1. Home
  2. ਖੇਤੀ ਬਾੜੀ

Wheat Fields: ਪਰਾਲੀ ਨੂੰ ਖੇਤ ਵਿੱਚ ਸਾਂਭਣ ਨਾਲ ਕਣਕ-ਝੋਨੇ ਦੇ ਝਾੜ ਵਿੱਚ ਸ਼ਾਨਦਾਰ ਵਾਧਾ, ਪਰਾਲੀ ਪ੍ਰਬੰਧਨ ਵਾਲੇ ਕਣਕ ਦੇ ਖੇਤਾਂ ਵਿੱਚ ਇਸ ਤਰ੍ਹਾਂ ਕਰੋ ਖਾਦਾਂ ਦੀ ਸੁਚੱਜੀ ਵਰਤੋਂ

ਖੋਜ ਤਜ਼ਰਬਿਆਂ ਤੋਂ ਇਹ ਸਾਹਮਣੇ ਆਇਆ ਹੈ ਕਿ ਝੋਨੇ ਦੀ ਪਰਾਲੀ ਨੂੰ ਕਣਕ ਵਿੱਚ ਲਗਾਤਾਰ ਸਾਂਭਣ ਨਾਲ ਨਾ ਸਿਰਫ ਕਣਕ ਦਾ ਝਾੜ ਵੱਧਦਾ ਹੈ ਸਗੋਂ ਝੋਨੇ ਦਾ ਝਾੜ ਵੀ ਵੱਧ ਪ੍ਰਾਪਤ ਹੁੰਦਾ ਹੈ ਅਤੇ ਇੰਨ੍ਹਾਂ ਖੇਤਾਂ ਵਿੱਚ ਲੰਮੇਂ ਸਮੇਂ ਦੇ ਅਧਾਰ ‘ਤੇ ਖਾਦਾਂ ਦੀ ਲੋੜ ਵੀ ਘੱਟ ਜਾਂਦੀ ਹੈ।

Gurpreet Kaur Virk
Gurpreet Kaur Virk
ਪਰਾਲੀ ਨੂੰ ਖੇਤ ਵਿੱਚ ਸਾਂਭਣ ਨਾਲ ਕਣਕ-ਝੋਨੇ ਦੇ ਝਾੜ ਵਿੱਚ ਸ਼ਾਨਦਾਰ ਵਾਧਾ

ਪਰਾਲੀ ਨੂੰ ਖੇਤ ਵਿੱਚ ਸਾਂਭਣ ਨਾਲ ਕਣਕ-ਝੋਨੇ ਦੇ ਝਾੜ ਵਿੱਚ ਸ਼ਾਨਦਾਰ ਵਾਧਾ

Wheat Crop: ਪਰਾਲੀ ਸਾੜਨ ਨਾਲ ਹਵਾ ਦਾ ਗੰਧਲਾ ਅਤੇ ਜ਼ਹਿਰੀਲਾ ਹੋਣਾ, ਸਿੱਟੇ ਵਜੋਂ ਸਾਹ ਅਤੇ ਦਿਲ ਦੇ ਰੋਗੀਆਂ ਨੂੰ ਜ਼ਿਆਦਾ ਦਿੱਕਤ ਹੋਣਾ, ਧੂੰਏਂ ਕਾਰਣ ਹਾਦਸਿਆਂ ਵਿੱਚ ਵਾਧਾ ਹੋਣਾ, ਆਦਿ ਸਾਨੂੰ ਸਾਰਿਆਂ ਨੂੰ ਦਿਖਾਈ ਦਿੰਦਾ ਹੈ, ਪਰ ਇਸ ਨਾਲ ਜ਼ਮੀਨ ਨੂੰ ਜੋ ਨੁਕਸਾਨ ਹੁੰਦਾ ਹੈ ਉਸ ਤੋਂ ਅਸੀਂ ਅਣਜਾਣ ਹਾਂ।

ਫਸਲ ਵੱਧਣ-ਫੁੱਲਣ ਵਾਸਤੇ ਜੋ ਤੱਤ ਜ਼ਮੀਨ ਵਿੱਚੋਂ ਲੈਂਦੀ ਹੈ, ਉਸਦਾ ਕੁੱਝ ਹਿੱਸਾ ਦਾਣਿਆਂ ਵਿੱਚ ਚਲਾ ਜਾਂਦਾ ਹੈ ਅਤੇ ਬਾਕੀ ਪਤਰਾਲ ਵਿੱਚ ਰਹਿ ਜਾਂਦਾ ਹੈ (40% ਨਾਈਟ੍ਰੋਜਨ, 30-35% ਫਾਸਫੋਰਸ, 80-85% ਪੋਟਾਸ਼ੀਅਮ ਅਤੇ 40-50% ਸਲਫਰ)। ਦਾਣੇ ਅਸੀਂ ਖਾਣ ਲਈ ਵਰਤ ਲੈਂਦੇ ਹਨ ਅਤੇ ਪਰਾਲੀ ਨੂੰ ਅੱਗ ਲਾ ਦਿੰਦੇ ਹਾਂ ਜਾਂ ਫਿਰ ਬਾਹਰ ਕੱਢ ਦਿੰਦੇ ਹਾਂ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਫਸਲਾਂ ਦੀ ਉਤਪਾਦਕਤਾ ਕਦੋਂ ਤੱਕ ਬਰਕਰਾਰ ਰਹੇਗੀ।

ਇੱਕ ਏਕੜ ਦੀ ਪਰਾਲੀ (ਘੱਟੋ-ਘੱਟ 30 ਕੁਇੰਟਲ) ਵਿੱਚ ਲਗਭੱਗ 1200 ਕਿਲੋ ਕਾਰਬਨ, 16.5 ਕਿਲੋ ਨਾਈਟ੍ਰੋਜਨ, 7.8 ਕਿਲੋ ਫਾਸਫੋਰਸ, 75 ਕਿਲੋ ਪੋਟਾਸ਼ੀਅਮ, 3.6 ਕਿਲੋ ਸਲਫਰ ਅਤੇ ਬਹੁਤ ਸਾਰੇ ਛੋਟੇ ਤੱਤ ਹੁੰਦੇ ਹਨ। ਪਰਾਲੀ ਨੂੰ ਖੇਤ ਵਿੱਚ ਵਾਹੁਣ ਨਾਲ ਹੌਲੀ-ਹੌਲੀ ਗਲਣ ਤੋਂ ਬਾਅਦ ਇਸ ਵਿਚਲੇ ਖੁਰਾਕੀ ਤੱਤ ਵਾਪਸ ਮਿੱਟੀ ਵਿੱਚ ਚਲੇ ਜਾਂਦੇ ਹਨ ਜਿਸ ਨਾਲ ਜ਼ਮੀਨ ਦੀ ਉਪਜਾਉ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਅਤੇ ਜੈਵਿਕ ਮਾਦਾ ਜ਼ਮੀਨ ਦਾ ਪੋਲਾਪਣ ਵਧਾਉਂਦਾ ਹੈ, ਪਾਣੀ ਸਾਂਭਣ ਅਤੇ ਪਾਣੀ ਜੀਰਨ ਦੀ ਸਮਰੱਥਾ ਵਿੱਚ ਵੀ ਸੁਧਾਰ ਹੁੰਦਾ ਹੈ। ਇਸ ਦੇ ਨਾਲ ਹੀ ਸੂਖਮ ਜੀਵਾਂ ਦੀ ਸੰਖਿਆ ਅਤੇ ਕਿਰਿਆਵਾਂ ਵੀ ਵਧਦੀਆਂ ਹਨ ਜੋ ਜ਼ਮੀਨ ਦੀ ਚੰਗੀ ਸਿਹਤ ਲਈ ਬਹੁਤ ਹੀ ਜ਼ਰੂਰੀ ਹਨ। ਪਰ ਜੇਕਰ ਅਸੀਂ ਪਰਾਲੀ ਨੂੰ ਅੱਗ ਲਾਉਂਦੇ ਹਾਂ ਤਾਂ ਇਸ ਵਿੱਚ ਮੌਜੂਦ ਸਾਰਾ (100%) ਕਾਰਬਨ ਅਤੇ ਨਾਈਟ੍ਰੋਜਨ, ਫਾਸਫੋਰਸ ‘ਤੇ ਪੋਟਾਸ਼ੀਅਮ, ਸਲਫਰ ਅਤੇ ਛੋਟੇ ਤੱਤ ਕ੍ਰਮਵਾਰ 90, 20-25, 60 ਅਤੇ 50-70 ਪਤ੍ਰੀਸ਼ਤ ਸੜ ਜਾਂਦੇ ਹਨ। ਅਸੀਂ ਹਿਸਾਬ ਲਾ ਸਕਦੇ ਹਾਂ ਕਿ ਪਰਾਲੀ ਨੂੰ ਖੇਤ ਵਿੱਚੋਂ ਬਾਹਰ ਕੱਢਣਾ ਕਿਨ੍ਹਾਂ ਖਤਰਨਾਕ ਹੈ।

ਕਿਸਾਨ ਵੀਰੋ, ਮਿੱਟੀ ਨੂੰ ਦੇਸੀ ਖਾਦ, ਰੂੜੀ, ਫਸਲਾਂ ਦੀ ਰਹਿੰਦ-ਖੂੰਹਦ, ਹਰੀ ਖਾਦ, ਆਦਿਕ ਦੇ ਰੂਪ ਵਿੱਚ ਖੁਰਾਕ ਦਿਉ ਅਤੇ ਮਿੱਟੀ ਫਸਲਾਂ ਦਾ ਵਧੀਆ ਪਾਲਣ-ਪੋਸ਼ਣ ਕਰਨ ਵਿੱਚ ਮਦਦ ਕਰੇਗੀ। ਖੋਜ ਤਜ਼ਰਬਿਆਂ ਤੋਂ ਇਹ ਸਾਹਮਣੇ ਆਇਆ ਹੈ ਕਿ ਝੋਨੇ ਦੀ ਪਰਾਲੀ ਨੂੰ ਕਣਕ ਵਿੱਚ ਲਗਾਤਾਰ ਸਾਂਭਣ ਨਾਲ ਨਾ ਸਿਰਫ ਕਣਕ ਦਾ ਝਾੜ ਵੱਧਦਾ ਹੈ ਸਗੋਂ ਝੋਨੇ ਦਾ ਝਾੜ ਵੀ ਵੱਧ ਪ੍ਰਾਪਤ ਹੁੰਦਾ ਹੈ ਅਤੇ ਇੰਨ੍ਹਾਂ ਖੇਤਾਂ ਵਿੱਚ ਲੰਮੇਂ ਸਮੇਂ ਦੇ ਅਧਾਰ ‘ਤੇ ਖਾਦਾਂ ਦੀ ਲੋੜ ਵੀ ਘੱਟ ਜਾਂਦੀ ਹੈ।

ਦਰਮਿਆਨੀ ਉਪਜਾਉ ਸ਼ਕਤੀ ਵਾਲੀ ਜ਼ਮੀਨ ਵਿੱਚ ਹੈਪੀ ਸੀਡਰ, ਸੁਪਰ ਸੀਡਰ, ਪੀ.ਏ.ਯੂ ਸਮਾਰਟ ਸੀਡਰ ਅਤੇ ਸਰਫੇਸ ਸੀਡਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਕਰਨ ਵੇਲੇ 65 ਕਿਲੋ ਡੀ.ਏ.ਪੀ ਪ੍ਰਤੀ ਏਕੜ ਵਰਤੋ। ਯੂਰੀਆ ਨੂੰ ਦੋ ਬਰਾਬਰ ਕਿਸ਼ਤਾਂ ਵਿੱਚ ਵੰਡ ਕੇ ਛੱਟੇ ਨਾਲ ਪਾਉ। ਪਹਿਲੀ ਖੁਰਾਕ (45 ਕਿਲੋ ਪ੍ਰਤੀ ਏਕੜ) ਪਹਿਲੇ ਪਾਣੀ ਤੋਂ ਪਹਿਲਾਂ ਅਤੇ ਦੂਸਰੀ ਕਿਸ਼ਤ 45 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਦੂਜੇ ਪਾਣੀ ਤੋਂ ਪਹਿਲਾਂ ਪਾਓ। ਫਸਲ ਦੁਆਰਾ ਯੂਰੀਆ ਖਾਦ ਦੀ ਸੁਵਰਤੋਂ ਲਈ ਪਰਾਲੀ ਵਾਲੇ ਖੇਤਾਂ ਵਿੱਚ ਇਸਨੂੰ ਹਮੇਸ਼ਾਂ ਪਾਣੀ ਲਾਉਣ ਤੋਂ ਪਹਿਲਾਂ ਪਾਉ। ਪਰ ਯੂਰੀਆ ਪਾਉਣ ਤੋਂ ਬਾਅਦ ਪਾਣੀ ਲਾਉਣ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ।

ਇਹ ਵੀ ਪੜ੍ਹੋ: Wheat Varieties: ਕਣਕ ਦੀਆਂ ਇਹ ਤਿੰਨ ਕਿਸਮਾਂ ਘੱਟ ਪਾਣੀ ਅਤੇ ਸੋਕੇ ਵਿੱਚ ਵੀ ਦੇਣਗੀਆਂ ਵੱਧ ਝਾੜ

ਸੁਪਰ ਸੀਡਰ ਨਾਲ ਬੀਜੀ ਕਣਕ ਵਿੱਚ ਯੂਰੀਆ ਖਾਦ ਪਾਣੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਾਈ ਜਾ ਸਕਦੀ ਹੈ। ਇਹ ਯਕੀਨੀ ਬਣਾਉ ਕਿ ਯੂਰੀਏ ਦੀ ਸਾਰੀ ਮਾਤਰਾ ਬਿਜਾਈ ਤੋਂ 55 ਦਿਨਾਂ ਤੱਕ ਹਰ ਹਾਲਤ ਵਿੱਚ ਪੈ ਜਾਣੀ ਚਾਹੀਦੀ ਹੈ। ਜਿੱਥੇ ਕਣਕ ਦੀ ਬਿਜਾਈ ਤਿੰਨ ਸਾਲਾਂ ਤੋਂ ਲਗਾਤਾਰ ਪਰਾਲੀ ਸਾਂਭ ਕੇ ਕੀਤੀ ਜਾ ਰਹੀ ਹੋਵੇ, ਉੱਥੇ ਚੌਥੇ ਸਾਲ ਤੋਂ ਕਣਕ ਵਿੱਚ 20 ਕਿਲੋ ਪ੍ਰਤੀ ਏਕੜ ਘੱਟ ਯੂਰੀਆ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਕਿਸਾਨ ਵੀਰੋ, ਆਉਣ ਵਾਲੇ ਸਮੇਂ ਵਿੱਚ ਅਸੀਂ ਬਿਨਾਂ ਪਰਾਲੀ ਸਾਂਭੇ ਖੇਤਾਂ ਵਿੱਚ ਜ਼ਿਆਦਾ ਖਾਦਾਂ ਵਰਤਕੇ ਵੀ ਪਰਾਲੀ ਵਾਲੇ ਖੇਤਾਂ ਦੇ ਬਰਾਬਰ ਪੈਦਾਵਾਰ ਨਹੀਂ ਪ੍ਰਾਪਤ ਕਰ ਸਕਾਂਗੇ। ਖੋਜ ਤਜ਼ਰਬਿਆਂ ਦੇ ਨਤੀਜੇ ਇਹ ਵੀ ਦਰਸਾਉਂਦੇ ਹਨ ਕਿ ਜਿੱਥੇ ਝੋਨੇ ਦੀ ਪਰਾਲੀ ਨੂੰ ਲੰਬੇ ਸਮੇਂ ਤੋਂ ਖੇਤ ਵਿੱਚ ਵਾਹਿਆ ਜਾਂ ਹੈਪੀ ਸੀਡਰ, ਸੁਪਰ ਸੀਡਰ, ਪੀ.ਏ.ਯੂ ਸਮਾਰਟ ਸੀਡਰ ਜਾਂ ਸਰਫੇਸ ਸੀਡਰ ਨਾਲ ਖੇਤ ਵਿੱਚ ਰੱਖਿਆ ਹੋਵੇ ਅਤੇ ਜੈਵਿਕ ਕਾਰਬਨ ‘ਵੱਧ’ ਸ਼੍ਰੇਣੀ ਵਿੱਚ ਆ ਜਾਵੇ ਉਨ੍ਹਾਂ ਖੇਤਾਂ ਵਿੱਚ ਬਿਜਾਈ ਵੇਲੇ ਕਣਕ ਨੂੰ ਡੀ ਏ ਪੀ ਕੇਵਲ 27 ਕਿਲੋ ਪ੍ਰਤੀ ਏਕੜ ਹੀ ਪਾਉ।

ਕਿਸਾਨ ਵੀਰੋ, ਫਸਲਾਂ ਦੀ ਰਹਿੰਦ-ਖੂਹੰਦ ਨੂੰ ਮਿੱਟੀ ਵਿੱਚ ਮਿਲਾਉਣ ਨਾਲ ਜ਼ਮੀਨ ਦੀ ਸਿਹਤ ‘ਤੇ ਅਸਰ 3-4 ਸਾਲਾਂ ਤੋਂ ਬਾਅਦ ਆਉਣਾ ਸ਼ੁਰੂ ਹੁੰਦਾ ਹੈ। ਜੇਕਰ ਅਸੀਂ ਪਰਾਲੀ ਨੂੰ ਅੱਜ ਖੇਤ ਵਿੱਚ ਸਾਂਭਾਂਗੇ ਤਾਂ ਇਸਦਾ ਫਾਇਦਾ ਸਾਡੇ ਬੱਚਿਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋਵੇਗਾ।

ਸਰੋਤ: ਜਸਜੀਤ ਸਿੰਘ ਕੰਗ, ਸੁਰਜੀਤ ਸਿੰਘ ਮਿਨਹਾਸ ਅਤੇ ਜਗਰੂਪ ਕੌਰ, ਫ਼ਸਲ ਵਿਗਿਆਨ ਵਿਭਾਗ

Summary in English: Increase in yield of wheat-paddy by keeping stubble in the field, Use of fertilizers in wheat fields with stubble management

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters