
ਘਰੇਲੂ ਪੱਧਰ ਤੇ ਕਣਕ ਦੇ ਬੀਜ ਦਾ ਸਫ਼ਲ ਉਤਪਾਦਨ
Wheat Seeds: ਬੀਜ ਕਿਸੇ ਵੀ ਫ਼ਸਲ ਦੀ ਮੂਲ ਨੀਂਵ ਹੁੰਦਾ ਹੈ। ਇਸ ਲਈ ਫ਼ਸਲ ਦੀ ਚੰਗੀ ਪੈਦਾਵਾਰ ਲਈ ਬੀਜ ਦਾ ਸ਼ੁੱਧ, ਸਾਫ਼-ਸੁਥਰਾ ਅਤੇ ਨਰੋਆ ਹੋਣਾ ਬੇਹੱਦ ਜ਼ਰੂਰੀ ਹੈ। ਬਹੁਤ ਸਾਰੇ ਕਿਸਾਨ ਵੀਰਾਂ ਵੱਲੋਂ ਕਣਕ ਦਾ ਬੀਜ ਘਰੇਲੂ ਪੱਧਰ ਉੱਪਰ ਵੀ ਰੱਖਿਆ ਜਾਂਦਾ ਹੈ, ਪ੍ਰੰਤੂ ਕਈ ਵਾਰ ਬਿਜਾਈ ਵੇਲੇ ਇਹ ਬੀਜ ਖੇਤ ਵਿੱਚ ਪੂਰਾ ਜੰਮਦਾ ਨਹੀਂ ਜਾਂ ਬੀਜ ਰਾਹੀਂ ਫ਼ੈਲਣ ਵਾਲੀਆਂ ਕਈ ਬਿਮਾਰੀਆਂ ਇਸ ਬੀਜ ਵਾਲੇ ਖੇਤਾਂ ਵਿੱਚ ਦੇਖਣ ਨੂੰ ਮਿਲਦੀਆਂ ਹਨ, ਜਿਸ ਨਾਲ ਫ਼ਸਲ ਦਾ ਉਤਪਾਦਨ ਘਟ ਜਾਂਦਾ ਹੈ ਅਤੇ ਦਾਣਿਆਂ ਦੀ ਕੁਆਲਿਟੀ ਵੀ ਚੰਗੀ ਨਹੀਂ ਮਿਲਦੀ।
ਘਰੇਲੂ ਪੱਧਰ ਉਪਰ ਕਿਸਾਨ ਬੁਨਿਆਦੀ ਜਾਂ ਤਸਦੀਕਸ਼ੁਦਾ ਬੀਜ ਅਤੇ ਹੇਠ ਲਿਖੀਆਂ ਕੁੱਝ ਸਾਵਧਾਨੀਆਂ ਵਰਤ ਕੇ ਅਗਲੇ ਸਾਲ ਲਈ ਵਧੀਆ ਕੁਆਲਿਟੀ ਵਾਲਾ ਬੀਜ ਪੈਦਾ ਕਰ ਸਕਦੇ ਹਨ:
ਕੁਆਲਿਟੀ ਵਾਲਾ ਕਣਕ ਦਾ ਬੀਜ ਪੈਦਾ ਕਰਨ ਲਈ 6 ਸਾਵਧਾਨੀਆਂ
• ਜਿਸ ਕਣਕ ਦੀ ਕਿਸਮ ਦੇ ਬੀਜ ਤੋਂ ਅਗਾਂਹ ਬੀਜ ਵਧਾਉਣਾ ਹੈ ਉਹ ਕਾਂਗਿਆਰੀ ਦੀ ਰੋਕਥਾਮ ਲਈ ਸਿਫ਼ਾਰਸ਼ ਕੀਤੇ ਕਿਸੇ ਵੀ ਉੱਲੀਨਾਸ਼ਕ ਨਾਲ ਸੋਧਿਆ ਹੋਵੇ। ਬੀਜ ਰੱਖਣ ਲਈ ਨਿਵੇਕਲੇ ਅਤੇ ਨਰੋਈ ਫ਼ਸਲ ਵਾਲੇ ਖੇਤ ਦੀ ਚੋਣ ਕਰੋ।
• ਇਸ ਬੀਜ ਵਾਲੇ ਖੇਤ ਵਿੱਚੋਂ ਨਦੀਨ, ਬਿਮਾਰੀ ਵਾਲੇ, ਉਪਰੇ ਅਤੇ ਹੋਰ ਦੂਜੀਆਂ ਕਿਸਮਾਂ ਦੇ ਪੌਦੇ ਸਮੇਂ ਸਮੇਂ ਸਿਰ ਕੱਢਦੇ ਰਹੋ।
• ਕਰਨਾਲ ਬੰਟ ਤੋਂ ਰਹਿਤ ਬੀਜ ਪੈਦਾ ਕਰਨ ਲਈ ਫ਼ਸਲ ਤੇ 200 ਮਿਲੀਲਿਟਰ ਟਿਲਟ 25 ਈ ਸੀ ਜਾਂ ਹੋਰ ਸਿਫ਼ਾਰਿਸ਼ਸ਼ੁਦਾ ਉਲੀਨਾਸ਼ਕ (ਪੌਦੇ ਵਿੱਚ ਜ਼ਜਬ ਹੋਣ ਵਾਲੇ) ਪ੍ਰਤੀ ਏਕੜ ਦੇ ਹਿਸਾਬ 200 ਲਿਟਰ ਪਾਣੀ ਵਿੱਚ ਘੋਲ ਕੇ ਸਿੱਟੇ ਨਿੱਕਲਣ ਵੇਲੇ ਇੱਕ ਛਿੜਕਾਅ ਕਰੋ। ਇਸ ਕੰਮ ਲਈ ਇਹ ਇਹ ਸਮਾਂ ਬਿਲਕੁਲ ਢੁੱਕਵਾਂ ਹੈ। ਸਮਾਂ ਨਿਕਲਣ ਤੋਂ ਬਾਅਦ ਕੀਤਾ ਛਿੜਕਾਅ ਕਰਨਾਲ ਬੰਟ ਤੋਂ ਰਹਿਤ ਬੀਜ ਪੈਦਾ ਕਰਨ ਵਿੱਚ ਸਹਾਈ ਨਹੀਂ ਹੁੰਦਾ।
ਇਹ ਵੀ ਪੜ੍ਹੋ: ਗੰਡੋਆ ਖਾਦ: Organic Farming ਵੱਲ ਇੱਕ ਕਦਮ
• ਕਣਕ ਨੂੰ ਦਾਣੇ ਭਰਨ ਸਮੇਂ ਵੱਧ ਤਾਪਮਾਨ (ਮਾਰਚ ਮਹੀਨੇ ਵਿੱਚ ਵੱਧਦੇ ਤਾਪਮਾਨ) ਤੋਂ ਬਚਾਉਣ ਲਈ ਅਤੇ ਵੱਧ ਝਾੜ ਲੈਣ ਲਈ 2% ਪੋਟਾਸ਼ੀਅਮ ਨਾਈਟ੍ਰੇਟ (13:0:45) (4 ਕਿਲੋਗਰਾਮ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲਿਟਰ ਪਾਣੀ ਵਿੱਚ) ਪਹਿਲਾਂ ਸਪਰੇਅ ਗੋਭ ਵਾਲਾ ਪੱਤਾ ਨਿਕਲਣ ਅਤੇ ਦੂਜਾ ਬੂਰ ਪੈਣ ਸਮੇਂ ਕਰੋ ਜਾਂ 15 ਗਰਾਮ ਸੈਲੀਸਿਲਕ ਏਸਿਡ ਨੂੰ 450 ਮਿਲੀਲਿਟਰ ਈਥਾਈਲ ਅਲਕੋਹਲ ਵਿੱਚ ਘੋਲਣ ਉਪਰੰਤ 200 ਲਿਟਰ ਪਾਣੀ ਵਿੱਚ ਘੋਲ ਕੇ ਪਹਿਲਾ ਛਿੜਕਾਅ ਗੋਭ ਵਾਲਾ ਪੱਤਾ ਨਿਕਲਣ ਸਮੇਂ ਅਤੇ ਦੂਸਰਾ ਸਿੱਟੇ ਵਿੱਚ ਦੁੱਧ ਪੈਣ ਸਮੇਂ ਕਰੋ।
• ਬੀਜ ਵਾਲੀ ਫ਼ਸਲ ਦੀ ਕਟਾਈ ਅਤੇ ਗਹਾਈ ਪੂਰੀ ਤਰਾਂ ਨਾਲ ਪੱਕ ਜਾਣ ਤੇ ਹੀ ਕਰੋ। ਵਾਢੀ ਗਹਾਈ ਅਤੇ ਸਾਂਭ-ਸੰਭਾਲ ਵੇਲੇ ਇਸ ਗੱਲ ਦਾ ਧਿਆਨ ਰੱਖੋ ਕਿ ਉਸ ਵਿੱਚ ਦੂਜੀਆਂ ਕਿਸਮਾਂ ਦੇ ਦਾਣੇ ਨਾ ਰਲ ਜਾਣ। ਇਸ ਬੀਜ ਵਾਲੀ ਫ਼ਸਲ ਨੂੰ ਚੰਗੀ ਤਰਾਂ ਸੁਕਾ ਕੇ ਅਤੇ ਸਾਫ਼ ਕਰਕੇ ਸਾਫ਼-ਸੁਥਰੇ ਢੋਲਾਂ ਜਾਂ ਬੋਰੀਆਂ ਵਿੱਚ ਭਰ ਕੇ ਸਾਂਭ ਲਉ।
• ਇਸ ਬੀਜ ਨੂੰ ਅਗਲੇ ਸਾਲ ਬੀਜਣ ਤੋਂ ਪਹਿਲਾਂ ਇਸ ਦੀ ਸਾਫ਼-ਸਫਾਈ ਅਤੇ ਇਸ ਦੀ ਉੱਗਣ ਸ਼ਕਤੀ ਦੀ ਪਰਖ ਕਰਨਾ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਬੀਜ ਖੇਤ ਵਿੱਚ ਪੂਰਾ ਉੱਗ ਪਵੇ।
ਸਰੋਤ: ਤਰਵਿੰਦਰ ਪਾਲ ਸਿੰਘ ਅਤੇ ਨਵਜੋਤ ਕੌਰ, ਦਫਤਰ ਨਿਰਦੇਸ਼ਕ (ਬੀਜ), ਪੀ.ਏ.ਯੂ. ਲੁਧਿਆਣਾ
Summary in English: Farmers should take these 6 precautions to produce good quality wheat seeds for next year