1. Home
  2. ਖੇਤੀ ਬਾੜੀ

Fodder Crop: ਸਰਦੀਆਂ 'ਚ ਪਸ਼ੂਆਂ ਲਈ ਵਧੀਆ ਚਾਰਾ ਛਟਾਲਾ ਯਾਨੀ ਬਰਸੀਮ, ਇਸ ਢੰਗ ਨਾਲ ਕਰੋ ਕਾਸ਼ਤ ਮਿਲੇਗਾ ਵੱਧ ਝਾੜ

ਪਿੰਡਾਂ ਦੇ ਬਹੁਤੇ ਘਰਾਂ 'ਚ ਕਿਸਾਨਾਂ ਵੱਲੋਂ ਦੁੱਧ ਦੇ ਰੇਟਾਂ, ਨੌਜਵਾਨਾਂ ਦੇ ਪ੍ਰਵਾਸ ਅਤੇ ਲੇਬਰ 'ਚ ਵਾਧੇ ਕਾਰਨ ਪਸ਼ੂਆਂ ਤੋਂ ਮੁੱਖ ਮੋੜਨ ਦੇ ਮਾਮਲੇ ਸਾਹਮਣੇ ਆਏ ਹਨ। ਪਰ ਫਿਰ ਵੀ ਬਹੁਤ ਕਿਸਾਨ ਹਾਲੇ ਵੀ ਦੁਧਾਰੂ ਪਸ਼ੂਆਂ ਨੂੰ ਸੰਭਾਲ ਰਹੇ ਹਨ। ਬਰਸੀਮ ਬਾਰੇ ਲੇਖ ਉਨ੍ਹਾਂ ਕਿਸਾਨਾਂ ਵਾਸਤੇ ਹੀ ਹੈ। ਬਰਸੀਮ ਇੱਕ ਜਲਦੀ ਵਧਣ ਅਤੇ ਵੱਧ ਗੁਣਵੱਤਾ ਵਾਲੀ ਪਸ਼ੂਆਂ ਦੇ ਚਾਰੇ ਦੀ ਫਸਲ ਹੈ। ਅਜਿਹੇ 'ਚ ਚੰਗੀ ਕਿਸਮ ਦੀ ਚੋਣ ਨੂੰ ਚਾਰੇ ਦੇ ਵਾਧੇ ਵਿੱਚ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ। ਐਗਰੀਕਲਚਰ ਮਾਹਿਰ ਰਾਜਵੀਰ ਥਿੰਦ ਨਾਲ ਗੱਲ ਕਰਦੇ ਹਾਂ ਸਰਦੀਆਂ ਦੇ ਚਾਰੇ ਬਰਸੀਮ, ਜਿਸਨੂੰ ਛਟਾਲਾ ਵੀ ਕਹਿੰਦੇ ਹਨ।

Gurpreet Kaur Virk
Gurpreet Kaur Virk
ਬਰਸੀਮ ਦੀ ਕਾਸ਼ਤ

ਬਰਸੀਮ ਦੀ ਕਾਸ਼ਤ

Berseem Cultivation: ਬਰਸੀਮ ਮਿਸਰ ਦੇਸ਼ ਤੋਂ 19 ਵੀਂ ਸਦੀ 'ਚ ਉਤਰੀ ਭਾਰਤ 'ਚ ਬਾਹਰੀ ਲੋਕ ਲੈ ਕੇ ਆਏ ਸਨ। ਅੱਜ ਇਹ ਦੁਨੀਆਂ ਦੇ ਲਗਭਗ 43 ਦੇਸ਼ਾਂ 'ਚ ਪਸ਼ੂਆਂ ਦਾ ਮੁੱਖ ਚਾਰਾ ਹੈ। ਇਸਦਾ ਪੌਦਾ 1.5 ਤੋਂ 2.5 ਫੁੱਟ ਤੱਕ ਦਾ ਹੁੰਦਾ ਹੈ। ਵੱਖ ਵੱਖ ਜਮੀਨਾਂ ਦੇਸ਼ਾਂ ਦੇ ਪੌਣ ਪਾਣੀ ਤੇ ਜਮੀਨਾਂ ਦੇ ਹਿਸਾਬ ਨਾਲ ਇਹ 3 ਤੋਂ 6 ਕਟਾਈਆਂ ਤੱਕ ਦਿੰਦਾ ਹੈ। ਪਸ਼ੂਆਂ ਦੀ ਸਿਹਤ ਲਈ ਜਰੂਰੀ ਸਭ ਤੱਤ ਇਸ ਵਿਚ ਪਾਏ ਜਾਂਦੇ ਹਨ।

ਇਸ ਵਿਚ ਪ੍ਰੋਟੀਨ, ਵਿਟਾਮਿਨ ‘ਏ’, ਵਿਟਾਮਿਨ ‘ਡੀ’, ਖਣਿਜ ਅਤੇ ਹਜ਼ਮ ਹੋਣ ਵਾਲੇ ਤੱਤ ਕਾਫ਼ੀ ਮਾਤਰਾ ਵਿਚ ਹੁੰਦੇ ਹਨ। ਪੰਜਾਬ ਦੀ ਤਕਰੀਬਨ 8 ਲੱਖ ਹੈਕਟੇਅਰ ਭੂਮੀ ਵਿਚ ਚਾਰਾ ਬੀਜਿਆ ਜਾਂਦਾ ਹੈ। ਇਕ ਪਸ਼ੂ ਨੂੰ ਪ੍ਰਤੀ ਦਿਨ ਤਕਰੀਬਨ 30/35 ਕਿਲੋ ਚਾਰਾ ਮਿਲਦਾ ਹੈ, ਜੋ ਕਿ ਬਹੁਤ ਘੱਟ ਹੈ। ਇਸ ਲਈ ਬਰਸੀਮ ਦੀ ਫ਼ਸਲ ਤੋਂ ਨਵੰਬਰ ਤੋਂ ਲੈ ਕੇ ਜੂਨ ਦੇ ਅੱਧ ਤੱਕ ਵਾਰ ਵਾਰ ਕਟਾਈਆਂ ਕਰਕੇ ਬਹੁਤ ਪੌਸ਼ਟਿਕ ਅਤੇ ਸੁਆਦੀ ਪਸ਼ੂਆਂ ਲਈ ਹਰਾ-ਚਾਰਾ ਪ੍ਰਾਪਤ ਕਰ ਸਕਦੇ ਹਾਂ। ਸਰਦੀ 'ਚ ਪਸ਼ੂਆਂ ਲਈ ਰਾਈ ਘਾਹ, ਜਵੀਂ ਵੀ ਵਧੀਆ ਚਾਰੇ ਹਨ ਪਰ ਬਰਸੀਮ ਦਾ ਆਪਣਾ ਰੁਤਬਾ ਹੈ।

ਜ਼ਮੀਨ ਦੀ ਤਿਆਰੀ

ਬਰਸੀਮ ਦੀ ਬਿਜਾਈ ਕਰਨ ਤੋਂ ਪਹਿਲਾਂ ਖੇਤ ਨੂੰ 2-3 ਵਾਰ ਚੰਗੀ ਤਰ੍ਹਾਂ ਵਾਹਿਆ ਜਾਵੇ ਅਤੇ ਹਰ ਵਾਹੀ ਬਾਅਦ ਸੁਹਾਗਾ ਫੇਰੋ। ਖੇਤ ਨੂੰ ਚੰਗੀ ਤਰ੍ਹਾਂ ਪੱਧਰਾ ਕਰੋ ਅਤੇ ਖੇਤ ਵਿਚ ਕੋਈ ਘਾਹ ਫੂਸ, ਨਦੀਨ ਨਹੀਂ ਹੋਣਾ ਚਾਹੀਦਾ, ਪਰ ਜ਼ਿਆਦਾ ਰੋਟਾਵੇਟਰ ਲਗਾ ਕੇ ਜ਼ਮੀਨ ਪਾਊਡਰ ਵੀ ਨਹੀਂ ਕਰਨੀਂ ਹਲਕੀ ਢੀਮ ਜ਼ਰੂਰ ਰੱਖੋ।

ਬੀਜ ਸੋਧ, ਜੀਵਾਣੂ ਖਾਦ ਦਾ ਟੀਕਾ

ਹਰੇ-ਚਾਰੇ ਦਾ ਵੱਧ ਝਾੜ ਲੈਣ ਲਈ ਬਰਸੀਮ ਦੇ ਬੀਜ ਨੂੰ ਜੀਵਾਣੂ ਖਾਦ (ਰਾਈਜੋਬੀਅਮ) ਦਾ ਟੀਕਾ ਲਾਉਣਾ ਬਹੁਤ ਜ਼ਰੂਰੀ ਹੈ। ਪਹਿਲਾਂ ਇਕ ਏਕੜ ਦੇ ਬੀਜ ਨੂੰ ਥੋੜੇ ਜਿਹੇ ਪਾਣੀ ਨਾਲ ਭਿਉਂ ਲਵੋ ਅਤੇ ਫਿਰ ਰਾਈਜੋ ਟੀਕੇ ਦਾ ਇੱਕ ਪੈਕੇਟ ਜਾਂ ਸ਼ੀਸ਼ੀ ਇਸ ਭਿੱਜੇ ਹੋਏ ਬੀਜ ਨਾਲ ਪੱਕੇ ਸਾਫ਼ ਫ਼ਰਸ਼ ਜਾਂ ਤਰਪਾਲ ਉਪਰ ਚੰਗੀ ਤਰ੍ਹਾਂ ਰਲਾ ਲਵੋ। ਫਿਰ ਬੀਜ ਨੂੰ ਛਾਂ ਵਿਚ ਸੁਕਾ ਲਿਆ ਜਾਵੇ, ਗਾਲਾ ਰੋਗ ਦੀ ਰੋਕਥਾਮ ਲਈ ਫਸਲ ਰਕਸ਼ਕ ਸੂਡੋਮੋਨਾਸ ਨੂੰ 15 gm ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਲਗਾ ਸਕਦੇ ਹੋ।

ਨੋਟ: ਜੇਕਰ ਇੱਕ ਹੀ ਖੇਤ ਵਿੱਚ ਬਾਰ ਬਾਰ ਬਰਸੀਨ ਬੀਜ ਰਹੇ ਹੋ ਜਾਂ ਤੁਹਾਡੇ ਖੇਤ ਵਿੱਚ ਗਾਲਾ ਰੋਗ ਜਿਆਦਾ ਆਉਂਦਾ ਹੈ ਤਾਂ ਦੋ ਕਿਲੋ ਸੰਜੀਵਨੀ ਦਾ ਖੇਤ ਤਿਆਰੀ ਸਮੇਂ ਪ੍ਰਤੀ ਏਕੜ ਛੱਟਾ ਦਿਉ।

ਮੁੱਖ ਕਿਸਮਾਂ

BL 1:- ਇਹ ਜਲਦੀ ਉੱਗਣ ਵਾਲੀ ਦਰਮਿਆਨੀ ਕਿਸਮ ਹੈ। ਇਸਦਾ ਬੂਟਾ ਵਧੀਆ ਪੈਦਾ ਹੁੰਦਾ ਹੈ,ਜੋ ਮਈ ਦੇ ਅਖੀਰਲੇ ਹਫਤੇ ਤੱਕ ਵੀ ਹਰਾ ਚਾਰਾ ਦਿੰਦਾ ਹੈ।ਇਸ ਦਾ ਹਰਾ ਚਾਰਾ 380 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

BL 10:- ਇਹ ਲੰਬੇ ਸਮੇਂ ਵਾਲੀ ਕਿਸਮ ਹੈ ਜੋ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਹਰਾ ਚਾਰਾ ਦਿੰਦੀ ਹੈ। ਇਹ ਤਣੇ ਦੇ ਗਲਣ ਰੋਗ ਨੂੰ ਸਹਾਰਣ ਵਾਲੀ ਕਿਸਮ ਹੈ, ਜਿਸ ਦਾ ਝਾੜ 410 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

BL 42:- ਇਹ ਜਲਦੀ ਉੱਗਣ ਵਾਲੀ ਕਿਸਮ ਹੈ, ਜਿਸ ਦਾ ਜੰਮ ਵਧੀਆ ਹੁੰਦਾ ਹੈ। ਇਹ ਕਿਸਮ ਤਣੇ ਦੇ ਗਲਣ ਵਾਲੇ ਰੋਗ ਨੂੰ ਸਹਾਰਣ ਵਾਲੀ ਕਿਸਮ ਹੈ। ਇਸ ਦਾ ਹਰਾ ਚਾਰਾ ਜੂਨ ਦੇ ਪਹਿਲੇ ਹਫਤੇ ਤੱਕ ਮਿਲਦਾ ਹੈ।ਇਸ ਦਾ ਝਾੜ 440 ਕੁਇੰਟਲ ਪ੍ਰਤੀ ਏਕੜ ਹੈ।

ਹਾੜੂ ਬਰਸੀਮ ਇਹ ਬਰਸੀਮ ਬੀਜ ਕੁਝ ਚੁਨਿੰਦਾ ਕੰਪਨੀਆਂ ਹੀ ਪੈਦਾ ਕਰਦੀਆਂ ਹਨ,ਜਿਆਦਾਤਰ ਇਹ ਅੰਮ੍ਰਿਤਸਰ, ਗੁਰਦਾਸਪੁਰ ਏਰੀਏ ਦੇ ਕੁਝ ਪਿੰਡਾਂ ਦੇ ਕਿਸਾਨ ਪੈਦਾ ਕਰਦੇ ਤੇ ਵੇਚਦੇ ਹਨ,ਇਹ ਆ ਬਰਸੀਮਾਂ ਤੋਂ 1/2 ਕਟਾਈਆਂ ਵੱਧ ਦਿੰਦਾ ਹੈ,ਇਸਦਾ ਬੀਜ ਥੋੜਾ ਮਹਿੰਗਾ ਹੁੰਦਾ ਹੈ। ਇਹਨਾਂ ਕਿਸਮਾਂ ਤੋਂ ਬਿਨਾਂ ਕਈ ਪ੍ਰਾਈਵੇਟ ਫਰਮਾਂ ਦੇ ਬੀਜ ਮਾਰਕੀਟ 'ਚ ਹਨ। ਕਿਰਪਾ ਕਰਕੇ ਸਹੀ ਦੁਕਾਨਦਾਰ ਤੋਂ ਆਪਣੀ ਤਸੱਲੀ ਕਰਕੇ ਬੀਜ ਖਰੀਦੋ। ਇਹ ਅੰਕੜੇ ਯੂਨੀਵਰਸਿਟੀ ਵੱਲੋਂ ਕੀਤੇ ਟਰਾਇਲਾਂ ਦੇ ਹਨ, ਵੱਖ ਵੱਖ ਕੰਪਨੀਆਂ ਤੇ ਫਾਰਮਾਂ ਦੇ ਬੀਜਾਂ ਦੇ ਝਾੜ ਵੱਖ ਵੱਖ ਹੋ ਸਕਦੇ ਹਨ।

ਇਹ ਵੀ ਪੜ੍ਹੋ: Coastal Area: ਬਰਾਨੀ ਇਲਾਕਿਆਂ ਵਿੱਚ ਹਾੜ੍ਹੀ ਦੀ ਮੁੱਖ ਫਸਲ ਕਣਕ ਦੀ ਸੁਚੱਜੀ ਕਾਸ਼ਤ ਲਈ ਨੁਕਤੇ, ਇਸ ਤਰ੍ਹਾਂ ਕਰੋ ਬੀਜ ਦੀ ਸੋਧ ਅਤੇ ਨਦੀਨਾਂ ਦੀ ਰੋਕਥਾਮ

ਬੀਜ ਦੀ ਮਾਤਰਾ ਅਤੇ ਬੀਜਣ ਦਾ ਢੰਗ

ਬਰਸੀਮ ਦੀ ਬਿਜਾਈ ਲਈ 8 ਤੋਂ 10 ਕਿਲੋ ਬੀਜ ਪ੍ਰਤੀ ਏਕੜ ਵਰਤੋ, ਬਿਜਾਈ ਖੜ੍ਹੇ ਪਾਣੀ ਵਿਚ ਛੱਟੇ ਨਾਲ ਕਰੋ। ਜੇ ਹਵਾ ਚਲਦੀ ਹੋਵੇ ਤਾਂ ਸੁੱਕੇ ਖੇਤ ਵਿਚ ਬੀਜ ਦਾ ਛੱਟਾ ਦਿਓ ਅਤੇ ਬਾਅਦ ਵਿਚ ਸੁਹਾਗਾ ਫੇਰ ਕੇ ਪਾਣੀ ਲਾ ਦਿੱਤਾ ਜਾਵੇ। ਬਰਸੀਮ ਦਾ ਬੀਜ ਕਾਸ਼ਨੀ ਦੇ ਬੀਜ ਤੋਂ ਰਹਿਤ ਕਰਨ ਲਈ ਬੀਜ ਨੂੰ ਪਾਣੀ ਵਿਚ ਡੋਬੋ ਜਿਸ ਨਾਲ ਕਾਸ਼ਨੀ ਦਾ ਬੀਜ ਉਪਰ ਤਰ ਆਵੇਗਾ, ਇਸ ਨੂੰ ਛਾਨਣੀ ਨਾਲ ਵੱਖ ਕਰ ਲਿਆ ਜਾਵੇ। ਵਧੇਰੇ ਅਤੇ ਚੰਗਾ ਚਾਰਾ ਲੈਣ ਲਈ ਬਰਸੀਮ ਦੇ ਇੱਕ ਏਕੜ ਦੇ ਬੀਜ ਵਿਚ 750 ਗ੍ਰਾਮ ਸਰ੍ਹੋਂ ਦਾ ਬੀਜ ਮਿਲਾ ਕੇ ਬੀਜੋ, ਜ਼ਿਆਦਾ ਸੰਘਣੀ ਸਰੋਂ ਬਰਸੀਮ ਦਾ ਨਾਸ਼ ਕਰਦੀ ਹੈ।

ਬਰਸੀਮ ਵਿਚ ਜਵੀ ਦਾ ਬੀਜ ਵੀ ਰਲਾ ਕੇ ਬੀਜ ਸਕਦੇ ਹਾਂ। ਇਸ ਲਈ ਬਰਸੀਮ ਦਾ ਪੂਰਾ ਅਤੇ ਜਵੀ ਦਾ ਅੱਧਾ ਬੀਜ ਪਾਓ। ਪਹਿਲਾਂ ਜਵੀ ਦਾ ਬੀਜ ਖਿਲਾਰ ਕੇ ਹਲ ਨਾਲ ਜ਼ਮੀਨ ਵਿਚ ਮਿਲਾ ਦਿੱਤਾ ਜਾਂਦਾ ਹੈ ਅਤੇ ਬਾਅਦ ਵਿਚ ਸਿੰਜਾਈ ਕਰਕੇ ਬਰਸੀਮ ਦੇ ਬੀਜ ਦਾ ਛੱਟਾ ਖੜ੍ਹੇ ਪਾਣੀ ਵਿਚ ਦੇ ਦਿੱਤਾ ਜਾਂਦਾ ਹੈ। ਬਰਸੀਮ ਵਿਚ ਰਾਈ ਘਾਹ ਰਲਾ ਕੇ ਬੀਜਣ ਨਾਲ ਬਹੁਤ ਗੁਣਕਾਰੀ ਮਿਸ਼ਰਨ ਚਾਰਾ ਬਣਦਾ ਹੈ। ਇਸ ਮਿਸ਼ਰਨ ਚਾਰੇ ਦਾ ਬਹੁਤਾ ਝਾੜ ਲੈਣ ਲਈ ਰਾਈ ਘਾਹ ਦਾ 2-3 ਕਿਲੋ ਅਤੇ ਬਰਸੀਮ ਦਾ 8-10 ਕਿਲੋ ਬੀਜ ਪ੍ਰਤੀ ਏਕੜ ਪਾਓ। ਰਾਈ ਘਾਹ ਦੇ ਬੀਜ ਨੂੰ ਮਿੱਟੀ ਵਿਚ ਮਿਲਾ ਕੇ ਇਕਸਾਰ ਛੱਟਾ ਦਿਓ ਅਤੇ ਬਾਅਦ ਵਿਚ ਬਰਸੀਮ ਦਾ ਛੱਟਾ ਦੇ ਕੇ ਰੇਕ ਫੇਰ ਕੇ ਖੇਤ ਨੂੰ ਪਾਣੀ ਲਾ ਦਿਓ।

ਇਹ ਵੀ ਪੜ੍ਹੋ: Garlic Sowing: ਲਸਣ ਦੀ ਬਿਜਾਈ ਦਾ ਸਭ ਤੋਂ ਵਧੀਆ ਸਮਾਂ, ਫ਼ਸਲ ਦੇਵੇਗੀ ਬੰਪਰ ਮੁਨਾਫਾ, ਮਾਹਿਰਾਂ ਨੇ ਦਿੱਤੇ ਸੁਝਾਅ

ਖਾਦਾਂ ਦੀ ਵਰਤੋਂ

ਬਿਜਾਈ ਸਮੇਂ 5/7 ਟਰਾਲੀਆਂ ਗਲੀ ਰੂੜੀ ਅਤੇ 20 ਕਿਲੋ ਫ਼ਾਸਫ਼ੋਰਸ ਤੱਤ, ਜੇਕਰ ਡਾਈ ਖਾਦ ਨਾਂ ਮਿਲੇ ਤਾਂ 155kg ਕਿਲੋ ਸੁਪਰਫਾਸਫੇਟ ਮਤਲਬ 3 ਤੋਂ 4 ਬੋਰੀਆਂ ਸੁਪਰ ਦੀਆਂ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਇਸ ਨਾਲ ਗੰਧਕ ਸਲਫ਼ਰ ਵੀ ਮਿਲੇਗਾ ਦੇਸੀ ਰੂੜੀ ਦੀ ਵਰਤੋਂ ਨਾ ਕਰਨ ਦੀ ਹਾਲਤ ਵਿਚ 10 ਕਿਲੋ ਨਾਈਟ੍ਰੋਜਨ ਤੱਤ (22 ਕਿਲੋ ਯੂਰੀਆ ਅਤੇ 30 ਕਿਲੋ ਫ਼ਾਸਫ਼ੋਰਸ ਤੱਤ (185 ਕਿਲੋ ਸੁਪਰਫ਼ਾਸਫ਼ੇਟ) ਮਤਲਬ 4 ਬੋਰੀਆਂ ਸੁਪਰ + 8 kg ਫੋਸਟਰ ਪ੍ਰਤੀ ਏਕੜ ਪਾਓ, ਸੁਪਰਫਾਸਫੇਟ ਖਾਦ ਦੀ ਵਰਤੋਂ ਨਾਲ ਸਲਫਰ ਤੱਤ ਵੀ ਖੇਤ ਨੂੰ ਮਿਲ ਜਾਂਦਾ ਹੈ, ਜਿੱਥੇ ਬਰਸੀਮ ਵਿਚ ਰਾਈ ਘਾਹ ਮਿਲਾ ਕੇ ਬੀਜਿਆ ਹੋਵੇ, 10 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ (22 ਕਿਲੋ ਯੂਰੀਆ ਖਾਦ) ਹਰ ਕਟਾਈ ਮਗਰੋਂ ਪਾਉ।

ਝੋਨੇ ਪਿਛੋਂ ਬਰਸੀਮ ਬੀਜਣ ਨਾਲ ਹਲਕੀਆਂ ਰੇਤਲੀਆਂ ਜ਼ਮੀਨਾਂ ਵਿਚ ਆਮ ਤੌਰ ’ਤੇ ਮੈਂਗਨੀਜ਼ ਦੀ ਘਾਟ ਆ ਜਾਂਦੀ ਹੈ। ਬਰਸੀਮ ਦੇ ਵਿਚਕਾਰਲੇ ਤਣੇ ਦੇ ਪੱਤੇ ਵਿਚਕਾਰੋਂ ਸਲੇਟੀ ਤੋਂ ਪੀਲੇ ਰੰਗ ਦੇ ਹੋ ਕੇ ਸੁੱਕ ਜਾਂਦੇ ਹਨ। ਇਸ ਲਈ ਕਟਾਈ ਕਰਨ ਤੋਂ 2 ਹਫਤੇ ਬਾਅਦ ਮੈਂਗਨੀਜ਼ ਸਲਫ਼ੇਟ 0.5% (ਇਕ ਕਿਲੋ ਮੈਂਗਨੀਜ਼ ਸਲਫੇਟ 200 ਲਿਟਰ ਪਾਣੀ ਵਿਚ) ਦਾ ਘੋਲ ਬਣਾ ਕੇ ਧੁੱਪ ਵਾਲੇ ਦਿਨ ਹਫ਼ਤੇ-ਹਫ਼ਤੇ ਦੇ ਵਕਫ਼ੇ ਨਾਲ 2-3 ਵਾਰ ਕੀਤਾ ਜਾਵੇ।

ਪਸ਼ੂਆਂ ਨੂੰ ਬਰਸੀਮ ਜਿਆਦਾ ਦਿਨ ਇਕੱਲਾ ਨਹੀਂ ਪਾਉਣਾ ਚਾਹੀਦਾ। ਇਸ ਵਿੱਚ ਤੂੜੀ ,ਜਵੀਂ ਜਾਂ ਰਾਈ ਘਾਹ ਮਿੱਕਸ ਜਰੂਰ ਕਰੋ ਇਸ ਤਰ੍ਹਾਂ ਡਰਾਈ ਮੈਟਰ ਰੇਸ਼ੋ ਸਹੀ ਰਹਿੰਦੀ ਹੈ ਤੇ ਪਸ਼ੂ ਮੋਕ ਨਹੀਂ ਮਾਰਦੇ,ਪਤਲੇ ਦਸਤ ਨਹੀਂ ਕਰਦੇ।

ਗਾਲੇ ਦੀ ਰੋਕਥਾਮ

ਇੱਕ ਤਾਂ ਬੀਜ ਨੂੰ ਸੋਧਣ ਨਾਲ ਗਾਲੇ ਦੀ ਸਮੱਸਿਆ ਘਟਦੀ ਹੈ। ਉਪਰ ਲਿਖੇ ਅਨੁਸਾਰ ਬੀਜ ਸੋਧ ਜ਼ਰੂਰ ਕਰੋ। ਫਿਰ
ਬਰਸੀਮ ਦੀ ਫਸਲ 'ਚ 2 ਕਟਾਈਆਂ ਤੋਂ ਬਾਅਦ ਜਦ ਮੌਸਮ ਜਿਆਦਾ ਧੁੰਦ ਵਾਲਾ ਹੋ ਜਾਂਦਾ ਹੈ। ਗਾਲੇ ਦੀ ਸਮੱਸਿਆ ਬਹੁਤ ਆਉਂਦੀ ਹੈ। ਇਸ ਤੋਂ ਬਚਾਅ ਲਈ 2 ਕਿਲੋ ਫਸਲ ਰਕਸ਼ਕ ਨੂੰ 1 ਕਿਲੋ ਗੁੜ ਚ ਘੋਲ ਕੇ 150 ਲੀਟਰ ਪਾਣੀ 'ਚ ਘੋਲਕੇ ਸਪਰੇ ਕਰਾਉ। ਇਹ ਪਸ਼ੂਆਂ ਲਈ ਬਿਲਕੁਲ ਜਹਿਰ ਰਹਿਤ ਤੇ ਸੇਫ ਦਵਾਈ ਹੈ। ਦੋਸਤੋ ਪਸ਼ੂ ਸਾਡੇ ਬਹੁਤ ਕੀਮਤੀ ਧਨ ਹਨ, ਕੋਈ ਵੀ ਕੈਮੀਕਲ ਦਵਾਈ ਦਵਾਈ ਇਸ 'ਤੇ ਪਾਉਣ ਤੋਂ ਪਰਹੇਜ਼ ਈ ਕਰਿਆ ਕਰੋ। ਚਾਰੇ ਤੋਂ ਪਸ਼ੂਆਂ ਦੇ ਪੇਟ 'ਚ ਪਸ਼ੂਆਂ ਦੇ ਦੁੱਧ ਤੋਂ ਸਾਡੇ ਕੋਲ ਈ ਘੁੰਮ ਕੇ ਆਉਣੀਆਂ ਇਹ ਜਹਿਰਾਂ ਸੋ ਆਪਣੇ ਪਸ਼ੂਆਂ ਨੂੰ ਤੇ ਆਪਣੇ ਆਪ ਨੂੰ ਜਹਿਰ ਰਹਿਤ ਰੱਖਣ ਦੀ ਕੋਸਿਸ਼ ਕਰੋ, ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਭਿਆਨਕ ਬੀਮਾਰੀਆਂ ਤੋਂ ਬਚੀਆਂ ਰਹਿਣ, ਪਸ਼ੂ ਵੀ ਅਟੈਕ ਤੋਂ ਬਚੇ ਰਹਿਣ।

ਬਰਸੀਮ ਪਰਿਵਾਰ ਚੋਂ ਇੱਕ ਚਾਰਾ ਹੋਰ ਹੈ ਜਿਸਨੂੰ ਲੂਸਣ ਕਹਿੰਦੇ ਹਨ। ਇਹ ਮਾਲਵੇ ਦੇ ਕੁਝ ਹਿੱਸੇ, ਹਰਿਆਣਾ ਦੇ ਕੁਝ ਹਿੱਸੇ ਤੇ ਰਾਜਸਥਾਨ 'ਚ ਈ ਜਿਆਦਾਤਰ ਬੀਜਿਆ ਜਾਂਦਾ ਹੈ। ਇਸ ਵਿੱਚ ਸਭ ਬਰਸੀਮਾਂ ਨਾਲੋਂ ਵੱਧ ਤੱਤ ਤੇ ਡਰਾਈ ਮੈਟਰ ਪਾਇਆ ਜਾਂਦਾ ਹੈ। ਇਸ ਵਿੱਚ ਪ੍ਰੋਟੀਨ 16 ਤੋਂ 25% ਮਿਲੇਗੀ, ਲੂਸਣ ਨੰਬਰ 9 'ਤੇ ਲੂਸਣ ਨੰਬਰ 5 ਇਸਦੀਆਂ ਮੁੱਖ ਕਿਸਮਾਂ ਹਨ, ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵਿਕਸਤ ਕੀਤੀਆਂ ਹਨ। ਇਹ ਘੋੜਿਆਂ, ਊਠਾਂ ਦੀ ਮਨਪਸੰਦ ਖੁਰਾਕ ਹੈ, ਪਰ ਬਾਕੀ ਪੰਜਾਬ 'ਚ ਇਹ ਘੱਟ ਈ ਬੀਜਿਆ ਜਾਂਦਾ ਹੈ। ਇਹ ਪੌਸ਼ਟਿਕ ਚਾਰਾ ਵੀ ਥੋੜੇ ਖੇਤ 'ਚ ਜ਼ਰੂਰ ਬੀਜੋ।

ਸਰੋਤ: ਐਗਰੀਕਲਚਰ ਮਾਹਿਰ ਰਾਜਵੀਰ ਥਿੰਦ

Summary in English: Fodder Crop: Berseem is a good fodder for cattle in winter, Cultivation in this way will get more yield

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters