂ ਕੇ ਤਿੜਕ ਦੇ ਹਮਲੇ ਨੂੰ ਘੱਟ ਕਰ ਸਕਦੀਆਂ ਹਨ। ਬਿਜਾਈ ਭਾਰੀ ਰੌਣੀ ਤੋਂ ਬਾਅਦ ਅਤੇ ਸਮੇਂ ਸਿਰ ਸਿੰਚਾਈ ਤਿੜਕ ਦੇ ਹਮਲੇ ਨੂੰ ਘੱਟ ਕਰਨ ਵਿੱਚ ਸਹਾਈ ਹੁੰਦਾ ਹੈ।
ਨਰਮੇ ਕਪਾਹ ਦੀ ਫਸਲ ਵਿੱਚ ਵੱਧ ਤਾਪਮਾਨ ਦਾ ਪ੍ਰਭਾਵ-ਬੀਜ ਦੇ ਪੁੰਗਰਣ ਸਮੇ (Germination) ਅਤੇ ਪੱਤੇ ਦਾ ਝੁਲਸ ਜਾਣਾ (Scorching of leaves)
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫਾਰਸ਼ ਅਨੁਸਾਰ ਬੀਜ ਪੁੰਗਰਨ ਸਮੇ ਦਿਨ ਦਾ ਔਸਤ ਤਾਪਮਾਨ 16 ਡਿਗਰੀ ਸੈਂਟੀਗਰੇਡ ਅਤੇ ਫਸਲ ਦੇ ਵਾਧੇ ਲਈ 21 ਤੋਂ 27 ਡਿਗਰੀ ਸੈਂਟੀਗਰੇਡ ਚਾਹੀਦਾ ਹੈ। ਫਲ ਪੈਣ ਸਮੇਂ ਦਿਨ ਦਾ ਤਾਪਮਾਨ 27-32 ਡਿਗਰੀ ਸੈਂਟੀਗਰੇਡ ਚਾਹੀਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਮੌਸਮ ਦਾ ਤਾਪਮਾਨ ਜਿਆਦਾ ਮਾਪਿਆ ਗਿਆ ਹੈ। ਜਿਸ ਦਾ ਨਰਮੇ-ਕਪਾਹ ਦੀ ਫਸਲ ਦਾ ਜੰਮ ਘੱਟ ਅਤੇ ਉਗਣ ਸਮੇਂ ਬੂਟੇ ਮਰਨ ਦੀ ਸਮੱਸਿਆ ਆਈ ਹੈ।
ਪੰਜਾਬ ਦੇ ਦੱਖਣੀ-ਪੱਛਮੀ ਜ਼ਿਲ੍ਹਿਆ ਵਿੱਚ ਨਰਮੇ-ਕਪਾਹ ਦੀ ਫਸਲ ਦੇ ਪੁੰਗਰਣ ਤੇ ਪੌਦੇ ਦੇ ਵਾਧੇ ਤੱਕ ਵੱਖ-ਵੱਖ ਸਮੇਂ ਤੇ ਤਾਪਮਾਨ ਦਾ ਵੱਖ-ਵੱਖ ਪ੍ਰਭਾਵ ਪੈਂਦਾ ਰਹਿੰਦਾ ਹੈ। ਜਦੋਂ ਵੀ ਨਰਮੇ ਦੀ ਖੇਤੀ ਦੇ ਦੌਰਾਨ ਵੱਧ ਤਾਪਮਾਨ ਰਿਹਾ ਉਦੋ ਉਦੋ ਨਰਮੇ-ਕਪਾਹ ਦੀ ਫਸਲ ਤੇ ਪੁੰਗਰਣ ਸਮੇਂ ਮਾੜਾ ਅਸਰ ਵੇਖਣ ਵਿੱਚ ਆਇਆ ਹੈ ਜਿਵੇ ਕਿ ਉਗਣ ਸਾਰ ਮਰ ਜਾਣਾ ਅਤੇ ਜੰਮਣ ਬਾਅਦ ਪੱਤੇ ਦੇ ਕਿਨਾਰੇ ਝੁਲਸ ਜਾਣ ਦੀ ਸਮੱਸਿਆ ਵੇਖਣ ਵਿੱਚ ਆਈ ਹੈ।
ਸਰੋਤ: ਰੁਪੇਸ਼ ਕੁਮਾਰ ਅਰੋੜਾ, ਜਗਦੀਸ਼ ਅਰੋੜਾ ਅਤੇ ਪਰਮਜੀਤ ਸਿੰਘ
ਖੇਤਰੀ ਖੋਜ ਕੇਂਦਰ, ਬਠਿੰਡਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
Summary in English: Cotton Crop: Prevention of organic and abiotic problems of cotton