Potato Farmers: ਆਲੂ ਦੁਨੀਆ ਦੀਆਂ ਪੰਜ ਸਭ ਤੋਂ ਮਹੱਤਵਪੂਰਨ ਫਸਲਾਂ ਵਿੱਚੋਂ ਇੱਕ ਹੈ। ਪੰਜਾਬ ਵਿੱਚ ਸਬਜ਼ੀਆਂ ਦੇ ਕੁੱਲ ਰਕਬੇ ਦੇ ਅੱਧੇ ਹਿੱਸੇ 'ਤੇ ਆਲੂ ਦੀ ਕਾਸ਼ਤ ਕੀਤੀ ਜਾਂਦੀ ਹੈ। ਆਲੂ ਦੀ ਫ਼ਸਲ 'ਤੇ ਵੱਖ-ਵੱਖ ਕੀੜਿਆਂ ਦਾ ਹਮਲਾ ਹੁੰਦਾ ਹੈ, ਜਿਸ ਨਾਲ ਨਾ ਸਿਰਫ਼ ਝਾੜ ਘਟਦਾ ਹੈ ਸਗੋਂ ਆਲੂਆਂ ਦੀ ਗੁਣਵੱਤਾ 'ਤੇ ਵੀ ਅਸਰ ਪੈਂਦਾ ਹੈ।
ਇਸ ਦੇ ਨਾਲ ਹੀ ਮੌਸਮੀ ਤਬਦੀਲੀਆਂ ਦਾ ਵੀ ਆਲੂ ਦੀ ਫ਼ਸਲ 'ਤੇ ਮਾੜਾ ਅਸਰ ਪੈਂਦਾ ਹੈ, ਜਿਸ ਕਰਕੇ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਅੱਜ ਅਸੀਂ ਤੁਹਾਡੇ ਨਾਲ ਪੀਏਯੂ ਦੇ ਮਾਹਿਰਾਂ ਵੱਲੋਂ ਜਾਰੀ ਕੀਤੀਆਂ ਕੁਝ ਸਿਫ਼ਾਰਸ਼ਾਂ ਸਾਂਝੀਆਂ ਕਰ ਰਹੇ ਹਾਂ, ਤਾਂ ਜੋ ਕਿਸਾਨ ਪਿਛੇਤੇ ਝੁਲਸ ਰੋਗ ਤੋਂ ਆਪਣੀ ਆਲੂਆਂ ਦੀ ਫ਼ਸਲ ਦਾ ਬਚਾਅ ਕਰ ਸਕਣ।
ਪਿਛਲੇ ਇਕ ਹਫਤੇ ਦੌਰਾਨ ਪੰਜਾਬ ਦੀ ਮੁੱਖ ਆਲੂ ਪੱਟੀ ਵਿਚ ਤਾਪਮਾਨ 12 ਤੋਂ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਰਾਤ ਸਮੇਂ ਉੱਚ ਨਮੀਂ (90%) ਤੋਂ ਵੱਧ ਅਤੇ ਪੈਣ ਵਾਲੀ ਤਰੇਲ ਕਾਰਨ ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਰੋਪੜ ਅਤੇ ਕਪੂਰਥਲਾ ਜ਼ਿਲ੍ਹਿਆਂ ਵਿਚ ਆਲੂਆਂ ਦੇ ਪਿਛੇਤੇ ਝੁਲਸ ਰੋਗ ਦੇ ਫੈਲਾਅ ਅਤੇ ਨੁਕਸਾਨ ਲਈ ਸਥਿਤੀਆਂ ਅਨੁਕੂਲ ਹੋ ਰਹੀਆਂ ਹਨ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਭਜੋਧ ਸਿੰਘ ਸੰਧੂ ਅਤੇ ਪੌਦਾ ਰੋਗ ਮਾਹਿਰ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਪਿਛੇਤੇ ਝੁਲਸ ਰੋਗ ਦੇ ਮੁੱਢਲੇ ਲੱਛਣਾਂ ਵਿਚ ਛੋਟੇ, ਹਲਕੇ ਤੋਂ ਗੂੜ੍ਹੇ ਹਰੇ, ਗੋਲਾਕਾਰ ਤੋਂ ਬੇਢੰਗੇ ਆਕਾਰ ਦੇ ਪਾਣੀ ਭਿੱਜੇ ਚੱਟਾਕ ਦਿਖਾਈ ਦਿੰਦੇ ਹਨ। ਠੰਡੇ ਅਤੇ ਨਮੀਂ ਵਾਲੇ ਮੌਸਮ ਦੌਰਾਨ ਇਹ ਚਟਾਕ ਤੇਜ਼ੀ ਨਾਲ ਵੱਡੇ, ਗੂੜ੍ਹੇ ਭੂਰੇ ਜਾਂ ਕਾਲੇ ਰੰਗ ਦੇ ਹੁੰਦੇ ਜਾਂਦੇ ਹਨ। ਜੇਕਰ ਇਸ ਰੋਗ ਉੱਪਰ ਸਮੇਂ ਸਿਰ ਕਾਬੂ ਨਾ ਪਾਇਆ ਜਾਵੇ ਤਾਂ ਇਹ ਰੋਗ ਫਸਲ ਨੂੰ ਤਬਾਹ ਵੀ ਕਰ ਸਕਦਾ ਹੈ।
ਇਹ ਵੀ ਪੜ੍ਹੋ: Potato Farming: ਆਲੂ ਦੀ ਕਾਸ਼ਤ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਘੱਟ ਖਰਚੇ 'ਤੇ ਮਿਲੇਗਾ ਵੱਧ ਮੁਨਾਫਾ
ਪੌਦਾ ਰੋਗ ਵਿਗਿਆਨੀਆਂ ਨੇ ਆਲੂ ਉਤਪਾਦਕਾਂ ਨੂੰ ਸਲਾਹ ਦਿੱਤੀ ਕਿ ਉਹ ਲਗਾਤਾਰ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ ਅਤੇ ਕੁਝ ਉੱਲੀ ਨਾਸ਼ਕ ਜਿਵੇਂ ਕਿ ਇੰਡੋਫਿਲ ਐੱਮ-45/ਐਂਟਰਾਕੋਲ/ਕਵਚ 500 ਤੋਂ 700 ਗ੍ਰਾਮ ਜਾਂ ਕਾਪਰ ਆਕਸੀਕਲੋਰਾਈਡ 50 ਡਬਲਯੂ ਪੀ 750 ਤੋਂ 1000 ਗ੍ਰਾਮ ਦਾ ਛਿੜਕਾਅ ਕਰਨ। ਛਿੜਕਾਅ ਵਾਲੀ ਦਵਾਈ ਨੂੰ ਇਕ ਏਕੜ ਲਈ 250-350 ਲਿਟਰ ਪਾਣੀ ਵਿਚ ਘੋਲ ਕੇ ਝੁਲਸ ਰੋਗ ਆਉਣ ਤੋਂ ਪਹਿਲਾਂ 7 ਦਿਨਾਂ ਦੇ ਵਕਫ਼ੇ ਤੇ ਛਿੜਕਾਅ ਕੀਤਾ ਜਾ ਸਕਦਾ ਹੈ।
Summary in English: Crop Protection: Experts advise farmers on potato crop, Recommendations issued regarding blight disease