1. Home
  2. ਖੇਤੀ ਬਾੜੀ

ਤੋਰੀਏ ਦੀਆਂ ਇਨ੍ਹਾਂ ਉੱਨਤ ਕਿਸਮਾਂ ਤੋਂ ਹੋਵੇਗੀ ਕਿਸਾਨਾਂ ਨੂੰ ਵਧੀਆ ਆਮਦਨ, ਬਿਜਾਈ ਤੋਂ 3 ਹਫ਼ਤੇ ਪਿੱਛੋਂ ਕਰੋ ਇਹ ਕੰਮ, ਹੋਵੇਗਾ ਮੋਟਾ ਮੁਨਾਫ਼ਾ

ਤੋਰੀਏ ਦੀ ਫ਼ਸਲ ਦੇ ਵਧੀਆ ਜੰਮ ਲਈ ਖੇਤ ਨੂੰ ਚੰਗੀ ਤਰਾਂ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਖੇਤ ਨੂੰ 2 ਤੋਂ 4 ਵਾਰ ਵਾਹੁਣਾ ਅਤੇ ਹਰ ਵਾਹੀ ਬਾਅਦ ਸੁਹਾਗਾ ਫੇਰਨਾ ਚਾਹੀਦਾ ਹੈ। ਬਰਾਨੀ ਇਲਾਕਿਆਂ ਵਿੱਚ ਖੇਤ ਨੂੰ ਇੱਕ ਤੋਂ ਦੋ ਵਾਰ ਦੇਸੀ ਹਲ ਨਾਲ ਵਾਹ ਕੇ ਹਰ ਵਾਰ ਸੁਹਾਗਾ ਫੇਰੋ।

Gurpreet Kaur Virk
Gurpreet Kaur Virk
ਤੋਰੀਏ ਦੀ ਕਾਸ਼ਤ - ਖੇਤੀ ਵਿਭਿੰਨਤਾ ਲਈ ਢੁਕਵਾਂ ਵਿਕਲਪ

ਤੋਰੀਏ ਦੀ ਕਾਸ਼ਤ - ਖੇਤੀ ਵਿਭਿੰਨਤਾ ਲਈ ਢੁਕਵਾਂ ਵਿਕਲਪ

Varieties of Toriya: ਤੋਰੀਆ ਹਾੜ੍ਹੀ ਰੁੱਤ ਦੀ ਇੱਕ ਤੇਲ ਬੀਜ ਫ਼ਸਲ ਹੈ, ਜੋ ਘੱਟ ਸਮੇਂ ਦੀ ਹੋਣ ਕਰਕੇ ਬਹੁ-ਫ਼ਸਲੀ ਪ੍ਰਣਾਲੀ ਵਿੱਚ ਫ਼ਿੱਟ ਬੈਠਦੀ ਹੈ ਅਤੇ ਖੇਤੀ ਵਿਭਿੰਨਤਾ ਲਈ ਚੰਗਾ ਵਿਕਲਪ ਹੈ। ਇਸ ਦੀ ਕਾਸ਼ਤ ਚੰਗੇ ਜਲ ਨਿਕਾਸ ਵਾਲੀਆਂ, ਹਲਕੀਆਂ ਮੈਰਾ ਤੇ ਦਰਮਿਆਨੀਆਂ ਭਾਰੀਆਂ ਜ਼ਮੀਨਾਂ ਵਿੱਚ ਕੀਤੀ ਜਾ ਸਕਦੀ ਹੈ, ਪਰ ਮੈਰਾ ਜ਼ਮੀਨ ਇਸ ਦੀ ਕਾਸ਼ਤ ਲਈ ਸਭ ਤੋਂ ਢੁਕਵੀਂ ਹੈ।

ਗਰਮ ਰੁੱਤ ਦੀ ਮੂੰਗੀ-ਤੋਰੀਆ-ਕਣਕ, ਸਾਉਣੀ ਰੁੱਤ ਦਾ ਚਾਰਾ-ਤੋਰੀਆ-ਕਣਕ/ਸੂਰਜਮੁਖੀ, ਸਾਉਣੀ ਰੁੱਤ ਦਾ ਚਾਰਾ-ਤੋਰੀਆ-ਕਮਾਦ-ਮੂਢਾ ਕਮਾਦ, ਝੋਨਾ/ਮੱਕੀ-ਤੋਰੀਆ-ਸੂਰਜਮੁਖੀ, ਗਰਮ ਰੁੱਤ ਦੀ ਮੂੰਗਫਲੀ-ਤੋਰੀਆ-ਕਣਕ, ਗਰਮ ਰੁੱਤ ਦੇ ਮਾਂਹ-ਤੋਰੀਆ, ਮੈਂਥਾ-ਤੋਰੀਆ ਅਤੇ ਸਾਉਣੀ ਰੁੱਤ ਦਾ ਚਾਰਾ/ਮੂੰਗਫ਼ਲੀ-ਤੋਰੀਆ+ਗੋਭੀ ਸਰ੍ਹੋਂ-ਗਰਮ ਰੁੱਤ ਦੀ ਮੂੰਗੀ ਆਦਿ ਫ਼ਸਲੀ ਚੱਕਰਾਂ ਵਿੱਚ ਤੋਰੀਏ ਨੂੰ ਕਾਮਯਾਬੀ ਨਾਲ ਉਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਤੋਰੀਏ ਨੂੰ ਕਮਾਦ ਅਤੇ ਗੋਭੀ ਸਰ੍ਹੋਂ ਵਿੱਚ ਰਲਵੀਂ ਫ਼ਸਲ ਵਜੋਂ ਵੀ ਬੀਜਿਆ ਜਾ ਸਕਦਾ ਹੈ। ਤੋਰੀਏ ਤੋਂ ਵਧੇਰੇ ਝਾੜ ਲੈਣ ਲਈ ਹੇਠ ਦੱਸੇ ਨੁਕਤਿਆਂ ਨੂੰ ਅਪਣਾਉਣਾ ਚਾਹੀਦਾ ਹੈ।

ਤੋਰੀਏ ਦੀਆਂ ਉੱਨਤ ਕਿਸਮਾਂ:

ਉੱਨਤ ਕਿਸਮਾਂ

ਵਿਸ਼ੇਸ਼ਤਾਵਾਂ

ਤੇਲ ਦੀ ਮਾਤਰਾ (ਪ੍ਰਤੀਸ਼ਤ)         

ਪੱਕਣ ਦਾ ਸਮਾਂ (ਦਿਨ)

ਔਸਤ ਝਾੜ

(ਕੁਇੰਟਲ ਪ੍ਰਤੀ ਏਕੜ)

ਟੀ ਐਲ 17

ਇਹ ਕਿਸਮ ਬਹੁ ਫ਼ਸਲੀ ਚੱਕਰ ਲਈ ਵਧੇਰੇ ਢੁਕਵੀਂ ਹੈ ਅਤੇ ਇਸ ਨੂੰ ਵਧੇਰੇ ਸ਼ਾਖਾਵਾਂ ਕਰਕੇ ਜ਼ਿਆਦਾ ਫ਼ਲੀਆਂ ਲੱਗਦੀਆਂ ਹਨ ।   

42.0

90

52

ਟੀ ਐਲ 15

ਅਗੇਤੀ ਪੱਕਣ ਵਾਲੀ ਇਹ ਕਿਸਮ ਬਹੁ-ਫ਼ਸਲੀ ਚੱਕਰ ਲਈ ਬਹੁਤ ਢੁਕਵੀਂ ਹੈ ।     

41.0

88

4.5

ਖੇਤ ਦੀ ਤਿਆਰੀ:

ਫ਼ਸਲ ਦੇ ਵਧੀਆ ਜੰਮ ਲਈ ਖੇਤ ਨੂੰ ਚੰਗੀ ਤਰਾਂ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਖੇਤ ਨੂੰ 2 ਤੋਂ 4 ਵਾਰ ਵਾਹੁਣਾ ਅਤੇ ਹਰ ਵਾਹੀ ਬਾਅਦ ਸੁਹਾਗਾ ਫੇਰਨਾ ਚਾਹੀਦਾ ਹੈ। ਬਰਾਨੀ ਇਲਾਕਿਆਂ ਵਿੱਚ ਖੇਤ ਨੂੰ ਇੱਕ ਤੋਂ ਦੋ ਵਾਰ ਦੇਸੀ ਹਲ ਨਾਲ ਵਾਹ ਕੇ ਹਰ ਵਾਰ ਸੁਹਾਗਾ ਫੇਰੋ।

ਬਿਜਾਈ ਦਾ ਸਮਾਂ:

ਜੇਕਰ ਤੋਰੀਏ ਦੀ ਨਿਰੋਲ ਕਾਸ਼ਤ ਕਰਨ ਹੋਵੇ ਤਾਂ ਪੂਰਾ ਸਤੰਬਰ ਮਹੀਨਾ ਇਸ ਦੀ ਬਿਜਾਈ ਦਾ ਸਭ ਤੋਂ ਢੁਕਵਾਂ ਸਮਾਂ ਹੈ। ਪਤਝੜ ਰੁੱਤ ਦੇ ਕਮਾਦ ਵਿਚ ਤੋਰੀਏ ਦੀ ਰਲਵੀਂ ਕਾਸ਼ਤ ਲਈ ਬਿਜਾਈ 20 ਸਤੰਬਰ ਤੋਂ ਅਖੀਰ ਸਤੰਬਰ ਤੱਕ ਕਰਨੀ ਚਾਹੀਦੀ ਹੈ।

ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ:

ਨਿਰੋਲ ਬਿਜਾਈ ਲਈ ਤੋਰੀਏ ਦਾ 1.5 ਕਿੱਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ।ਜ਼ਮੀਨ ਵਿੱਚ ਨਮੀ ਘੱਟ ਹੋਣ ਦੀ ਸੂਰਤ ਵਿੱਚ ਬਿਜਾਈ ਤੋਂ ਇੱਕ ਰਾਤ ਪਹਿਲਾਂ ਬੀਜ ਨੂੰ ਗਿੱਲੀ ਮਿੱਟੀ ਵਿੱਚ ਮਿਲਾ ਕੇ ਰੱਖਣਾ ਚਾਹੀਦਾ ਹੈ। ਤੋਰੀਏ ਦੀ ਬਿਜਾਈ ਡਰਿੱਲ ਜਾਂ ਪੋਰੇ ਜਾਂ ਹੱਥ ਨਾਲ ਚੱਲਣ ਵਾਲੀ ਤੇਲਬੀਜ ਡਰਿੱਲ ਨਾਲ ਕੀਤੀ ਜਾ ਸਕਦੀ ਹੈ। ਤੋਰੀਏ ਦੀ ਨਿਰੋਲ ਬਿਜਾਈ ਕਤਾਰਾਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ, ਬੂਿਟਆਂ ਵਿਚਕਾਰ ਫ਼ਾਸਲਾ 10 ਤੋਂ 15 ਸੈਂਟੀਮੀਟਰ ਅਤੇ ਡੂੰਘਾਈ 4-5 ਸੈਂਟੀਮੀਟਰ ਰੱਖਣੀ ਚਾਹੀਦੀ ਹੈ। ਬੂਟੇ ਤੋਂ ਬੂਟੇ ਦਾ ਫ਼ਾਸਲਾ 10 ਤੋਂ 15 ਸੈਂਟੀਮੀਟਰ ਰੱਖਣ ਲਈ ਬਿਜਾਈ ਤੋਂ ਤਿੰਨ ਹਫ਼ਤੇ ਬਾਅਦ ਫ਼ਸਲ ਨੂੰ ਵਿਰਲਾ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ: Tips for Planting Peas: ਸਹੀ ਤਕਨੀਕ ਨਾਲ ਮਟਰ ਦੀ ਬਿਜਾਈ ਕਦੋਂ ਅਤੇ ਕਿਵੇਂ ਕਰੀਏ? ਜਾਣੋ ਵਧੇਰੇ ਮੁਨਾਫੇ ਲਈ ਅਗੇਤੇ ਮਟਰ ਬੀਜਣ ਦੇ ਇਹ ਆਸਾਨ ਨੁਕਤੇ

ਪਤਝੜ ਰੁੱਤ ਦੇ ਕਮਾਦ ਵਿੱਚ ਤੋਰੀਏ ਦੀ ਰਲਵੀਂ ਕਾਸ਼ਤ:

ਵੱਧ ਮੁਨਾਫ਼ੇ ਲਈ ਤੋਰੀਏ ਨੂੰ ਪਤਝੜ ਰੁੱਤ ਦੇ ਕਮਾਦ ਵਿੱਚ ਰਲਵੀਂ ਫ਼ਸਲ ਦੇ ਤੌਰ ਤੇ ਬੀਜਿਆ ਜਾ ਸਕਦਾ ਹੈ। ਪਤਝੜ ਰੁੱਤ ਦੇ ਕਮਾਦ ਅਤੇ ਤੋਰੀਏ ਦੀ ਰਲਵੀਂ ਖੇਤੀ ਕਰਨ ਲਈ ਕਮਾਦ ਦੀਆਂ ਦੋ ਕਤਾਰਾਂ ਵਿਚਕਾਰ ਤੋਰੀਏ ਦਾ ਇੱਕ ਕਿਲੋ ਬੀਜ ਵਰਤਦੇ ਹੋਏ 30 ਸੈਂਟੀਮੀਟਰ ਦੇ ਫ਼ਾਸਲੇ ਦੋ ਕਤਾਰਾਂ ਬੀਜਣੀਆਂ ਚਾਹੀਦੀਆਂ ਹਨ। ਇਸ ਤਰਾਂ ਬੀਜੀ ਤੋਰੀਏ ਦੀ ਫ਼ਸਲ ਦੀ ਵਾਢੀ ਅੱਧ ਦਸੰਬਰ ਵਿੱਚ ਹੋ ਜਾਂਦੀ ਹੈ ਜਿਸ ਵਿੱਚ ਕਣਕ ਦੀ ਪਿਛੇਤੀ ਬਿਜਾਈ ਵੀ ਕੀਤੀ ਜਾ ਸਕਦੀ ਹੈ।

ਖਾਦ ਪ੍ਰਬੰਧਨ:

ਖਾਦਾਂ ਦੀ ਵਰਤੋਂ ਹਮੇਸ਼ਾ ਮਿੱਟੀ ਪਰਖ ਦੇ ਆਧਾਰ ਤੇ ਹੀ ਕਰਨੀ ਚਾਹੀਦੀ ਹੈ। ਜੇਕਰ ਮਿੱਟੀ ਪਰਖ ਨਾ ਕਰਵਾਈ ਹੋਵੇ ਤਾਂ ਤੋਰੀਏ ਦੀ ਨਿਰੋਲ ਫ਼ਸਲ ਨੂੰ 55 ਕਿਲੋ ਯੂਰੀਆ ਅਤੇ 50 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਫ਼ਾਸਫ਼ੋਰਸ ਲਈ ਸਿੰਗਲ ਸੁਪਰਫ਼ਾਸਫ਼ੇਟ ਖਾਦ ਨੂੰ ਪਹਿਲ ਦੇਣੀ ਚਾਹੀਦੀ ਹੈ। ਜੇ ਇਹ ਖਾਦ ਨਾ ਮਿਲੇ ਤਾਂ ਖਾਸ ਕਰਕੇ ਗੰਧਕ ਤੱਤ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 80 ਕਿੱਲੋ ਜਿਪਸਮ ਜਾਂ 13 ਕਿੱਲੋ ਬੈਂਟੋਨਾਈਟ-ਸਲਫ਼ਰ ਪ੍ਰਤੀ ਏਕੜ ਅਤੇ ਫ਼ਾਸਫ਼ੋਰਸ ਤੱਤ ਦੀ ਪੂਰਤੀ ਲਈ 26 ਕਿੱਲੋ ਡੀ ਏ ਪੀ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਸੇਂਜੂ ਹਾਲਤਾਂ ਵਿੱਚ ਤੋਰੀਏ ਨੂੰ ਸਾਰੀ ਖਾਦ (ਨਾਈਟ੍ਰੋਜਨ ਅਤੇ ਫ਼ਾਸਫ਼ੋਰਸ) ਬਿਜਾਈ ਸਮੇਂ ਪੋਰ ਦੇਣੀ ਚਾਹੀਦੀ ਹੈ। ਪਤਝੜ ਰੁੱਤ ਦੇ ਕਮਾਦ ਅਤੇ ਤੋਰੀਏ ਦੀ ਰਲਵੀਂ ਖੇਤੀ ਵਿੱਚ ਕਮਾਦ ਨੂੰ ਸਿਫ਼ਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ 33 ਕਿਲੋ ਯੂਰੀਆ ਅਤੇ 32 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਹੋਰ ਪਾਉਣੀ ਚਾਹੀਦੀ ਹੈ।

ਨਦੀਨਾਂ ਦੀ ਰੋਕਥਾਮ:

ਬਿਜਾਈ ਤੋਂ 3 ਹਫ਼ਤੇ ਪਿੱਛੋਂ ਇੱਕ ਗੋਡੀ ਕਰਨ ਨਾਲ ਤੋਰੀਏ ਵਿੱਚ ਨਦੀਨਾਂ ਦੀ ਵਧੀਆ ਰੋਕਥਾਮ ਹੋ ਜਾਂਦੀ ਹੈ।

ਸਿੰਚਾਈ:

ਜੇਕਰ ਤੋਰੀਏ ਦੀ ਬਿਜਾਈ ਭਰਵੀਂ ਰੌਣੀ ਤੋਂ ਬਾਅਦ ਕੀਤੀ ਜਾਵੇ ਤਾਂ ਫੁੱਲ ਪੈਣ ਸਮੇਂ ਫ਼ਸਲ ਨੂੰ ਲੋੜ ਅਨੁਸਾਰ ਇੱਕ ਸਿੰਚਾਈ ਦੀ ਕੀਤੀ ਜਾ ਸਕਦੀ ਹੈ।

ਕੀਟ ਪ੍ਰਬੰਧਨ:

ਕਿਸੇ ਕਿਸੇ ਸਾਲ ਤੋਰੀਏ ਦੀ ਫ਼ਸਲ ਉੱਪਰ ਕੁਝ ਕੀੜੇ-ਮਕੌੜੇ ਜਿਵੇਂ ਕਿ ਸਲੇਟੀ ਸੁੰਡੀ ਅਤੇ ਪੱਤੇ ਦਾ ਸੁਰੰਗੀ ਕੀੜਾ ਹਮਲਾ ਕਰਕੇ ਫ਼ਸਲ ਦਾ ਨੁਕਸਾਨ ਕਰ ਦਿੰਦੇ ਹਨ। ਸਲੇਟੀ ਸੁੰਡੀ ਛੋਟੀ ਫ਼ਸਲ ਦੇ ਪੱਤੇ ਖਾ ਕੇ ਮੋਰੀਆਂ ਕਰ ਦਿਂੰਦੀ ਹੈ। ਜੇ ਇਸ ਦਾ ਹਮਲਾ ਜ਼ਿਆਦਾ ਹੋਵੇ ਤਾਂ ਸਾਰੇ ਪੱਤੇ ਹੀ ਖਾ ਜਾਂਦੀ ਹੈ। ਇਸਦੀ ਰੋਕਥਾਮ ਲਈ 250 ਮਿਲੀਲਿਟਰ ਏਕਾਲਕਸ 25 ਈ ਸੀ (ਕੁਇਨਲਫਾਸ) ਪ੍ਰਤੀ ਏਕੜ ਦਾ 60 ਤੋਂ 80 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ।

ਇਸੇ ਤਰਾਂ, ਪੱਤੇ ਦਾ ਸੁਰੰਗੀ ਕੀੜੇ ਦੇ ਲਾਰਵੇ/ ਸੁੰਡੀਆਂ ਪੱਤੇ ਵਿੱਚ ਸੁਰੰਗਾਂ ਬਣਾ ਕੇ ਬਹੁਤ ਨੁਕਸਾਨ ਕਰਦੇ ਹਨ। ਇਸਦੀ ਰੋਕਥਾਮ ਲਈ 400 ਮਿਲੀਲਿਟਰ ਰੋਗਰ 30 ਈ ਸੀ (ਡਾਈਮੈਥੋਏਟ) ਦਾ ਛਿੜਕਾਅ ਕਰਨਾ ਚਾਹੀਦਾ ਹੈ। ਜੇਕਰ ਫ਼ਸਲ ਨੂੰ ਸਾਗ ਦੇ ਤੌਰ ਤੇ ਵਰਤਣਾ ਹੋਵੇ ਤਾਂ ਡਾਈਮੈਥੋਏਟ 30 ਈ ਸੀ ਲਈ 20 ਦਿਨ ਅਤੇ ਕੁਇਨਲਫਾਸ 25 ਈ ਸੀ ਲਈ 30 ਦਿਨ ਦਾ ਵਕਫ਼ਾ ਸਪਰੇਅ ਅਤੇ ਕਟਾਈ ਵਿਚਕਾਰ ਰੱਖਣਾ ਚਾਹੀਦਾ ਹੈ।

ਫ਼ਸਲ ਦੀ ਕਟਾਈ ਤੇ ਗਹਾਈ:

ਸਮੇਂ ਸਿਰ ਬੀਜੀ ਫ਼ਸਲ ਦੀ ਕਟਾਈ ਦਸੰਬਰ ਵਿੱਚ ਫਲੀਆਂ ਪੀਲੀਆਂ ਹੋ ਜਾਣ ਤੇ ਕਰ ਲੈਣੀ ਚਾਹੀਦੀ ਹੈ। ਕਟਾਈ ਹਮੇਸ਼ਾ ਸਵੇਰ ਦੇ ਸਮੇਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਸਮੇਂ ਫ਼ਲੀਆਂ ਤ੍ਰੇਲ ਪੈਣ ਕਰਕੇ ਨਰਮ ਹੁੰਦੀਆਂ ਹਨ ਜਿਸ ਨਾਲ ਦਾਣੇ ਘੱਟ ਕਿਰਦੇ ਹਨ। ਕੱਟੀ ਹੋਈ ਫ਼ਸਲ ਗਾਹੁਣ ਤੋਂ 7-10 ਦਿਨ ਪਹਿਲਾਂ ਢੇਰ (ਕੁੰਨੂੰ) ਬਣਾ ਕੇ ਰੱਖਣੀ ਚਾਹੀਦੀ ਹੈ। ਗਹਾਈ ਲਈ ਕਿੱਲੀਆਂ ਵਾਲਾ ਕਣਕ ਦਾ ਥਰੈਸ਼ਰ ਕੁਝ ਤਬਦੀਲੀਆਂ ਕਰਕੇ ਵਰਤਿਆ ਜਾ ਸਕਦਾ ਹੈ।

ਸਰੋਤ: ਪ੍ਰਭਜੀਤ ਕੌਰ ਅਤੇ ਸੰਜੀਵ ਕੁਮਾਰ ਕਟਾਰੀਆ, ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ, ਜਲੰਧਰ (ਨੂਰਮਹਲਿ)

Summary in English: Farmers will get good income from these advanced varieties of Toriya, Do this work 3 weeks after sowing, there will be huge profit

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters