1. Home
  2. ਖੇਤੀ ਬਾੜੀ

ਜਾਣੋ Dhingri Mushroom ਉਤਪਾਦਨ ਦੀ ਪੂਰੀ ਤਕਨੀਕ, ਸਿਰਫ਼ 2 ਮਹੀਨਿਆਂ ਵਿੱਚ ਹੋਵੇਗਾ ਤਗੜਾ ਮੁਨਾਫ਼ਾ

ਢੀਂਗਰੀ ਵੀ ਖੁੰਬਾਂ ਦੀ ਹੀ ਕਿਸਮ ਹੈ ਜੋ ਕਿ ਸ਼ਾਕਾਹਾਰੀ ਵਿਅਕਤੀਆਂ ਲਈ ਪੌਸ਼ਟਿਕ ਖੁਰਾਕ ਦਾ ਇਕ ਅਹਿਮ ਹਿੱਸਾ ਹੈ। ਇਸ ਨੂੰ ਜਾਪਾਨ, ਇਟਲੀ, ਫਰਾਂਸ, ਸਵਿਟਜ਼ਰਲੈਂਡ, ਹੰਗਰੀ, ਦੱਖਣੀ ਕੋਰੀਆ, ਥਾਈਲੈਂਡ ਅਤੇ ਚੀਨ ਵਿਚ ਕਾਫੀ ਕਾਸ਼ਤ ਕੀਤਾ ਜਾਂਦਾ ਹੈ। ਇਸਦੀ ਕਾਸ਼ਤ ਅਸਾਨ ਹੋਣ ਕਰਕੇ ਭਾਰਤ ਵਿਚ ਵੀ ਇਸ ਕਾਸ਼ਤ ਦਿਨ-ਬ-ਦਿਨ ਪ੍ਰਚੱਲਿਤ ਹੋ ਰਹੀ ਹੈ।

Gurpreet Kaur Virk
Gurpreet Kaur Virk
ਢੀਂਗਰੀ ਉਗਾਓ, ਪੌਸ਼ਟਿਕ ਖੁਰਾਕ ਖਾਓ

ਢੀਂਗਰੀ ਉਗਾਓ, ਪੌਸ਼ਟਿਕ ਖੁਰਾਕ ਖਾਓ

Dhingri Mushroom: ਢੀਂਗਰੀ ਵਿਚ ਪ੍ਰੋਟੀਨ, ਕਾਰਬੋਹਾਈਡਰੇਟਸ, ਖਣਿਜ ਅਤੇ ਵਿਟਾਮਿਨ ਕਾਫੀ ਮਾਤਰਾ ਵਿਚ ਹੁੰਦੇ ਹਨ ਜੋ ਕਿ ਖੁਸ਼ਬੂ ਅਤੇ ਸਵਾਦ ਵਿਚ ਭਰਪੂਰ ਵਾਧਾ ਕਰਦੇ ਹਨ ਅਤੇ ਇੰਨ੍ਹਾਂ ਨੂੰ ਹਾਸਲ ਕਰਨਾ ਬੜਾ ਸੌਖਾ ਹੈ। ਇਸ ਵਿਚ 90 ਫੀਸਦੀ ਪਾਣੀ, 3 ਤੋਂ 3.5 ਫੀਸਦੀ ਪ੍ਰੋਟੀਨ, 0.6 ਫੀਸਦੀ ਚਿਕਨਾਈ, ਵੱਖ-ਵੱਖ ਮਾਤਰਾ ਵਿਚ ਖਣਿਜ ਪਦਾਰਥ ਅਤੇ ਪਾਣੀ ਵਿਚ ਘੁਲਣਸ਼ੀਲ ਵਿਟਾਮਿਨ ਵੀ ਮੌਜੂਦ ਹੁੰਦੇ ਹਨ। ਇੰਨ੍ਹਾਂ ਤੋਂ ਸਾਨੂੰ ਫੋਲਿਕ ਐਸਿਡ ਜੋ ਕਿ ਲਹੂ ਬਣਾਉਣ ਵਾਲਾ ਤੱਤ ਹੈ ਵੀ ਪ੍ਰਾਪਤ ਹੁੰਦਾ ਹੈ। ਇਸ ਵਿਚ ਮੌਜੂਦ ਐਸਕਾਰਬਿਕ ਐਸਿਡ ਬੱਚਿਆਂ ਦੇ ਲਹੂ ਤੇ ਜਬਾੜੇ ਦੇ ਰੋਗ ਦੂਰ ਕਰਨ ਲਈ ਗੁਣਕਾਰੀ ਹੈ।

ਢੀਂਗਰੀ ਵਿਚ ਥਿੰਦਿਆਈ ਘੱਟ ਹੋਣ ਕਰਕੇ ਇਹ ਮੋਟਾਪੇ ਦਾ ਸ਼ਿਕਾਰ ਵਿਅਕਤੀਆਂ ਲਈ ਵਧੀਆ ਖੁਰਾਕ ਹੈ। ਇਸ ਵਿਚ ਕੁਝ ਅਜਿਹੇ ਖੁਰਾਕੀ ਤੱਤ ਮਿਲਦੇ ਹਨ ਜੋ ਕਿ ਸਰੀਰ ਵਿਚ ਕੀਟਾਣੂਆਂ ਅਤੇ ਵਿਸ਼ਾਣੂਆਂ ਨਾਲ ਟੱਕਰ ਲੈਣ ਦੇ ਸਮਰੱਥ ਹਨ। ਢੀਂਗਰੀ ਵਿਚ ਫੀਨੋਲਿਕਸ ਅਤੇ ਐਸਟਨੀਨ ਜਿਹੇ ਪਦਾਰਥ ਵੀ ਹਨ ਜੋ ਕਿ ਕਲੈਸਟਰੋਲ ਦੀ ਮਾਤਰਾ ਘਟਾਉਣ ਅਤੇ ਕੈਂਸਰ ਜਿਹੇ ਰੋਗਾਂ ਦੇ ਇਲਾਜ ਵਿਚ ਸਹਾਈ ਹੁੰਦੇ ਹਨ।

ਢੀਂਗਰੀ ਦੀਆਂ ਕਿਸਮਾਂ:

ਢੀਂਗਰੀ ਦਾ ਵਿਗਿਆਨਕ ਨਾਂ ਪਲਰੋਟਸ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪੰਜਾਬ ਦੇ ਮੌਸਮ ਅਨੁਸਾਰ 1. ਪਲਰੋਟਸ ਫਲੋਰੀਡਾ 2. ਪਲਰੋਟਸ ਸਜਰਕਾਜੂ 3. ਪਲਰੋਟਸ ਓਸਟਰੇਟਸ 4. ਪਲਰੋਟਸ ਇਰਿੰਜਾਈ ਨਾਮ ਦੀਆਂ ਚਾਰ ਕਿਸਮਾਂ ਦੀ ਸਿਫਾਰਿਸ਼ ਕੀਤੀ ਹੈ।

ਕਾਸ਼ਤ ਦਾ ਸਮਾਂ:

ਪੰਜਾਬ ਵਿਚ 15-25 ਸੈਂਟੀਗਰੇਡ ਤਾਪਮਾਨ ਢੀਂਗਰੀ ਦੀ ਕਾਸ਼ਤ ਲਈ ਬਹੁਤ ਹੀ ਅਨਕੂਲ ਹੈ। ਇਸ ਦੀ ਕਾਸ਼ਤ ਅਕਤੂਬਰ ਤੋਂ ਫਰਵਰੀ ਦੇ ਸ਼ੁਰੂ ਤੱਕ ਤੂੜੀ ਜਾਂ ਪਰਾਲੀ ਵਿਚ ਬਿਨਾਂ ਕੰਪੋਸਟ ਤਿਆਰ ਕੀਤਿਆਂ ਪਲਾਸਟਿਕ ਦੇ ਲਿਫਾਫਿਆਂ ਵਿਚ ਕੁਦਰਤੀ ਮੌਸਮ ਅਨੁਸਾਰ ਕੀਤੀ ਜਾ ਸਕਦੀ ਹੈ ਅਤੇ ਇਸ ਦੀਆਂ ਤਿੰਨ ਫਸਲਾਂ ਲਈਆਂ ਜਾ ਸਕਦੀਆਂ ਹਨ। ਮੌਸਮ ਅਨੁਸਾਰ ਫਰਵਰੀ ਦੀ ਬੀਜਾਈ ਵਾਲਾ ਸਮਾਂ ਬਦਲ ਵੀ ਸਕਦਾ ਹੈ। ਇਸਦਾ ਉਤਪਾਦਨ ਚੱਕਰ ਬਹੁਤ ਛੋਟਾ ਭਾਵ ਬੀਜਾਈ ਕਰਨ ਤੋਂ ਬਾਅਦ 25 ਤੋਂ 30 ਦਿਨ ਬਾਅਦ ਉਤਪਾਦਨ ਆਉਣ ਕਰਕੇ ਇਸਦੀ ਕਾਸ਼ਤ ਬੜੀ ਪ੍ਰਚੱਲਤ ਹੋ ਰਹੀ ਹੈ।ਇਸ ਨੂੰ ਪੈਦਾ ਕਰਨ ਲਈ ਕਿਸੇ ਖਾਦ ਜਾਂ ਦਵਾਈ ਦੀ ਲੋੜ ਨਹੀ ਪੈਂਦੀ ਇਸ ਲਈ ਇਸਦਾ ਰਸਾਇਣਾਂ ਰਹਿਤ ਕੀਤਾ ਉਤਪਾਦਨ ਮਨੁੱਖੀ ਸਿਹਤ ਤੇ ਮਾਰੂ ਅਸਰ ਨਹੀ ਕਰਦਾ।

ਲੋੜੀਦੇ ਪਦਾਰਥ:

ਚਾਰ ਲਿਫਾਫਿਆਂ ਵਿਚ ਢੀਂਗਰੀ ਦੀ ਕਾਸ਼ਤ ਲਈ ਲੋੜੀਂਦੇ ਪਦਾਰਥ:

1. ਸਾਫ ਤੂੜੀ ਜਾਂ ਕੁਤਰੀ ਪਰਾਲੀ 16-18 ਕਿੱਲੋ
2. ਪਾਰਦਰਸ਼ੀ ਪਲਾਸਟਿਕ ਲਿਫਾਫੇ 4 (ਆਕਾਰ 18ਣ12 ਇੰਚ)
3. ਢੀਂਗਰੀ ਸਪਾਨ (ਬੀਜ) 1 ਕਿੱਲੋ
4. ਸੇਬਾ/ਰੱਸੀ 4 ਪੀਸ

ਲੋੜ ਅਨੁਸਾਰ ਜੇਕਰ ਜ਼ਿਆਦਾ ਲਿਫਾਫੇ ਲਗਾਉਣੇ ਹਨ ਤਾਂ ਇਸੇ ਅਨੁਪਾਤ ਵਿਚ ਪਦਾਰਥ ਵਧਾਏ ਜਾ ਸਕਦੇ ਹਨ।

ਤਿਆਰੀ:

ਲੋੜੀਂਦੀ ਮਾਤਰਾ ਵਿਚ ਤੂੜੀ ਜਾਂ 2-3 ਇੰਚ ਕੁਤਰੀ ਪਰਾਲੀ ਨੂੰ ਪੱਕੇ ਫਰਸ਼ ਤੇ ਵਿਛਾ ਕੇ ਉਸ ਨੂੰ 16-20 ਘੰਟੇ ਚੰਗੀ ਤਰ੍ਹਾਂ ਸਾਫ ਪਾਣੀ ਨਾਲ ਗਿੱਲਾ ਕਰੋ ਤਾਂ ਕਿ ਉਸ ਵਿਚ 70-75% ਨਮੀ ਆ ਜਾਵੇ।ਨਮੀ ਦੀ ਪਰਖ ਕਰਨ ਲਈ ਤੂੜੀ ਜਾਂ ਪਰਾਲੀ ਨੂੰ ਮੁੱਠੀ ਵਿਚ ਭਰ ਕੇ ਚੰਗੀ ਤਰ੍ਹਾਂ ਨੱਪੋ, ਜੇਕਰ ਉਂਗਲਾਂ ਵਿਚੋ ਪਾਣੀ ਦੀਆਂ ਕੁਝ ਬੂੰਦਾਂ ਬਾਹਰ ਨਿਕਲਣ ਤਾਂ ਸਮਝੋ ਕਿ ਲੋੜੀਂਦੀ ਮਾਤਰਾ ਵਿਚ ਨਮੀਂ ਆ ਗਈ ਹੈ, ਜੇਕਰ ਪਾਣੀ ਦੀਆਂ ਬੂੰਦਾਂ ਨਾ ਨਿਕਲਣ ਤਾਂ ਲੋੜ ਅਨੁਸਾਰ ਪਾਣੀ ਹੋਰ ਪਾ ਲਓ ਅਤੇ ਜੇਕਰ ਪਾਣੀ ਜ਼ਿਆਦਾ ਹੋਵੇ ਤਾਂ ਗਿੱਲੀ ਤੂੜੀ ਜਾਂ ਪਰਾਲੀ ਨੂੰ ਲੇਟਵੀਂ ਥਾਂ ਤੇ ਪਾ ਦਿਓ ਤਾਂ ਕਿ ਵਾਧੂ ਪਾਣੀ ਨਿੱਕਲ ਜਾਵੇ।ਬੀਜਾਈ ਸਮੇਂ ਸਹੀ ਮਾਤਰਾ ਵਿਚ ਨਮੀਂ ਰੱਖਣੀ ਬਹੁਤ ਜਰੂਰੀ ਹੈ।

ਇਹ ਵੀ ਪੜ੍ਹੋ: Betel Farming: ਆਪਣੇ ਘਰ ਵਿੱਚ ਆਸਾਨੀ ਨਾਲ ਕਰੋ ਪਾਨ ਦੀ ਖੇਤੀ, ਇਨ੍ਹਾਂ ਜ਼ਰੂਰੀ ਗੱਲਾਂ ਵੱਲ ਦਿਓ ਧਿਆਨ

ਬੀਜਾਈ ਦਾ ਢੰਗ: 

ਵੱਖ-ਵੱਖ ਆਕਾਰ ਦੇ ਲਿਫਾਫੇ (ਸਾਈਜ਼ ਇੰਚ) ਜਿਵੇਂ 18"ਯ12", 20"ਯ16" ਅਤੇ 24"ਯ16" ਵਿਚ ਕ੍ਰਮਵਾਰ 4,7 ਅਤੇ 9 ਕਿੱਲੋ ਗਿੱਲੀ ਤੂੜੀ ਜਾਂ ਪਰਾਲੀ ਪੈ ਜਾਂਦੀ ਹੈ।ਬੀਜਾਈ ਵੇਲੇ ਢੀਂਗਰੀ ਦਾ ਬੀਜ (ਸਪਾਨ) 10% ਸੁੱਕੀ ਤੂੜੀ ਦੇ ਹਿਸਾਬ ਪਾਇਆ ਜਾਂਦਾ ਹੈ। ਬੀਜਾਈ ਹਮੇਸ਼ਾ ਪੱਕੇ/ ਇੱਟਾਂ ਦੇ ਫਰਸ਼ ਜਾਂ ਤਰਪਾਲ/ ਪਲਾਸਟਿਕ ਸ਼ੀਟ ਵਿਛਾ ਕੇ ਕਰਨੀ ਚਾਹੀਦੀ ਹੈ ਅਤੇ ਤੂੜੀ ਜਾਂ ਪਰਾਲੀ ਨੂੰ ਮਿੱਟੀ ਨਹੀ ਲੱਗਣੀ ਚਾਹੀਦੀ। ਢੀਂਗਰੀ ਦੀ ਬੀਜਾਈ ਦੋ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ:

ਪਹਿਲੇ ਤਰੀਕੇ ਅਨੁਸਾਰ ਪਲਾਸਟਿਕ ਲਿਫਾਫੇ ਨੂੰ 3 ਇੰਚ ਤੱਕ ਗਿੱਲੀ ਤੂੜੀ ਜਾਂ ਪਰਾਲੀ ਨਾਲ ਭਰ ਦਿੱਤਾ ਜਾਂਦਾ ਹੈ ਅਤੇ ਇਸ ਉਪਰ ਥੋੜਾ-ਥੋੜਾ ਬੀਜ ਵਿਛਾ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਹੱਥ ਨਾਲ ਹਲਕਾ ਜਿਹਾ ਦਬਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ 3-3 ਇੰਚ ਤੇ ਬਾਕੀ ਤਹਿਆਂ ਵਿਚ ਵੀ ਬਰਾਬਰ ਬੀਜ ਪਾਉਂਦੇ ਹੋਏ ਅਤੇ ਦਬਾਉਦੇਂ ਹੋਏ ਅਖੀਰਲੀ ਤਹਿ ਤੇ ਇਕਸਾਰ ਬੀਜ ਵਿਛਾ ਕੇ ਉਸਨੂੰ ਹਲਕੀ ਜਿਹੀ ਤੂੜੀ ਜਾਂ ਕੁਤਰੀ ਪਰਾਲੀ ਨਾਲ ਢੱਕਦੇ ਹੋਏ ਲਿਫਾਫੇ ਨੂੰ ਉਪਰੋ ਸੇਬੇ ਨਾਲ ਬੰਨ ਦਿੳ। ਤੂੜੀ ਜਾਂ ਪਰਾਲੀ ਵਿਚ ਬੀਜ ਪਾਉਂਦੇ ਹੋਏ ਇਸ ਗੱਲ ਦਾ ਧਿਆਨ ਰੱਖੋ ਕਿ ਬੀਜ ਲਿਫਾਫੇ ਦੇ ਸਿਰਿਆਂ ਤੇ ਜ਼ਿਆਦਾ ਪਾਉਣਾਂ ਹੈ ਅਤੇ ਵਿਚਕਾਰਲੇ ਹਿੱਸੇ ਵਿਚ ਥੋੜਾ ਘੱਟ। ਲਿਫਾਫੇ ਨੂੰ ਉਪਰ ਤੋਂ ਬੰਨਣ ਤੋਂ ਬਾਅਦ ਇਸਦੇ ਹੇਠਲੇ ਪਾਸੇ ਤੋਂ ਦੋਵਾਂ ਕੋਨਿਆਂ ਨੂੰ ਕੱਟ ਦਿਉ ਤਾਂ ਕਿ ਵਾਧੂ ਪਾਣੀ ਬਾਹਰ ਨਿਕਲ ਸਕੇ।

ਦੂਸਰੇ ਤਰੀਕੇ ਅਨੁਸਾਰ ਪਲਾਸਟਿਕ ਲਿਫਾਫੇ ਅਨੁਸਾਰ ਜਿੰਨੀ ਤੂੜੀ ਜਾਂ ਪਰਾਲੀ ਪੈਂਦੀ ਹੈ, ਉਸ ਨੂੰ ਲੈ ਕੇ ਉਸ ਵਿਚ ਲੋੜੀਂਦੀ ਮਾਤਰਾ ਵਿਚ ਬੀਜ ਪਾ ਕੇ ਚੰਗੀ ਤਰ੍ਹਾਂ ਰਲਾ ਕੇ ਲਿਫਾਫੇ ਨੂੰ ਭਰ ਕੇ ਉਪਰੋਂ ਸੇਬਾ ਨਾਲ ਬੰਨ ਕੇ ਇਸਦੇ ਹੇਠਲੇ ਪਾਸੇ ਤੋਂ ਦੋਵਾਂ ਕੋਨਿਆਂ ਨੂੰ ਕੱਟ ਦਿਉ।

ਲਿਫਾਫਿਆਂ ਦੀ ਸਾਂਭ ਸੰਭਾਲ:

ਇੰਨ੍ਹਾਂ ਭਰੇ ਹੋਏ ਲਿਫਾਫਿਆਂ ਨੂੰ ਹਵਾਦਾਰ ਕਮਰੇ ਵਿਚ ਸ਼ੈਲਫਾਂ ਤੇ ਫਾਸਲੇ ਤੇ ਰੱਖੋ ਤਾਂ ਕਿ ਇੰਨ੍ਹਾਂ ਨੂੰ ਚੰਗੀ ਤਰ੍ਹਾਂ ਰੌਸ਼ਨੀ ਮਿਲ ਸਕੇ।ਕਮਰੇ ਦਾ ਤਾਪਮਾਨ 18-25 ਸੈਂਟੀਗਰੇਡ ਹੋਣਾ ਚਾਹੀਦਾ ਹੈ।ਜਦ ਤੱਕ ਲਿਫਾਫੇ ਬੰਦ ਹਨ, ਉਦੋਂ ਤੱਕ ਉੰਨ੍ਹਾਂ ਨੂੰ ਪਾਣੀ ਲਗਾਉਣ ਦੀ ਲੋੜ ਨ੍ਹਹੀ ਹੁੰਦੀ। ਕੁਝ ਦਿਨਾਂ ਵਿਚ ਹੀ ਬੀਜ ਸਾਰੀ ਤੂੜੀ ਜਾਂ ਪਰਾਲੀ ਵਿਚ ਉੱਲੀ ਨੂੰ ਫੈਲਾ ਦੇਵੇਗਾ ਅਤੇ ਲਿਫਾਫੇ ਚਿੱਟੀ ਜਿਹੇ ਵਿਖਾਈ ਦੇਣ ਲੱਗ ਪੈਣਗੇ। ਜਦੋਂ ਲਿਫਾਫੇ ਲਗਭਗ 80% ਚਿੱਟੇ ਹੋ ਜਾਣ ਅਤੇ ਉਸ ਵਿਚੋ ਛੋਟੀ-ਛੋਟੀ ਢੀਂਗਰੀ ਵਿਖਾਈ ਦੇਣ ਲੱਗ ਪਏ ਤਾਂ ਲਿਫਾਫਿਆਂ ਨੂੰ ਬਲੇਡ ਨਾਲ ਪਾੜ ਕੇ ਵੱਖ ਕਰ ਦਿਉ ਅਤੇ ਤੂੜੀ ਜਾਂ ਪਰਾਲੀ ਦੇ ਢੇਲੇ ਨੰ ਇੱਟ ਉੱਤੇ ਰੱਖ ਕੇ ਸਾਫ ਸੁਥਰੇ ਪੰਪ ਨਾਲ ਪਾਣੀ ਦਾ ਛਿੜਕਾਅ ਕਰੋ ਅਤੇ ਸਿੱਲਾ ਰੱਖੋ ਤਾਂ ਕਿ ਫੈਲੀ ਹੋਈ ਉੱਲੀ ਸੁੱਕ ਨਾ ਜਾਵੇ।ਇਹ ਢੇਲਾ ਤਾਂ ਹੀ ਬਣਿਆ ਰਹੇਗਾ ਜੇਕਰ ਲਿਫਾਫੇ ਭਰਦੇ ਸਮੇਂ ਤੂੜੀ ਜਾਂ ਪਰਾਲੀ ਨੱਪ ਕੇ ਭਰੀ ਹੋਵੇਗੀ।ਇਸ ਸਮੇਂ ਕਮਰੇ ਦਾ ਤਾਪਮਾਨ 15-18 ਸੈਂਟੀਗਰੇਡ ਅਤੇ ਨਮੀਂ 60-80% ਹੋਣੀ ਚਾਹੀਦੀ ਹੈ। 

ਫਸਲ ਦੀ ਤੁੜਾਈ ਅਤੇ ਸੰਭਾਲ: 

ਬੀਜਾਈ ਤੋਂ ਚਾਰ-ਪੰਜ ਹਫਤਿਆਂ ਬਾਅਦ ਛੋਟੀ-ਛੋਟੀ ਢੀਂਗਰੀ ਦਿਸਣੀ ਸ਼ੁਰੂ ਹੋ ਜਾਂਦੀ ਹੈ, ਜੋ ਕਿ ਚਾਰ-ਪੰਜ ਦਿਨਾਂ ਵਿਚ ਹੀ ਆਪਣਾ ਪੂਰਾ ਆਕਾਰ ਬਣਾ ਲੈਂਦੀ ਹੈ। ਜਦੋਂ ਇਸਦੇ ਸਿਰੇ ਅੰਦਰ ਨੂੰ ਮੁੜਨ ਲੱਗ ਪੈਣ ਤਾਂ ਸਮਝੋ ਕਿ ਇਹ ਤੋੜਨ ਯੋਗ ਹੈ। ਤੋੜਨ ਵੇਲੇ ਢੀਂਗਰੀ ਨੂੰ ਇੱਕ ਹੱਥ ਨਾਲ ਮੁੱਢ ਤੋਂ ਫੜ ਕੇ ਦੂਜੇ ਹੱਥ ਨਾਲ  ਹਲਕਾ ਜਿਹਾ ਮਰੋੜਾ ਦੇ ਕੇ ਤੋੜਨਾਂ ਚਾਹੀਦਾ ਹੈ ਤਾਂ ਕਿ ਨਾਲ ਹੋਰ ਨਿਕਲ ਰਹੀ ਢੀਂਗਰੀ ਨੂੰ ਨੁਕਸਾਨ ਨਾ ਪਹੁੰਚੇ।ਇਕ ਲਿਫਾਫੇ ਵਿਚੋਂ ਤਿੰਨ-ਚਾਰ ਪੂਰ ਵਿਚ ਲਗਭਗ ਡੇਢ ਤੋਂ ਦੋ ਕਿੱਲੋ ਤਾਜ਼ੀ ਢੀਂਗਰੀ ਪ੍ਰਾਪਤ ਹੋ ਜਾਂਦੀ ਹੈ।ਇਸਦੀ ਸਾਰੀ ਉਪਜ ਖਾਣਯੋਗ ਹੁੰਦੀ ਹੈ ਅਤੇ ਇਸਦੇ 100-200 ਗ੍ਰਾਮ ਦੇ ਪੈਕਟ ਬਣਾ ਕੇ ਵੇਚਿਆ ਜਾ ਸਕਦਾ ਹੈ। ਇਹ ਬਹੁਤ ਅਸਾਨੀ ਨਾਲ ਸੁਕਾਈ ਜਾ ਸਕਦੀ ਹੈ।ਇਸ ਲਈ ਆਮ ਦਿਨ ਦੀਆਂ ਤਿੰਨ-ਚਾਰ ਧੁੱਪਾਂ  ਵਿਚ ਸੁਕਾਇਆ ਜਾ ਸਕਦਾ ਹੈ ਅਤੇ ਸੁੱਕ ਕੇ ਇਹ 10% ਰਹਿ ਜਾਂਦੀ ਹੈ। ਸੁੱਕੀ ਢੀਂਗਰੀ ਨੂੰ ਵੀ ਹਵਾ-ਬੰਦ ਪਲਾਸਟਿਕ ਦੇ ਲਿਫਾਫਿਆਂ ਵਿਚ ਰੱਖਿਆ ਜਾ ਸਕਦਾ ਹੈ ਜਿਸ ਨਾਲ ਇਸਦੀ ਮਿਆਦ ਵੱਧ ਜਾਂਦੀ ਹੈ।

ਇਹ ਵੀ ਪੜ੍ਹੋ: Guidelines For Maize: ਪੰਜਾਬ ਵਿੱਚ ਮੱਕੀ ਦੀ ਕਾਸ਼ਤ ਲਈ ਦਿਸ਼ਾ ਨਿਰਦੇਸ਼ ਜਾਰੀ

ਢੀਂਗਰੀ ਦੀ ਵਰਤੋਂ:

ਇਸ ਦੀ ਵਰਤੋਂ ਰਲੀ-ਮਿਲੀ ਸਬਜ਼ੀ, ਸੁੱਕੀ ਸਬਜ਼ੀ, ਸੂਪ ਜਾਂ ਪਕੌੜੇ ਬਣਾਉਣ ਵਿਚ ਕੀਤੀ ਜਾ ਸਕਦੀ ਹੈ।ਜੇਕਰ ਢੀਂਗਰੀ ਸੁਕਾ ਕੇ ਰੱਖੀ ਹੈ ਤਾਂ ਇਸ ਨੂੰ ਬਣਾਉਣ ਤੋਂ ਪਹਿਲਾਂ ਰਾਤ ਭਰ ਪਾਣੀ ਵਿਚ ਭਿਉਂ ਦਿੱਤਾ ਜਾਂਦਾ ਹੈ ਅਤੇ ਸਵੇਰ ਨੂੰ ਇਹ ਵਰਤੋਂਯੋਗ ਹੋ ਜਾਂਦੀ ਹੈ।

ਬੀਜ (ਸਪਾਨ) ਪ੍ਰਾਪਤੀ ਸੋਮਾਂ:

ਇਸਦਾ ਬੀਜ (ਸਪਾਨ) ਬਾਗਬਾਨੀ ਵਿਭਾਗ ਪੰਜਾਬ ਦੇ ਦਫਤਰਾਂ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਈਕਰੋਬਾਇਲੋਜੀ ਵਿਭਾਗ ਤੋਂ ਅਕਤੂਬਰ ਤੋਂ ਜਨਵਰੀ ਤੱਕ ਪ੍ਰਾਪਤ ਕੀਤਾ ਜਾ ਸਕਦਾ ਹੈ।

ਢੀਂਗਰੀ ਦੇ ਮਿਤੀਵਾਰ ਕੰਮਾਂ ਦਾ ਵੇਰਵਾ:

ਕੰਮ ਦਾ ਵੇਰਵਾ

ਪਹਿਲੀ ਫਸਲ

ਦੂਸਰੀ ਫਸਲ

ਤੀਸਰੀ ਫਸਲ

ਤੂੜੀ ਨੂੰ ਗਿੱਲਾ ਕਰਨਾ

1-5 ਅਕਤੂਬਰ

1-5 ਦਸੰਬਰ

1-2 ਫਰਵਰੀ

ਲਿਫਾਫੇ ਭਰਨਾ ਅਤੇ ਬੀਜਾਈ ਕਰਨਾ

2-6 ਅਕਤੂਬਰ

2- 6 ਦਸੰਬਰ

2-3 ਫਰਵਰੀ

*ਲਿਫਾਫਿਆਂ ਨੂੰ ਖੋਲਣਾ

20 ਅਕਤੂਬਰ

20 ਦਸੰਬਰ

20 ਫਰਵਰੀ

*ਫਸਲ ਦੀ ਪ੍ਰਾਪਤੀ

25 ਅਕਤੂਬਰ ਤੋਂ

*ਫਸਲ ਦੀ ਪ੍ਰਾਪਤੀ

25 ਅਕਤੂਬਰ ਤੋਂ

ਵਰਤੇ ਹੋਏ ਲਿਫਾਫਿਆਂ ਨੂੰ ਕੱਢਣਾ

30 ਨਵੰਬਰ

30 ਜਨਵਰੀ

30 ਮਾਰਚ

* ਮੌਸਮ ਅਤੇ ਕਮਰੇ ਦੇ ਤਾਪਮਾਨ ਅਨੁਸਾਰ ਇਹ ਸਮਾਂ ਤਬਦੀਲ ਵੀ ਹੋ ਸਕਦਾ ਹੈ।

ਢੀਂਗਰੀ ਮਸ਼ਰੂਮ ਤੋਂ ਆਮਦਨ

ਰਵਾਇਤੀ ਫਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਕੋਲ ਬਿਜਾਈ ਅਤੇ ਵਾਢੀ ਦੇ ਵਿਚਕਾਰ ਲੰਮਾ ਸਮਾਂ ਹੁੰਦਾ ਹੈ। ਇਸ ਦੌਰਾਨ, ਤੁਸੀਂ ਢੀਂਗਰੀ ਮਸ਼ਰੂਮ ਪੈਦਾ ਕਰਕੇ ਆਸਾਨੀ ਨਾਲ ਵਾਧੂ ਆਮਦਨ ਕਮਾ ਸਕਦੇ ਹੋ। ਢੀਂਗਰੀ ਮਸ਼ਰੂਮ ਫਾਰਮਿੰਗ ਦੀ ਸ਼ੁਰੂਆਤੀ ਲਾਗਤ 6 ਤੋਂ 7 ਹਜ਼ਾਰ ਰੁਪਏ ਹੈ, ਜੋ ਅਗਲੇ 2 ਮਹੀਨਿਆਂ ਵਿੱਚ 20,000 ਰੁਪਏ ਦੇ ਮੁਨਾਫ਼ੇ ਵਿੱਚ ਬਦਲ ਜਾਂਦੀ ਹੈ।

ਸਰੋਤ: ਡਾ. ਸੁਖਦੀਪ ਸਿੰਘ ਹੁੰਦਲ, ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ-ਕਮ-ਸਟੇਟ ਨੋਡਲ ਅਫਸਰ, ਘਰੇਲੂ ਬਗੀਚੀ, ਪੰਜਾਬ।

Summary in English: Know the complete technique of Dhingri Mushroom production, earn good profit by farming

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters