1. Home
  2. ਖੇਤੀ ਬਾੜੀ

ਨਰਮੇ ਤੇ ਗੁਲਾਬੀ ਸੁੰਡੀ ਦੀ ਰੋਕਥਾਮ ਅਤੇ ਪ੍ਰਬੰਧ ਲਈ ਜ਼ਰੂਰੀ ਨੁਕਤੇ

ਨਰਮਾ, ਸਾਉਣੀ ਦੀ ਦੂਸਰੀ ਪ੍ਰਮੁੱਖ ਫਸਲ ਹੈ ਜਿਸ ਦੀ ਕਾਸ਼ਤ ਪੰਜਾਬ ਦੇ ਦੱਖਣ-ਪੱਛਮੀ ਜ਼ਿਲਿ੍ਹਆਂ ਵਿੱਚ ਕੀਤੀ ਜਾਂਦੀ ਹੈ। ਬੀ ਟੀ ਨਰਮੇ ਦੀ ਆਮਦ ਤੋਂ ਪਹਿਲਾਂ ਟੀਂਡੇ ਦੀਆਂ ਸੁੰਡੀਆਂ (ਅਮਰੀਕਨ, ਚਿਤਕਬਰੀ ਅਤੇ ਗੁਲਾਬੀ ਸੁੰਡੀ) ਅਤੇ ਰਸ ਚੂਸਣ ਵਾਲੇ ਕੀੜੇ (ਤੇਲਾ, ਚਿੱਟੀ ਮੱਖੀ ਅਤੇ ਚੇਪਾ) ਹਮਲਾ ਕਰਦੇ ਸਨ।

KJ Staff
KJ Staff
cotton and pink locust

cotton and pink locust

ਨਰਮਾ, ਸਾਉਣੀ ਦੀ ਦੂਸਰੀ ਪ੍ਰਮੁੱਖ ਫਸਲ ਹੈ ਜਿਸ ਦੀ ਕਾਸ਼ਤ ਪੰਜਾਬ ਦੇ ਦੱਖਣ-ਪੱਛਮੀ ਜ਼ਿਲਿ੍ਹਆਂ ਵਿੱਚ ਕੀਤੀ ਜਾਂਦੀ ਹੈ। ਬੀ ਟੀ ਨਰਮੇ ਦੀ ਆਮਦ ਤੋਂ ਪਹਿਲਾਂ ਟੀਂਡੇ ਦੀਆਂ ਸੁੰਡੀਆਂ (ਅਮਰੀਕਨ, ਚਿਤਕਬਰੀ ਅਤੇ ਗੁਲਾਬੀ ਸੁੰਡੀ) ਅਤੇ ਰਸ ਚੂਸਣ ਵਾਲੇ ਕੀੜੇ (ਤੇਲਾ, ਚਿੱਟੀ ਮੱਖੀ ਅਤੇ ਚੇਪਾ) ਹਮਲਾ ਕਰਦੇ ਸਨ।

ਭਾਵੇਂ ਕਿ ਬੀ ਟੀ ਨਰਮੇ ਦੇ ਆਉਣ ਤੋਂ ਬਾਅਦ ਟੀਂਡੇ ਦੀਆਂ ਸੁੰਡੀਆਂ ਦੇ ਹਮਲੇ ਵਿੱਚ ਭਾਰੀ ਕਮੀ ਪਾਈ ਗਈ ਪਰ ਰਸ ਚੂਸਣ ਵਾਲੇ ਕੀੜਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਪਿਛਲੇ 5-6 ਸਾਲਾਂ ਤੋਂ ਕੇਂਦਰੀ ਅਤੇ ਦੱਖਣੀ ਭਾਰਤ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਬੀ ਟੀ ਨਰਮੇ ਦੇ ਉੱਤੇ ਦਿਖਾਈ ਦਿੱਤਾ ਹੈ। ਸਾਲ 2017 ਦੌਰਾਨ, ਆਂਧਰਾ ਪ੍ਰਦੇਸ਼, ਗੁਜਰਾਤ, ਮਹਾਂਰਾਸ਼ਟਰ, ਕਰਨਾਟਕ ਅਤੇ ਤੇਲੰਗਾਨਾ ਵਿੱਚ ਇਸ ਕੀੜੇ ਦਾ ਭਾਰੀ ਨੁਕਸਾਨ ਦਰਜ਼ ਕੀਤਾ ਗਿਆ।

ਸਾਲ 1975 ਦੌਰਾਨ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਇੱਕ ਗੰਭੀਰ ਕੀੜੇ ਵਜੋਂ ਵੀ ਰਿਹਾ ਹੈ, ਉਸ ਸਮੇਂ ਗੈਰ ਬੀ-ਟੀ ਨਰਮੇ ਦੀਆਂ ਲੰਮਾਂ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਜੇ 34, ਜੇ 205 ਅਤੇ ਐਲ ਐਸ ਐਸ ਦੀ ਕਾਸ਼ਤ ਕੀਤੀ ਜਾਂਦੀ ਸੀ। ਬਾਅਦ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਐਫ 414 ਅਤੇ ਕਾਸ਼ਤਕਾਰੀ ਢੰਗਾਂ ਨੂੰ ਅਪਨਾਉਣ ਸਦਕਾ ਇਸ ਕੀੜੇ ਦੇ ਹਮਲੇ ਵਿੱਚ ਘਾਟ ਆ ਗਈ। ਇਕ ਲੰਮੇ ਸਮੇਂ ਬਾਅਦ, ਸਾਲ 2018 ਦੌਰਾਨ, ਹਰਿਆਣਾ ਦੇ ਜੀਂਦ ਖੇਤਰ ਵਿੱਚ ਇਸ ਕੀੜੇ ਦਾ ਨੁਕਸਾਨ ਵੇਖਿਆ ਗਿਆ, ਜਿੱਥੇ ਨਰਮੇ/ ਕਪਾਹ ਦੀ ਖੇਤੀ ਦੇ ਹਾਲਾਤ ਜ਼ਿਆਦਾਤਰ ਪੰਜਾਬ ਵਰਗੇ ਹੀ ਹਨ। ਸਾਲ 2019 ਦੌਰਾਨ ਗੁਲਾਬੀ ਸੁੰਡੀ ਦਾ ਹਮਲਾ ਬਠਿੰਡੇ ਜ਼ਿਲ੍ਹੇ ਦੇ ਕੁੱਝ ਖੇਤਾਂ ਵਿੱਚ ਪਾਇਆ ਗਿਆ ਜੋ ਕਿ ਰੂੰ ਮਿਲਾਂ ਦੇ ਨੇੜੇ ਬੀਜੇ ਗਏ ਸਨ ਅਤੇ ਸਾਲ 2020 ਦੌਰਾਨ, ਗੁਲਾਬੀ ਸੁੰਡੀ ਦਾ ਹਮਲਾ ਬਠਿੰਡੇ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਪਾਇਆ ਗਿਆ। ਭਾਵੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਇੰਸਦਾਨਾਂ, ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੁਆਰਾ ਕੀਤੇ ਸਰਵੇਖਣ ਦੌਰਾਨ ਬੀ ਜੀ 2 ਨਰਮੇ ਦੀ ਕਿਸਮਾਂ ਉੱਪਰ ਇਸ ਕੀੜੇ ਦਾ ਹਮਲਾ ਕੁੱਝ ਖੇਤਾਂ ਵਿੱਚ ਪਾਇਆ ਗਿਆ, ਪਰ ਆਉਂਦੇ ਸਮੇਂ ਵਿੱਚ ਇਸ ਦੇ ਹਮਲੇ ਦੇ ਵੱਧਣ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ। ਆਉਣ ਵਾਲੇ ਸਮੇਂ ਵਿਚ ਇਸ ਕੀੜੇ ਦੇ ਹਮਲੇ ਤੋ ਬਚਾਅ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੁਆਰਾ ਇਸ ਕੀੜੇ ਦੀ ਜਾਣਕਾਰੀ ਸੰਬੰਧੀ ਕੈਂਪ ਲਾਏ ਗਏ ਅਤੇ ਕਿਸਾਨਾ ਨੂੰ ਜਾਗਰੂਕਤ ਕੀਤਾ ਗਿਆ। ਇਸ ਲੇਖ ਵਿੱਚ ਗੁਲਾਬੀ ਸੁੰਡੀ ਦਾ ਜੀਵਨ ਚੱਕਰ, ਨੁਕਸਾਨ ਚਿੰਨ੍ਹ ਅਤੇ ਨਰਮੇ ਉੱਪਰ ਇਸਦੀ ਸੁਚੱਜੀ ਰੋਕਥਾਮ ਸੰਬੰਧੀ ਜ਼ਰੂਰੀ ਨੁਕਤੇ ਦੱਸੇ ਗਏ ਹਨ।

Cotton

Cotton

ਜੀਵਨ ਚੱਕਰ

ਅੰਡਾ: ਇਸ ਕੀੜੇ ਦੇ ਆਂਡੇ ਸ਼ੁਰੂ ਵਿੱਚ ਚਿੱਟੇ ਤੇ ਬਾਅਦ ਵਿੱਚ ਸੰਤਰੀ ਰੰਗ ਦੇ ਹੋ ਜਾਂਦੇ ਹਨ। ਆਂਡੇ ਵਿੱਚੋਂ ਸੁੰਡੀਆਂ 4 ਤੋਂ 5 ਦਿਨਾਂ ਬਾਅਦ ਨਿਕਲ ਆਉਂਦੀਆਂ ਹਨ।

ਸੁੰਡੀ: ਨਵ-ਜੰਮ ਸੁੰਡੀਆਂ ਚਿੱਟੇ ਰੰਗ ਦੀਆਂ ਅਤੇ ਉਹਨਾਂ ਦੇ ਸਿਰ ਕਾਲੇ ਰੰਗ ਦੇ ਹੁੰਦੇ ਹਨ। ਪੂਰੀ ਪਲ ਜਾਣ ਤੇ ਸੁੰਡੀ 10 ਤੋਂ 12 ਮਿਲੀਮੀਟਰ ਹੋ ਜਾਂਦੀ ਹੈ ਅਤੇ ਪੇਟ ਦੇ ਹਰ ਉੱਪਰਲੇ ਭਾਗ ਉੱਤੇ ਗੁਲਾਬੀ ਰੰਗ ਦੀ ਗੂੜੀ ਪੱਟੀ ਦਿਖਾਈ ਦਿੰਦੀ ਹੈ। ਜੇਕਰ ਸੁੰਡੀ ਤੁਰਦੀ ਨਾ ਹੋਵੇ ਤਾਂ ਉੱਪਰਲੀ ਸਤਿਹ ਤੋਂ ਪੂਰੀ ਦੀ ਪੂਰੀ ਗੁਲਾਬੀ ਨਜ਼ਰ ਆਉਂਦੀ ਹੈ।ਇਹ ਅਵਸਥਾ 10 ਤੋਂ 14 ਦਿਨ ਦੀ ਹੁੰਦੀ ਹੈ।

ਕੋਆ: ਇਸ ਦੀੜੇ ਦਾ ਕੋਆ (ਟੁਟੀਆਂ) ਹਲਕਾ ਭੂਰਾ ਅਤੇ 7 ਮਿਲੀਮੀਟਰ ਤੱਕ ਲੰਮਾ ਹੁੰਦਾ ਹੈ। ਇਹ ਅਵਸਥਾ 7 ਤੋਂ 10 ਦਿਨ ਦੀ ਹੁੰਦੀ ਹੈ।

ਪਤੰਗਾ: ਇਸ ਕੀੜੇ ਦੇ ਪਤੰਗੇ ਗੂੜੇ ਖਾਕੀ ਰੰਗ ਦੇ ਹੁੰਦੇ ਹਨ ਜਿਨ੍ਹਾਂ ਦਾ ਸਿਰ ਤੇ ਧੜ੍ਹ ਹਲਕੇ ਰੰਗ ਦਾ ਹੁੰਦਾ ਹੈ। ਅਗਲੇ ਖੰਭਾਂ ਉੱਪਰ ਕਾਲੇ ਧੱਬੇ ਹੁੰਦੇ ਹਨ ਜਦੋਂ ਕਿ ਪਿਛਲੇ ਖੰਭ ਚਾਂਦੀ ਰੰਗੇ ਭੁਰੇ ਹੁੰਦੇ ਹਨ ਤੇ ਉਨ੍ਹਾਂ ਦੀਆਂ ਕੰਨੀਆਂ ਉੱਪਰ ਲੰਮੇ-ਲੰਮੇ ਵਾਲਾਂ ਦੀ ਝਾਲਰ ਬਣੀ ਨਜ਼ਰ ਆਉਂਦੀ ਹੈ।

ਨੁਕਸਾਨ ਦੇ ਚਿੰਨ੍ਹ: ਜੰਮਣ ਤੋਂ ਦੋ ਦਿਨਾਂ ਦੇ ਅੰਦਰ ਛੋਟੀ ਸੁੰਡੀ ਫੁੱਲਾਂ ਜਾਂ ਛੋਟੇ ਟੀਂਡਿਆਂ ਵਿੱਚ ਵੜ ਜਾਂਦੀ ਹੈ। ਸੁੰਡੀ ਜ਼ਿਆਦਾਤਰ ਬਣ ਰਹੇ ਬੀਜ ਨੂੰ ਖਾਣਾ ਪਸੰਦ ਕਰਦੀ ਹੈ ਅਤੇ ਪਿਊਪੇ ਦੀ ਅਵਸਥਾ ਬੀਜ ਜਾਂ ਟੀਂਡੇ ਵਿੱਚ ਗੁਜਾਰਦੀ ਹੈ। ਬਾਅਦ ਵਿੱਚ ਹਮਲੇ ਵਾਲੇ ਟੀਂਡਿਆਂ ਦੀ ਰੂੰ ਨੂੰ ਉੱਲੀ ਲੱਗ ਜਾਂਦੀ ਹੈ। ਸੁੰਡੀ ਫੁੱਲ ਡੋਡੀਆਂ, ਫੁੱਲਾਂ ਅਤੇ ਟੀਂਡਿਆਂ ਦਾ ਨੁਕਸਾਨ ਕਰਦੀ ਹੈ। ਹਮਲੇ ਵਾਲੇ ਫੁੱਲ ਭੰਬੀਰੀਆਂ ਬਣ ਜਾਂਦੇ ਹਨ, ਜਿਨ੍ਹਾਂ ਵਿੱਚ ਪ੍ਰਾਗਣ ਨਾਲ ਲਥਪਥ ਗੁਲਾਬੀ ਸੁੰਡੀਆਂ ਪਈਆਂ ਨਜ਼ਰ ਆਉਂਦੀਆਂ ਹਨ। ਛੋਟੇ ਟੀਂਡੇ ਤੇ ਡੋਡੀਆਂ ਕਈ ਵਾਰੀ ਹਮਲੇ ਕਾਰਨ ਝੜ ਵੀ ਜਾਂਦੇ ਹਨ। ਸੁੰਡੀਆਂ ਟੀਂਡੇ ਦੇ ਵਿੱਚ ਬਣ ਰਹੇ ਬੀਜਾਂ ਨੂੰ ਖਾਂਦੀਆਂ ਹਨ, ਜਿਸ ਕਰਕੇ ਟੀਂਡੇ ਵਿੱਚ ਬਣ ਰਹੀ ਰੂੰ ਵੀ ਖਰਾਬ ਹੋ ਜਾਂਦੀ ਹੈ। ਹਮਲੇ ਵਾਲੇ ਟੀਂਡੇ ਗਲ ਜਾਂਦੇ ਹਨ ਤੇ ਰੂੰ ਵੀ ਦਾਗੀ ਹੋ ਜਾਂਦੀ ਹੈ। ਹਮਲੇ ਵਾਲੇ ਟੀਂਡੇ ਪੂਰੀ ਤਰ੍ਹਾਂ ਖਿੜਦੇ ਵੀ ਨਹੀਂ। ਸਰਦੀ ਦੇ ਮੌਸਮ ਵਿੱਚ ਗੁਲਾਬੀ ਸੁੰਡੀ ਦੋ ਬੀਜਾਂ ਨੂੰ ਜੋੜ ਕੇ ਉਨ੍ਹਾਂ ਵਿੱਚ ਸੁਸਤੀ ਦੀ ਹਾਲਤ ਵਿੱਚ ਪਈ ਰਹਿੰਦੀ ਹੈ। ਜੁਲਾਈ ਤੋਂ ਅਕਤੂਬਰ ਤੱਕ ਇਹ ਕੀੜਾ ਨਰਮੇ/ ਕਪਾਹ ਦਾ ਜ਼ਿਆਦਾ ਨੁਕਸਾਨ ਕਰਦਾ ਹੈ।

ਗੁਲਾਬੀ ਸੁੰਡੀ ਦਾ ਫੈਲਾਅ: ਗੁਲਾਬੀ ਸੁੰਡੀ ਦੇ ਪਤੰਗੇ, ਪ੍ਰਜਨਣ ਅਤੇ ਆਂਡੇ ਦੇਣ ਲਈ ਬਹੁਤ ਦੂਰ ਤੱਕ ਨਹੀਂ ਉੱਡਦੇ, ਖਾਸ ਕਰਕੇ ਜਦੋਂ ਨੇੜੇ ਨਰਮੇ ਦੀ ਫ਼ਸਲ ਉਪਲੱਬਧ ਹੋਵੇ। ਬਾਰਿਸ਼ ਦੇ ਮੌਸਮ ਵਿੱਚ ਤੇਜ਼ ਹਵਾ ਨਾਲ ਪਤੰਗੇ ਜ਼ਿਆਦਾ ਦੂਰੀ ਤੈਅ ਕਰ ਸਕਦੇ ਹਨ। ਚੁਗਾਈ ਤੋਂ ਬਾਅਦ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਛਿਟੀਆਂ ਨੂੰ ਨਵੀਂ ਜਗ੍ਹਾ ਤੇ ਲੈ ਕੇ ਜਾਣ ਨਾਲ ਵੀ ਇਸ ਕੀੜੇ ਦਾ ਫੈਲਾਅ ਹੁੰਦਾ ਹੈ।

ਸਰਵਪੱਖੀ ਰੋਕਥਾਮ: ਇਸ ਕੀੜੇ ਦਾ ਜੀਵਨ ਚੱਕਰ ਅਤੇ ਫੈਲਾਅ ਦੇ ਢੰਗਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਪਿੰਡ ਪੱਧਰ ਤੇ ਇਕੱਠੇ ਹੋ ਕੇ ਇਸ ਦੀ ਰੋਕਥਾਮ ਕਰਨੀ ਚਾਹੀਦੀ ਹੈ। ਇਸ ਦੀ ਸੁਚੱਜੀ ਰੋਕਥਾਮ ਲਈ ਹੇਠਾਂ ਦੱਸੀ ਵਿਉਂਤਬੰਦੀ ਅਪਣਾਉਣ ਦੀ ਲੋੜ ਹੈ।

1. ਖੇਤਾਂ ਵਿੱਚ ਗੁਲਾਬੀ ਸੁੰਡੀ ਦੇ ਫੈਲਾਅ ਨੂੰ ਰੋਕਣ ਲਈ ਛਿਟੀਆਂ ਦੀ ਸਾਂਭ ਸੰਭਾਲ

• ਕਪਾਹ ਦੀਆਂ ਛਿਟੀਆਂ ਇੱਕਠੀਆਂ ਕਰਕੇ ਛਾਵੇਂ ਜ਼ਮੀਨ ਦੇ ਸਮਾਨੰਤਰ ਰੱਖਣ ਨਾਲ ਸੁਸਤ ਹਾਲਤ ਵਿੱਚ ਟੀਂਡੇ ਦੀ ਗੁਲਾਬੀ ਸੁੰਡੀ ਗਰਮੀਆਂ ਵਿੱਚ ਘੱਟ ਮਰਦੀ ਹੈ। ਛਿਟੀਆਂ ਨੂੰ ਵੱਢ ਕੇ ਖੇਤ ਵਿੱਚ ਰੱਖਣ ਨਾਲ ਇਹ ਕੀੜੇ ਬਹੁਤ ਛੇਤੀ ਫੈਲਦੇ ਹਨ। ਨਰਮੇ ਦੀਆਂ ਛਿਟੀਆਂ ਦੇ ਢੇਰ ਖੇਤ ਵਿੱਚ ਨਾ ਲਗਾਓ, ਸਗੋਂ ਪਿੰਡ ਵਿੱਚ ਲਾਓ। ਛਿਟੀਆਂ ਦੀਆਂ ਭਰੀਆਂ ਦੇ ਢੇਰ ਖੜ੍ਹਵੇਂ ਅਤੇ ਰੁੱਖ/ ਦਰੱਖਤ ਆਦਿ ਦੀ ਛਾਂ ਤੋਂ ਪਰੇ ਲਾਓ।

• ਆਖਰੀ ਚੁਣਾਈ ਤੋਂ ਬਾਅਦ ਭੇਡਾਂ, ਬੱਕਰੀਆਂ ਜਾਂ ਹੋਰ ਪਸ਼ੂਆਂ ਨੂੰ ਫ਼ਸਲ ਦਾ ਬੱਚ-ਖੁਚ, ਪੱਤੇ ਅਤੇ ਅਣਖਿੜੇ ਟੀਂਡੇ ਖਾਣ ਲਈ ਕਪਾਹ ਦੇ ਖੇਤਾਂ ਵਿੱਚ ਛੱਡ ਦਿਓ। ਛਿਟੀਆਂ ਦੇ ਢੇਰ ਲਾਉਣ ਤੋਂ ਪਹਿਲਾਂ ਕੱਟੀਆਂ ਹੋਈਆਂ ਛਿਟੀਆਂ ਨੂੰ ਜ਼ਮੀਨ ਤੇ ਮਾਰ ਮਾਰ ਕੇ ਅਣਖਿੜੇ ਟੀਂਡੇ ਅਤੇ ਸਿੱਕਰੀਆਂ ਨੂੰ ਝਾੜ ਦਿਓ ਜਾਂ ਤੋੜ ਲਓ।ਇਸ ਤਰ੍ਹਾਂ ਇਕੱਠੀਆਂ ਹੋਈਆਂ ਸਿੱਕਰੀਆਂ ਅਤੇ ਟੀਂਡਿਆਂ ਦੇ ਢੇਰ ਨੂੰ ਜਲਦੀ ਨਸ਼ਟ ਕਰ ਦਿਓ।

• ਆਖਰੀ ਚੁਗਾਈ ਤੋਂ ਬਾਅਦ ਗੁਲਾਬੀ ਸੁੰਡੀ ਦੇ ਹਮਲੇ ਵਾਲੇ ਨਰਮੇ ਦੇ ਖੇਤਾਂ ਵਿੱਚ ਬਚੀਆਂ ਛਿੱਟੀਆਂ ਨੂੰ ਸ਼ਰੈਡਰ ਦੁਆਰਾ ਖੇਤਾਂ ਵਿੱਚ ਵਾਹ ਦਿਓ ਤਾਂ ਜੋ ਗੁਲਾਬੀ ਸੁੰਡੀ ਨੂੰ ਠੱਲ੍ਹ ਪਾਈ ਜਾ ਸਕੇ।

• ਹਮਲੇ ਵਾਲੇ ਖੇਤਾਂ ਦੀਆਂ ਛਿਟੀਆਂ ਨੂੰ ਨਵੀਂ ਜਗ੍ਹਾ ਤੇ ਨਾ ਲਿਜਾਓ।

pink locust

pink locust

2. ਨਰਮਾ ਪੱਟੀ ਵਿੱਚ ਪੈਂਦੀਆਂ ਮਿੱਲ੍ਹਾਂ ਤੋਂ ਗੁਲਾਬੀ ਸੁੰਡੀ ਦੇ ਫੈਲਾਅ ਦੀ ਰੋਕਥਾਮ

• ਗੁਲਾਬੀ ਸੁੰਡੀ ਦੇ ਹਮਲੇ ਵਾਲੇ ਖੇਤਾਂ ਵਿੱਚੋਂ ਚੁੱਗੇ ਹੋਏ ਨਰਮੇ ਨੂੰ ਹਮਲੇ ਰਹਿਤ ਖੇਤਰ ਵਿੱਚ ਪੈਂਦੀਆਂ ਮਿੱਲ੍ਹਾਂ ਵਿੱਚ ਨਾ ਲਿਜਾਓ।
• ਮਾਰਚ ਦੇ ਅਖੀਰ ਤੱਕ ਨਰਮੇ ਨੂੰ ਵੇਲ ਲੈਣਾ ਚਾਹੀਦਾ ਹੈ ਅਤੇ ਵੇਲਾਈ ਸਮੇਂ ਦੀ ਸਾਰੀ ਬੱਚ-ਖੁਚ ਨਸ਼ਟ ਕਰ ਦਿਓ।
• ਜਿਹੜਾ ਬੀਜ ਤੇਲ ਮਿੱਲ੍ਹਾਂ ਵਿੱਚ ਪੀੜਿਆ ਨਾ ਗਿਆ ਹੋਵੇ ਉਸ ਨੂੰ ਸੈਲਫਾਸ/ਫਾਸਟੋਕਸਨ/ਡੈਲੀਸ਼ੀਆ ਦੀ ਤਿੰਨ ਗ੍ਰਾਮ ਦੀ ਗੋਲੀ ਨਾਲ ਪ੍ਰਤੀ ਘਣ ਮੀਟਰ ਦੇ ਹਿਸਾਬ ਨਾਲ ਧੂਣੀ ਦਿਓ।

3. ਗੁਲਾਬੀ ਸੁੰਡੀ ਦਾ ਸਰਵੇਖਣ

• ਗੁਲਾਬੀ ਸੁੰਡੀ ਦੇ ਸਰਵੇਖਣ ਲਈ ਸਟਿਕਾ/ਡੈਲਟਾ ਟਰੈਪ ਵਰਤੋਂ, ਜਿਸ ਵਿੱਚ ਘੱਟੋਂ-ਘੱਟ 10 ਮਾਈਕੋ੍ਰਲੀਟਰ ਫਿਰੋਮੋਨ ਪ੍ਰਤੀ ਲਿਓਰ (ਗੋਸੀਪਲੋਰ) ਹੋਵੇ। ਇਹਨਾਂ ਨੂੰ ਮਿੱਲ੍ਹਾਂ ਦੇ ਆਲੇ ਦੁਆਲੇ ਅਤੇ ਨਰਮੇ ਦੇ ਖੇਤਾਂ ਵਿੱਚ ਲਗਾਓ। ਸਟਿਕਾ ਟਰੈਪ ਫ਼ਸਲ ਤੋਂ 15 ਸੈਂਟੀਮੀਟਰ ਉੱਚਾ ਰੱਖੋ। ਲਿਓਰ ਨੂੰ 15 ਦਿਨਾਂ ਬਾਅਦ ਬਦਲੋ ਅਤੇ ਇੱਕ ਟ੍ਰੈਪ ਪ੍ਰਤੀ ਹੈਕਟੇਅਰ ਵਰਤੋ।

• ਜਦੋਂ ਨਰਮੇ ਨੂੰ ਫੁੱਲ ਡੋਡੀ ਲੱਗਣੀ ਸ਼ੁਰੂ ਹੋ ਜਾਵੇ ਤਾਂ ਹਫਤੇ ਦੇ ਵਕਫੇ ਤੇ ਭੰਬੀਰੀ ਬਣੇ ਫੁੱਲਾਂ ਦਾ ਸਰਵੇਖਣ ਕਰੋ। ਜਦੋਂ ਫ਼ਸਲ 80 ਦਿਨ ਦੀ ਹੋ ਜਾਵੇ ਤਾਂ ਨਰਮੇ ਦੇ ਕੱਚੇ ਟੀਂਡਿਆਂ ਨੂੰ ਤੋੜ ਕੇ ਸੁੰਡੀ ਦੇ ਹਮਲੇ ਵਾਸਤੇ 15 ਦਿਨਾਂ ਬਾਅਦ ਨਿਰੀਖਣ ਕਰਦੇ ਰਹੋੋ।

4. ਕਾਸ਼ਤਕਾਰੀ ਢੰਗਾਂ ਰਾਹੀਂ ਰੋਕਥਾਮ

• ਨਰਮੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਤੇ ਅਗੇਤੀ ਖਿੜਨ ਵਾਲੀਆਂ ਸਿਫਾਰਸ਼ ਕੀਤੀਆਂ ਕਿਸਮਾਂ/ਬੀ ਟੀ ਨਰਮੇ ਦੀਆਂ ਦੋਗਲੀਆਂ ਕਿਸਮਾਂ ਹੀ ਬੀਜੋ। ਬਿਜਾਈ ਹਰ ਹਾਲਤ ਵਿੱਚ 15 ਮਈ ਤੱਕ ਕਰ ਦਿਓ।

• ਬੀ ਟੀ ਨਰਮੇ ਦੇ ਆਲੇ - ਦੁਆਲੇ ਬੀ ਟੀ ਰਹਿਤ ਨਰਮਾ ਜ਼ਰੂਰ ਬੀਜੋ।

• ਗੁਲਾਬੀ ਸੁੰਡੀ ਦੇ ਹਮਲੇ ਨੂੰ ਅਗਲੇ ਸਾਲ ਠੱਲ੍ਹ ਪਾਉਣ ਲਈ ਜਿੱਥੇ ਤੱਕ ਹੋ ਸਕੇ ਫ਼ਸਲ ਦੀ ਚੁਗਾਈ ਜਲਦੀ ਕਰ ਲਓ। ਇਸ ਤਰ੍ਹਾਂ ਕਰਨ ਲਈ ਅਖੀਰਲਾ ਪਾਣੀ ਸਤੰਬਰ ਦੇ ਅੰਤ ਵਿੱਚ ਲਾ ਦਿਓ।

• ਨਰਮੇ ਦੀ ਖੜ੍ਹੀ ਫ਼ਸਲ ਵਿੱਚ ਕਣਕ ਨਹੀਂ ਬੀਜਣੀ ਚਾਹੀਦੀ। ਜਿਨ੍ਹਾਂ ਖੇਤਾਂ ਵਿੱਚ ਕਣਕ ਦੀ ਬਿਜਾਈ ਨਰਮੇ ਦੀ ਖੜ੍ਹੀ ਫ਼ਸਲ ਦੇ ਨਾਲ ਹੀ ਕੀਤੀ ਜਾਂਦੀ ਹੈ ਉਨ੍ਹਾਂ ਖੇਤਾਂ ਵਿੱਚੋਂ ਨਰਮੇ ਦੀਆਂ ਛਿਟੀਆਂ ਤੁਰੰਤ ਪੁੱਟ ਲੈਣੀਆਂ ਚਾਹੀਦੀਆਂ ਹਨ।

5. ਰਸਾਇਣਿਕ ਰੋਕਥਾਮ

• ਜੇਕਰ ਗੁਲਾਬੀ ਸੁਡੀ ਦਾ ਹਮਲਾ 5 ਪ੍ਰਤੀਸ਼ਤ ਤਕ ਪਹੁੰਚ ਜਾਵੇ ਤਾਂ ਇਸ ਦੀ ਰੋਕਥਾਮ ਲਈ 500 ਮਿਲੀਲਿਟਰ ਕਿਊਰਾਕਰਾਨ 50 ਈ ਸੀ (ਪ੍ਰਫ਼ੀਨੌਫੋਸ) ਜਾਂ 250 ਗ੍ਰਾਮ ਲਾਰਵਿਨ 75 ਡਬਲਯੂ ਪੀ (ਥਾਇਓਡੀਕਾਰਬ) ਜਾਂ 300 ਮਿਲੀਲਿਟਰ ਬੁਲਡੋਕ 0.25 ਐਸ ਸੀ (ਬੀਟਾ ਸਾਈਫਲੂਥਰੀਨ) ਜਾਂ 800 ਮਿਲੀਲਿਟਰ ਫੋਸਮਾਇਟ 50 ਈ ਸੀ (ਇਥੀਓਨ) ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਬੀ ਟੀ ਨਰਮੇ ਉੱਤੇ ਗੁਲਾਬੀ ਸੁੰਡੀ ਦਾ ਹਮਲਾ ਵਿਖਾਈ ਦੇਵੇ ਤਾਂ ਆਪਣੇ ਇਲਾਕੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਾਰਮ ਸਲਾਹਕਾਰ ਸੇਵਾ ਕੇਂਦਰ ਜਾਂ ਖੇਤਰੀ ਖੋਜ ਕੇਂਦਰ ਜਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਧਿਆਨ ਵਿੱਚ ਲਿਆਓ।

ਵਿਜੈ ਕੁਮਾਰ ਅਤੇ ਜਸਜਿੰਦਰ ਕੌਰ
ਕੀਟ ਵਿਗਿਆਨ ਵਿਭਾਗ, ਪੀ.ਏ.ਯੂ., ਲੁਧਿਆਣਾ

ਇਹ ਵੀ ਪੜ੍ਹੋ : IFFCO ਨੇ ਲਾਂਚ ਕੀਤਾ ਨੈਨੋ ਯੂਰੀਆ ਤਰਲ, ਜਾਣੋ- ਕੀਮਤ, ਲਾਭ ਅਤੇ ਫ਼ਸਲਾਂ ਤੇ ਪ੍ਰਭਾਵ

Summary in English: Important tips for prevention and management of cotton and pink locust

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters