Rabi Crops: ਵਿਸ਼ਵ ਸਿਹਤ ਸੰਸਥਾ ਦੀਆਂ ਸੰਤੁਲਿਤ ਖੁਰਾਕ ਸੰਬੰਧੀ ਹਿਦਾਇਤਾਂ ਮੁਤਾਬਿਕ ਪ੍ਰਤੀ ਦਿਨ ਪ੍ਰਤੀ ਵਿਅਕਤੀ ਦਾਲਾਂ ਅਤੇ ਬਨਸਪਤੀ ਤੇਲ ਦੀ ਵਰਤੋਂ ਕ੍ਰਮਵਾਰ 80 ਗ੍ਰਾਮ ਅਤੇ 20 ਗ੍ਰਾਮ ਹੋਣੀ ਚਾਹੀਦੀ ਹੈ। ਇੱਕ ਆਮ ਵਿਅਕਤੀ ਲਈ ਦਾਲਾਂ ਦੀ ਵਰਤੋਂ 30-35 ਗ੍ਰਾਮ ਪ੍ਰਤੀ ਵਿਅਕਤੀ ਪ੍ਰਤੀ ਦਿਨ ਹੈ। ਦਾਲਾਂ ਸੰਤੁਲਿਤ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹਨ ਜਿੰਨ੍ਹਾਂ ਵਿੱਚ ਸਾਰੇ ਅਮੀਨੋ ਐਸਿਡ ਹੁੰਦੇ ਹਨ। ਕਨੋਲਾ ਸਰ੍ਹੋਂ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ 2% ਤੋਂ ਵੀ ਘੱਟ ਹੈ ਇਰੁਸਿਕ ਏਸਿਡ ਹੁੰਦਾ ਹੈ ਜੋ ਕਿ ਮਨੁੱਖੀ ਸਿਹਤ ਲਈ ਬਹੁਤ ਵਧੀਆ ਹੈ।
ਸਾਡੇ ਸਮਾਜ ਵਿੱਚ ਅਲਸੀ ਦੀ ਵਰਤੋਂ ਸਰਦ ਰੁੱਤ ਵਿੱਚ ਪੰਜੀਰੀ ਅਤੇ ਪਿੰਨੀਆਂ ਬਣਾਉਣ ਲਈ ਕੀਤੀ ਜਾਂਦੀ ਹੈ। ਅਲਸੀ ਦੇ ਤੇਲ ਵਿੱਚ ਓਮੇਗਾ-3 ਫੈਟੀ ਐਸਿਡ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। 10 ਗ੍ਰਾਮ ਪ੍ਰਤੀ ਦਿਨ ਅਲਸੀ ਦਾ ਸੇਵਨ ਇੱਕ ਸਿਹਤਮੰਦ ਮਾਤਰਾ ਹੈ ਜੋ ਪੁਰਸ਼ਾਂ (1.6 ਗ੍ਰਾਮ/ਦਿਨ) ਅਤੇ ਔਰਤਾਂ (1.1 ਗ੍ਰਾਮ/ਦਿਨ) ਲਈ ਓਮੇਗਾ-3 ਦੇ ਰੋਜ਼ਾਨਾ ਸਿਫ਼ਾਰਸ਼ ਕੀਤੇ ਪੱਧਰ ਨੂੰ ਪੂਰਾ ਕਰ ਸਕਦੀ ਹੈ। ਫ਼ਸਲਾਂ ਦੀ ਕਾਸ਼ਤ ਲਈ ਨੁਕਤੇ ਹੇਠਾਂ ਦੱਸੇ ਗਏ ਹਨ।
ਦਾਲਾਂ
ਮਸਰ- ਮਸਰ ਖਾਰੀਆਂ, ਕਲਰਾਠੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ ਨੂੰ ਛੱਡ ਕੇ ਹਰ ਤਰ੍ਹਾਂ ਦੀ ਜ਼ਮੀਨ ਵਿੱਚ ਉਗਾਏ ਜਾ ਸਕਦੇ ਹਨ।ਠੰਢਾ ਮੌਸਮ ਮਸਰਾਂ ਲਈ ਅਨੁਕੂਲ ਹੁੰਦਾ ਹੈ। ਇਹ ਫ਼ਸਲ ਅੱਤ ਦੀ ਠੰਡ ਅਤੇ ਕੋਰਾ ਸਹਾਰ ਸਕਦੀ ਹੈ। ਇਸ ਕਿੱਟ ਵਿੱਚ ਮਸਰਾਂ ਦੀ ਕਿਸਮ ਐਲ.ਐਲ-1373 ਦਾ 250 ਗ੍ਰਾਮ ਬੀਜ ਹੈ ਜਿਸ ਨਾਲ 2 ਮਰਲੇ ਜਗ੍ਹਾ ਲਾਈ ਜਾ ਸਕਦੀ ਹੈ। ਬਿਜਾਈ ਲਈ ਢੁੱਕਵਾਂ ਸਮਾਂ ਨੀਮ ਪਹਾੜੀ ਇਲਾਕਿਆਂ ਲਈ ਅਕਤੂਬਰ ਦਾ ਦੂਜਾ ਪੰਦਰਵਾੜਾ ਅਤੇ ਦੂਜੇ ਇਲਾਕਿਆਂ ਲਈ ਅਕਤੂਬਰ ਦੇ ਅਖੀਰ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਹੈ। ਇਹ ਕਿਸਮ 140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ 5.1 ਕੁਇੰਟਲ ਪ੍ਰਤੀ ਏਕੜ ਹੈ। ਮਸਰਾਂ ਦੀ ਬਿਜਾਈ ਪੋਰੇ ਜਾਂ ਕੇਰੇ ਨਾਲ ਕੀਤੀ ਜਾ ਸਕਦੀ ਹੈ। ਸਿਆੜਾਂ ਵਿੱਚ ਫ਼ਾਸਲਾ 22.5 ਸੈੰਟੀਮੀਟਰ ਰੱਖੋ। ਦੋ ਮਰਲੇ ਵਿੱਚ ਬੀਜੀ ਫ਼ਸਲ ਨੂੰ 165 ਗ੍ਰਾਮ ਯੂਰੀਆ, 625 ਗ੍ਰਾਮ ਸਿੰਗਲ ਸੁਪਰ ਫਾਸਫੇਟ ਬਿਜਾਈ ਸਮੇਂ ਪਾ ਦਿਓ। ਮੌਸਮ ਦੇ ਹਿਸਾਬ ਨਾਲ ਮਸਰਾਂ ਨੂੰ 1-2 ਪਾਣੀਆਂ ਦੀ ਲੋੜ ਹੁੰਦੀ ਹੈ।
ਛੋਲੇ- ਛੋਲਿਆਂ ਲਈ ਚੰਗੇ ਜਲ ਨਿਕਾਸ ਵਾਲੀ ਰੇਤਲੀ ਜਾਂ ਹਲਕੀ ਭਲ ਵਾਲੀ ਜ਼ਮੀਨ ਢੁੱਕਵੀਂ ਹੈ। ਕਿੱਟ ਵਿੱਚ ਛੋਲਿਆਂ ਦੀ ਕਿਸਮ ਪੀ.ਬੀ.ਜੀ-8 ਦਾ 450 ਗ੍ਰਾਮ ਬੀਜ ਪਾਇਆ ਗਿਆ ਹੈ ਜਿਸ ਨਾਲ 5 ਮਰਲੇ ਜਗ੍ਹਾ ਬੀਜੀ ਜਾ ਸਕਦੀ ਹੈ। ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ 8.4 ਕੁਇੰਟਲ ਪ੍ਰਤੀ ਏਕੜ ਹੈ।ਛੋਲਿਆਂ ਦੀ ਬਿਜਾਈ ਲਈ ਜ਼ਮੀਨ ਨੂੰ 9 ਇੰਚ ਤੱਕ ਡੂੰਘਾ ਵਾਹੋ। ਪੋਲੀਆਂ ਅਤੇ ਡੂੰਘੀਆਂ ਵਾਹੀਆਂ ਜ਼ਮੀਨਾਂ ਵਿੱਚ ਛੋਲਿਆਂ ਨੂੰ ਉਖੇੜਾ ਰੋਗ ਘੱਟ ਲੱਗਦਾ ਹੈ। ਛੋਲਿਆਂ ਦੀ ਬਿਜਾਈ ਲਈ ਢੁੱਕਵਾਂ ਸਮਾਂ 25 ਅਕਤੂਬਰ ਤੋਂ 10 ਨਵੰਬਰ ਹੈ।ਛੋਲਿਆਂ ਵਿੱਚ ਬਿਜਾਈ ਦਾ ਸਮਾਂ ਝਾੜ ਤੇ ਸਿੱਧਾ ਅਸਰ ਪਾਉਂਦਾ ਹੈ। ਅਗੇਤੀ ਬਿਜਾਈ ਵਿੱਚ ਤਾਪਮਾਨ ਜ਼ਿਆਦਾ ਹੋਣ ਕਰਕੇ ਉਖੇੜਾ ਰੋਗ ਲੱਗਣ ਦਾ ਡਰ ਰਹਿੰਦਾ ਹੈ ਅਤੇ ਪਿਛੇਤੀ ਬਿਜਾਈ ਵਿੱਚ ਬੁਟੇ ਦਾ ਸਹੀ ਵਾਧਾ ਵਿਕਾਸ ਨਾ ਹੋਣ ਕਰਕੇ ਝਾੜ ਘੱਟ ਨਿੱਕਲਦਾ ਹੈ।
ਛੋਲਿਆਂ ਦੀ ਬਿਜਾਈ ਲਈ ਸਿਆੜ ਤੋਂ ਸਿਆੜ ਦਾ ਫ਼ਾਸਲਾ 30 ਸੈਂਟੀਮੀਟਰ ਰੱਖੋ ਅਤੇ ਬੀਜ ਨੂੰ 10-12.5 ਸੈਂਟੀਮੀਟਰ ਡੂੰਘਾ ਬੀਜੋ। ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਛੋਲਿਆਂ ਦੀ ਬਿਜਾਈ 67.5 ਸੈਂਟੀਮੀਟਰ ਵਿੱਥ ਤੇ ਤਿਆਰ ਕੀਤੇ ਬੈੱਡਾਂ ਤੇ ਬੈੱਡ ਪਲਾਂਟਰ ਨਾਲ ਕੀਤੀ ਜਾ ਸਕਦੀ ਹੈ। ਪੰਜ ਮਰਲੇ ਵਿੱਚ ਬੀਜੇ ਛੋਲਿਆਂ ਨੂੰ 400 ਗ੍ਰਾਮ ਯੂਰੀਆ, 1.5 ਕਿੱਲੋ ਸਿੰਗਲ ਸੁਪਰ ਫਾਸਫੇਟ ਬਿਜਾਈ ਸਮੇਂ ਪਾ ਦਿਓ।ਬਿਜਾਈ ਤੋਂ ਪਹਿਲਾਂ ਫ਼ਸਲ ਨੂੰ ਭਰਵੀਂ ਰੌਣੀ ਕਰੋ ਅਤੇ ਅਗਲਾ ਪਾਣੀ ਬਿਜਾਈ ਦੇ ਸਮੇਂ ਅਤੇ ਮੌਸਮ ਦੇ ਹਿਸਾਬ ਨਾਲ ਅੱਧ ਦਸੰਬਰ ਤੋਂ ਅੰਤ ਜਨਵਰੀ ਤੱਕ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Profitable Business: ਕੱਦੂ ਜਾਤੀ ਦੀਆਂ ਫ਼ਸਲਾਂ ਦਾ ਅਗੇਤਾ ਝਾੜ ਲੈਣ ਲਈ ਲੋਅ ਟਨਲ, ਪੋਲੀਥੀਨ ਲਿਫਾਫਿਆਂ ਅਤੇ ਪਲੱਗ ਟ੍ਰੇ ਵਿਧੀ ਅਪਣਾਓ, ਮਿਲੇਗਾ ਫਸਲਾਂ ਦਾ ਵਧੀਆ ਝਾੜ
ਤੇਲਬੀਜ
ਗੋਭੀ ਸਰ੍ਹੋ- ਗੋਭੀ ਸਰ੍ਹੋਂ ਦੀ ਕਾਸ਼ਤ ਹਰ ਕਿਸਮ ਦੀ ਜ਼ਮੀਨ ਵਿੱਚ ਕੀਤੀ ਜਾ ਸਕਦੀ ਹੈ। ਕਿੱਟ ਵਿੱਚ ਗੋਭੀ ਸਰ੍ਹੋਂ ਦੀ ਕਨੋਲਾ ਕਿਸਮ ਜੀ.ਐਸ.ਸੀ-7 ਦਾ 200 ਗ੍ਰਾਮ ਬੀਜ ਪਾਇਆ ਗਿਆ ਹੈ ਜਿਸ ਨਾਲ 1 ਕਨਾਲ ਜਗ੍ਹਾ ਬੀਜੀ ਜਾ ਸਕਦੀ ਹੈ। ਕਨੋਲਾ ਕਿਸਮ ਦੀ ਖਾਸੀਅਤ ਇਹ ਹੈ ਕਿ ਇਸ ਦੇ ਤੇਲ ਵਿੱਚ 2 ਪ੍ਰਤੀਸ਼ਤ ਤੋਂ ਘੱਟ ਇਰੁਸਿਕ ਏਸਿਡ ਹੁੰਦਾ ਹੈ ਅਤੇ ਖਲ ਵਿੱਚ 30 ਮਾਈਕਰੋ ਮੋਲ ਪ੍ਰਤੀ ਗ੍ਰਾਮ ਤੋਂ ਘੱਟ ਗਲੁਕੋਸਿਨੋਲੇਟਸ ਹੁੰਦੇ ਹਨ। ਕਨੋਲਾ ਕਿਸਮ ਦੇ ਤੇਲ ਦੀ ਵਰਤੋਂ ਮਨੁੱਖੀ ਸਿਹਤ ਲਈ ਬਹੁਤ ਫਾਇਦੇਮੰਦ ਹੈ।
ਇਹ ਕਿਸਮ ਤਕਰੀਬਨ 154 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ 8.9 ਕੁਇੰਟਲ ਔਸਤਣ ਝਾੜ ਦਿੰਦੀ ਹੈ। ਗੋਭੀ ਸਰ੍ਹੋਂ ਦੀ ਬਿਜਾਈ ਦਾ ਢੁੱਕਵਾਂ ਸਮਾਂ 10 ਤੋਂ 30 ਅਕਤੂਬਰ ਹੈ। ਬਿਜਾਈ ਲਈ ਕਤਾਰਾਂ ਵਿੱਚ ਫ਼ਾਸਲਾ 45 ਸੈਂਟੀਮੀਟਰ ਰੱਖੋ। ਇੱਕ ਕਨਾਲ 6 ਮਰਲੇ ਜਗ੍ਹਾ ਲਈ 15 ਕਿੱਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿੱਚ (ਬਿਜਾਈ ਸਮੇਂ ਅਤੇ ਪਹਿਲੇ ਪਾਣੀ ਨਾਲ) ਅਤੇ 12 ਕਿੱਲੋ ਸਿੰਗਲ ਸੁਪਰ ਫਾਸਫੇਟ ਬਿਜਾਈ ਸਮੇਂ ਪਾ ਦਿਓ। ਫ਼ਸਲ ਨੂੰ ਫੁੱਲ ਪੈਣ ਸਮੇਂ ਅਤੇ ਦਾਣੇ ਬਣਨ ਸਮੇਂ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ।
ਅਲਸੀ- ਚੰਗੇ ਜਲ ਨਿਕਾਸ ਵਾਲੀ ਮੈਰਾ ਤੋਂ ਚੀਕਣੀ ਜ਼ਮੀਨ ਅਲਸੀ ਦੀ ਫ਼ਸਲ ਲਈ ਢੁੱਕਵੀਂ ਹੈ। ਅਲਸੀ ਦੀ ਬਿਜਾਈ ਲਈ ਅਕਤੂਬਰ ਦਾ ਪਹਿਲਾ ਪੰਦਰਵਾੜਾ ਢੁੱਕਵਾਂ ਹੈ। ਕਿੱਟ ਵਿੱਚ ਐਲ.ਸੀ-2063 ਕਿਸਮ ਦਾ 200 ਗ੍ਰਾਮ ਬੀਜ ਪਾਇਆ ਗਿਆ ਹੈ ਜਿਸ ਨਾਲ 2 ਮਰਲੇ ਜਗ੍ਹਾ ਲਾਈ ਜਾ ਸਕਦੀ ਹੈ। ਨੀਲੇ ਫੁੱਲਾਂ ਵਾਲੀ ਇਸ ਕਿਸਮ ਵਿੱਚ ਉਖੇੜੇ, ਕੁੰਗੀ ਅਤੇ ਚਿੱਟੇ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਹੈ।
ਇਹ ਕਿਸਮ ਤਕਰੀਬਨ 158 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸਦਾ ਔਸਤ ਝਾੜ 4.9 ਕੁਇੰਟਲ ਹੈ। ਬਿਜਾਈ ਡਰਿੱਲ ਜਾਂ ਪੋਰੇ 23 ਸੈਂਟੀਮੀਟਰ ਕਤਾਰ ਤੋਂ ਕਤਾਰ ਫ਼ਾਸਲਾ ਰੱਖ ਕੇ ਕੀਤੀ ਜਾ ਸਕਦੀ ਹੈ। ਦੋ ਮਰਲੇ ਜਗ੍ਹਾ ਲਈ 685 ਗ੍ਰਾਮ ਯੂਰੀਆ ਅਤੇ 1.25 ਕਿੱਲੋ ਸਿੰਗਲ ਸੁਪਰ ਫਾਸਫੇਟ ਬਿਜਾਈ ਸਮੇਂ ਪਾ ਦਿਓ। ਅਲਸੀ ਦੀ ਫ਼ਸਲ ਨੂੰ 3-4 ਪਾਣੀਆਂ ਦੀ ਲੋੜ ਹੁੰਦੀ ਹੈ। ਫ਼ੁੱਲ ਪੈਣ ਸਮੇਂ ਫ਼ਸਲ ਨੂੰ ਪਾਣੀ ਦੀ ਘਾਟ ਨਾ ਆਉਣ ਦਿਓ।
ਦੱਸ ਦੇਈਏ ਕਿ ਇਹ ਕਿੱਟ ਪੀ.ਏ.ਯੂ ਕੈਂਪਸ (ਲੁਧਿਆਣਾ), ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਫ਼ਾਰਮ ਸਲਾਹਕਾਰ ਸੇਵਾ ਕੇਂਦਰਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਸਰੋਤ: ਨਵਨੀਤ ਕੌਰ, ਪ੍ਰਿਤਪਾਲ ਸਿੰਘ ਅਤੇ ਅਮਰਜੀਤ ਸਿੰਘ ਸੰਧੂ, ਪੀ.ਏ.ਯੂ-ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਬਠਿੰਡਾ ਵਿਗਿਆਨ
Summary in English: Importance of Mini Kit of pulses and oilseeds prepared by PAU for crop diversification in rabi season