Mustard Pests and Diseases: ਸਰ੍ਹੋਂ ਦਾ ਤੇਲ ਭਾਰਤੀ ਖਾਣੇ ਦਾ ਇੱਕ ਪ੍ਰਮੁੱਖ ਅੰਗ ਹੈ ਜਿਹੜਾ ਕਿ ਸਿਰਫ ਖਾਣੇ ਦਾ ਸੁਆਦ ਹੀ ਨਹੀਂ ਵਧਾਉਂਦਾ ਸਗੋਂ ਉਸ ਦੀ ਪੌਸ਼ਟਿਕਤਾ ਵੀ ਵਧਾਉਂਦਾ ਹੈ। ਪੰਜਾਬ ਵਿੱਚ ਸਰ੍ਹੋਂ ਹੇਠ ਜਿਆਦਾ ਰਕਬਾ ਦੱਖਣ-ਪੱਛਮੀ ਜ਼ਿਲ੍ਹਿਆਂ ਵਿੱਚ ਪਾਇਆ ਜਾਂਦਾ ਹੈ। ਜਿਸ ਵਿੱਚ ਜਿਆਦਾਤਰ ਰਕਬਾ ਰਾਇਆ ਦੇ ਹੇਠਾਂ ਹੈ ਜਦੋਂਕਿ ਬਾਕੀ ਜ਼ਿਲ੍ਹਿਆਂ ਵਿੱਚ ਗੋਭੀ ਸਰ੍ਹੋਂ ਦੀ ਕਾਸ਼ਤ ਜਿਆਦਾ ਹੈ।
ਸਰ੍ਹੋਂ ਦੀ ਫਸਲ ਦੇ ਝਾੜ ਘੱਟਣ ਦਾ ਮੁੱਖ ਕਾਰਨ ਕੀੜੇ-ਮਕੌੜੇ ਅਤੇ ਬਿਮਾਰੀਆਂ ਹਨ। ਮੁੱਖ ਬਿਮਾਰੀਆਂ ਝੁਲਸ ਰੋਗ, ਚਿੱਟੀ ਕੁੰਗੀ ਅਤੇ ਤਣੇ ਦਾ ਗਾਲ੍ਹਾ ਹਨ ਅਤੇ ਕੀੜਿਆਂ ਵਿੱਚੋਂ ਮੁੱਖ ਕੀੜਾ ਤੇਲਾ ਹੈ। ਇਨ੍ਹਾਂ ਦੀ ਰੋਕਥਾਮ ਲਈ ਇਨ੍ਹਾਂ ਦੀ ਆਮਦ ਬਾਰੇ ਜਾਣਕਾਰੀ ਅਤੇ ਨਿਸ਼ਾਨੀਆਂ ਦੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਤਾਂ ਕਿ ਸਮੇਂ ਸਿਰ ਰੋਕਥਾਮ ਵਾਸਤੇ ਉਪਰਾਲੇ ਕੀਤੇ ਜਾ ਸਕਣ। ਇਸ ਲੇਖ ਰਾਹੀਂ ਇਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
1. ਕਾਲੇ ਧੱਬੇ (ਝੁਲਸ ਰੋਗ): ਇਹ ਬਿਮਾਰੀ ਸਰੋਂ ਜਾਤੀ ਦੀਆਂ ਸਾਰੀਆਂ ਕਿਸਮਾਂ ਤੇ ਹਮਲਾ ਕਰਦੀ ਹੈ। ਇਸ ਦੀ ਸ਼ੁਰੂਆਤ ਤਕਰੀਬਨ ਦਸੰਬਰ ਮਹੀਨੇ ਦੇ ਆਖਰੀ ਹਫਤੇ ਹੁੰਦੀ ਹੈ ਜਿਸ ਦੀਆਂ ਨਿਸ਼ਾਨੀਆਂ ਹੇਠਲੇ ਪੱਤਿਆਂ ਉੱਪਰ ਬਹੁਤ ਛੋਟੇ-ਛੋਟੇ ਕਾਲੇ ਰੰਗ ਦੇ ਟਿਮਕਣਿਆਂ ਵਾਂਗ ਨਜ਼ਰ ਆਉਂਦੀਆਂ ਹਨ। ਸਮੇਂ ਦੇ ਨਾਲ ਇਨ੍ਹਾਂ ਧੱਬਿਆਂ ਦਾ ਆਕਾਰ ਵੱਧਦਾ ਰਹਿੰਦਾ ਹੈ ਅਤੇ ਇਨ੍ਹਾਂ ਉੱਪਰ ਕਾਲੇ ਰੰਗ ਦੇ ਚੱਕਰ ਨਜ਼ਰ ਆਉਂਦੇ ਹਨ। ਇਹ ਕਾਲੇ ਰੰਗ ਦੇ ਚੱਕਰ ਅਸਲ ਵਿੱਚ ਇਸ ਬਿਮਾਰੀ ਦੇ ਕਣ ਹੁੰਦੇ ਹਨ ਜੋ ਹਵਾ ਰਾਹੀਂ ਉੱਪਰਲੇ ਪੱਤਿਆਂ, ਫਲੀਆਂ ਅਤੇ ਨਾਲ ਦੇ ਖੇਤਾਂ ਤੱਕ ਚਲੇ ਜਾਂਦੇ ਹਨ। ਇਨ੍ਹਾਂ ਧੱਬਿਆਂ ਦਾ ਵਾਧਾ ਜਨਵਰੀ-ਫਰਵਰੀ ਵਿੱਚ ਬਾਰਿਸ਼ ਹੋਣ ਤੋਂ ਬਾਅਦ ਬਹੁਤ ਤੇਜ਼ੀ ਨਾਲ ਹੁੰਦਾ ਹੈ ਅਤੇ ਫਸਲ ਕੁਝ ਦਿਨ੍ਹਾਂ ਵਿੱਚ ਹੀ ਝੁਲਸੀ ਹੋਈ ਨਜ਼ਰ ਆਉਣ ਲੱਗ ਪੈਂਦੀ ਹੈ।
ਫਲ਼ੀਆਂ ਉੱਪਰ ਇਹ ਨਿਸ਼ਾਨੀਆਂ ਗੂੜ੍ਹੇ ਕਾਲੇ ਰੰਗ ਦੇ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੀਆਂ ਹਨ ਅਤੇ ਇਨ੍ਹਾਂ ਫਲੀਆਂ ਵਿੱਚ ਦਾਣੇ ਨਹੀਂ ਬਣਦੇ ਜਾਂ ਬਹੁਤ ਘੱਟ ਬਣਦੇ ਹਨ। ਇਹ ਦਾਣੇ ਸੁੰਗੜੇ ਹੋਏ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਤੇਲ ਦੀ ਮਾਤਰਾ ਵੀ ਕਾਫੀ ਘੱਟ ਜਾਂਦੀ ਹੈ । ਇਹੀ ਕਾਰਨ ਹੈ ਕਿ ਇਸ ਬਿਮਾਰੀ ਨਾਲ ਝਾੜ੍ਹ ਅਤੇ ਤੇਲ ਦੀ ਮਾਤਰਾ ਉੱਪਰ ਬਹੁਤ ਜਿਆਦਾ ਅਸਰ ਪੈਂਦਾ ਹੈ। ਇਹ ਬਿਮਾਰੀ ਪੈਦਾ ਕਰਨ ਵਾਲੀ ਉੱਲੀ ਪਿਛਲੇ ਸਾਲ ਦੀ ਰਹਿੰਦ-ਖੂੰਹਦ ਜਾਂ ਨਦੀਨਾਂ ਉੱਪਰ ਪਲਦੀ ਰਹਿੰਦੀ ਹੈ ਅਤੇ ਸਮਾਂ ਆਉਣ ਤੇ ਸਰੋਂ ਉੱਪਰ ਹਮਲਾ ਕਰਦੀ ਹੈ। ਸਮੇਂ ਸਿਰ ਬੀਜੀ ਹੋਈ ਫਸਲ ਅਤੇ ਖਾਦਾਂ ਖਾਸ ਕਰਕੇ ਯੂਰੀਆ ਦੀ ਸਹੀ ਮਿਕਦਾਰ ਵਿੱਚ ਵਰਤੋਂ ਕਰਨ ਨਾਲ ਇਸ ਬਿਮਾਰੀ ਤੋਂ ਕਾਫੀ ਹੱਦ ਤੱਕ ਬਚਾਅ ਕੀਤਾ ਜਾ ਸਕਦਾ ਹੈ।
2. ਚਿੱਟੀ ਕੁੰਗੀ: ਇਹ ਬਿਮਾਰੀ ਸਰੋਂ ਦੀਆਂ ਸਿਰਫ ਰਾਇਆ ਕਿਸਮਾਂ ਤੇ ਹੀ ਹਮਲਾ ਕਰਦੀ ਹੈ।ਜਦੋਂ ਕਿ ਗੋਭੀ ਸਰੋਂ, ਅਫਰੀਕਨ ਸਰੋਂ ਅਤੇ ਤੋਰੀਏ ਨੂੰ ਇਹ ਬਿਮਾਰੀ ਨਹੀਂ ਲੱਗਦੀ।ਇਸ ਦੀ ਉੱਲੀ ਦੇ ਕਣ ਪੁਰਾਣੀ ਫਸਲ ਦੀ ਰਹਿੰਦ-ਖੂੰਹਦ ਅਤੇ ਜ਼ਮੀਨ ਵਿੱਚ ਪਲਦੇ ਹਨ। ਇਹ ਬਿਮਾਰੀ ਵੀ ਦਸੰਬਰ ਦੇ ਅਖੀਰਲੇ ਹਫਤੇ ਤੋਂ ਜਨਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਦਿਖਾਈ ਦਿੰਦੀ ਹੈ।ਇਸ ਦੀਆਂ ਨਿਸ਼ਾਨੀਆਂ ਪੱਤਿਆਂ ਦੇ ਹੇਠਲੇ ਪਾਸੇ ਛੋਟੇ-ਛੋਟੇ ਕਰੀਮੀ ਚਿੱਟੇ ਰੰਗ ਦੇ ਦਾਣੇਦਾਰ ਧੱਬਿਆਂ ਦੇ ਰੂਪ ਵਿੱਚ ਨਜ਼ਰ ਆਉਂਦੀਆਂ ਹਨ ਜਦੋਂ ਕਿ ਪੱਤਿਆਂ ਦੇ ਉਪਰਲੇ ਪਾਸੇ ਹਲਕੇ ਹਰੇ ਚੱਟਾਖ ਨਜ਼ਰ ਆਉਂਦੇ ਹਨ। ਜਿਆਦਾ ਗੰਭੀਰ ਹਾਲਤ ਵਿੱਚ ਇਹ ਨਿਸ਼ਾਨੀਆਂ ਤਣੇ ਅਤੇ ਫਲੀਆਂ ਉੱਪਰ ਵੀ ਨਜ਼ਰ ਆਉਂਦੀਆਂ ਹਨ।
ਕਈ ਵਾਰੀ ਟਾਹਣੀਆਂ ਦੀਆਂ ਕਰੂੰਬਲਾਂ ਮੁੜੀਆਂ ਅਤੇ ਫੁੱਲੀਆਂ ਨਜ਼ਰ ਆਉਂਦੀਆਂ ਹਨ ਅਤੇ ਇਨ੍ਹਾਂ ਉੱਤੇ ਕੋਈ ਫਲੀਆਂ ਨਹੀਂ ਬਣਦੀਆਂ। ਇਸ ਦੀ ਰੋਕਥਾਮ ਲਈ ਫਸਲ ਦੀ ਬਿਜਾਈ ਤੋਂ ਤਕਰੀਬਨ 60 ਦਿਨ ਬਾਅਦ 250 ਗ੍ਰਾਮ ਰਿਡੋਮਿਲ ਗੋਲਡ ਪ੍ਰਤੀ ਏਕੜ 100 ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰਨੀ ਚਾਹੀਦੀ ਹੈ ਅਤੇ ਦੂਸਰਾ ਛਿੜਕਾਅ 20 ਦਿਨਾਂ ਬਾਅਦ ਕਰਨਾ ਚਾਹੀਦਾ ਹੈ। ਇਸ ਛਿੜਕਾਅ ਨਾਲ ਝੁਲਸ ਰੋਗ ਵਾਲੀ ਬਿਮਾਰੀ ਵੀ ਕੁਝ ਹੱਦ ਤੱਕ ਕਾਬੂ ਹੇਠ ਰਹਿੰਦੀ ਹੈ। ਰਾਇਆ ਦੀ ਆਰ ਐਲ ਸੀ 3 ਕਿਸਮ ਨੂੰ ਇਹ ਬਿਮਾਰੀ ਨਹੀਂ ਲੱਗਦੀ।
ਇਹ ਵੀ ਪੜ੍ਹੋ: Rabi Crops: ਹਾੜ੍ਹੀ ਦੀਆਂ ਮੁੱਖ ਫ਼ਸਲਾਂ ਦੇ ਕੀੜੇ ਅਤੇ ਬੀਮਾਰੀਆਂ ਦੀ ਜੈਵਿਕ ਰੋਕਥਾਮ ਕਰਕੇ ਕਿਸਾਨ ਵੀਰ ਲੈ ਸਕਦੇ ਹਨ ਭਰਪੂਰ ਲਾਭ
3. ਤਣੇ ਦਾ ਗਲ਼ਣਾ: ਪਿਛਲੇ ਕੁਝ ਸਾਲਾਂ ਦੌਰਾਨ ਇਸ ਬਿਮਾਰੀ ਦਾ ਹਮਲਾ ਕਾਫੀ ਜਿਆਦਾ ਵੇਖਣ ਵਿੱਚ ਮਿਲਿਆ ਹੈ ਅਤੇ ਆਮ ਤੌਰ ਤੇ ਜਨਵਰੀ ਦੇ ਅਖੀਰ ਤੋਂ ਫਰਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਨਜ਼ਰ ਆਉਂਦੀ ਹੈ। ਇਸ ਦੀਆਂ ਨਿਸ਼ਾਨੀਆਂ ਬੂਟਿਆਂ ਦੇ ਤਣਿਆਂ ਉੱਤੇ ਪਾਣੀ ਭਿੱਜੇ ਲੰਬੂਤਰੇ ਧੱਬਿਆਂ ਦੇ ਰੂਪ ਵਿੱਚ ਸ਼ੁਰੂ ਹੁੰਦੀਆਂ ਹਨ ਜਿਸ ਉੱਪਰ ਬਾਅਦ ਵਿੱਚ ਰੂੰ ਵਰਗੀ ਚਿੱਟੀ ਉੱਲੀ ਨਜ਼ਰ ਆਉਣ ਲੱਗ ਪੈਂਦੀ ਹੈ। ਇਹ ਬੂਟੇ ਦੂਰੋਂ ਕੁਮਲਾਏ ਹੋਏ ਅਤੇ ਸਫੇਦ ਭਾਅ ਮਾਰਦੇ ਸਿੱਧੇ ਖੜੇ ਨਜ਼ਰ ਆਉਂਦੇ ਹਨ ਕਿਉਂਕਿ ਇਨ੍ਹਾਂ ਦੀਆਂ ਫਲੀਆਂ ਵਿੱਚ ਦਾਣੇ ਬਿਲਕੁਲ ਨਹੀਂ ਬਣਦੇ। ਕਈ ਵਾਰੀ ਇਸ ਚਿੱਟੇ ਰੰਗ ਦੀ ਉੱਲੀ ਵਿੱਚ ਕਾਲੇ ਰੰਗ ਦੇ ਦਾਣੇ ਜਿਹੇ ਵੀ ਨਜ਼ਰ ਆਉਂਦੇ ਹਨ। ਜੇਕਰ ਅਜਿਹੇ ਬੂਟਿਆਂ ਦਾ ਤਣਾ ਲੰਬੇ ਰੁਖ ਚੀਰ ਕੇ ਦੇਖੀਏ ਤਾਂ ਇਹ ਅੰਦਰੋਂ ਵੀ ਇਨ੍ਹਾਂ ਕਾਲੇ ਦਾਣਿਆਂ ਨਾਲ ਭਰੇ ਹੁੰਦੇ ਹਨ।
ਇਹ ਕਾਲੇ ਦਾਣੇ ਬਿਮਾਰੀ ਦੇ ਅਸਲ ਕਣ ਹਨ ਜੋ ਕਿ ਫਸਲ ਨੂੰ ਵੱਢਣ ਤੋਂ ਬਾਅਦ ਜ਼ਮੀਨ ਵਿੱਚ ਰਲ ਜਾਂਦੇ ਹਨ ਅਤੇ ਤਕਰੀਬਨ 8 ਤੋਂ 10 ਸਾਲ ਜ਼ਮੀਨ ਵਿੱਚ ਜਿਊਂਦੇ ਰਹਿ ਸਕਦੇ ਹਨ। ਇਨ੍ਹਾਂ ਖੇਤਾਂ ਵਿੱਚ ਜਦੋਂ ਵੀ ਸਰੋਂ ਦੀ ਫਸਲ ਬੀਜੀ ਜਾਵੇ ਤਾਂ ਇਹ ਕਣ ਦੁਬਾਰਾ ਪੁੰਗਰ ਆਉਂਦੇ ਹਨ ਅਤੇ ਫਸਲ ਤੇ ਹਮਲਾ ਕਰਦੇ ਹਨ। ਦਸੰਬਰ-ਜਨਵਰੀ ਵਿੱਚ ਜਦੋਂ ਫਸਲ ਨੂੰ ਪਾਣੀ ਲਗਾਇਆ ਜਾਂਦਾ ਹੈ ਤਾਂ ਜ਼ਮੀਨ ਦੀ ਸਿੱਲ੍ਹ ਅਤੇ ਠੰਡ ਕਰਕੇ ਇਹ ਦਾਣੇ ਜੰਮ ਪੈਂਦੇ ਹਨ ਅਤੇ ਬਿਮਾਰੀ ਦੀਆਂ ਨਿਸ਼ਾਨੀਆਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਬਿਮਾਰੀ ਦੀ ਰੋਕਥਾਮ ਲਈ 25 ਦਸੰਬਰ ਤੋਂ 15 ਜਨਵਰੀ ਤੱਕ ਖੇਤ ਨੂੰ ਪਾਣੀ ਨਹੀਂ ਲਗਾਉਣਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਆਉਣ ਵਾਲੇ ਸਾਲਾਂ ਵਿੱਚ ਇਹ ਬਿਮਾਰੀ ਹੌਲੀ-ਹੌਲੀ ਘਟਾਈ ਜਾ ਸਕਦੀ ਹੈ।
ਕੀੜੇ-ਮਕੌੜੇ:
ਸਰ੍ਹੋਂ ਦਾ ਚੇਪਾ: ਇਸਦਾ ਹਮਲਾ ਆਮ ਕਰਕੇ ਜਨਵਰੀ ਵਿੱਚ ਸ਼ੁਰੂ ਹੁੰਦਾ ਹੈ, ਪਰ ਫਰਵਰੀ ਦੇ ਮਹੀਨੇ ਤੋਂ ਮਾਰਚ ਤੱਕ ਇਹ ਫਸਲ ਤੇ ਵੱਧ ਨੁਕਸਾਨ ਕਰਦਾ ਹੈ ਇਸਦੇ ਬੱਚੇ ਅਤੇ ਬਾਲਗ ਦੋਵੇਂ ਹੀ ਬੂਟਿਆਂ ਦੀ ਸ਼ਾਖਾਵਾਂ, ਡੋਡੀਆਂ, ਫੁੱਲਾਂ, ਫਲੀਆਂ ਅਤੇ ਪੱਤਿਆਂ ਦਾ ਰਸ ਚੂਸ ਕੇ ਨੁਕਸਾਨ ਕਰਦੇ ਹਨ। ਸਿੱਟੇ ਵਜੋਂ ਪੱਤੇ ਪੀਲੇ ਪੈ ਜਾਂਦੇ ਹਨ, ਫੁੱਲ ਅਤੇ ਫਲੀਆਂ ਮੁਰਝਾਅ ਜਾਂਦੇ ਹਨ ਅਤੇ ਉਨ੍ਹਾਂ ਵਿੱਚ ਦਾਣੇ ਪੂਰੀ ਤਰਾਂ ਨਹੀਂ ਬਣਦੇ ਅਤੇ ਝਾੜ ਤੇ ਮਾੜਾ ਪ੍ਰਭਾਵ ਪੈਂਦਾ ਹੈ। ਜੇਕਰ ਇਸਦੀ ਵੇਲੇ ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਇਹ ਪੂਰੀ ਫਸਲ ਨੂੰ ਬਰਬਾਦ ਕਰ ਸਕਦਾ ਹੈ।
ਸਰੋਂ ਦੇ ਚੇਪੇ ਦੀ ਸੁਚੱਜੀ ਰੋਕਥਾਮ ਲਈ ਖੇਤ ਦਾ ਨਿਰੰਤਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ ਅਤੇ ਰੋਕਥਾਮ ਸੰਬੰਧੀ ਕੋਈ ਵੀ ਫੈਸਲਾ ਫਸਲ ਤੇ ਚੇਪੇ ਦੀ ਗਿਣਤੀ (ਆਰਥਿਕ ਕਗਾਰ ਪੱਧਰ) ਅਧਾਰ ਤੇ ਹੀ ਕਰਨਾ ਚਾਹੀਦਾ ਹੈ, ਨਾ ਕਿ ਖੇਤ ਦੇ ਇੱਕ ਪਾਸੇ ਕੁਝ ਕੁ ਬੂਟਿਆਂ ਤੇ ਚੇਪਾ ਵੇਖ ਕੇ ਛਿੜਕਾਅ ਕਰਨਾ ਚਾਹੀਦਾ ਹੈ। ਆਰਥਿਕ ਨੁਕਸਾਨ ਪੱਧਰ ਲਈ ਆਪਣੇ ਖੇਤ ਨੂੰ ਚਾਰ ਹਿੱਸਿਆਂ ਵਿੱਚ ਵੰਡ ਲਵੋ ਅਤੇ ਹਰੇਕ ਹਿੱਸੇ ਵਿੱਚੋਂ ਦੂਰ-ਦੂਰ ਫੈਲੇ ਹੋਏ 3-4 ਚਾਰ ਬੂਟਿਆਂ ਦੀ ਵਿਚਕਾਰਲੀ ਸ਼ਾਖ ਦੇ ਉਪਰਲੇ 10 ਸੈਂਟੀਮੀਟਰ ਹਿੱਸੇ ਤੇ ਚੇਪੇ ਦੀ ਗਿਣਤੀ ਕਰੋ, ਭਾਵ ਇੱਕ ਖੇਤ ਵਿੱਚੋਂ 12-16 ਬੂਟਿਆਂ ਤੇ ਚੇਪੇ ਦੀ ਗਿਣਤੀ ਕਰਨੀ ਹੈ। ਫਿਰ ਇਹਨਾਂ 12-16 ਬੂਟਿਆਂ ਤੇ ਚੇਪੇ ਦੀ ਗਿਣਤੀ ਦੀ ਔਸਤ ਕੱਢ ਲਵੋ। ਜੇਕਰ ਇਹ ਔਸਤ 50-60 ਚੇਪੇ ਪ੍ਰਤੀ ਬੂਟਾ ਜਾਂ ਇਸ ਤੋਂ ਵੱਧ ਆਉਂਦੀ ਹੈ ਤਾਂ ਹੀ ਸਾਨੂੰ ਚੇਪੇ ਦੀ ਰੋਕਥਾਮ ਕਰਨ ਦੀ ਲੋੜ ਹੈ। ਜੇਕਰ ਇਹ ਔਸਤ ਇਸ ਤੋਂ ਘੱਟ ਹੈ ਤਾਂ ਕੋਈ ਵੀ ਛਿੜਕਾਅ ਕਰਨ ਦੀ ਲੋੜ ਨਹੀਂ ਹੈ।
ਕਈ ਵਾਰ ਕੁਝ ਕਿਸਾਨ ਵੀਰ ਚੇਪੇ ਦਾ ਛੋਟਾ ਆਕਾਰ ਹੋਣ ਕਾਰਣ ਇਸਦੀ ਗਿਣਤੀ ਕਰਨ ਵਿੱਚ ਸੰਕੋਚ ਕਰਦੇ ਹਨ। ਅਜਿਹੀ ਹਾਲਤ ਵਿੱਚ ਜੇਕਰ ਬੂਟੇ ਦੀ ਵਿਚਕਾਲੀ ਸ਼ਾਖ ਦਾ ਉਪਰਲਾ 0.5 ਤੋਂ 1.0 ਸੈਂਟੀਮੀਟਰ ਹਿੱਸਾ ਪੂਰੇ ਦਾ ਪੂਰਾ ਚੇਪੇ ਨਾਲ ਢਕਿਆ ਹੋਵੇ ਤਾਂ ਰੋਕਥਾਮ ਦੇ ਉਪਰਾਲੇ ਕਰਨੇ ਚਾਹੀਦੇ ਹਨ। ਚੇਪੇ ਦੀ ਰੋਕਥਾਮ ਲਈ ਫਸਲ ਤੇ ਐਕਟਾਰਾ 25 ਡਬਲਯੂ ਜੀ (ਥਾਇਆਮੈਥੋਕਸਮ) 40 ਗ੍ਰਾਮ ਜਾਂ ਰੋਗਰ 30 ਈ ਸੀ (ਡਾਈਮੈਥੋਏਟ) 400 ਮਿਲੀਲਿਟਰ ਜਾਂ ਡਰਸਬਾਨ/ਕੋਰੋਬਾਨ 20 ਈ ਸੀ (ਕਲੋਰਪਾਈਰੀਫਾਸ) 600 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਚ’ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਜੇਕਰ 15 ਦਿਨਾਂ ਬਾਅਦ ਫਿਰ ਛਿੜਕਾਅ ਕਰਨਾ ਪਵੇ ਤਾਂ ਦਵਾਈ ਬਦਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਛਿੜਕਾਅ ਹਮੇਸ਼ਾਂ ਸ਼ਾਮ ਨੂੰ ਹੀ ਕਰਨਾ ਚਾਹੀਦਾ ਹੈ ਕਿਉੁਂਕਿ ਇਸ ਵੇਲੇ ਮਿੱਤਰ ਕੀੜੇ (ਲਾਲ ਭੂੰਡੀ), ਮਧੂਮੱਖੀਆਂ ਅਤੇ ਹੋਰ ਪਰ ਪਰਾਗਣ ਕਰਨ ਵਾਲੇ ਕੀੜੇ ਘੱਟ ਹਰਕਤ ਵਿੱਚ ਹੁੰਦੇ ਹਨ।
ਇਹ ਵੀ ਪੜ੍ਹੋ: Dr. Ranjit Singh ਨੇ ਪੰਜਾਬ ਦੀਆਂ ਖੇਤੀ ਸਮੱਸਿਆਵਾਂ ਅਤੇ ਸੰਭਾਵਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਕੀਤੀ ਸਾਂਝੀ
ਬੰਦਗੋਭੀ ਦੀ ਸੁੰਡੀ:
ਇਹ ਕੀੜਾ ਬੂਟਿਆਂ ਦੇ ਪੱਤੇ ਖਾ ਕੇ ਨੁਕਸਾਨ ਕਰਦਾ ਹੈ। ਇਸ ਦਾ ਸਰੀਰ ਹਲਕੇ ਹਰੇ ਰੰਗ ਦਾ ਹੁੰਦਾ ਹੈ, ਜਿਸ ਤੇ ਕਾਲੇ ਰੰਗ ਦੇ ਧੱਬੇ ਹੁੰਦੇ ਹਨ। ਇਸ ਦਾ ਬਾਲਗ ਪੱਤਿਆਂ ਦੇ ਹੇਠਲੇ ਪਾਸੇ ਆਂਡੇ ਇੱਕ ਗੁੱਛੇ ਦੀ ਸ਼ਕਲ ’ਚ ਦਿੰਦਾ ਹੈ । ਇਹਨਾਂ ਆਂਡਿਆਂ ’ਚੋਂ ਛੋਟੀਆਂ ਸੁੰਡੀਆਂ ਨਿਕਲ ਕੇ ਕੁਝ ਦਿਨਾਂ ਤੱਕ ਝੁੰਡਾਂ ਦੀ ਸ਼ਕਲ ਵਿੱਚ ਬੂਟਿਆਂ ਦੇ ਪੱਤੇ ਖਾਂਦੀਆਂ ਹਨ ਅਤੇ ਵੱਡੀਆਂ ਹੋ ਕੇ ਪੂਰੇ ਖੇਤ ਵਿੱਚ ਫ਼ੈਲ ਜਾਂਦੀਆਂ ਹਨ। ਇਸ ਦੀ ਰੋਕਥਾਮ ਲਈ ਖੇਤ ਦਾ ਸਰਵੇਖਣ ਕਰੋ, ਅਤੇ ਆਂਡਿਆਂ ਦੇ ਗੁਛਿਆਂ ਅਤੇ ਸੁੰਡੀਆਂ ਦੇ ਝੁੰਡਾਂ ਨੂੰ ਇਕੱਠੇ ਕਰਕੇ ਨਸ਼ਟ ਕਰ ਦਿਉ।
ਸਰੋਂ ਦੀ ਸਫਲ ਕਾਸ਼ਤ ਲਈ ਜਰੂਰੀ ਨੁਕਤੇ:
• ਬਿਜਾਈ ਸਮੇਂ ਸਿਰ ਕਰੋ (ਅਕਤੂਬਰ ਦੇ ਪਹਿਲੇ ਪੰਦਰਵਾੜੇ) ਤਾਂ ਕਿ ਬਿਮਾਰੀਆਂ ਤੋਂ ਬਚਾਅ ਰਹੇ।
• ਖਾਦਾਂ ਸਿਫ਼ਾਰਿਸ਼ ਅਨੁਸਾਰ ਹੀ ਪਾਉ ਅਤੇ ਗੰਧਕ ਤੱਤ ਲਈ ਸਿੰਗਲ ਸੁੱਪਰ ਫਾਸਫੇਟ ਨੂੰ ਤਰਜੀਹ ਦਿਉ।
• ਖੇਤ ਦਾ ਆਲਾ-ਦੁਆਲਾ ਨਦੀਨਾਂ ਅਤੇ ਰਹਿੰਦ-ਖੂੰਹਦ ਤੋਂ ਸਾਫ ਰੱਖੋ ਕਿਉਂਕਿ ਇਥੋਂ ਹੀ ਬਿਮਾਰੀਆਂ ਫੈਲਦੀਆਂ ਹਨ।
• ਛਿੜਕਾਅ ਦੁਪਹਿਰ ਤੋਂ ਬਾਦ ਹੀ ਕਰੋ ਤਾਂਕਿ ਪ੍ਰਾਗਣ ਕਿਰਿਆ ਕਰਨ ਵਾਲੇ ਕੀੜੇ-ਮਕੌੜੇ ਬਚੇ ਰਹਿਣ।
• ਹਮੇਸ਼ਾ ਸਿਫਾਰਸ਼ ਕੀਤੀਆਂ ਦਵਾਈਆਂ ਸਹੀ ਮਾਤਰਾ ਵਿੱਚ ਹੀ ਵਰਤੋਂ।
• ਇੱਕ ਹੀ ਦਵਾਈ ਦਾ ਛਿੜਕਾਅ ਬਾਰ-ਬਾਰ ਨਹੀਂ ਕਰਨਾ ਚਾਹੀਦਾ। ਦਵਾਈ ਬਦਲ ਕੇ ਛਿੜਕਾਅ ਕਰਨ ਨਾਲ ਚੇਪੇ ਵਿੱਚ ਕੀਟਨਾਸ਼ਕਾਂ ਪ੍ਰਤੀ ਸਹਿਣਸ਼ੀਲਤਾ ਨਹੀਂ ਪੈਦਾ ਹੁੰਦੀ।
• ਜੇਕਰ ਫ਼ਰਵਰੀ-ਮਾਰਚ ਵਿੱਚ ਮਿੱਤਰ ਕੀੜੇ, ਜਿਵੇਂ ਕਿ ਲਾਲ ਭੂੰਡੀ ਜਿਆਦਾ ਗਿਣਤੀ ਚ’ ਹੋਣ ਤਾਂ ਛਿੜਕਾਅ ਜਿੱਥੋਂ ਤੱਕ ਹੋ ਸਕੇ ਨਹੀਂ ਕਰਨਾ ਚਾਹੀਦਾ।
ਸਰੋਤ: ਪ੍ਰਭਜੋਧ ਸਿੰਘ ਸੰਧੂ ਅਤੇ ਸਰਵਣ ਕੁਮਾਰ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ
Summary in English: Mustard Crop: Farmers need to be alert about mustard pests and diseases in the month of January