1. Home
  2. ਖੇਤੀ ਬਾੜੀ

Irrigation System: ਸਿੰਚਾਈ ਲਈ ਲੂਣੇ-ਖਾਰੇ ਪਾਣੀ ਦੀ ਸੁਚੱਜੀ ਵਰਤੋਂ ਕਿਵੇਂ ਕਰੀਏ?

ਇਕ ਰਿਪੋਰਟ ਦੇ ਅਨੁਸਾਰ, ਪੰਜਾਬ ਦੇ ਲਗਭਗ 40 ਪ੍ਰਤੀਸ਼ਤ ਰਕਬੇ ਵਿੱਚ ਅਤੇ ਖਾਸ ਤੌਰ ਤੇ ਦੱਖਣ-ਪੱਛਮੀ ਜ਼ਿਲ੍ਹਿਆਂ ਵਿੱਚ ਸਿੰਚਾਈ ਲਈ ਵਰਤੇ ਜਾਂਦੇ ਜ਼ਮੀਨੀ ਪਾਣੀ ਵਿੱਚ ਨਮਕ ਦੀ ਮਾਤਰਾ ਜ਼ਿਆਦਾ ਹੈ।

Gurpreet Kaur Virk
Gurpreet Kaur Virk
ਪੰਜਾਬ ਦੇ ਲਗਭਗ 40 ਪ੍ਰਤੀਸ਼ਤ ਰਕਬੇ ਦੇ ਜ਼ਮੀਨੀ ਪਾਣੀ ਵਿੱਚ ਨਮਕ ਦੀ ਮਾਤਰਾ ਜ਼ਿਆਦਾ

ਪੰਜਾਬ ਦੇ ਲਗਭਗ 40 ਪ੍ਰਤੀਸ਼ਤ ਰਕਬੇ ਦੇ ਜ਼ਮੀਨੀ ਪਾਣੀ ਵਿੱਚ ਨਮਕ ਦੀ ਮਾਤਰਾ ਜ਼ਿਆਦਾ

Brackish Water: ਸਿੰਚਾਈ ਵਾਲੇ ਪਾਣੀ ਵਿੱਚ ਜੇਕਰ ਨਮਕ ਮੌਜੂਦ ਹੋਵੇ ਤਾਂ ਇਸ ਦੀ ਲਗਾਤਾਰ ਸਿੰਚਾਈ ਕਰਨ ਇਸ ਵਿੱਚ ਮੌਜੂਦ ਨਮਕ ਮਿੱਟੀ ਵਿੱਚ ਇਕੱਠੇ ਹੋ ਜਾਂਦੇ ਹਨ, ਜਿਸ ਨਾਲ ਮਿੱਟੀ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ ਅਤੇ ਫ਼ਸਲਾਂ ਦਾ ਝਾੜ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਂਦਾ ਹੈ।

ਇਕ ਰਿਪੋਰਟ ਦੇ ਅਨੁਸਾਰ, ਪੰਜਾਬ ਦੇ ਲਗਭਗ 40 ਪ੍ਰਤੀਸ਼ਤ ਰਕਬੇ ਵਿੱਚ ਅਤੇ ਖਾਸ ਤੌਰ ਤੇ ਦੱਖਣ-ਪੱਛਮੀ ਜ਼ਿਲ੍ਹਿਆਂ ਵਿੱਚ ਸਿੰਚਾਈ ਲਈ ਵਰਤੇ ਜਾਂਦੇ ਜ਼ਮੀਨੀ ਪਾਣੀ ਵਿੱਚ ਨਮਕ ਦੀ ਮਾਤਰਾ ਜ਼ਿਆਦਾ ਹੈ।

ਨਮਕ ਵਾਲੇ ਪਾਣੀ ਨੂੰ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ, ਲੂਣਾ ਪਾਣੀ, ਜਿਸ ਵਿੱਚ ਸੋਡੀਅਮ ਦੇ ਕਲੋਰਾਈਡ ਜਾਂ ਸਲਫ਼ੇਟ ਮੌਜੂਦ ਹੁੰਦੇ ਹਨ ਅਤੇ ਖਾਰਾ ਪਾਣੀ, ਜਿਸ ਵਿੱਚ ਸੋਡੀਅਮ ਦੇ ਕਾਰਬੋਨੇਟ ਜਾਂ ਬਾਈਕਾਰਬੋਨੇਟ ਮੌਜੂਦ ਹੁੰਦੇ ਹਨ। ਇਹਨਾਂ ਤੋਂ ਇਲਾਵਾ, ਕੁੱਝ ਪਾਣੀਆਂ ਵਿੱਚ ਬੋਰੋਨ ਅਤੇ ਫਲੋਰਾਈਡ ਵਰਗੇ ਜ਼ਹਿਰੀਲੇ ਪਦਾਰਥ ਵੀ ਹੋ ਸਕਦੇ ਹਨ। ਇਸ ਲਈ ਟਿਊਬਵੈੱਲ ਵਾਲਾ ਪਾਣੀ ਵਰਤਣ ਤੋਂ ਪਹਿਲਾਂ ਇਸ ਦੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ। ਜਾਂਚ ਦੀ ਰਿਪੋਰਟ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਪਾਣੀ ਵਿੱਚ ਕਿਹੜੀ ਖਰਾਬੀ ਹੈ ਅਤੇ ਉਸ ਦੀ ਗੰਭੀਰਤਾ ਕਿੰਨੀ ਹੈ ਅਤੇ ਉਸ ਹਿਸਾਬ ਨਾਲ ਹੀ ਇਹਨਾਂ ਪਾਣੀਆਂ ਦੀ ਵਰਤੋਂ ਖ਼ਾਸ ਪ੍ਰਬੰਧਕੀ ਢੰਗ ਵਰਤ ਕੇ ਕੀਤੀ ਜਾ ਸਕਦੀ ਹੈ ਜਿਹਨਾਂ ਨਾਲ ਇਹਨਾਂ ਦੇ ਮਾੜੇ ਅਸਰ ਨੂੰ ਘਟਾਇਆ ਜਾ ਸਕਦਾ ਹੈ। ਪਾਣੀ ਵਿੱਚ ਚਾਲਕਤਾ ਅਤੇ ਆਰ.ਐੱਸ.ਸੀ. ਦੀ ਮਾਤਰਾ ਦੇ ਅਧਾਰ ਤੇ ਸਿੰਚਾਈ ਵਾਲੇ ਪਾਣੀ ਦਾ ਵਰਗੀਕਰਨ ਸਾਰਣੀ ਨੰ.1 ਵਿੱਚ ਦਿੱਤਾ ਗਿਆ ਹੈ।

1. ਜਲ ਨਿਕਾਸ ਦਾ ਯੋਗ ਪ੍ਰਬੰਧ: ਨਮਕ ਵਾਲੇ ਪਾਣੀ ਦੀ ਲਗਾਤਾਰ ਸਿੰਚਾਈ ਦਾ ਮਾੜਾ ਅਸਰ ਉਦੋਂ ਸਭ ਤੋਂ ਵੱਧ ਆਉਂਦਾ ਹੈ ਜਦੋਂ ਜੜ੍ਹ ਖੇਤਰ ਵਿੱਚ ਨਮਕ ਦੀ ਮਾਤਰਾ ਇਕੱਠੀ ਹੋ ਜਾਂਦੀ ਹੈ। ਇਸ ਲਈ ਮਾੜੇ ਪਾਣੀ ਦੀ ਲਗਾਤਾਰ ਵਰਤੋਂ ਵਾਲੀ ਸਥਿਤੀ ਵਿੱਚ ਇਸ ਗੱਲ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਜੜ੍ਹ ਖੇਤਰ ਵਿੱਚੋਂ ਵਾਧੂ ਘੁਲਣਸ਼ੀਲ ਨਮਕ ਘੁਲ ਕੇ ਜ਼ਮੀਨ ਦੀ ਡੂੰਘੀ ਪਰਤ ਵਿੱਚ ਚਲੇ ਜਾਣ। ਇਸ ਲਈ ਖਾਰੇ ਪਾਣੀ ਦੀ ਵਰਤੋਂ ਲਈ ਚੰਗਾ ਜਲ ਨਿਕਾਸ ਸਭ ਤੋਂ ਪਹਿਲੀ ਜ਼ਰੂਰਤ ਹੈ।

2. ਖੇਤ ਨੂੰ ਪੱਧਰ ਕਰਨਾ: ਖੇਤ ਵਿੱਚੋਂ ਘੁਲਣਸ਼ੀਲ ਨਮਕ ਦੇ ਇੱਕਸਾਰ ਜੀਰਣ ਲਈ ਇਹ ਜ਼ਰੂਰੀ ਹੈ ਕਿ ਸਾਰੇ ਖੇਤ ਵਿੱਚ ਪਾਣੀ ਦੀ ਇਕਸਾਰ ਵੰਡ ਹੋਵੇ। ਇਸਦੇ ਲਈ ਜ਼ਮੀਨ ਨੂੰ ਚੰਗੀ ਤਰ੍ਹਾਂ ਪੱਧਰ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਖੇਤ ਦੇ ਪੱਧਰ ਵਿੱਚ ਮਾਮੂਲੀ ਫ਼ਰਕ ਵੀ ਹੋਵੇ ਤਾਂ ਪਾਣੀ ਅਤੇ ਨਮਕ ਦੀ ਵੰਡ ਅਸਾਵੀਂ ਹੋ ਜਾਂਦੀ ਹੈ।

3. ਮਾੜੇ ਪਾਣੀ ਨੂੰ ਹਲਕੀਆਂ ਜ਼ਮੀਨਾਂ ਵਿੱਚ ਵਰਤਣਾ: ਭਾਰੀਆਂ ਜ਼ਮੀਨਾਂ ਦੇ ਮੁਕਾਬਲੇ ਹਲਕੀਆਂ ਜ਼ਮੀਨਾਂ ਵਿੱਚ ਪਾਣੀ ਤੇਜੀ ਨਾਲ ਜ਼ੀਰਦਾ ਹੈ। ਤੇਜੀ ਨਾਲ ਪਾਣੀ ਜੀਰਣ ਕਰਕੇ ਹਲਕੀਆਂ ਜ਼ਮੀਨਾਂ ਵਿੱਚ ਨਮਕ ਜ਼ੀਰਨ ਦੀ ਦਰ ਵੀ ਵਧ ਜਾਂਦੀ ਹੈ ਜਦਕਿ ਭਾਰੀਆਂ ਜ਼ਮੀਨਾਂ ਵਿੱਚ ਪਾਣੀ ਸਤਹਿ ਤੇ ਜ਼ਿਆਦਾ ਦੇਰ ਖੜ੍ਹਨ ਨਾਲ ਵਾਸ਼ਪੀਕਰਨ ਤੋਂ ਬਾਅਦ ਲੂਣਾਪਨ/ਖਾਰਾਪਣ ਤੇਜ਼ੀ ਨਾਲ ਬਣਦਾ ਹੈ। ਇਸ ਲਈ ਮਾੜੇ ਪਾਣੀ ਦੀ ਵਰਤੋਂ ਲਈ ਹਲਕੀਆਂ ਜ਼ਮੀਨਾਂ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ।

ਇਹ ਵੀ ਪੜ੍ਹੋ: Crop Protection: ਟਮਾਟਰ ਦੀ ਫ਼ਸਲ ਨੂੰ ਕੀੜਿਆਂ ਦੇ ਹਮਲੇ ਤੋਂ ਬਚਾਉ ਅਤੇ ਪੂਰਾ ਝਾੜ ਪਾਉ

4. ਸਹਿਣਸ਼ੀਲ ਫ਼ਸਲਾਂ ਦੀ ਚੋਣ ਕਰਨੀ: ਜਿੱਥੇ ਜ਼ਮੀਨੀ ਪਾਣੀ ਮਾੜਾ ਹੋਵੇ, ਉੱਥੇ ਨਮਕ ਪ੍ਰਤੀ ਸਹਿਣਸ਼ੀਲ ਜਾਂ ਅਰਧ-ਸਹਿਣਸ਼ੀਲ਼ ਫ਼ਸਲਾਂ ਜਿਵੇਂ ਕਿ ਜੌਂ, ਕਣਕ, ਸਰ੍ਹੋਂ, ਗੁਆਰਾ, ਸੇਂਜੀ, ਪਾਲਕ, ਸ਼ਲਗਮ, ਚਕੰਦਰ, ਰਾਇਆ ਅਤੇ ਮੋਟੇ ਅਨਾਜ ਆਦਿ ਨੂੰ ਤਰਜੀਹ ਦੇਣੀ ਚਾਹੀਦੀ ਹੈ। ਦਾਲਾਂ ਵਾਲ਼ੀਆਂ ਫ਼ਸਲਾਂ ਤੇ ਖਾਰੇ ਅਤੇ ਲੂਣੇ ਪਾਣੀ ਦਾ ਬਹੁਤ ਮਾੜਾ ਅਸਰ ਹੁੰਦਾ ਹੈ, ਇਸ ਲਈ ਦਾਲਾਂ ਨੂੰ ਮਾੜਾ ਪਾਣੀ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

5. ਲੋੜ ਅਨੁਸਾਰ ਜਿਪਸਮ ਦੀ ਵਰਤੋਂ: ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਮਾੜੇ ਪਾਣੀ ਦੇ ਅਸਰ ਨੂੰ ਘਟਾਉਣ ਲਈ ਕਿਸਾਨ ਬਿਨਾਂ ਮਿੱਟੀ ਅਤੇ ਪਾਣੀ ਦੀ ਜਾਂਚ ਕਰਵਾਏ ਜਿਪਸਮ ਦੀ ਵਰਤੋਂ ਕਰਨ ਨੂੰ ਤਰਜੀਹ ਦਿੰਦੇ ਹਨ। ਇਸ ਦਾ ਕਈ ਵਾਰ ਮਾੜਾ ਅਸਰ ਵੀ ਸਾਹਮਣੇ ਆਉਂਦਾ ਹੈ। ਇਸ ਲਈ ਮਿੱਟੀ ਪਾਣੀ ਦੀ ਪਰਖ ਦੇ ਅਧਾਰ ਤੇ ਜਦੋਂ ਸਿੰਚਾਈ ਵਾਲੇ ਪਾਣੀ ਦੀ ਆਰ.ਐਸ.ਸੀ 2.5 ਐਮ ਈ ਪ੍ਰਤੀ ਲਿਟਰ ਤੋਂ ਉੱਪਰ ਹੋਵੇ ਤਾਂ ਜਿਪਸਮ ਦੀ ਵਰਤੋਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

6. ਜੈਵਿਕ ਖਾਦਾਂ ਦੀ ਵਰਤੋਂ ਕਰਨੀ: ਚੂਨੇ ਜਾਂ ਰੋੜਾਂ ਵਾਲੀਆਂ ਜ਼ਮੀਨਾਂ, ਜਿਨ੍ਹਾਂ ਵਿੱਚ ਕੈਲਸ਼ੀਅਮ ਕਾਰਬੋਨੇਟ 2 ਪ੍ਰਤੀਸ਼ਤ ਤੋਂ ਜ਼ਿਆਦਾ ਹੋਵੇ ਅਤੇ ਖਾਰੇ ਪਾਣੀ ਨਾਲ ਸਿੰਜੀਆਂ ਜਾਂਦੀਆਂ ਹਨ, ਵਿੱਚ ਜੈਵਿਕ ਖਾਦਾਂ ਜਿਵੇਂ ਦੇਸੀ ਰੂੜੀ 8 ਟਨ ਪ੍ਰਤੀ ਏਕੜ ਜਾਂ 2.5 ਟਨ ਪ੍ਰਤੀ ਏਕੜ ਹਰੀ ਖਾਦ ਜਾਂ ਕਣਕ ਦਾ ਨਾੜ ਹਰ ਸਾਲ ਪਾਉਣਾ ਚਾਹੀਦਾ ਹੈ।

7. ਖਾਰਾ ਅਤੇ ਚੰਗਾ ਪਾਣੀ ਇਕੱਠਾ ਲਾੳਣਾ: ਮਾੜੇ ਪਾਣੀ ਵਾਲੇ ਇਲਾਕਿਆਂ ਵਿੱਚ ਨਹਿਰੀ ਪਾਣੀ ਲਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਪ੍ਰੰਤੂ ਜੇਕਰ ਨਹਿਰੀ ਪਾਣੀ ਦੀ ਘਾਟ ਹੋਵੇ ਤਾਂ ਮਾੜੇ ਪਾਣੀ ਨੂੰ ਚੰਗੇ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਵਰਤਣਾ ਚਾਹੀਦਾ ਹੈ। ਇਸਦੇ ਲਈ ਇੱਕ ਤਰੀਕਾ ਇਹ ਹੈ ਕਿ ਜਦੋਂ ਨਹਿਰੀ ਪਾਣੀ ਨਾਲ ਸਿੰਚਾਈ ਹੋ ਰਹੀ ਹੋਵੇ ਤਾਂ ਮਾੜਾ ਅਤੇ ਚੰਗਾ ਪਾਣੀ ਇਕੱਠਾ ਵਰਤਿਆ ਜਾਵੇ। ਇਸੇ ਤਰਾਂ, ਮਾੜਾ ਅਤੇ ਚੰਗਾ ਪਾਣੀ ਅਦਲ ਬਦਲ ਕੇ ਵੀ ਵਰਤੇ ਜਾ ਸਕਦੇ ਹਨ। ਫ਼ਸਲ ਦੇ ਸ਼ੁਰੂਆਤੀ ਅਵਸਥਾ ਵਿੱਚ ਚੰਗਾ ਪਾਣੀ ਅਤੇ ਬਾਅਦ ਵਿੱਚ ਫ਼ਸਲ ਵਧਣ ਤੇ ਮਾੜਾ ਪਾਣੀ ਵਰਤਣਾ ਲਾਹੇਵੰਦ ਹੈ। ਵਧੀ ਹੋਈ ਫ਼ਸਲ ਵੱਧ ਖਾਰੇਪਣ ਅਤੇ ਸੋਕੇ ਨੂੰ ਸਹਾਰ ਸਕਦੀ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੀ ਪਹਿਲੀ ਪਸੰਦ ਬਣੀ ਝੋਨੇ ਦੀ PR 126 ਕਿਸਮ, Punjab ਵਿੱਚ ਪਾਣੀ ਤੋਂ ਪਰਾਲੀ ਤੱਕ ਦਾ ਪੱਕਾ ਹੱਲ

8. ਛੱਪੜਾਂ ਦੇ ਪਾਣੀ ਦੀ ਸਿੰਚਾਈ ਲਈ ਵਰਤੋਂ: ਪਿੰਡਾਂ ਵਿੱਚ ਮੌਜੂਦ ਛੱਪੜਾਂ ਦੇ ਪਾਣੀ ਵਿੱਚ ਫ਼ਸਲਾਂ ਲਈ ਲੋੜੀਂਦੇ ਖੁਰਾਕੀ ਤੱਤ ਜਿਵੇਂ ਕਿ ਜਿਵੇਂ ਕਿ ਨਾਈਟ੍ਰੋਜਨ, ਫ਼ਾਸਫ਼ੋਰਸ ਅਤੇ ਪੋਟਾਸ਼ ਆਦਿ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ, ਇਸ ਲਈ ਛੱਪੜਾਂ ਨੂੰ ਚੰਗੇ ਪਾਣੀ ਦੇ ਸਰੋਤ ਵਜੋਂ ਵਰਤਿਆ ਜਾ ਸਕਦਾ ਹੈ। ਪਰ ਵਰਤਣ ਤੋਂ ਪਹਿਲਾਂ ਇਸ ਪਾਣੀ ਦੀ ਪਰਖ ਕਰਵਾ ਲੈਣੀ ਜ਼ਰੂਰੀ ਹੈ ਕਿਉਂਕਿ ਕਈ ਵਾਰ ਇਸ ਪਾਣੀ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਸੋਡੀਅਮ ਦੇ ਕਾਰਬੋਨੇਟ, ਬਾਈਕਾਰਬੋਨੇਟ ਅਤੇ ਕਲੋਰਾਈਡ ਲੂਣ ਵੱਧ ਮਾਤਰਾ ਵਿੱਚ ਹੁੰਦੇ ਹਨ। ਇਸ ਲਈ ਜਾਂਚ ਕਰਵਾਉਣ ਤੋਂ ਬਾਅਦ ਇਸ ਪਾਣੀ ਨੂੰ ਸਿਫ਼ਾਰਸ਼ ਅਨੁਸਾਰ ਸਿੰਚਾਈ ਲਈ ਵਰਤਣਾ ਚਾਹੀਦਾ ਹੈ।

9. ਨਰਮੇ ਦੀ ਫ਼ਸਲ ਵਿੱਚ ਮਾੜੇ ਪਾਣੀ ਦਾ ਪ੍ਰਬੰਧਨ: ਨਰਮੇ ਦੀ ਫ਼ਸਲ ਦਾ ਜੰਮ ਪਾਣੀ ਦੀ ਗੁਣਵੱਤਾ ਤੇ ਕਾਫ਼ੀ ਨਿਰਭਰ ਕਰਦਾ ਹੈ। ਜੇਕਰ ਨਰਮੇ ਲਈ ਰੌਣੀ ਮਾੜੇ ਪਾਣੀ ਨਾਲ ਹੋਵੇ ਤਾਂ ਜੰਮ ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਜਿੱਥੇ ਧਰਤੀ ਹੇਠਲਾ ਪਾਣੀ ਮਾੜਾ ਹੈ, ਉਥੇ ਨਹਿਰੀ ਪਾਣੀ ਨਾਲ ਭਰਵੀਂ ਰੌਣੀ ਕਰਨੀ ਚਾਹੀਦੀ ਹੈ ਅਤੇ ਨਰਮਾ ਵੱਟਾਂ ਤੇ ਬੀਜਣ ਨੂੰ ਤਰਜੀਹ ਦੇਣੀ ਚਾਹੀਦੀ ਹੈ।ਬਾਅਦ ਵਿੱਚ ਮਾੜੇ ਪਾਣੀ ਨੂੰ ਇੱਕ ਖੇਲ ਛੱਡ ਕੇ ਲਾਉਣਾ ਚਾਹੀਦਾ ਹੈ।

ਇਸ ਤੋਂ ਇਲਾਵਾ, ਨਹਿਰੀ ਪਾਣੀ ਦੀ ਕਿੱਲਤ ਵਾਲੀਆਂ ਹਾਲਤਾਂ ਵਿੱਚ, ਨਹਿਰੀ ਅਤੇ ਲੂਣੇ ਪਾਣੀ ਨੂੰ ਤੁਪਕਾ ਸਿੰਚਾਈ ਪ੍ਰਣਾਲੀ ਰਾਹੀਂ ਹਲਕੀਆਂ ਜ਼ਮੀਨਾਂ ਵਿੱਚ ਅਦਲ-ਬਦਲ ਕੇ ਵਰਤਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਸ ਤਰ੍ਹਾਂ ਪਾਣੀ ਦੀ ਬੱਚਤ ਹੁੰਦੀ ਹੈ, ਝਾੜ ਵੱਧ ਮਿਲਦਾ ਹੈ ਅਤੇ ਜ਼ਮੀਨ ਦੀ ਸਿਹਤ ਬਰਕਰਾਰ ਰਹਿੰਦੀ ਹੈ। ਜਿੱਥੇ ਨਰਮੇ ਦੀ ਸਿੰਚਾਈ ਲੂਣੇ ਪਾਣੀ (ਚਾਲਕਤਾ 10 ਡੈਸੀਸੀਮਨ/ਮੀਟਰ ਤਕ) ਨਾਲ ਹੁੰਦੀ ਹੈ, ਉਹਨਾਂ ਜ਼ਮੀਨਾਂ ਵਿੱਚ 16 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਤੋਂ ਬਣੇ ਬਾਇਓਚਾਰ ਪਾਉਣ ਨਾਲ ਲੂਣੇ ਪਾਣੀ ਦੇ ਅਸਰ ਨੂੰ ਘਟਾਇਆ ਜਾ ਸਕਦਾ ਹੈ।

ਇਨ੍ਹਾਂ ਗੱਲਾਂ ਦਾ ਖਿਆਲ ਰੱਖ ਕੇ ਮਾੜੇ ਪਾਣੀ ਦੇ ਅਸਰ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਜਦ ਖਾਰੇ ਪਾਣੀ ਦੀ ਵਰਤੋਂ ਲਗਾਤਾਰ ਕਰਨੀ ਹੋਵੇ ਤਾਂ ਕਿਸਾਨਾਂ ਨੂੰ ਸਮੇਂ ਸਮੇਂ ਤੇ ਮਿੱਟੀ ਦੀ ਪਰਖ਼ ਕਰਾ ਕੇ ਲੂਣ ਬਣਨ ਦਾ ਨਿਰੀਖਣ ਰੱਖਣਾ ਚਾਹੀਦਾ ਹੈ। ਇਸ ਨਾਲ ਜ਼ਮੀਨ ਦੀ ਸਿਹਤ ਖਰਾਬ ਹੋਣ ਤੋਂ ਰੋਕਣ ਵਿੱਚ ਸਹਾਇਤਾ ਮਿਲਦੀ ਹੈ।

ਗੁਣ     

ਸਿੰਚਾਈ ਵਾਲੇ ਪਾਣੀ ਦੀ ਸ੍ਰੇਣੀ

ਵਰਤਣ ਯੋਗ               

ਖਾਸ ਸਿਫ਼ਾਰਸ਼ਾਂ ਅਧੀਨ ਵਰਤਣ ਯੋਗ

ਨਾ ਵਰਤਣ ਯੋਗ

ਚਾਲਕਤਾ (ਮਾਈਕਰੋਮਹੋਸ ਪ੍ਰਤੀ ਸੈ.ਮੀ.) 

2000 ਤੋਂ ਘੱਟ             

2000-4000

4000 ਤੋਂ ਵੱਧ

ਆਰ. ਐੱਸ. ਸੀ. (ਬਾਕੀ ਸੋਡੀਅਮ ਕਾਰਬੋਨੇਟ) (ਐੱਮ ਈ ਪ੍ਰਤੀ ਲਿਟਰ)

2.5 ਤੋਂ ਘੱਟ       

2.5-5.0         

5.0 ਤੋਂ ਵੱਧ

ਸਰੋਤ: ਵਿਵੇਕ ਕੁਮਾਰ, ਫ਼ਤਿਹਜੀਤ ਸਿੰਘ ਸੇਖੋਂ ਅਤੇ ਕਰਮਜੀਤ ਸ਼ਰਮਾ, ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ

Summary in English: Irrigation System: How to use brackish water efficiently for irrigation?

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters