1. Home
  2. ਖੇਤੀ ਬਾੜੀ

DSR Technique: ਪਾਣੀ-ਪੈਸੇ-ਸਮੇਂ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਕਾਮਯਾਬ, ਇੱਥੇ ਜਾਣੋ ਬੀਜ ਦੀ ਸੋਧ ਤੇ ਬਿਜਾਈ ਦਾ ਢੰਗ

ਝੋਨੇ ਦੀ ਸਿੱਧੀ ਬਿਜਾਈ ਪਾਣੀ ਦੀ ਬੱਚਤ, ਘੱਟ ਖਰਚੇ ਅਤੇ ਸਮੇਂ ਸਿਰ ਬਿਜਾਈ ਵਾਲਾ ਹੱਲ ਪੇਸ਼ ਕਰਦੀ ਹੈ। ਕਿਸਾਨਾਂ ਨੂੰ ਸਹੀ ਢੰਗ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਤੋਂ ਸਲਾਹ ਲੈਣੀ ਚਾਹੀਦੀ ਹੈ। ਝੋਨੇ ਦੀ ਸਿੱਧੀ ਬਿਜਾਈ ਹੇਠ ਲਿਖੀਆਂ ਸੁਧਰੀਆਂ ਕਾਸ਼ਤ ਤਕਨੀਕਾਂ ਨਾਲ ਕੀਤੀ ਜਾ ਸਕਦੀ ਹੈ।

Gurpreet Kaur Virk
Gurpreet Kaur Virk
ਝੋਨੇ ਦੀ ਸਿੱਧੀ ਬਿਜਾਈ (DSR Technique)

ਝੋਨੇ ਦੀ ਸਿੱਧੀ ਬਿਜਾਈ (DSR Technique)

Save Water, Money and Time: ਪੰਜਾਬ ਦੇ ਝੋਨਾ-ਕਣਕ ਫ਼ਸਲੀ ਚੱਕਰ ਵਿੱਚ, ਖੇਤ ਨੂੰ ਕੱਦੂ ਕਰਨ ਤੋਂ ਬਾਅਦ ਮਜਦੂਰਾਂ ਵੱਲੋਂ ਪਨੀਰੀ ਨੂੰ ਪੁੱਟ ਕੇ ਕੱਦੂ ਕੀਤੇ ਖੇਤ ਵਿੱਚ ਲਗਾਇਆ ਜਾਂਦਾ ਹੈ। ਇਸ ਢੰਗ ਨਾਲ ਪਾਣੀ ਦੀ ਕਾਫੀ ਖਪਤ ਹੁੰਦੀ ਹੈ ਅਤੇ ਝੋਨੇ ਦੀ ਕਾਸ਼ਤ ਲਈ ਮਜਦੂਰਾਂ ਤੇ ਨਿਰਭਰ ਰਹਿਣਾ ਪੈਂਦਾ ਹੈ। ਮਜਦੂਰਾਂ ਦੀ ਉਪਲੱਬਧਤਾ ਘੱਟਣ ਨਾਲ ਮਜਦੂਰੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਅਤੇ ਸਮੇਂ ਸਿਰ ਮਜਦੂਰ ਨਾ ਮਿਲਣ ਕਰਕੇ ਝੋਨੇ ਦੀ ਲੁਆਈ ਵਿੱਚ ਵੀ ਦੇਰੀ ਹੋ ਜਾਂਦੀ ਹੈ।

ਝੋਨੇ ਦੀ ਸਿੱਧੀ ਬਿਜਾਈ ਪਾਣੀ ਦੀ ਬੱਚਤ, ਘੱਟ ਖਰਚੇ ਅਤੇ ਸਮੇਂ ਸਿਰ ਬਿਜਾਈ ਵਾਲਾ ਹੱਲ ਪੇਸ਼ ਕਰਦੀ ਹੈ। ਕਿਸਾਨਾਂ ਨੂੰ ਸਹੀ ਢੰਗ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਤੋਂ ਸਲਾਹ ਲੈਣੀ ਚਾਹੀਦੀ ਹੈ। ਝੋਨੇ ਦੀ ਸਿੱਧੀ ਬਿਜਾਈ ਹੇਠ ਲਿਖੀਆਂ ਸੁਧਰੀਆਂ ਕਾਸ਼ਤ ਤਕਨੀਕਾਂ ਨਾਲ ਕੀਤੀ ਜਾ ਸਕਦੀ ਹੈ।

ਪਾਣੀ, ਪੈਸੇ ਅਤੇ ਸਮੇਂ ਦੀ ਬੱਚਤ ਲਈ ਕਰੋ ਝੋਨੇ ਦੀ ਸਿੱਧੀ ਬਿਜਾਈ

ਢੁੱਕਵੀਆਂ ਕਿਸਮਾਂ ਅਤੇ ਜ਼ਮੀਨ:- ਝੋਨੇ ਦੀ ਸਿੱਧੀ ਬਿਜਾਈ ਲਈ ਘੱਟ ਅਤੇ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਠੀਕ ਹਨ। ਜੇਕਰ ਜ਼ਮੀਨ ਦੀ ਗੱਲ ਕਰੀਏ ਤਾਂ ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕਰਨੀ ਚਾਹੀਦੀ ਹੈ। ਹਲਕੀਆਂ ਜ਼ਮੀਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਨਹੀਂ ਕਰਨੀ ਚਾਹੀਦੀ, ਕਿਉਂਕਿ ਲੋਹੇ ਦੀ ਘਾਟ ਆਉਣ ਨਾਲ ਝਾੜ 'ਤੇ ਮਾੜਾ ਅਸਰ ਪੈਂਦਾ ਹੈ।

ਬਿਜਾਈ ਦਾ ਸਮਾਂ:- ਝੋਨੇ ਦੀ ਸਿੱਧੀ ਬਿਜਾਈ ਜੂਨ ਮਹੀਨੇ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਰਨੀ ਚਾਹੀਦੀ ਹੈ। ਅਗੇਤੀ ਬਿਜਾਈ ਕਰਨ ਨਾਲ ਝਾੜ ਤੇ ਮਾੜਾ ਅਸਰ ਪੈਂਦਾ ਹੈ।

ਖੇਤ ਦੀ ਤਿਆਰੀ:- ਖੇਤ ਨੂੰ ਦੋ ਵਾਰ ਤਵੀਆਂ ਮਾਰਨ ਤੋਂ ਬਾਅਦ ਇੱਕ ਵਾਰ ਹਲਾਂ ਨਾਲ ਵਾਹੋ ਅਤੇ ਬਾਅਦ ਵਿੱਚ ਸੁਹਾਗਾ ਫੇਰਨਾ ਚਾਹੀਦਾ ਹੈ। ਇਸ ਤੋਂ ਬਾਅਦ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰੋ। ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਨਾਲ ਪਾਣੀ ਇਕਸਾਰ ਲੱਗਦਾ ਹੈ, ਜਿਸ ਨਾਲ ਪਾਣੀ ਦੀ ਬੱਚਤ ਦੇ ਨਾਲ ਫ਼ਸਲ ਦਾ ਪੁੰਗਾਰਾ ਵਧੀਆ ਹੁੰਦਾ ਹੈ।

ਬੀਜ ਦੀ ਮਾਤਰਾ:- ਇੱਕ ਏਕੜ ਦੀ ਬਿਜਾਈ ਲਈ 8-10 ਕਿਲੋਗ੍ਰਾਮ ਬੀਜ ਦੀ ਵਰਤੋਂ ਕਰੋ।

ਬੀਜ ਦੀ ਸੋਧ:- ਬੀਜ ਨੂੰ 12 ਘੰਟੇ 2% ਪੋਟਾਸ਼ੀਅਮ ਨਾਈਟ੍ਰੇਟ ਦੇ ਘੋਲ (10 ਲਿਟਰ ਪਾਣੀ ਵਿੱਚ 200 ਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ) ਵਿੱਚ ਭਿਉਂ ਕੇ ਰੱਖਣ ਤੋਂ ਬਾਅਦ ਛਾਵੇਂ ਸੁਕਾ ਕੇ, 3 ਗ੍ਰਾਮ ਸਪਰਿੰਟ 75 ਡਬਲਯੂ ਐਸ (ਮੈਨਕੋਜੈਬ + ਕਾਰਬੈਂਡਾਜਿਮ) ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ।

ਬਿਜਾਈ ਦਾ ਢੰਗ:- ਝੋਨੇ ਦੀ ਸਿੱਧੀ ਬਿਜਾਈ ਤਰ-ਵੱਤਰ ਖੇਤ ਵਿੱਚ ਡਰਿੱਲ ਨਾਲ, ਤਰ-ਵੱਤਰ ਖੇਤ ਵਿੱਚ ਬੈੱਡਾਂ ਉੱਪਰ ਅਤੇ ਸੁੱਕੇ ਖੇਤ ਵਿੱਚ ਡਰਿੱਲ ਨਾਲ ਕੀਤੀ ਜਾ ਸਕਦੀ ਹੈ। ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰਨ ਤੋਂ ਬਾਅਦ ਕਿਆਰੇ ਪਾ ਕੇ ਰੌਣੀ ਕਰ ਦੇਣੀ ਚਾਹੀਦੀ ਹੈ। ਖੇਤ ਦੇ ਤਰ-ਵੱਤਰ ਹਾਲਤ ਵਿੱਚ ਆ ਜਾਣ ਤੋਂ ਬਾਅਦ ਖੇਤ ਨੂੰ ਹੋਛਾ ਵਾਹੁਣਾ ਚਾਹੀਦਾ ਹੈ। ਵਾਹੁਣ ਮਗਰੋਂ ਸੁਹਾਗੇ ਉੱਪਰ 3 ਮਿੱਟੀ ਦੀਆਂ ਬੋਰੀਆਂ ਰੱਖ ਕੇ 2-3 ਵਾਰ ਸੁਹਾਗਾ ਮਾਰੋ। ਸੁਹਾਗਾ ਮਾਰਨ ਤੋਂ ਤੁਰੰਤ ਬਾਅਦ ਡਰਿੱਲ ਨਾਲ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 3-4 ਸੈਂਟੀਮੀਟਰ ਡੂੰਘੀ ਬਿਜਾਈ ਕਰੋ।

ਝੋਨੇ ਦੀ ਸਿੱਧੀ ਬਿਜਾਈ ਲਈ ਖੇਤ ਦੀ ਤਿਆਰੀ ਅਤੇ ਬਿਜਾਈ ਦੁਪਹਿਰ ਸਮੇਂ ਨਾ ਕਰੋ। ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿੱਲ ਦੀ ਵਰਤੋਂ ਕਰੋ ਜੋ ਬਿਜਾਈ ਦੇ ਨਾਲ-ਨਾਲ ਨਦੀਨਨਾਸ਼ਕ ਦਾ ਛਿੜਕਾਅ ਵੀ ਕਰਦੀ ਹੈ। ਲੱਕੀ ਸੀਡ ਡਰਿੱਲ ਨਾਲ ਕਰੰਡ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ ਅਤੇ ਖੇਤ ਵਿੱਚ ਨਮੀਂ ਜਿਆਦਾ ਸਮੇਂ ਤੱਕ ਬਰਕਰਾਰ ਰਹਿਣ ਕਰਕੇ ਨਦੀਨਾਂ ਦੀ ਰੋਕਥਾਮ ਵੀ ਜਿਆਦਾ ਚੰਗੀ ਤਰਾਂ ਹੁੰਦੀ ਹੈ।

ਜੇਕਰ ਝੋਨੇ ਦੀ ਸਿੱਧੀ ਬਿਜਾਈ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਕੀਤੀ ਗਈ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦਾ ਛਿੜਕਾਅ ਕਰਨਾ ਚਾਹੀਦਾ ਹੈ। ਤਰ-ਵੱਤਰ ਖੇਤ ਵਿੱਚ ਬੈੱਡਾਂ ਉੱਪਰ ਝੋਨੇ ਦੀ ਸਿੱਧੀ ਬਿਜਾਈ ਲਈ ਖੇਤ ਨੂੰ ਲੇਜ਼ਰ ਲੈਵਲ ਕਰਨ ਤੋਂ ਬਾਅਦ ਬੈੱਡ ਪਲਾਂਟਰ ਦੇ ਨਾਲ 67.5 ਸੈਂਟੀਮੀਟਰ ਚੌੜਾਈ ਵਾਲੇ ਬੈੱਡ (37.5 ਸੈਂਟੀਮੀਟਰ ਚੌੜੇ ਬੈੱਡ ਅਤੇ 30 ਸੈਂਟੀਮੀਟਰ ਚੌੜੀ ਖਾਲ਼ੀ) ਬਣਾਓ। ਇਸ ਤੋਂ ਬਾਅਦ ਖਾਲ਼ੀਆਂ ਵਿੱਚ ਪਾਣੀ ਲਾ ਦਿਓ।

ਖੇਤ ਦੇ ਤਰ-ਵੱਤਰ ਹਾਲਤ ਵਿੱਚ ਆ ਜਾਣ ਤੋਂ ਬਾਅਦ ਜਿਸ ਬੈੱਡ ਪਲਾਂਟਰ ਨਾਲ ਬੈੱਡ ਬਣਾਏ ਸਨ ਨਾਲ ਬਿਜਾਈ ਕਰ ਦਿਓ (2 ਕਤਾਰਾਂ ਪ੍ਰਤੀ ਬੈੱਡ) ਅਤੇ ਤੁਰੰਤ ਨਦੀਨਨਾਸ਼ਕ ਦਾ ਸਪਰੇ ਕਰ ਦਿਓ। ਬਿਜਾਈ ਦੁਪਹਿਰ ਸਮੇਂ ਨਾ ਕਰੋ। ਇਸ ਢੰਗ ਨਾਲ ਦੂਜੇ ਦੋ ਢੰਗਾਂ ਨਾਲੋਂ ਪਾਣੀ ਦੀ ਬੱਚਤ ਹੁੰਦੀ ਹੈ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਡਰਿੱਲ ਨਾਲ 2-3 ਸੈਂਟੀਮੀਟਰ ਡੂੰਘਾਈ ਤੇ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ ਵੀ ਕੀਤੀ ਜਾ ਸਕਦੀ ਹੈ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਤੋਂ ਬਾਅਦ ਤੁਰੰਤ ਪਾਣੀ ਲਗਾ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਸਾਉਣੀ ਦੀਆਂ ਫਸਲਾਂ ਵਿੱਚ ਵਰਤੇ ਜਾਣ ਵਾਲੇ ਮਿੱਤਰ ਕੀੜਿਆਂ ਦੀ ਭੂਮਿਕਾ, ਸੂਚੀ ਅਤੇ ਵਰਤੋਂ ਦਾ ਸਹੀ ਸਮਾਂ, ਕਿਸਾਨ ਭਰਾਵੋ, ਕਿਰਪਾ ਕਰਕੇ ਇਹ ਸਾਵਧਾਨੀਆਂ ਵਰਤੋ

ਨਦੀਨਾਂ ਦੀ ਰੋਕਥਾਮ:- ਸਿੱਧੇ ਬੀਜੇ ਝੋਨੇ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਭ ਤੋਂ ਪਹਿਲਾਂ ਸਿੱਧੀ-ਸਿੱਧੀ ਇਹ ਪਹਿਚਾਣ ਹੋਣੀ ਚਾਹੀਦੀ ਹੈ ਕਿ ਨਦੀਨ ਘਾਹ ਰੂਪੀ ਹੈ ਜਾਂ ਚੌੜੀ ਪੱਤੀ ਵਾਲਾ। ਘਾਹ ਰੂਪੀ ਨਦੀਨਾਂ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ ਵੱਖ-ਵੱਖ ਨਦੀਨਨਾਸ਼ਕ ਹਨ। ਸਿੱਧੇ ਬੀਜੇ ਝੋਨੇ ਵਿੱਚ ਸਵਾਂਕ, ਝੋਨੇ ਦੇ ਮੋਥੇ, ਗੰਢੀ ਵਾਲਾ ਮੋਥਾ, ਗੁੜਤ ਮਧਾਣਾ, ਲੈਪਟੋਕਲੋਆ ਘਾਹ, ਚਿੜੀ ਘਾਹ, ਤੱਕੜੀ ਘਾਹ ਅਤੇ ਚੌੜੀ ਪਤੀ ਵਾਲੇ ਨਦੀਨ ਜਿਵੇ ਇੱਟਸਿੱਟ ਆਦਿ ਨਦੀਨ ਹੋ ਸਕਦੇ ਹਨ। ਇਸ ਲਈ ਨਦੀਨਾਂ ਦੀ ਕਿਸਮ ਮੁਤਾਬਿਕ ਨਦੀਨ ਨਾਸ਼ਕ ਦੀ ਚੋਣ ਕਰਨ ਦੀ ਲੋੜ ਹੈ।

ਘਾਹ ਵਾਲੇ ਅਤੇ ਕੁਝ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ ਤਰ-ਵੱਤਰ ਵਾਲੀ ਹਾਲਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਤੋ ਤੁਰੰਤ ਬਾਅਦ ਅਤੇ ਸੁੱਕੀ ਬਿਜਾਈ ਤੋਂ 2 ਦਿਨਾਂ ਦੇ ਅੰਦਰ ਵੱਤਰ ਖੇਤ ਵਿੱਚ ਸਟੌਂਪ/ਬੰਕਰ 30 ਈ ਸੀ (ਪੈਂਡੀਮੈਥਾਲਿਨ) 1.0 ਲਿਟਰ ਪ੍ਰਤੀ ਏਕੜ ਜਾਂ ਪੇਪੇ 25 ਐਸ ਈ (ਪੈਂਡੀਮੈਥਾਲੀਨ + ਪਿਨੌਕਸੁਲਮ) ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਪੇਪੇ ਮੌਸਮੀ ਘਾਹ, ਮੋਥੇ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਅਸਰਦਾਰ ਰੋਕਥਾਮ ਕਰਦੀ ਹੈ। ਬਿਜਾਈ ਤੋ 15-25 ਦਿਨਾਂ ਬਾਅਦ ਨਦੀਨ ਦੀ ਕਿਸਮ ਮੁਤਾਬਿਕ ਨਦੀਨ ਨਾਸ਼ਕ ਦੀ ਵਰਤੋ ਕਰੋ।

ਝੋਨੇ ਦੀ ਸਿੱਧੀ ਬਿਜਾਈ ਵਿੱਚ ਸਵਾਂਕ, ਚੀਨੀ ਘਾਹ, ਚੌੜੇ ਪੱਤੇ ਵਾਲੇ ਨਦੀਨ, ਝੋਨੇ ਦੇ ਮੋਥੇ ਅਤੇ ਗੰਢੀ ਵਾਲਾ ਮੋਥਾ ਦੀ ਰੋਕਥਾਮ ਲਈ 500 ਮਿਲੀਲਿਟਰ ਪ੍ਰਤੀ ਏਕੜ ਨੋਵਲੈਕਟ 12 ਈ ਸੀ (ਫਲੋਰਪਾਈਰਾਕਸੀਫੇਨ + ਸਾਈਹੈਲੋਫੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ 20-25 ਦਿਨਾਂ ਤੇ ਛਿੜਕਾਅ ਕਰੋ। ਜੇਕਰ ਝੋਨੇ ਵਿਚ ਸਵਾਂਕ, ਸਵਾਂਕੀ ਅਤੇ ਝੋਨੇ ਦੇ ਮੋਥੇ ਹੋਣ ਤਾਂ 100 ਮਿਲੀਲਿਟਰ ਪ੍ਰਤੀ ਏਕੜ ਨੌਮਨੀਗੋਲਡ 10 ਐਸ ਸੀ (ਬਿਸਪਾਇਰੀਬੈਕ) ਨਦੀਨ ਨਾਸ਼ਕ ਨੂੰ 150 ਲੀਟਰ ਪਾਣੀ ਵਿੱਚ ਘੋਲ ਕੇ ਨਦੀਨ ਦੀ 2-4 ਪੱਤਿਆਂ ਦੀ ਅਵਸਥਾ ਤੇ ਛਿੜਕਾਅ ਕਰੋ। ਇਸ ਤਰਾਂ ਜੇਕਰ ਫ਼ਸਲ ਵਿੱਚ ਘਾਹ ਵਾਲੇ ਨਦੀਨ ਜਿਵੇਂ ਚਿੜੀ ਘਾਹ, ਚੀਨੀ ਘਾਹ, ਤੱਕੜੀ ਘਾਹ ਅਤੇ ਗੁੜਤ ਮਧਾਣਾ ਜਿਹੇ ਨਦੀਨ ਹੋਣ ਤਾਂ 400 ਮਿਲੀਲਿਟਰ ਪ੍ਰਤੀ ਏਕੜ ਰਾਈਸਸਟਾਰ 6.7 ਈ ਸੀ (ਫਿਨਾਕਸਾਪਰੋਪ-ਪੀ-ਇਥਾਇਲ) ਨੂੰ 150 ਲੀਟਰ ਪਾਣੀ ਵਿੱਚ ਘੋਲ ਕੇ ਨਦੀਨ ਦੀ 2-4 ਪੱਤਿਆਂ ਦੀ ਅਵਸਥਾ ਤੇ ਛਿੜਕਾਅ ਕਰੋ।

ਗੰਢੀ ਵਾਲਾ ਮੋਥਾ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਫ਼ਸਲ ਵਿੱਚ ਮੌਜੂਦਗੀ ਹੋਵੇ ਤਾਂ 8 ਗ੍ਰਾਮ ਪ੍ਰਤੀ ਏਕੜ ਐਲਮਿਕਸ 20 ਡਬਲਯੂ ਪੀ (ਕਲੋਰੀਮਿਯੂਰਾਨ ਇਥਾਇਲ 10% + ਮੈਟਸਲਫੂਰਾਨ ਮਿਥਾਇਲ 10%) ਨੂੰ 150 ਲੀਟਰ ਪਾਣੀ ਵਿੱਚ ਘੋਲ ਕੇ ਨਦੀਨ ਦੀ 2-4 ਪੱਤਿਆਂ ਦੀ ਅਵਸਥਾ ਤੇ ਛਿੜਕਾਅ ਕਰੋ। ਝੋਨੇ ਵਿਚ ਸਵਾਂਕ, ਗੰਢੀ ਵਾਲਾ ਮੋਥਾ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਮੌਜੂਦਗੀ ਹੋਵੇ ਤਾਂ 40 ਗ੍ਰਾਮ ਏਕੇਤਸੂ 43 ਡਬਲਯੂ ਜੀ (ਬਿਸਪਾਇਰੀਬੈਕ 38% + ਕਲੋਰੀਮਿਯੂਰਾਨ 2.5% + ਮੈਟਸਲਫੂਰਾਨ 2.5% ) ਨੂੰ ਬਿਜਾਈ ਤੋਂ 20-25 ਦਿਨਾਂ ਅੰਦਰ ਛਿੜਕਾਅ ਕਰੋ।

ਇਹ ਵੀ ਪੜ੍ਹੋ: Save Water: ਸੁਰੱਖਿਅਤ ਭਵਿੱਖ ਲਈ ਕੁਦਰਤੀ ਸੋਮੇ ਬਚਾਓ, ਝੋਨੇ ਦੀ ਕਾਸ਼ਤ ਵਿੱਚ ਪਾਣੀ ਸੰਭਾਲ ਦੀਆਂ ਇਹ ਤਕਨੀਕਾਂ ਅਪਣਾਓ

ਜੇਕਰ ਫ਼ਸਲ ਵਿੱਚ ਸਵਾਂਕ, ਸਵਾਂਕੀ, ਚੀਨੀ ਘਾਹ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨ ਹੋਣ ਤਾਂ 900 ਮਿਲੀਲਿਟਰ ਪ੍ਰਤੀ ਏਕੜ ਵਿਵਾਇਆ 6 ਓ ਡੀ (ਪਿਨੌਕਸੁਲਮ 1.02% + ਸਾਈਹੈਲੋਫੌਪ 5.1 %) ਨੂੰ 150 ਲੀਟਰ ਪਾਣੀ ਵਿੱਚ ਘੋਲ ਕੇ ਨਦੀਨ ਦੀ 1-2 ਪੱਤਿਆਂ ਦੀ ਅਵਸਥਾ ਤੇ ਛਿੜਕਾਅ ਕਰਨਾ ਚਾਹੀਦਾ ਹੈ। ਜੇਕਰ ਝੋਨੇ ਵਿੱਚ ਸਵਾਂਕ, ਸਵਾਂਕੀ, ਮਧਾਣਾ, ਮੱਕੜਾ, ਚੀਨੀ ਘਾਹ, ਗੰਢੀ ਵਾਲਾ ਮੋਥਾ, ਝੋਨੇ ਦੇ ਮੋਥੇ ਅਤੇ ਚੌੜੀ ਪਤੀ ਵਾਲੇ ਨਦੀਨ ਹੋਣ ਤਾਂ 90 ਗ੍ਰਾਮ ਪ੍ਰਤੀ ਏਕੜ ਕੌਂਸਿਲ ਐਕਟਿਵ 30 ਡਬਲਯੂ ਜੀ (ਟਰਾਇਅਫੈਮੋਨ 20%+ਇਥੌਕਸੀਸਲਫੂਰਾਨ 10% ) ਨੂੰ 150 ਲੀਟਰ ਪਾਣੀ ਪ੍ਰਤੀ ਏਕੜ ਵਿੱਚ ਘੋਲ ਕੇ ਨਦੀਨ ਦੀ 1-2 ਪੱਤਿਆਂ ਦੀ ਅਵਸਥਾ ਤੇ ਛਿੜਕਾਅ ਕਰਨਾ ਚਾਹੀਦਾ ਹੈ।

ਨਦੀਨਨਾਸ਼ਕਾਂ ਦਾ ਛਿੜਕਾਅ ਵੱਤਰ ਖੇਤ ਵਿੱਚ ਕਰੋ ਅਤੇ ਇਸ ਤੋਂ ਬਾਅਦ ਇੱਕ ਹਫਤੇ ਲਈ ਖੇਤ ਨੂੰ ਵੱਤਰ ਸਥਿਤੀ ਵਿੱਚ ਰੱਖੋ। ਜੇਕਰ ਨਦੀਨਨਾਸ਼ਕ ਦੇ ਛਿੜਕਾਅ ਕਰਨ ਤੋਂ ਬਾਅਦ ਕੁਝ ਨਦੀਨ ਬਚ ਜਾਂਦੇ ਹਨ ਤਾਂ ਉਹਨਾਂ ਨਦੀਨਾਂ ਨੂੰ ਹੱਥ ਨਾਲ ਪੁੱਟ ਦਿਓ। ਨਦੀਨਨਾਸ਼ਕਾਂ ਦਾ ਛਿੜਕਾਅ ਕਰਨ ਲਈ ਫਲੈਟਫੈਨ ਜਾਂ ਫਲੱਡ ਜੈਟ ਨੋਜ਼ਲ ਦੀ ਵਰਤੋਂ ਕਰੋ। ਬਿਜਾਈ ਸਮੇ ਫਲੈਟਫੈਨ ਜਾਂ ਫਲੱਡ ਜੈਟ ਨੋਜ਼ਲ ਦੀ ਵਰਤੋਂ ਕਰੋ ਅਤੇ ਖੜ੍ਹੀ ਫ਼ਸਲ ਵਿੱਚ ਫਲੈਟਫੈਨ ਨੋਜ਼ਲ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਨਦੀਨਨਾਸ਼ਕ ਦਾ ਛਿੜਕਾਅ ਕਰਦੇ ਸਮੇਂ ਨੋਜ਼ਲ ਇੱਧਰ-ਉੱਧਰ ਨਾ ਘੁੰਮਾਓ ਅਤੇ ਛਿੜਕਾਅ ਸਿੱਧੀ ਪੱਟੀ ਵਿੱਚ ਕਰੋ।

ਖਾਦਾਂ ਦੀ ਵਰਤੋਂ:- ਸਿੱਧੇ ਬੀਜੇ ਝੋਨੇ ਵਿੱਚ 130 ਕਿਲੋ ਯੂਰੀਆ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਯੂਰੀਆ ਨੂੰ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ ਬਿਜਾਈ ਤੋਂ 4, 6 ਅਤੇ 9 ਹਫਤਿਆਂ ਬਾਅਦ ਪਾਉ। ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ਤੇ ਕਰੋ। ਜੇਕਰ ਝੋਨੇ ਦੀ ਸਿੱਧੀ ਬਿਜਾਈ ਤੋਂ ਪਹਿਲਾਂ ਰੂੜੀ 6 ਟਨ ਪ੍ਰਤੀ ਏਕੜ ਪਾਈ ਹੋਵੇ ਜਾਂ ਸਣ ਦੀ ਹਰੀ ਖਾਦ ਕੀਤੀ ਹੋਵੇ ਤਾਂ 90 ਕਿਲੋ ਯੂਰੀਆ ਪ੍ਰਤੀ ਏਕੜ ਪਾਓ। ਜੇਕਰ ਗਰਮ ਰੁੱਤ ਦੀ ਮੂੰਗੀ ਨੂੰ ਫਲੀਆਂ ਤੋੜਨ ਤੋਂ ਬਾਅਦ ਝੋਨੇ ਦੀ ਸਿੱਧੀ ਬਿਜਾਈ ਤੋਂ ਪਹਿਲਾਂ ਮਿੱਟੀ ਵਿੱਚ ਦਬਾਇਆ ਗਿਆ ਹੋਵੇ ਤਾਂ 110 ਕਿਲੋ ਯੂਰੀਆ ਪ੍ਰਤੀ ਏਕੜ ਪਾਉ।

ਸਿੰਚਾਈ:- ਤਰ-ਵੱਤਰ ਖੇਤ ਵਿੱਚ ਬੀਜੇ ਝੋਨੇ ਨੂੰ ਪਹਿਲਾਂ ਪਾਣੀ ਬਿਜਾਈ ਤੋਂ ਤਕਰੀਬਨ 21 ਦਿਨਾਂ ਬਾਅਦ ਅਤੇ ਅਗਲੇ ਪਾਣੀ ਜ਼ਮੀਨ ਦੀ ਕਿਸਮ ਅਨੁਸਾਰ 5-7 ਦਿਨਾਂ ਦੇ ਵਕਫੇ ਤੇ ਲਾਓ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੇ ਤੁਰੰਤ ਬਾਅਦ ਪਾਣੀ ਲਾਓ। ਦੂਜਾ ਪਾਣੀ 4-5 ਦਿਨਾਂ ਬਾਅਦ ਅਤੇ ਅਗਲੇ ਪਾਣੀ ਜ਼ਮੀਨ ਦੀ ਕਿਸਮ ਅਨੁਸਾਰ 5-7 ਦਿਨਾਂ ਦੇ ਵਕਫੇ ਤੇ ਲਾਓ।

ਕਟਾਈ ਅਤੇ ਝੜਾਈ:- ਪਰਾਲੀ ਦਾ ਰੰਗ ਪੀਲਾ ਹੋਣ ਅਤੇ ਮੁੰਜਰਾਂ ਦੇ ਪੱਕ ਜਾਣ ਤੇ ਝੋਨੇ ਦੀ ਕਟਾਈ ਕਰ ਲੈਣੀ ਚਾਹੀਦੀ ਹੈ। ਕੰਬਾਇਨ ਨਾਲ ਝੋਨੇ ਦੀ ਕਟਾਈ ਲਈ ਪੀ ਏ ਯੂ ਸੁਪਰ ਐਸ ਐਮ ਐਸ (ਸੁਪਰ ਸਟਰਾਅ ਮੈਨੇਜਮੈਂਟ ਸਿਸਟਮ) ਸਿਸਟਮ ਵਾਲੀ ਕੰਬਾਇਨ ਨੂੰ ਤਰਜੀਹ ਦਿਓ।

ਸਰੋਤ: ਜਗਜੋਤ ਸਿੰਘ ਗਿੱਲ, ਜ਼ਿਲ੍ਹਾ ਪਸਾਰ ਵਿਗਿਆਨੀ (ਫ਼ਸਲ ਵਿਗਿਆਨ), ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਫਾਰਮ ਸਲਾਹਕਾਰ ਸੇਵਾ ਕੇਂਦਰ ਫਿਰੋਜਪੁਰ

Summary in English: Direct sowing of paddy successful to save water, money and time, Learn about seed treatment and sowing methods here.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters