1. Home
  2. ਖੇਤੀ ਬਾੜੀ

Expert Advice: ਸਮਝੋ ਸਰ੍ਹੋਂ ਦੀ ਸਫਲ ਕਾਸ਼ਤ ਦਾ ਪੂਰਾ ਗਣਿਤ, ਵਧੇਰੇ ਝਾੜ ਲਈ ਅਜ਼ਮਾਓ ਇਹ ਫਾਰਮੂਲਾ, ਮਿਲਣਗੇ ਸ਼ਾਨਦਾਰ ਕਵਾਲਿਟੀ ਦੇ ਵਜ਼ਨਦਾਰ ਦਾਣੇ: Rajvir Thind

ਐਗਰੀਕਲਚਰ ਅਤੇ ਵੈਦਰ ਮਾਹਰ ਰਾਜਵੀਰ ਥਿੰਦ ਵੱਲੋਂ ਸਰਦੀਆਂ ਦੀ ਤੀਸਰੀ ਮੁੱਖ ਫਸਲ ਸਰ੍ਹੋਂ ਬਾਰੇ ਵਧੀਆ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਲੇਖ ਰਾਹੀਂ ਰਾਜਵੀਰ ਥਿੰਦ ਵੱਲੋਂ ਸਰ੍ਹੋਂ, ਤੋਰੀਏ, ਕਨੋਲਾ, ਗੋਭੀ ਸਰ੍ਹੋਂ ਸਭ ਬਾਰੇ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਗਈ ਹੈ ਅਤੇ ਫ਼ਸਲ ਤੋਂ ਵਧੇਰੇ ਝਾੜ ਲੈਣ ਲਈ ਇੱਕ ਵਧੀਆ ਫਾਰਮੂਲਾ ਵੀ ਸਾਂਝਾ ਕੀਤਾ ਹੈ।

Gurpreet Kaur Virk
Gurpreet Kaur Virk
ਜਾਣੋ ਸਰ੍ਹੋਂ ਦੀ ਸਫਲ ਕਾਸ਼ਤ ਦਾ ਪੂਰਾ ਗਣਿਤ

ਜਾਣੋ ਸਰ੍ਹੋਂ ਦੀ ਸਫਲ ਕਾਸ਼ਤ ਦਾ ਪੂਰਾ ਗਣਿਤ

Mustard Farming: ਸਰ੍ਹੋਂ ਦਾ ਇਤਿਹਾਸ 12ਵੀਂ ਸਦੀਂ ਦਾ ਹੈ। ਸਭ ਤੋਂ ਪਹਿਲਾਂ ਗਰੀਕ ਰੋਮਨ ਲੋਕਾਂ ਨੂੰ ਇਸਦੇ ਖੁਰਾਕੀ ਗੁਣਾਂ ਬਾਰੇ ਪਤਾ ਲੱਗਾ ਸੀ। ਰੋਮ ਦੇ ਲੋਕ ਪਹਿਲਾਂ ਇਸ ਨੂੰ ਦਵਾਈਆਂ ਦੇ ਰੂਪ ਫਿਰ ਭੋਜਨ ਦੇ ਰੂਪ 'ਚ ਵਰਤਣ ਲੱਗੇ। ਫਿਰ ਹੌਲੀ-ਹੌਲੀ ਇਹ ਪੂਰੀ ਦੁਨੀਆਂ 'ਚ ਫੈਲ ਗਈ।

ਇਹ ਲਗਭਗ ਹਰ ਤਰ੍ਹਾਂ ਦੀ ਜਮੀਨ 'ਚ ਉਗਾਈ ਜਾ ਸਕਦੀ ਹੈ। ਬਸ਼ਰਤੇ ਜ਼ਮੀਨ ਦਾ ਪੀ ਐਚ ਜ਼ਿਆਦਾ ਖਰਾਬ ਨਾਂ ਹੋਵੇ ਤੇ ਪਾਣੀ ਜਿਆਦਾ ਨਾਂ ਖੜਦਾ ਹੋਵੇ। ਬਜ਼ਾਰ ਦੇ ਘਿਉ ਨਾਲੋਂ ਸਰ੍ਹੋਂ ਦਾ ਤੇਲ ਦਾ 100 ਗੁਣਾਂ ਚੰਗਾ ਹੈ। ਸਿਰ ਨੂੰ ਲਾਉ, ਮਾਲਸ਼ ਕਰੋ, ਤੜਕੇ ਲਾਉਣ, ਪਕੌੜੇ ਤਲਣ ਆਦਿ 'ਚ ਇਹਦੀ ਵਰਤੋਂ ਕਰੋ।

ਭਾਰਤ 'ਚ ਪੂਰੀ ਦੁਨੀਆਂ ਦੀ ਸਰ੍ਹੋਂ ਦਾ ਲਗਭਗ 17% ਪੈਦਾ ਹੁੰਦਾ ਹੈ। ਚੀਨ ਇਸਦੀ ਪ੍ਰੋਡਕਸ਼ਨ 'ਚ ਸਿਖਰ 'ਤੇ ਹੈ, ਪਰ ਦੁਨੀਆਂ ਦੀ ਸਭ ਤੋਂ ਬੇਹਤਰੀਨ ਸਰ੍ਹੋਂ ਕਨੋਲਾ 'ਚ ਕੈਨੇਡਾ ਦਾ ਦੁਨੀਆਂ 'ਚ ਝੰਡਾ ਹੈ। ਕੈਨੇਡਾ ਦਾ ਸਕੈਚਵਿਨ ਸਟੇਟ ਦੁਨੀਆਂ ਦੀ ਸਭ ਤੋਂ ਵਧੀਆ ਤੇ ਵੱਧ ਝਾੜ ਦੇਣ ਵਾਲੀ ਕਨੋਲਾ ਸਰ੍ਹੋਂ ਪੈਦਾ ਕਰਦਾ ਹੈ। ਪੂਰੀ ਦੁਨੀਆ 'ਚ ਕੈਨੇਡਾ ਦਾ ਸਰ੍ਹੋਂ 'ਚ ਨਾਮ ਹੈ। ਭਾਰਤ 'ਚ ਰਾਜਸਥਾਨ ਦਾ ਉਚ ਕਵਾਲਿਟੀ ਸਰ੍ਹੋਂ 'ਚ ਪਹਿਲਾ ਸਥਾਨ ਹੈ, ਪਰ ਮੰਗ ਜ਼ਿਆਦਾ ਪੈਦਾਵਾਰ ਘੱਟ ਹੋਣ ਕਾਰਨ ਭਾਰਤ ਜ਼ਿਆਦਾ ਤੇਲ ਬਾਹਰੋਂ ਈ ਮੰਗਵਾ ਰਿਹਾ ਹੈ। ਸਾਡੀ ਮਾਣਮੱਤੀ PAU ਲੁਧਿਆਣਾ ਯੂਨੀਵਰਸਿਟੀ ਨੇ ਵੀ ਬਹੁਤ ਮੇਹਨਤ ਨਾਲ ਕਨੋਲਾ ਦੀ ਇੱਕ ਕਿਸਮ ਵਿਕਸਤ ਕੀਤੀ ਹੈ।

ਸਰ੍ਹੋਂ ਦੀ ਬਿਜਾਈ ਦਾ ਸਮਾਂ

ਸਰ੍ਹੋਂ ਦੀ ਬੀਜਾਈ ਦਾ ਸਮਾਂ 10 ਅਕਤੂਬਰ ਤੋਂ ਸ਼ੁਰੂ ਹੋ ਕੇ 30 ਨਵੰਬਰ ਤੱਕ ਹੁੰਦਾ ਹੈ। ਵੱਧ ਝਾੜ ਲੈਣ ਲਈ ਬੀਜਾਈ ਅਕਤੂਬਰ ਦੇ ਵਿੱਚ-ਵਿੱਚ ਪੂਰੀ ਕਰੋ, ਖਾਸ ਕਰਕੇ 45S46 ਦੀ। ਪਰ ਹਾਇਉਲਾ ਦੀ ਪਨੀਰੀ ਬੀਜ ਕੇ ਦਸੰਬਰ ਤੱਕ ਲਗਾ ਸਕਦੇ ਹੋ।

ਗੋਭੀ ਸਰੋਂ ਦੀਆਂ ਕਿਸਮਾਂ

GSL 1, ਇਹ ਛੋਟੇ ਕੱਦ ਦੀ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ, ਜੋ ਕਿ 160 ਦਿਨਾਂ ਵਿੱਚ ਤਿਆਰ ਹੋ ਜਾਦੀ ਹੈ। ਇਸ ਦਾ ਔਸਤਨ ਝਾੜ 6.8 ਕੁਇੰਟਲ ਪ੍ਰਤੀ ਏਕੜ ਹੈ। ਇਸ ਵਿੱਚ ਤੇਲ ਦੀ ਮਾਤਰਾ 44.5 % ਹੁੰਦੀ ਹੈ।

GSC 7, ਕਨੋਲਾ ਕਿਸਮ ਦਾ ਤੇਲ ਮਨੁੱਖ ਦੀ ਸਿਹਤ ਲਈ ਲਾਭਦਾਇਕ ਹੈ। ਬੀਜ 1.5 ਕਿਲੋ ਪਾਇਉ। 10 ਅਕਤੂਬਰ ਤੋਂ 10 ਨਵੰਬਰ ਤੱਕ ਬੀਜੀ ਵਧੀਆ ਝਾੜ ਦੇਵੇਗੀ। ਤੇਲ ਵੀ 42% ਦੇ ਆਸਪਾਸ ਮਿਲੇਗਾ, ਝਾੜ 7/8 ਕੁਇੰਟਲ ਤੱਕ ਦੇ ਸਕਦੀ ਕਿਤੇ-ਕਿਤੇ ਖੇਤਾਂ 'ਚ 9 ਤੋਂ ਵੱਧ ਵੀ ਮਿਲਿਆ ਹੈ।

Hyola PAC 405, ਪੂਰੇ ਪੰਜਾਬ 'ਚ 12 ਕੁ ਸਾਲਾਂ ਤੋਂ ਜਿਆਦਾਤਰ ਇਹੀ ਬੀਜੀ ਜਾ ਰਹੀ ਹੈ। ਅਡਵਾਂਟਾ ਕੰਪਨੀ ਇਸਦੀ ਜਨਮਦਾਤਾ ਹੈ। ਇਹ 401 ਦਾ ਸੋਧਿਆ ਰੂਪ ਹੈ। ਇਹ ਦਰਮਿਆਨੇ ਕੱਦ ਦੀ ਕਿਸਮ ਹੈ ਅਤੇ 150 ਦਿਨਾਂ ਵਿੱਚ ਪੱਕਦੀ ਹੈ। ਇਸਦੇ ਬੀਜ ਭੂਰੇ ਕਾਲੇ ਹੁੰਦੇ ਹਨ, ਜਿੰਨਾਂ ਵਿੱਚ ਤੇਲ ਦੀ ਮਾਤਰਾ 42% ਹੁੰਦੀ ਹੈ। ਇਸ ਦਾ ਔਸਤਨ ਝਾੜ 6 /8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

RH 0749, ਇਹ ਕਿਸਮ ਹਰਿਆਣਾ, ਪੰਜਾਬ, ਦਿੱਲੀ, ਜੰਮੂ ਅਤੇ ਉੱਤਰੀ ਰਾਜਸਥਾਨ ਵਿੱਚ ਉਗਾਉਣ ਲਈ ਵਧੀਆ ਮੰਨੀ ਜਾਂਦੀ ਹੈ। ਇਹ ਇੱਕ ਵੱਧ ਝਾੜ ਵਾਲੀ ਕਿਸਮ ਹੈ, ਜਿਸਦੀ ਇੱਕ ਫਲੀ ਵਿੱਚ ਬਾਕੀ ਕਿਸਮਾਂ ਤੋਂ ਜ਼ਿਆਦਾ ਦਾਣੇ ਹੁੰਦੇ ਹਨ। ਇਹ ਕਿਸਮ 146-148 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਬੀਜ ਮੋਟੇ ਅਤੇ ਇਹਨਾਂ ਵਿੱਚ ਤੇਲ ਦੀ ਮਾਤਰਾ 40% ਹੁੰਦੀ ਹੈ। ਇਸ ਦਾ ਔਸਤਨ ਝਾੜ 10.5 - 11 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Pioneer 45S46, ਇਹ ਵੱਧ ਪੈਦਾਵਾਰ ਵਾਲੀ ਦਰਮਿਆਨੀ ਕਿਸਮ ਹੈ। ਇਹ 125-130 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਹਰ ਤਰਾਂ ਦੀ ਮਿੱਟੀ ਵਿੱਚ ਲਗਾਉਣ ਯੋਗ ਹੈ। ਇਸ ਦੇ ਦਾਣੇ ਮੋਟੇ ਅਤੇ ਫਲੀਆਂ ਜਿਆਦਾ ਭਰਵੀਆਂ ਹੁੰਦੀਆਂ ਹਨ। ਇਸ ਦੇ ਝਾੜ ਦੀ ਕਪੈਸਟੀ 12.5 ਕੁਇੰਟਲ ਤੱਕ ਹੈ,ਪਰ ਸਰ੍ਹੋਂ ਦੇ ਸਾਗ ਦੀਆਂ ਸੌਕੀਨ ਬੀਬੀਆਂ ਤੋਂ ਇਸ ਨੂੰ ਬਚਾਉਣਾ ਬੇਹੱਦ ਜਰੂਰੀ ਹੈ, ਕਿਉਂਕਿ ਇਹ ਕਿਸਮ ਦੇ ਪੌਦੇ ਮਲਵਈ ਸਰ੍ਹੋਂ ਵਰਗੇ ਹੁੰਦੇ ਹਨ। ਸਭ ਤੋਂ ਵੱਡੀ ਖੂਬੀ ਇਹ ਕਿਸਮ ਖਰਾਬ ਮੌਸਮ 'ਚ ਦੂਜੀਆਂ ਕਿਸਮਾਂ ਵਾਂਗ ਡਿਗਦੀ ਤੇ ਕਿਰਦੀ ਨਹੀਂ। ਬੀਜ ਮਾਤਰਾ 1 ਕਿਲੋ, ਵਿਰਲੀ ਕਰਨੀ ਬਹੁਤ ਜਰੂਰੀ ਹੈ। ਇਹ ਵੱਧ ਪੈਦਾਵਾਰ ਵਾਲੀ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ। ਇਸ ਦੇ ਦਾਣੇ ਮੋਟੇ ਅਤੇ ਚੰਗੀ ਤੇਲ ਦੀ ਮਾਤਰਾ ਵੱਲੇ ਹੁੰਦੇ ਹਨ। ਪਰ ਇਹ ਕਿਸਮ ਖ਼ੁਦ ਨਿਗਰਾਨੀ ਕਰਨ ਵਾਲੇ ਕਿਸਾਨਾਂ ਲਈ ਹੀ ਹੈ। ਚਿੱਟੇ ਕੁੜਤੇ ਪਾ ਕੇ ਵੱਟਾਂ ਤੇ ਗੇੜਾ ਰੱਖਣ ਵਾਲੇ ਇਹ ਕਿਸਮ ਨਾਂ ਬੀਜਿਆ, ਕਿਉਂਕਿ ਇਹ ਚੰਗੀ ਨਿਗਰਾਨੀ ਮੰਗਦੀ ਹੈ

ਸਟਾਰ 1015, ਇਹ ਵੀ ਬਿਹਤਰੀਨ ਦਾਣਿਆਂ ਵਾਲੀ ਵਧੀਆ ਸਰੋਂ ਹੈ। ਝਾੜ 6 ਤੋਂ 9 ਕੁਇੰਟਲ ਦੇ ਆਸਪਾਸ ਹੈ, ਪਿਛਲੇ 2/3 ਸਾਲਾਂ 'ਚ ਇਹ ਵਧੀਆ ਪੈਦਾਵਾਰ ਦੇ ਕੇ ਆਪਣੀ ਜਗ੍ਹਾ ਬਣਾ ਚੁੱਕੀ ਹੈ।

ਇਹ ਵੀ ਪੜ੍ਹੋ: October Month ਵਿੱਚ ਗਾਜਰ ਅਤੇ ਟਮਾਟਰ ਦੇ ਨਾਲ ਇਨ੍ਹਾਂ ਸਬਜ਼ੀਆਂ ਨੂੰ ਉਗਾਓ, ਮਿਲੇਗਾ ਬੰਪਰ ਉਤਪਾਦਨ

ਨਦੀਨਾਂ

ਨਦੀਨਾਂ ਦੀ ਰੋਕਥਾਮ ਲਈ 2 ਹਫਤਿਆਂ ਦੇ ਫਾਸਲੇ ਤੇ, ਜਦੋਂ ਨਦੀਨ ਘੱਟ ਹੋਣ 2-3 ਗੋਡੀਆਂ ਕਰੋ।

ਬਿਜਾਈ ਦਾ ਤਰੀਕਾ

ਬੀਜਾਈ ਦੇ ਕਈ ਤਰੀਕੇ ਹੁੰਦੇ ਹਨ। ਪਹਿਲਾ ਤੇ ਵਧੀਆ ਤਰੀਕਾ ਵੱਤਰ 'ਚ ਬੀਜਾਈ ਕਰਨੀ। ਦੂਸਰਾ ਤਰੀਕਾ ਛੱਟਾ ਦੇ ਕੇ ਲਾਈਨਾਂ ਬਾਣਾ ਕੇ ਪਾਣੀ ਲਾਉਣਾ। ਤੀਸਰਾ ਤਰੀਕਾ ਕਿਆਰੇ ਬਣਾ ਕੇ ਪਾਣੀ ਲਾ ਕੇ ਛੱਟਾ ਦੇਣਾ। ਚੌਥਾ ਤਰੀਕਾ ਪਨੀਰੀ ਬੀਜ ਕੇ ਬਾਅਦ ਚ ਖੇਤ ਚ ਲਾਉਣੀ। ਸਾਵਧਾਨ ਪਾਇਨੀਅਰ 45S46 ਦੀ ਬੀਜਾਈ ਪਨੀਰੀ ਨਾਲ ਨਹੀਂ ਕਰਨੀ।

ਖਾਦਾਂ

ਖਾਦਾਂ ਸਰ੍ਹੋਂ ਨੂੰ ਡਾਈ ਖਾਦ ਨਾਲੋਂ ਸੁਪਰ ਫਾਸਫੇਟ ਪਾਉਣ ਨੂੰ ਤਰਜੀਹ ਦਿਉ। 4 ਬੋਰੀਆਂ ਸੁਪਰ ਖਾਦ ਤੇ 4 ਕਿਲੋ ਫੋਸਟਰ PSB। 30 ਕਿਲੋ ਯੂਰੀਆ ਪ੍ਰਤੀ ਏਕੜ ਬੀਜਾਈ ਸਮੇਂ ਜਰੂਰ ਪਾਉ। ਪੋਟਾਸ਼ ਸਿਰਫ ਉਥੇ ਪਾਉ ਜਿਥੇ ਜ਼ਮੀਨ ਚ ਘਾਟ ਆਉਦੀ ਹੋਵੇ। 2 ਕਿਲੋ ਸੰਜੀਵਨੀ ਟਰਾਈਕੋਡਰਮਾ ਪਾਉਣ ਨਾਲ ਉਗਾਈ ਵੀ ਚੰਗੀ ਤੇ ਫਸਲ ਨੂੰ ਜਮੀਨ ਤੋਂ ਆਉਣ ਵਾਲੀਆਂ ਫੰਗਸਾਂ ਤੋਂ ਵੀ ਛੁਟਕਾਰਾ ਰਹੇਗਾ। ਬਾਕੀ ਯੂਰੀਆ 30/30 ਕਿਲੋ 2 ਵਾਰ ਜਰੂਰ ਪਾਉ। ਸਲਫਰ 1 ਕਿਲੋ 80% ਵਾਲੇ ਦੀ ਫੁੱਲ ਬਣਨ ਸਮੇਂ ਸਪਰੇ ਜਰੂਰ ਕਰਿਉ। ਤੇਲੇ ਸੁੰਡੀ ਦਾ ਧਿਆਨ ਰੱਖਕੇ ਸਮੇਂ ਸਮੇਂ ਤੇ ਜਹਿਰ ਰਹਿਤ ਜਾਂ ਘੱਟ ਜ਼ਹਿਰ ਵਾਲੀਆਂ ਸਪਰੇਆਂ ਹੀ ਕਰਨੀਆਂ।

ਜਰੂਰੀ ਬੇਨਤੀ: ਜਿਹੜੇ ਵੀਰਾਂ ਘਰੇ ਪਰਿਵਾਰ ਲਈ ਸਿਰਫ ਤੇਲ ਵਾਸਤੇ ਹੀ ਸਰ੍ਹੋਂ ਬੀਜਣੀ ਉਹ ਜ਼ਹਿਰ ਰਹਿਤ ਰੱਖਣ ਦੀ ਕੋਸ਼ਿਸ਼ ਕਰੋ। ਤੇਲ ਹਰੇਕ ਪਰਿਵਾਰ ਖਾਣ ਲਈ ਤੇ ਪਸ਼ੂਆਂ ਲਈ ਵਰਤਦਾ ਹੈ। ਕਲੋਰੋ ਮੋਨੋ, ਕਾਰਬੈਡਾਜਿਮ ਪਾ ਕੇ ਆਪਣੇ ਬੱਚਿਆਂ ਨੂੰ ਹੱਥੀ ਜ਼ਹਿਰ ਨਾਂ ਦਿਉ।

2 ਕਨਾਲ ਸਰ੍ਹੋਂ ਲਈ ਫਾਰਮੂਲਾ ਨੋਟ ਕਰੋ ਤੇ ਕਨੇਡਾ ਵਰਗੀ ਸਰ੍ਹੋਂ ਘਰੇ ਪੈਦਾ ਕਰੋ। ਦੇਸੀ ਰੂੜੀ 1 ਟਰਾਲੀ ਕਨਾਲ ਦੀ। ਸੰਜੀਵਨੀ 500 ਗਰਾਮ ਕਨਾਲ, ਸਾਇਰਨ 1 ਕਿਲੋ ਇਹ ਪ੍ਰਤੀ ਕਨਾਲ ਦਾ ਫਾਰਮੂਲਾ ਨੋਟ ਕਰਿਉ ਜੀ, ਸਿਉਂਕ ਦੀ ਮੁਸ਼ਕਿਲ ਹੋਵੇ ਤੇ ਕਾਲੀਚੱਕਰ 500 ਗਰਾਮ 2 ਕਨਾਲ ਚ ਪਵਾ ਦਿਉ। ਇਹ 100% ਜ਼ਹਿਰ ਰਹਿਤ ਖੇਤੀ ਦਾ ਫਾਰਮੂਲਾ ਹੈ ਜੀ, ਆਉਣ ਵਾਲੇ ਸਮੇਂ 'ਚ ਸਰ੍ਹੋਂ ਦੇ ਕੀੜਿਆਂ ਦਾ ਜ਼ਹਿਰ ਰਹਿਤ ਰੋਕਥਾਮ ਕਿਵੇਂ ਕਰੀਏ ਇਸ ਬਾਰੇ ਗੱਲ ਕਰਾਂਗੇ।

ਨੋਟ: ਝਾੜ ਵਧੇਰੇ ਲੈਣ ਲਈ ਸਲਫਰ 80% ਦੀ 1 ਕਿਲੋ ਮਾਤਰਾ ਅਤੇ 5G 400ml 150 ਲੀਟਰ ਪਾਣੀ 'ਚ ਇੱਕ ਸਪਰੇ ਫੁੱਲ ਨਿਕਲਣ ਤੋਂ ਪਹਿਲਾਂ ਅਤੇ ਇਕ ਸਪਰੇ ਫੁਲ ਝੜਨ ਸਮੇਂ ਜਰੂਰ ਕਰਵਾਉ, ਸ਼ਾਨਦਾਰ ਕਵਾਲਿਟੀ ਦੇ ਵਜ਼ਨਦਾਰ ਦਾਣੇ ਮਿਲਣਗੇ। ਸਮੇਂ ਸਮੇਂ ਤੇ ਸਰ੍ਹੋਂ ਸਬੰਧੀ ਸਭ ਜਾਣਕਾਰੀ ਦਿੰਦੇ ਰਹਾਂਗੇ।

Summary in English: Expert Advice: Know the complete information of successful mustard cultivation, try this formula for more yield, get excellent quality weighty seeds: Rajvir Thind

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters