Pests and Diseases of Major Rabi Crops: ਅੱਜ ਖੇਤੀ ਜ਼ਹਿਰਾਂ ਦੇ ਮਨੁੱਖੀ ਸਿਹਤ ਉੱਪਰ ਪੈ ਰਹੇ ਮਾੜੇ ਪ੍ਰਭਾਵਾਂ ਤੋਂ ਚਿੰਤਤ ਲੋਕ ਹੁਣ ਕਈ ਤਰ੍ਹਾਂ ਦੇ ਘਰੇਲੂ ਢੰਗ-ਤਰੀਕਿਆਂ ਨਾਲ ਬਣਾਏ ਰਸਾਇਣਾਂ ਨੂੰ ਵਰਤ ਕੇ ਫ਼ਸਲਾਂ ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ ਕਰਦੇ ਹਨ। ਵੈਸੇ ਖੇਤਾਂ ਵਿੱਚ ਕੁਦਰਤੀ ਤੌਰ 'ਤੇ ਮੌਜ਼ੂਦ ਕਈ ਤਰ੍ਹਾਂ ਦੇ ਮਿੱਤਰ ਕੀੜੇ ਵੀ ਸਿੱਧੇ ਜਾਂ ਅਸਿੱਧੇ ਤੋਰ 'ਤੇ ਦੇ ਹਾਨੀਕਾਰਕ ਕੀੜਿਆਂ ਨੂੰ ਖਾਹ ਕੇ ਫ਼ਸਲਾਂ ਨੂੰ ਨੁਕਸਾਨ੍ਹ ਤੋਂ ਬਚਾਉਂਦੇ ਹਨ।
ਇਸ ਲੇਖ ਅੰਦਰ ਕਣਕ, ਤੇਲਬੀਜ਼ ਫ਼ਸਲਾਂ ਅਤੇ ਛੋਲੇ ਆਦਿ ਦੇ ਮੁੱਖ ਕੀੜਿਆਂ ਅਤੇ ਬੀਮਾਰੀਆਂ ਦੀ ਜੈਵਿਕ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਸ ਦਾ ਕਿਸਾਨ ਵੀਰ ਭਰਪੂਰ ਲਾਹਾ ਲੈ ਸਕਦੇ ਹਨ।
ਕਣਕ ਦਾ ਚੇਪਾ
ਇਸ ਕੀੜੇ ਨੂੰ ਕਿਸਾਨ ਭਰਾ ਆਮ ਕਰਕੇ ਤੇਲੇ ਦੇ ਨਾਂ ਨਾਲ ਵੀ ਸੱਦਦੇ ਹਨ । ਕਣਕ ਤੇ ਇਸ ਕੀੜੇ ਦਾ ਹਮਲਾ ਦਸੰਬਰ ਦੇ ਦੂਜੇ ਜਾਂ ਤੀਜੇ ਹਫ਼ਤੇ ਤੋਂ ਸ਼ੁਰੂ ਹੋ ਕੇ ਅਖੀਰ ਮਾਰਚ ਤਕ ਰਹਿੰਦਾ ਹੈ । ਚੇਪੇ ਦੇ ਜੀਅ ਬਹੁਤ ਜ਼ਿਆਦਾ ਗਿਣਤੀ ਵਿੱਚ ਇਕੱਠੇ ਹੋ ਕੇ ਸਿੱਟਿਆਂ ਨੂੰ ਢੱਕ ਲੈਂਦੇ ਹਨ। ਦੋਵੇਂ ਬੱਚੇ ਅਤੇ ਜਵਾਨ ਪੱਤਿਆਂ ਅਤੇ ਸਿੱਟਿਆਂ ਤੋਂ ਰਸ ਚੂਸਦੇ ਹਨ ਜਿਸ ਕਰਕੇ ਬੂਟੇ ਪੀਲੇ ਪੈ ਜਾਂਦੇ ਹਨ ।ਪੱਤਿਆਂ ਉੱਪਰ ਚੇਪੇ ਦੇ ਜੀਅ ਸ਼ਹਿਦ ਵਰਗਾ ਪਦਾਰਥ ਛਡਦੇ ਹਨ ਜਿਸ ਨਾਲ ਕਾਲੀ ਉੱਲੀ ਦੀ ਤਹਿ ਬੱਝ ਜਾਂਦੀ ਹੈ ਜੋ ਬੂਟੇ ਦੇ ਵਧਣ ਫੁੱਲਣ ਨੂੰ ਪ੍ਰਭਾਵਿਤ ਕਰਦੀ ਹੈ । ਕਈ ਕਿਸਾਨ ਭਰਾ ਤਾਂ ਮਿੱਤਰ ਕੀੜੇ (ਫ਼ੇਲ ਪਾਸ ਭੂੰਡੀ) ਜੋ ਕਿ ਕਣਕ ਤੇ ਚੇਪੇ ਨੂੰ ਖਾਂਦੀ ਹੈ ਨੂੰ ਹੀ ਦੁਸ਼ਮਣ ਕੀੜਾ ਸਮਝ ਕੇ ਕਈ ਛਿੜਕਾਅ ਕਰ ਦਿੰਦੇ ਹਨ ਅਤੇ ਇਸੇ ਤਰ੍ਹਾਂ ਕਈ ਵੀਰ ਪੱਤਿਆਂ ਉੱਪਰ ਚੇਪਾ ਨਜ਼ਰ ਆਉਣ ਸਾਰ ਹੀ ਛਿੜਕਾਅ ਕਰਨੇ ਅਰੰਭ ਦਿੰਦੇ ਹਨ ਜੋ ਕਿ ਬਿਲਕੁੱਲ ਗਲਤ ਹੈ । ਇਸ ਲਈ ਜਦ ਤੱਕ ਚੇਪਾ ਸਿੱਟਿਆਂ ਤੇ ਨਾ ਆ ਜਾਵੇ ਜੈਵਿਕ ਕੀਟਨਾਸ਼ਕ ਦਾ ਛਿੜਕਾਅ ਨਾ ਕਰੋ ਕਿਉਂਕਿ ਪੱਤਿਆਂ ਉੱਪਰ ਚੇਪੇ ਕਰਕੇ ਫ਼ਸਲ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਆਰਥਿਕ ਨੁਕਸਾਨ ਨਹੀਂ ਪਹੁੰਚਦਾ।
ਰੋਕਥਾਮ: ਸਿੱਟਿਆਂ ਉੱਪਰ ਚੇਪੇ ਦੇ ਜੀਅ ਨਜ਼ਰ ਆਉਣ ਤੇ 2 ਲਿਟਰ ਨਿੰਮ ਦੇ ਘੋਲ ਦਾ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਛਿੜਕਾਅ ਸਿਰਫ਼ ਅਜਿਹੇ ਹਮਲੇ ਵਾਲੇ ਹਿੱਸੇ ਤੇ ਹੀ ਕਰੋ ਤਾਂ ਕਿ ਚੇਪੇ ਦਾ ਹਮਲਾ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।
ਕਣਕ ਦੀ ਪੀਲੀ ਕੁੰਗੀ
ਪੀਲੀ ਕੁੰਗੀ ਇਕ ਉੱਲੀ ਰੋਗ ਹੈ ਜਿਸਨੂੰ ਜੇਕਰ ਸਮੇਂ ਸਿਰ ਨਾ ਰੋਕਿਆ ਜਾਵੇ ਤਾਂ ਇਹ ਕਣਕ ਦੀ ਫ਼ਸਲ ਉੱਪਰ ਬਹੁਤ ਮਾਰੂ ਪ੍ਰਭਾਵ ਪਾਉਂਦੀ ਹੈ। ਸ਼ੁਰੂਆਤ ਵਿੱਚ ਇਸ ਰੋਗ ਨਾਲ ਪੱਤਿਆਂ ਉੱਪਰ ਪੀਲੇ ਰੰਗ ਦੀਆਂ ਧਾਰੀਆਂ ਦਿਸਦੀਆਂ ਹਨ ਅਤੇ ਇਹਨਾਂ ਤੋਂ ਹੀ ਬਾਅਦ ਵਿੱਚ ਹਲਕੇ ਪੀਲੇ ਰੰਗ ਦਾ ਧੂੜਾ ਨਜ਼ਰ ਆਉਣ ਲੱਗ ਜਾਂਦਾ ਹੈ। ਪੀਲੀ ਕੁੰਗੀ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਹਵਾ ਦੇ ਨਾਲ, ਸਿੱਧੇ ਸੰਪਰਕ ਨਾਲ, ਖੇਤੀ ਦੇ ਸਾਧਨਾਂ ਅਤੇ ਇਨਸਾਨੀ ਗਤੀਵਿਧੀਆਂ ਨਾਲ ਫ਼ੈਲ ਜਾਂਦੀ ਹੈ। ਹਵਾ ਅਤੇ ਫਰਵਰੀ- ਮਾਰਚ ਮਹੀਨੇ ਦੌਰਾਨ ਲਗਾਤਾਰ ਪੈਣ ਵਾਲੀ ਬਾਰਿਸ਼ ਨਾਲ ਵੀ ਬਿਮਾਰੀ ਵੱਧ ਫੈਲਦੀ ਹੈ। 7-13˚ ਡਿਗਰੀ ਸੈਲਸੀਅਸ ਤੱਕ ਘੱਟ ਤਾਪਮਾਨ ਅਤੇ ਰਾਤ ਸਮੇਂ 85-100% ਤੱਕ ਨਮੀ ਅਤੇ ਵੱਧ ਤੋਂ ਵੱਧ ਤਾਪਮਾਨ 15-24˚ ਡਿਗਰੀ ਸੈਲਸੀਅਸ ਬਿਮਾਰੀ ਦੇ ਵਧਣ ਅਤੇ ਫੈਲਣ ਵਿੱਚ ਮਦਦ ਕਰਦੇ ਹਨ।ਪੀਲੀ ਕੁੰਗੀ ਦਾ ਹਮਲਾ ਸਭ ਤੋਂ ਪਹਿਲਾਂ ਨੀਮ ਪਹਾੜੀ ਇਲਾਕਿਆਂ ਵਿੱਚ ਹੁੰਦਾ ਹੈ ਅਤੇ ਅੱਧ ਜਨਵਰੀ ਤੋਂ ਬਾਅਦ ਇਹ ਬਿਮਾਰੀ ਮੈਦਾਨੀ ਇਲਾਕਿਆਂ ਵਿੱਚ ਫ਼ੈਲ ਜਾਂਦੀ ਹੈ।ਕਿਸਾਨਾਂ ਨੂੰ ਪੀਲੀ ਕੁੰਗੀ ਦੀ ਰੋਕਥਾਮ ਲਈ ਸਰਵਪੱਖੀ ਢੰਗ ਅਪਣਾਉਣੇ ਚਾਹੀਦੇ ਹਨ।
ਇਸਦੇ ਲਈ ਕਣਕ ਦੀਆਂ ਪੀਲੀ ਕੁੰਗੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਜਿਵੇਂ ਕਿ ਪੀ ਬੀ ਡਬਲਯੂ725 , ਉੱਨਤ ਪੀ ਬੀ ਡਬਲਯੂ550, ਪੀ ਬੀ ਡਬਲਯੂ 752, ਪੀ ਬੀ ਡਬਲਯੂ 660, ਪੀ ਬੀ ਡਬਲਯੂ 291,ਪੀ ਬੀ ਡਬਲਯੂ ਰ ਸ 1 ਆਦਿ ਦੀ ਚੋਣ ਕਰਨੀ ਚਾਹੀਦੀ ਹੈ। ਖਾਸ ਤੌਰ ਤੇ ਨੀਮ ਪਹਾੜੀ ਇਲਾਕਿਆਂ ਵਿੱਚ ਅਕਤੂਬਰ ਦੇ ਮਹੀਨੇ ਕਣਕ ਦੀ ਬਿਜਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਸਾਨਾਂ ਨੂੰ ਆਪਣੀ ਫ਼ਸਲ ਦਾ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ ।ਜੈਵਿਕ ਖੇਤੀ ਪ੍ਰਣਾਲੀ ਅਧੀਨ ਪੀਲੀ ਕੁੰਗੀ ਦੇ ਰੋਕਥਾਮ ਲਈ 20% ਵ/ਵ (200 ਮਿ.ਲੀ./ਲੀਟਰ ਪਾਣੀ) ਦੇ ਚਾਰ ਛਿੜਕਾਅ ਕਰੋ। ਪਹਿਲੀ ਛਿੜਕਾਅ ਬਿਜਾਈ ਤੋਂ ਇੱਕ ਮਹੀਨੇ ਬਾਅਦ ਕਰੋ ਅਤੇ 10 ਦਿਨਾਂ ਦੇ ਫ਼ਰਕ 'ਤੇੇ ਬਿਮਾਰੀ ਨਜ਼ਰ ਆਉਣ ਤੋਂ ਬਾਅਦ 3 ਹੋਰ ਸਪਰੇਆਂ ਕਰੋ।
ਰਾਇਆ ਦਾ ਚੇਪਾ
ਇਹ ਕੀੜੇ ਬਹੁਤ ਜ਼ਿਆਦਾ ਗਿਣਤੀ ਵਿੱਚ ਫ਼ਸਲਾਂ ਜਿਵੇਂ ਸਰੋਂ, ਰਾਇਆ ਅਤੇ ਤੋਰੀਆ ਆਦਿ ਦੇ ਫੁੱਲਾਂ ਅਤੇ ਫ਼ਲੀਆਂ ਨੂੰ ਢੱਕ ਲੈਂਦੇ ਹਨ। ਇਹ ਕਾਫੀ ਜ਼ਿਆਦਾ ਮਾਤਰਾ ਵਿੱਚ ਪੌਦੇ ਦਾ ਰਸ ਚੂਸਦੇ ਹਨ। ਜਿਸ ਦੇ ਸਿੱਟੇ ਵੱਜੋਂ ਪੌਦਾ ਮਧਰਾ ਰਹਿ ਜਾਂਦਾ ਹੈ, ਫ਼ਲੀਆਂ ਸੁੱਕੜ ਜਾਂਦੀਆਂ ਹਨ ਅਤੇ ਬੀਜ ਨਹੀਂ ਬਣਦੇ।
ਰੋਕਥਾਮ: ਇਸ ਕੀੜੇ ਦੀ ਅਸਰਦਾਰ ਰੋਕਥਾਮ ਲਈ ਹੋ ਸਕੇ ਤਾਂ ਫ਼ਸਲ ਦੀ ਬਿਜਾਈ ਅਕਤੂਬਰ ਦੇ ਤੀਜੇ ਹਫ਼ਤੇ ਤੱਕ ਬਿਜਾਈ ਕਰ ਦਿਉ। ਫ਼ਸਲ ਨੂੰ ਜੈਵਿਕਿ ਖਾਦਾਂ ਦੀ ਸਿਫ਼ਾਰਸ਼ ਕੀਤੀ ਮਿਕਦਾਰ ਹੀ ਪਾਓ। ਫ਼ਸਲ ਤੇ ਕੀੜੇ ਦਾ ਹਮਲਾ ਨਜ਼ਰ ਆਉਣ ਤੇ 4 ਲਿਟਰ ਘਰੇਲੂ ਨਿੰਮ ਦਾ ਘੋਲ ਜਾਂ ਸੋਧਿਆ ਬ੍ਰਹਮਅਸਤ੍ਰਾ ਵਿੱਚੋਂ ਕਿਸੇ ਇੱਕ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ 80 ਤੋਂ 125 ਲਿਟਰ ਪਾਣੀ ਵਿੱਚ ਘੋਲ ਕੇ ਕਰੋ।
ਇਹ ਵੀ ਪੜ੍ਹੋ: Dr. Ranjit Singh ਨੇ ਪੰਜਾਬ ਦੀਆਂ ਖੇਤੀ ਸਮੱਸਿਆਵਾਂ ਅਤੇ ਸੰਭਾਵਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਕੀਤੀ ਸਾਂਝੀ
ਸਰ੍ਹੋਂ ਦੇ ਤਣੇ ਦਾ ਗ਼ਾਲਾ
ਤਣੇ ਦਾ ਗ਼ਾਲਾ ਇੱਕ ਉੱਲੀ ਰੋਗ ਹੈ ਜੋ ਕਿ ਸਰ੍ਹੋਂ ਦੀ ਫ਼ਸਲ ਦੀ ਇੱਕ ਮੁੱਖ ਬਿਮਾਰੀ ਹੈ। ਇਸ ਬਿਮਾਰੀ ਦੇ ਸ਼ੁਰੂਆਤੀ ਲੱਛਣ ਆਮ ਤੌਰ ਤੇ ਪੌਦੇ ਦੇ ਹੇਠਲੇ ਤਣੇ ਤੇ ਗ਼ਾਲੇ ਦੇ ਰੂਪ ਵਿੱਚ ਵੇਖੇ ਜਾਂਦੇ ਹਨ।ਬਾਅਦ ਵਿੱਚ ਤਣੇ ਦੇੇ ਹਿੱਸੇ ਤੇ ਇੱਕ ਚਿੱਟੀ ਉੱਲੀ ਦਿਖਾਈ ਦਿੰਦੀ ਹੈ ਖਾਸ ਕਰਕੇ ਗ਼ਾਲੇ ਦੇ ਆਲੇ ਦੁਆਲੇ। ਇਹ ਚਿੱਟੀ ਉੱਲੀ ਬਾਅਦ ਵਿੱਚ ਸਕਲੀਰੋਸ਼ੀਆ ਵਿੱਚ ਬਦਲ ਜਾਂਦੀ ਹੈ ਜੋ ਕਿ ਗੋਲ,ਸਖ਼ਤ ਅਤੇ ਕਾਲੇ ਰੰਗ ਦੀ ਹੁੰਦੀ ਹੈ। ਵਾਢੀ ਦੇ ਦੌਰਾਨ ਇਹ ਸਕਲੀਰੋਸ਼ੀਆ ਮਿੱਟੀ ਵਿੱਚ ਮਿਲ ਜਾਂਦੀਆਂ ਹਨ ਅਤੇ ਲੰਬੇ ਸਮੇਂ ਲਈ ਮਿੱਟੀ ਵਿੱਚ ਜਿਉੁਦੀਆਂ ਰਹਿ ਸਕਦੀਆਂ ਹਨ ਜੋ ਕਿ ਭਵਿੱਖ ਵਿੱਚ ਬਿਮਾਰੀ ਦੇ ਸਰੋਤ ਵਜੋਂ ਕੰਮ ਕਰਦੀਆਂ ਹਨ।
ਪ੍ਰਭਾਵਿਤ ਹਿੱਸਿਆਂ ਵਿੱਚ ਜਿਵੇਂ ਜਿਵੇਂ ਬਿਮਾਰੀ ਵਧਦੀ ਜਾਂਦੀ ਹੈ, ਸੰਕਰਮਿਤ ਸੈੱਲ ਮਰਦੇ ਹਨ, ਜਿਸ ਨਾਲ ਪੌਦਾ ਮੁਰਝਾ ਜਾਂਦਾ ਹੈ।ਜੇਕਰ ਪੌਦੇ ਦਾ ਵਜ਼ਨ ਵੱਧ ਹੋਵੇ ਤਾਂ ਸੰਕਰਮਿਤ ਪੌਦੇ ਦੇ ਗ਼ਾਲੇ ਵਾਲੀ ਥਾਂ ਤੋ ਤਣਾ ਟੁੱਟ ਵੀ ਸਕਦਾ ਹੈ। ਸੰਘਣੀ ਬਿਜਾਈ, ਖਾਸ ਤੌਰ ਤੇ ਬਾਰਿਸ਼ ਜਾਂ ਸਿੰਚਾਈ ਤੋਂ ਬਾਅਦ ਨਮੀ ਅਤੇ ਘੱਟ ਤਾਪਮਾਨ ਬਿਮਾਰੀ ਲਈ ਅਨੁਕੂਲ ਹਨ।ਇਹ ਸਥਿਤੀਆਂ ਸਕਲੀਰੋਸ਼ੀਆ ਦੇ ਉੱਗਣ ਵਿੱਚ ਮਦਦ ਕਰਦੀਆਂ ਹਨ। ਆਮ ਤੌਰ ਤੇ ਜਨਵਰੀ ਵਿੱਚ ਜਦੋਂ ਤਾਪਮਾਨ ਕਾਫ਼ੀ ਘੱਟ ਹੁੰਦਾ ਹੈ ਅਤੇ ਮਿੱਟੀ ਵਿੱਚ ਨਮੀ ਦੀ ਭਰਪੂਰਤਾ ਹੁੰਦੀ ਹੈ, ਉਸ ਵੇਲੇ ਇਸ ਬਿਮਾਰੀ ਦਾ ਸਭ ਤੋ ਵੱਧ ਪਰਕੋਪ ਵੇਖਿਆ ਜਾਂਦਾ ਹੈ। ਇਸਲਈ ਇਹ ਬਿਮਾਰੀ ਨੂੰ ਕਾਬੂ ਹੇਠ ਰੱਖਣ ਲਈ 25 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਫ਼ਸਲ ਨੂੰ ਪਾਣੀ ਲਾੳਣ ਤੌ ਗੁਰੇਜ ਕਰੋ।
ਛੋਲਿਆਂ ਦੀ ਸੁੰਡੀ
ਇਹ ਇੱਕ ਬਹੁ-ਫਸਲੀ ਕੀੜਾ ਹੈ ਜਿਸ ਨੂੰ ਅਮਰੀਕਨ ਸੁੰਡੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਜੋ ਛੋਲਿਆਂ ਤੋਂ ਇਲਾਵਾ ਕਈ ਹੋਰ ਫ਼ਸਲਾਂ ਜਿਵੇਂ ਬਰਸੀਮ, ਟਮਾਟਰ, ਪਛੇਤੀ ਕਣਕ, ਸੱਠੀ ਮੂੰਗੀ, ਸੱਠੇ ਮਾਂਹ ਅਤੇ ਸੂਰਜਮੁਖੀ ਆਦਿ ਉੱਪਰ ਵੀ ਹਮਲਾ ਕਰਦਾ ਹੈ । ਕਈ ਫ਼ਸਲਾਂ ਉੱਪਰ ਇਹ ਸੁੰਡੀ ਵੱਖੋ- ਵੱਖਰੇ ਰੰਗਾਂ ਵਿੱਚ ਵੇਖਣ ਨੂੰ ਮਿਲਦੀ ਹੈ। ਇਸ ਕੀੜੇ ਦੀਆਂ ਸੁੰਡੀਆਂ ਛੋਲਿਆਂ ਦੇ ਪੱਤੇ, ਡੋਡੀਆਂ, ਫ਼ੁੱਲ, ਡੱਡੇ ਅਤੇ ਦਾਣਿਆਂ ਨੂੰ ਖਾ ਕੇ ਫ਼ਸਲ ਦਾ ਭਾਰੀ ਨੁਕਸਾਨ ਕਰਦੀਆਂ ਹਨ । ਬੂਟਿਆਂ ਤੇ ਹਮਲੇ ਅਤੇ ਸੁੰਡੀਆਂ ਦੇ ਗੂੜੇ- ਹਰੇ ਮਲ-ਤਿਆਗ ਤੋਂ ਇਸ ਕੀੜੇ ਦੀ ਮਜ਼ੂਦਗੀ ਦਾ ਪਤਾ ਲੱਗ ਜਾਂਦਾ ਹੈ । ਸੁੰਡੀ ਦੇ ਹਮਲੇ ਨੂੰ ਦੇਖਣ ਲਈ ਡੱਡੇ ਬਣਨ ਸਮੇਂ ਫ਼ਸਲ ਦਾ ਸਰਵੇਖਣ ਕਰੋ।
ਰੋਕਥਾਮ
• ਇੱਕ ਏਕੜ ਰਕਬੇ ਪਿੱਛੇ 10 ਵੱਖੋ-ਵੱਖਰੀਆਂ ਥਾਵਾਂ ਤੋਂ ਬੂਟਿਆਂ ਨੂੰ ਝਾੜ ਕੇ ਪ੍ਰਤੀ ਮੀਟਰ ਕਤਾਰ ਦੇ ਹਿਸਾਬ ਨਾਲ ਸੁੰਡੀਆਂ ਦੀ ਗਿਣਤੀ ਕਰੋ।
• ਜੇਕਰ 10 ਥਾਵਾਂ (100 ਬੂਟੇ) ਤੋਂ 16 ਜਾਂ ਵੱਧ ਸੁੰਡੀਆਂ ਮਿਲਣ ਤਾਂ ਇਸ ਦੀ ਰੋਕਥਾਮ ਲਈ ਜੈਵਿਕ ਕੀਟਨਾਸ਼ਕਾਂ ਜਿਵੇਂ 800 ਗ੍ਰਾਮ ਬੈਸੀਲਸ ਥੁਰੀਂਜ਼ਿਐਨਸਿਸ 0.5 ਡਬਲਯੂ. ਪੀ. (ਡੋਰ ਬੀਟੀ - 1) ਜਾਂ 200 ਮਿਲੀਲਿਟਰ ਹੈਲੀਕੋਪ 2 ਏ ਐਸ (ਐੱਚ.ਏ.ਐੱਨ.ਪੀ.ਵੀ.) ਦਾ 80-100 ਲਿਟਰ ਪਾਣੀ ਵਿੱਚ ਘੋਲ ਕੇ ਪਿੱਠੂ ਪੰਪ ਨਾਲ ਪ੍ਰਤੀ ਏਕੜ ਵਿੱਚ ਛਿੜਕਾਅ ਕਰੋ।
• ਜੇ ਲੋੜ ਪਵੇ ਤਾਂ ਹਫ਼ਤੇ ਬਾਅਦ ਵਿੱਚ ਜੈਵਿਕ ਕੀਟਨਾਸ਼ਕਾਂ ਦੀ ਵਰਤੋਂ ਫੇਰ ਦੁਹਰਾਉ।
• ਛੋਲਿਆਂ ਦੀ ਫ਼ਸਲ ਨੂੰ ਬਰਸੀਮ, ਟਮਾਟਰ, ਪਛੇਤੀ ਕਣਕ, ਸੱਠੀ ਮੂੰਗੀ, ਸੱਠੇ ਮਾਂਹ ਅਤੇ ਸੂਰਜਮੁਖੀ ਦੀ ਫ਼ਸਲ ਦੇ ਨੇੜੇ ਬੀਜਣ ਤੋਂ ਗੁਰੇਜ਼ ਕਰੋ।
ਇਹ ਵੀ ਪੜ੍ਹੋ: Bumper Profit: ਕਿਸਾਨ ਵੀਰੋਂ ਸੂਰਜਮੁਖੀ ਦੀ ਸਫਲ ਕਾਸ਼ਤ ਲਈ ਅਪਣਾਓ ਇਹ ਕਿਸਮਾਂ, ਮਿਲੇਗਾ ਪ੍ਰਤੀ ਏਕੜ 8 ਤੋਂ 9 ਕੁਇੰਟਲ ਝਾੜ
ਛੋਲਿਆਂ ਦਾ ਝੁਲਸ ਰੋਗ
ਝੁਲਸ ਰੋਗ ਮੁੱਖ ਤੌਰ ਤੇ ਛੋਲੇ ਅਤੇ ਹੋਰ ਫਲ਼ੀਦਾਰ ਫ਼ਸਲਾਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਰੋਗ ਖਾਸ ਤੌਰ ਤੇ ਠੰਡੇ ਅਤੇ ਨਮੀ ਵਾਲੇ ਖੇਤਰਾਂ ਵਿੱਚ ਝਾੜ ਦੇ ਨੁਕਸਾਨ ਲਈ ਜਾਣਿਆ ਜਾਂਦਾ ਹੈ। ਇਹ ਬਿਮਾਰੀ ਪੌਦੇ ਦੀਆਂ ਜੜ੍ਹਾਂ ਨੂੰ ਛੱਡ ਕੇ ਬਾਕੀ ਸਾਰੇ ਬੂਟੇ ਤੇ ਹਮਲਾ ਕਰਦੀ ਹੈ ਜਿਸ ਵਿੱਚ ਪੱਤੇ, ਤਣੇ ਅਤੇ ਫਲੀਆਂ ਸ਼ਾਮਲ ਹਨ।ਇਸ ਬਿਮਾਰੀ ਵਿੱਚ ਭੂਰੇ ਤੋਂ ਕਾਲੇ ਰੰਗ ਦੇ ਗੋਲ ਧੱਬੇ, ਪੌਦੇ ਦੇ ਪੂਰੇ ਉਪਰਲੇ ਹਿੱਸੇ ਤੇ ਬਣ ਜਾਂਦੇ ਹਨ।ਇਹਨਾਂ ਧੱਬਿਆਂ ਉੱਤੇ ਉੱਲੀ ਦੇ ਕਾਲੇ ਟਿਮਕਣੇ ਗੋਲ ਦੈਰਿਆਂ ਵਿੱਚ ਚਿੰਬੜੇ ਹੁੰਦੇ ਹਨ ਜੋ ਇਸ ਰੋਗ ਦੇ ਹੋਣ ਦੀ ਮੁੱਖ ਨਿਸ਼ਾਨੀ ਹਨ।ਤਣੇ ਅਤੇ ਟਹਿਣੀਆਂ ਤੇ ਵੀ ਧੱਬੇ ਦਿਖਾਈ ਦਿੰਦੇ ਹਨ ਜੋ ਕਿ ਟਹਿਣੀਆਂ ਦੇ ਮਰਨ ਦਾ ਕਾਰਨ ਬਣਦੇ ਹਨ।
ਬਾਅਦ ਵਿੱਚ ਗੂੜ੍ਹੇ ਕਾਲੇ ਰੰਗ ਦੇ ਧੱਬੇ ਫਲੀਆਂ ਤੇ ਵੀ ਬਣ ਜਾਂਦੇ ਹਨ। ਇਸ ਕਰਕੇ ਬੀਜ ਸੁੰਗੜੇ ਅਤੇ ਬੇਰੰਗ ਹੋ ਸਕਦੇ ਹਨ। ਇਹ ਬਿਮਾਰੀ 20 ਡਿਗਰੀ ਸੈਲਸੀਅਸ ਤਾਪਮਾਨ, 85% ਤੋਂ ਵੱਧ ਨਮੀ ਅਤੇ ਰੱੁਕ-ਰੁੱਕ ਕੇ ਮੀਂਹ ਦੇ ਨਾਲ ਬੱਦਲਵਾਈ ਵਾਲੇ ਮੌਸਮ ਵਿੱਚ ਵਧਣ ਲਈ ਅਨੁਕੂਲ ਹੈ।ਭਾਰੀ ਬਾਰਸ਼ ਤੇਜ਼ੀ ਨਾਲ ਪੂਰੀ ਫਸਲ ਨੂੰ ਝੁਲਸਾ ਸਕਦੀ ਹੈ ਅਤੇ ਮਾਰ ਸਕਦੀ ਹੈ। ਇਸ ਬਿਮਾਰੀ ਦੀ ਰੋਕਥਾਮ ਲਈ, ਬਿਮਾਰੀ ਰਹਿਤ ਬੀਜ ਦੀ ਵਰਤੋਂ ਕਰੋ।ਝੁਲਸ ਰੋਗ ਦਾ ਟਾਕਰਾ ਕਰਨ ਵਾਲੀਆਂ ਛੋਲਿਆਂ ਦੀਆਂ ਕਿਸਮਾਂ ਜਿਵੇਂ ਕਿ ਪੀ ਬੀ ਜੀ 10, ਪੀ ਬੀ ਜੀ 7 ਅਤੇ ਪੀ ਬੀ ਜੀ 5 ਦੀ ਕਾਸ਼ਤ ਕਰੋ। ਰੋਗੀ ਬੂਟੇ ਨੂੰ ਕਟਾਈ ਦੇ ਨਾਲ ਹੀ ਕੱਢ ਕੇ ਨਸ਼ਟ ਕਰ ਦਿਉ।
ਛੋਲਿਆਂ ਦਾ ਉਖੇੜਾ ਰੋਗ
ਉਖੇੜਾ ਰੋਗ ਇੱਕ ਮਿੱਟੀ ਤੋਂ ਪੈਦਾ ਹੋਣ ਵਾਲੀ ਉੱਲੀ ਦੀ ਬਿਮਾਰੀ ਹੈ ਜੋ ਫਸਲਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦੀ ਹੈ, ਖਾਸ ਕਰਕੇ ਗਰਮ, ਸੁੱਕੇ ਖੇਤਰਾਂ ਵਿੱਚ।ਸ਼ੁਰੂਆਤੀ ਪੜਾਵਾਂ ਵਿੱਚ, ਬਿਮਾਰੀ ਵਾਲੇ ਪੌਦੇ ਕੁਝ ਹਿੱਸਿਆਂ ਤੋਂ ਮੁਰਝਾ ਜਾਂਦੇ ਹਨ। ਜਿਉਂ ਜਿਉਂ ਬਿਮਾਰੀ ਵਧਦੀ ਜਾਂਦੀ ਹੈ, ਪੱਤੇ ਪੀਲੇ ਪੈ ਜਾਂਦੇ ਹਨ ਅਤੇ ਬਾਅਦ ਵਿੱਚ ਤੂੜੀ ਦੇ ਰੰਗ ਦੇ ਬਣ ਜਾਂਦੇ ਹਨ। ਪ੍ਰਭਾਵਿਤ ਪੌਦਿਆਂ ਦੀਆਂ ਜੜ੍ਹਾਂ ਇਸ ਬਿਮਾਰੀ ਦਾ ਸਭ ਤੋਂ ਵਿਸ਼ੇਸ਼ ਲੱਛਣ ਦਰਸਾਉਂਦੀਆਂ ਹਨ।
ਰੋਗੀ ਪੌਦਿਆਂ ਦੀਆਂ ਜੜ੍ਹਾਂ ਕੱਟਣ ਤੇੇ ਭੂਰੇ ਤੋਂ ਕਾਲੇ ਰੰਗ ਦੀਆਂ ਵਿਖਦੀਆਂ ਹਨ।24-27 ਡਿਗਰੀ ਸੈਲਸੀਅਸ ਦੇ ਵਿਚਕਾਰ ਦਾ ਤਾਪਮਾਨ ਬਿਮਾਰੀ ਦੇ ਵਾਧੇ ਲਈ ਅਨੁਕੂਲ ਹੈ। ਫ਼ਸਲ ਦੀ ਅਗੇਤੀ ਬਿਜਾਈ ਤੋਂ ਗੁਰੇਜ ਕਰਨਾ ਚਾਹੀਦਾ ਹੈ।ਛੋਲਿਆਂ ਦੀਆਂ ਉੱਨਤ ਕਿਸਮਾਂ (ਪੀ ਬੀ ਜੀ 10, ਪੀ ਬੀ ਜੀ 8, ਪੀ ਬੀ ਜੀ 7, ਜੀ ਪੀ ਐਫ਼ 2, ਪੀ ਡੀ ਜੀ 4, ਪੀ ਬੀ ਜੀ 5 ਅਤੇ ਕਾਬਲੀ ਕਿਸਮ ਐਲ 552) ਜਿਹੜੀਆਂ ਕਿ ਇਸ ਰੋਗ ਦਾ ਟਾਕਰਾ ਕਰ ਸਕਦੀਆਂ ਹਨ, ਬੀਜਣੀਆਂ ਚਾਹੀਦੀਆਂ ਹਨ।
ਨੋਟ: -
1. ਨਿੰਮ ਦਾ ਘੋਲ ਬਨਾਉਣ ਦੀ ਵਿਧੀ: ਚਾਰ ਕਿਲੋ ਨਿੰਮ ਦੀਆਂ ਕਰੰੂਬਲਾਂ (ਪੱਤੇ, ਹਰੀਆਂ ਟਹਿਣੀਆਂ ਅਤੇ ਨਿਮੋਲੀਆਂ) ਨੂੰ 10 ਲਿਟਰ ਪਾਣੀ ਵਿੱਚ 30 ਮਿੰਟ ਲਈ ਉਬਾਲੋ। ਇਸ ਘੋਲ ਨੂੰ ਕੱਪੜ ਛਾਣ ਕਰ ਲਓ ਅਤੇ ਤਰਲ ਨੂੰ ਸਿਫਾਰਸ਼ ਕੀਤੀ ਮਾਤਰਾ ਮੁਤਾਬਕ ਛਿੜਕਾਅ ਕਰੋ।
2. ਸੋਧਿਆ ਬ੍ਰਹਮਅਸਤ੍ਰਾ ਬਨਾਉਣ ਦੀ ਵਿਧੀ: 2 ਕਿਲੋ ਹਰੇਕ ਅਮਰੂਦ, ਪਪੀਤੇ, ਕਰੰਜ, ਅਰਿੰਡੀੇ, ਅਤੇ 5 ਕਿਲੋ ਨਿੰਮ ਆਦਿ ਦੇ ਪੱਤਿਆਂ ਦਾ ਥੋੜੇ ਪਾਣੀ ਦੀ ਮਦਦ ਨਾਲ ਗੁੱਦਾ ਜਿਹਾ ਬਣਾ ਕੇ 10 ਲਿਟਰ ਗਊ ਦੇ ਮੂਤਰ ਵਿੱਚ ਪਾ ਕੇ 4 ਵਾਰ ਉਬਾਲਣ ਉਪਰੰਤ 48 ਘੰਟੇ ਲਈ ਛਾਂ ਵਿੱਚ ਰੱਖੋ ਅਤੇ ਬਾਅਦ ਵਿੱਚ ਕੱਪੜ ਛਾਣ ਕਰ ਲਉ। ਇਸ ਘੋਲ਼ ਨੂੰ ਸਿਫ਼ਾਰਿਸ਼ ਕੀਤੀ ਮਾਤਰਾ ਅਨੁਸਾਰ ਵਰਤੋ ।ਡੇਅਰੀ ਪਸ਼ੂ ਦਾ ਮੂਤਰ ਵੀ ਵਰਤਿਆ ਜਾ ਸਕਦਾ ਹੈ।
ਸਰੋਤ: ਸੁਬਾਸ਼ ਸਿੰਘ ਅਤੇ ਅਜੇ ਕੁਮਾਰ ਚੌਧਰੀ, ਸਕੂਲ ਆਫ਼ ਆਰਗੈਨਿਕ ਫ਼ਾਰਮਿੰਗ, ਪੀ.ਏ.ਯੂ., ਲੁਧਿਆਣਾ
Summary in English: Farmers can reap immense benefits by organically controlling pests and diseases of major Rabi crops