
ਕਿਵੇਂ ਤਿਆਰ ਕਰੀਏ ਝੋਨੇ ਦੀ ਤੰਦਰੁਸਤ ਪਨੀਰੀ?
Nursery Management Types and Preparation: ਕਿਸੇ ਵੀ ਫਸਲ ਤੋਂ ਚੰਗਾ ਝਾੜ ਪ੍ਰਾਪਤ ਕਰਨ ਲਈ ਉਸਦਾ ਮੁੱਢ ਤੋਂ ਹੀ ਨਰੋਆ ਹੋਣਾ ਬਹੁਤ ਜਰੂਰੀ ਹੁੰਦਾ ਹੈ। ਇਸੇ ਲਈ ਬੀਜ ਦਾ ਬਿਮਾਰੀ ਰਹਿਤ, ਨਰੋਆ ਅਤੇ ਚੰਗੇ ਜੰਮ ਵਾਲਾ ਹੋਣਾ ਬਹੁਤ ਜਰੂਰੀ ਹੈ ਅਤੇ ਇਹ ਹੀ ਚੰਗੇ ਝਾੜ ਦਾ ਮੁਢ ਬੰਨਦਾ ਹੈ।
ਇਸ ਦੇ ਨਾਲ ਹੀ ਕੁਝ ਫਸਲਾਂ ਜਿਵੇਂ ਕਿ ਝੋਨਾ ਆਦਿ, ਜਿਨਾਂ ਦੀ ਕਾਸ਼ਤ ਲਈ ਪਨੀਰੀ ਤਿਆਰ ਕੀਤੀ ਜਾਂਦੀ ਹੈ, ਉਹਨਾਂ ਲਈ ਤੰਦਰੁਸਤ ਅਤੇ ਨਰੋਈ ਪਨੀਰੀ ਵੀ ਫਸਲ ਦੇ ਚੰਗੇ ਝਾੜ ਨੂੰ ਨਿਰਧਾਰਿਤ ਕਰਦੀ ਹੈ।

ਝੋਨੇ ਦੀ ਤੰਦਰੁਸਤ ਪਨੀਰੀ ਤਿਆਰ ਕਰਨ ਦੀ ਵਿਉਂਤਬੰਦੀ
ਝੋਨੇ ਦੀ ਤੰਦਰੁਸਤ ਪਨੀਰੀ ਤਿਆਰ ਕਰਨ ਲਈ ਕਾਸ਼ਤਕਾਰੀ ਢੰਗਾਂ, ਝੋਨੇ ਦੀ ਕਿਸਮ, ਜ਼ਮੀਨ ਦੀ ਬਣਤਰ, ਉਪਲੱਭਧ ਸਾਧਨ ਆਦਿ ਗੱਲਾਂ ਨੂੰ ਧਿਆਨ ਵਿਚ ਰੱਖਣਾ ਪੈਂਦਾ ਹੈ। ਝੋਨੇ ਦੀ ਲਵਾਈ ਪ੍ਰਮੁੱਖ ਤੌਰ 'ਤੇ ਦੋ ਢੰਗਾਂ ਨਾਲ ਕੀਤੀ ਜਾਂਦੀ ਹੈ। ਇੱਕ, ਹੱਥੀ ਪਨੀਰੀ ਲਗਾ ਕੇ ਅਤੇ ਦੂਸਰਾ, ਮਸ਼ੀਨ ਨਾਲ ਪਨੀਰੀ ਲਗਾ ਕੇ। ਇਹਨਾਂ ਦੋਹਾਂ ਢੰਗਾ ਲਈ ਪਨੀਰੀ ਬੀਜਣ ਦਾ ਤਰੀਕਾ ਵੀ ਵੱਖੋ-ਵੱਖ ਹੈ।

ਝੋਨੇ ਦੀ ਤੰਦਰੁਸਤ ਪਨੀਰੀ ਤਿਆਰ ਕਰਨ ਦੀ ਵਿਉਂਤਬੰਦੀ
ਓ) ਹੱਥੀ ਲਵਾਈ ਲਈ ਪਨੀਰੀ ਤਿਆਰ ਕਰਨਾ:
1) ਬਿਜਾਈ ਦਾ ਸਮਾਂ: ਕਿਸਮਾਂ ਦੀ ਉਮਰ ਅਨੁਸਾਰ ਪਨੀਰੀ ਬੀਜਣ ਦਾ ਢੁੱਕਵਾਂ ਸਮਾਂ 20 ਮਈ ਤੋਂ 20 ਜੂਨ ਹੈ।
ਕਿਸਮਾਂ |
ਪਨੀਰੀ ਬੀਜਣ ਦਾ ਸਮਾਂ |
ਪੀ ਆਰ 132, ਪੀ ਆਰ 121, ਪੀ ਆਰ 122, ਪੀ ਆਰ 128, ਪੀ ਆਰ 131,ਪੀ ਆਰ 114, ਪੀ ਆਰ 113, |
20-25 ਮਈ |
ਪੀ ਆਰ 127, ਪੀ ਆਰ 130, ਐਚ ਕੇ ਆਰ 47 |
25-31 ਮਈ |
ਪੀ ਆਰ 126 |
25 ਮਈ -20 ਜੂਨ |
ਜਿਆਦਾ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ ਪਹਿਲਾਂ ਬੀਜਣਾ ਚਾਹੀਦਾ ਹੈ ਅਤੇ 25-30 ਦਿਨ ਉਮਰ ਦੀ ਪਨੀਰੀ ਨੂੰ ਖੇਤ ਵਿਚ ਲਗਾ ਦੇਣਾ ਚਾਹੀਦਾ ਹੈ। ਖੇਤ ਵਿਚ ਲਗਾਉਣ ਲਈ ਪਨੀਰੀ ਨਰਮ ਹੋਣੀ ਚਾਹੀਦੀ ਹੈ ਅਤੇ ਪੱਕੜ ਪਨੀਰੀ ਨਹੀਂ ਲਗਾਉਣੀ ਚਾਹੀਦੀ ਇਸ ਨਾਲ ਬੂਟੇ ਖੇਤ ਵਿਚ ਬੂਝਾ ਘੱਟ ਮਾਰਦੇ ਹਨ ਅਤੇ ਜਲਦੀ ਹੀ ਮੁੰਝਰ ਕੱਢ ਲੈਂਦੇ ਹਨ ਜਿਸ ਨਲ ਝਾੜ ਉਤੇ ਮਾੜਾ ਅਸਰ ਪੈਦਾ ਹੈ।
ਛੋਟੀ ਉਮਰ ਅਤੇ ਜਲਦ ਵਾਧੇ ਵਾਲੀਆਂ ਕਿਸਮਾਂ (ਜਿਵੇ ਕਿ ਪੀ ਆਰ 126) ਦੀ ਪਨੀਰੀ 25 ਦਿਨਾਂ ਵਿਚ ਹੀ ਲਗਾਉਣ ਲਈ ਤਿਆਰ ਹੋ ਜਾਂਦੀ ਹੈ ਅਤੇ ਇਸ ਨੂੰ ਇਸ ਸਮੇ ਲਗਾਉਣ ਨਾਲ ਚੰਗੀ ਪੈਦਾਵਾਰ ਲਈ ਜਾ ਸਕਦੀ ਹੈ। ਜੇਕਰ ਝੋਨਾ ਜਿਆਦਾ ਰਕਬੇ ਵਿਚ ਲਗਾਉਣਾ ਹੋਵੇ ਤਾਂ ਸਾਰੀ ਪਨੀਰੀ ਨੂੰ ਇਕੋ ਸਮੇਂ ਨਹੀ ਬੀਜਣਾ ਚਾਹੀਦਾ ਸਗੋਂ ਪਨੀਰੀ ਨੂੰ ਥੋੜੇ-ਥੋੜੇ ਰਕਬੇ ਉੱਤੇ ਸਮੇਂ ਵਿਚ ਅੰਤਰ ਰੱਖ ਕੇ ਬੀਜਣਾ ਚਾਹੀਦਾ ਹੈ ਤਾਂ ਜੋ ਸਾਰੇ ਰਕਬੇ ਵਿਚ ਲਗਾਉਣ ਲਈ ਨਰਮ ਪਨੀਰੀ ਉਪਲੱਭਧ ਹੋ ਸਕੇ।
2) ਬੀਜ ਮਾਤਰਾ ਅਤੇ ਸੋਧ : ਬੀਜ ਦੀ ਸੁਧਾਈ ਲਈ ਬੀਜ ਨੂੰ ਪਾਣੀ ਵਿਚ ਪਾ ਕੇ ਚੰਗੀ ਤਰਾਂ ਹਿਲਾਉਣਾ ਚਾਹੀਦਾ ਹੈ। ਜਿਹੜਾ ਬੀਜ ਪਾਣੀ ਉਤੇ ਤਰ ਜਾਵੇ ਉਸਨੂੰ ਵੱਖ ਕਰ ਲੈਣਾ ਚਾਹੀਦਾ ਹੈ ਅਤੇ ਹੇਠਾਂ ਡੁੱਬੇ ਹੋਏ ਭਾਰੇ ਬੀਜ ਨੂੰ ਹੀ ਬਿਜਾਈ ਲਈ ਵਰਤਣਾ ਚਾਹੀਦਾ ਹੈ। ਅਜਿਹੇ ਭਾਰੇ ਅੱਠ ਕਿਲੋ ਬੀਜ ਨਾਲ ਬੀਜੀ ਪਨੀਰੀ, ਇਕ ਏਕੜ ਦੀ ਲਵਾਈ ਲਈ ਕਾਫੀ ਹੋ ਜਾਂਦੀ ਹੈ। ਬੀਜ ਨੂੰ ਪਾਣੀ ਵਿਚੋਂ ਕੱਢ ਕੇ ਬੀਜਣ ਤੋਂ ਪਹਿਲਾਂ 3 ਗ੍ਰਾਮ ਸਪਰਿੰਟ 75 ਡਬਲਊ ਐਸ ਨੂੰ 10-12 ਮਿਲੀਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਬੀਜ ਨੂੰ ਚੰਗੀ ਤਰ੍ਹਾਂ ਲਗਾ ਲੈਣੀ ਚਾਹੀਦੀ ਹੈ।
ਸੋਧੇ ਹੋਏ ਭਿੱਜੇ ਬੀਜ ਨੂੰ ਛਾਂ ਵਾਲੀ ਜਗ੍ਹਾ ਵਿਚ ਪਟਸਨ ਦੀਆਂ ਗਿੱਲੀਆਂ ਬੋਰੀਆਂ ਉਪਰ 7-8 ਸੈਟੀਮੀਟਰ ਮੋਟੀ ਤਹਿ ਵਿਚ ਖਿਲਾਰ ਕੇ ਉਪਰੋ ਗਿੱਲੀਆਂ ਪਟਸਨ ਦੀਆਂ ਬੋਰੀਆਂ ਨਾਲ ਢੱਕ ਦੇਣਾ ਚਾਹੀਦਾ ਹੈ ਅਤੇ ਢੱਕੇ ਹੋਏ ਬੀਜ ਨੂੰ ਸਮੇਂ ਸਮੇਂ ਸਿਰ ਪਾਣੀ ਛਿੜਕ ਕੇ ਗਿੱਲਾ ਰੱਖਣਾ ਚਾਹੀਦਾ ਹੈ। ਬੀਜ ਗਿੱਲਾ ਰੱਖਣ ਲਈ ਪਾਣੀ ਦੀ ਮਾਤਰਾ ਨੂੰ ਢੁੱਕਵਾਂ ਹੀ ਰਖਣਾ ਚਾਹੀਦਾ ਹੈ। ਜਿਆਦਾ ਪਾਣੀ ਲਾਉਣ ਦਾ ਕੋਈ ਫਾਇਦਾ ਨਹੀ ਹੁੰਦਾ। ਇਸ ਤਰਾਂ 24 -36 ਘੰਟੇ ਦੇ ਅੰਦਰ ਬੀਜ ਪੁੰਗਰ ਆਉਦਾ ਹੈ ਅਤੇ ਇਸ ਪੁੰਗਰੇ ਬੀਜ ਨੂੰ ਖੇਤ ਵਿਚ ਛੱਟਾ ਦੇ ਕੇ ਬੀਜ ਦੇਣਾ ਚਾਹੀਦਾ ਹੈ। ਬੀਜ ਨੂੰ ਜਿਆਦਾ ਦੇਰ ਤੱਕ ਨਹੀ ਦਬਾਉਣਾ ਚਾਹੀਦਾ ਜੇਕਰ ਪੁੰਗਾਰ ਜਿਆਦਾ ਵੱਡਾ ਹੋ ਜਾਵੇ ਤਾ ਟੁੱਟਣ ਅਤੇ ਸੁੱਕਣ ਦਾ ਡਰ ਰਹਿੰਦਾ ਹੈ। ਇਸੇ ਤਰ੍ਹਾਂ ਬੀਜ ਨੂੰ ਗਰਮ ਜਗ੍ਹਾ ਜਾਂ ਧੁੱਪ ਵਿਚ ਨਹੀਂ ਦਬਾਉਣਾ ਚਾਹੀਦਾ। ਇਸ ਨਾਲ ਬੀਜ ਭੜਾਸ ਮਾਰ ਜਾਂਦਾ ਹੈ ਅਤੇ ਪੁੰਗਾਰ ਮਰ ਜਾਂਦਾ ਹੈ।
ਇਹ ਵੀ ਪੜੋ: ਦੇਸ਼ ਵਿੱਚ DSR Technique ਨੂੰ ਕਿਉਂ ਦਿੱਤਾ ਜਾ ਰਿਹੈ ਹੁਲਾਰਾ, ਜਾਣੋ ਇਸ ਤਕਨੀਕ ਦੀਆਂ ਚੁਣੌਤੀਆਂ ਅਤੇ ਹੱਲ
3) ਜਮੀਨ ਦੀ ਤਿਆਰੀ ਅਤੇ ਖਾਦਾਂ : ਖੇਤ ਵਿਚ ਬੀਜ ਬੀਜਣ ਤੋ ਪਹਿਲਾਂ 12-15 ਟਨ ਪ੍ਰਤੀ ਏਕੜ ਤਿਆਰ ਰੂੜੀ ਜਾਂ ਕੰਪੋਸਟ ਖਾਦ ਪਾ ਕੇ ਵਾਹੁਣ ਉਪਰੰਤ ਪਾਣੀ ਲਾ ਦੇਣਾ ਚਾਹੀਦਾ ਹੈ ਤਾਂ ਜੋ ਜਮੀਨ ਅਤੇ ਰੂੜੀ ਵਿਚ ਪਏ ਨਦੀਨ ਉੱਗ ਪੈਣ । ਨਦੀਨਾਂ ਦੀ ਰੋਕਥਾਮ ਲਈ ਖੇਤ ਨੂੰ ਦੋ ਵਾਰ ਵਾਹ ਕੇ ਤਿਆਰ ਕਰ ਲੈਣਾ ਚਾਹੀਦਾ ਹੈ ਤਾਂ ਜੋ ਪਨੀਰੀ ਵਿਚ ਨਦੀਨ ਤੰਗ ਨਾ ਕਰਨ । ਪਨੀਰੀ ਬੀਜਣ ਸਮੇਂ 26 ਕਿਲੋਂ ਯੂਰੀਆ 60 ਕਿਲੋ ਸਿੰਗਲ ਸੁਪਰਫਾਸਫੇਟ ਅਤੇ 40 ਕਿਲੋ ਜਿੰਕ ਸਲਫੇਟ ਹੈਪਟਾਹਾਈਡੇਟ ਜਾਂ 25.5 ਕਿਲੋ ਜਿੰਕ ਸਲਫੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਜਮੀਨ ਵਿਚ ਪਾ ਲੈਣਾ ਚਾਹੀਦਾ ਹੈ।
ਖੇਤ ਨੂੰ ਕੱਦੂ ਕਰਕੇ ਜਾ ਬਿਨਾਂ ਕੱਦੂ ਕੀਤੇ ਵੀ ਪਨੀਰੀ ਬੀਜੀ ਜਾ ਸਕਦੀ ਹੈ। ਹਲਕੀਆਂ ਜਮੀਨਾਂ ਵਿਚ ਖੇਤ ਨੂੰ ਕੱਦੂ ਕਰਕੇ ਹੀ ਪਨੀਰੀ ਬੀਜਣੀ ਚਾਹੀਦੀ ਹੈ ਇਸ ਨਾਲ ਪਨੀਰੀ ਵਿਚ ਲੋਹੇ ਦੀ ਘਾਟ ਆਉਣ ਦੀ ਸੰਭਾਵਨਾ ਘੱਟ ਜਾਂਦੀ ਹੈ। ਪੁੰਗਰੇ ਹੋਏ ਬੀਜ ਨੂੰ ਖੇਤ ਵਿਚ ਇਕਸਾਰ ਛੱਟਾ ਮਾਰ ਕੇ ਬੀਜ ਦੇਣਾ ਚਾਹੀਦਾ ਹੈ। ਜਮੀਨ ਨੂੰ ਵਾਰ ਵਾਰ ਪਾਣੀ ਲਾ ਕੇ ਗਿੱਲਾ ਰੱਖਣਾ ਚਾਹੀਦਾ ਹੈ। ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉਣਾ ਚਾਹੀਦਾ ਹੈ ਤਾਂ ਜੋ ਪਨੀਰੀ 25-30 ਦਿਨਾਂ ਵਿਚ ਲਾਉਣ ਲਈ ਤਿਆਰ ਹੋ ਜਾਵੇ। ਜੇਕਰ ਕੁਝ ਕਾਰਨਾਂ ਕਰਕੇ ਪਨੀਰੀ ਦੀ ਉਮਰ 45 ਦਿਨਾਂ ਤੋਂ ਵੱਧ ਹੋਣ ਦੀ ਸੰਭਾਵਨਾ ਹੋਵੇ (ਸਿਰਫ ਲੰਬੀ ਉਮਰ ਦੀਆਂ ਕਿਸਮਾਂ ਵਾਸਤੇ) ਤਾਂ ਬਿਜਾਈ ਤੋਂ 4 ਹਫਤੇ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉਣਾ ਚਾਹੀਦਾ ਹੈ।
4) ਨਦੀਨਾ ਦੀ ਰੋਕਥਾਮ : ਝੋਨੇ ਦੀ ਪਨੀਰੀ ਵਿਚ ਕਈ ਤਰਾਂ ਦੇ ਨਦੀਨ ਸਮੱਸਿਆ ਪੈਦਾ ਕਰ ਸਕਦੇ ਹਨ। ਮੋਸਮੀ ਘਾਹ ਅਤੇ ਸਵਾਂਕ ਆਦਿ ਦੀ ਰੋਕਥਾਮ ਲਈ 1200 ਮਿਲੀਲਿਟਰ ਬੂਟਾਕਲੋਰ 50 ਈ ਸੀ ਦੇ ਸਿਫਾਰਸ਼ ਕੀਤੇ ਵੱਖ ਵੱਖ ਨਦੀਨਨਾਸ਼ਕਾਂ ਵਿਚੋਂ ਕਿਸੇ ਇਕ ਨੂੰ 60 ਕਿਲੋ ਰੇਤ ਵਿਚ ਮਿਲਾ ਕੇ ਬਿਜਾਈ ਤੋਂ 7 ਦਿਨਾਂ ਪਿਛੋਂ ਜਾਂ 500 ਮਿਲੀਲਿਟਰ ਸੋਫਿਟ 37.5 ਈ ਸੀ ਨੂੰ ਰੇਤ ਵਿਚ ਮਿਲਾ ਕੇ ਬਿਜਾਈ ਤੋਂ 3 ਦਿਨਾਂ ਬਾਅਦ ਛੱਟਾ ਦੇਣਾ ਚਾਹੀਦਾ ਹੈ ਜਾਂ 100 ਮਿਲੀਲਿਟਰ ਪ੍ਰਤੀ ਏਕੜ ਨੌਮਿਨੀ ਗੋਲਡ, ਵਾਸ਼ਆਊਟ, ਮਾਚੋ, ਤਾਰਕ 10 ਐਸ ਸੀ ਨੂੰ 150 ਲਿਟਰ ਪਾਣੀ ਵਿਚ ਘੋਲ ਕੇ ਬਿਜਾਈ ਤੋਂ 15-20 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ।

ਝੋਨੇ ਦੀ ਤੰਦਰੁਸਤ ਪਨੀਰੀ ਤਿਆਰ ਕਰਨ ਦੀ ਵਿਉਂਤਬੰਦੀ
ਅ) ਮਸ਼ੀਨੀ ਲਵਾਈ ਲਈ ਪਨੀਰੀ ਤਿਆਰ ਕਰਨਾ:
1) ਹੱਥੀ ਮੈਟ ਟਾਈਪ ਪਨੀਰੀ ਤਿਆਰ ਕਰਨਾ : ਮਸ਼ੀਨੀ ਲਵਾਈ ਲਈ ਪਨੀਰੀ ਤਿਆਰ ਕਰਨ ਲਈ ਪਨੀਰੀ ਦੀ ਬਿਜਾਈ ਝੋਨਾ ਲਗਾਉਣ ਵਾਲੇ ਖੇਤਾਂ ਦੇ ਨੇੜੇ ਕਰੋ। ਪਨੀਰੀ ਬੀਜਣ ਵਾਲੇ ਖੇਤ ਉਪਜਾਊ ਮਿੱਟੀ ਵਾਲੇ ਅਤੇ ਚੰਗੀ ਤਰ੍ਹਾਂ ਪੱਧਰੇ ਹੋਣੇ ਚਾਹੀਦੇ ਹਨ । ਇਹ ਖੇਤ ਟਿਊਬਵੈਲ ਜਾਂ ਦਰੱਖਤਾਂ ਤੋਂ ਘੱਟੋ-ਘੱਟ 20 ਮੀਟਰ ਦੀ ਵਿੱਥ ਤੇ ਹੋਣੇ ਚਾਹੀਦੇ ਹਨ ਤਾਂ ਜੋ ਦਰੱਖਤਾਂ ਤੋਂ ਡਿਗਣ ਵਾਲੇ ਪੱਤੇ ਜਾਂ ਜਾਨਵਰ ਆਦਿ ਪਨੀਰੀ ਦਾ ਨੁਕਸਾਨ ਨਾ ਕਰਨ। ਖੇਤ ਦੀ ਮਿੱਟੀ ਵਿਚ ਕਿਸੇ ਤਰ੍ਹਾਂ ਦੇ ਪੱਥਰ, ਰੋੜੇ ਜਾਂ ਸਖਤ ਚੀਜ ਨਹੀਂ ਹੋਣੀ ਚਾਹੀਦੀ ਤਾਂ ਕਿ ਬਾਅਦ ਵਿਚ ਪਨੀਰੀ ਠੀਕ ਤਰ੍ਹਾਂ ਲਗਾਈ ਜਾਂ ਸਕੇ ਅਤੇ ਮਸ਼ੀਨ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਖੇਤ ਨੂੰ ਰੋਣੀ ਕਰ ਲੈਣੀ ਚਾਹੀਦੀ ਹੈ ਅਤੇ ਵਤਰ ਆਉਣ ਤੇ ਚੰਗੀ ਵਾਹ ਕੇ ਸੁਹਾਗਾ ਮਾਰ ਲੈਣਾ ਚਾਹੀਦਾ ਹੈ।
ਤਿਆਰ ਕੀਤੀ ਹੋਈ ਜਮੀਨ ਉੱਤੇ 50-60 ਗੇਜ ਦੀ ਪਤਲੀ ਅਤੇ 90-100 ਸੈਂਟੀਮੀਟਰ ਚੋੜੀ ਪਲਾਸਟਿਕ ਦੀ ਚਾਦਰ ਜਿਸ ਵਿਚ 1-2 ਮਿਲੀਮੀਟਰ ਚੋੜੇ ਸੁਰਾਖ ਕੀਤੇ ਹੋਣ, ਵਿਛਾ ਦੇਣੀ ਚਾਹੀਦੀ ਹੈ। ਇਕ ਏਕੜ ਦੀ ਪਨੀਰੀ ਲਈ 15 ਕੁ ਮੀਟਰ ਲੰਬੀ ਚਾਦਰ ਦੀ ਜਰੂਰਤ ਪੈਂਦੀ ਹੈ ਜਿਸਦੀ ਭਾਰ ਲਗਭਗ 270 ਗ੍ਰਾਮ ਹੁੰਦਾ ਹੈ। ਵਿਛਾਈ ਹੋਈ ਸ਼ੀਟ ਉਤੇ ਲੋੜ ਅਨੁਸਾਰ ਫਰੇਮ ਰੱਖ ਕੇ, ਫਰੇਮ ਦੇ ਦੋਂਨੇ ਪਾਸਿਆਂ ਤੋਂ ਇਕਸਾਰ ਮਿੱਟੀ ਚੁੱਕ ਕੇ ਫਰੇਮ ਵਿਚ ਪਾ ਕੇ ਪੱਧਰ ਕਰ ਦਿਉ। ਫਰੇਮ ਦੇ ਖਾਨੇ ਅਤੇ ਨਾਪ ਮਸ਼ੀਨ ਮੁਤਾਬਕ ਹੋਣੇ ਚਾਹੀਦੇ ਹਨ। ਫਰੇਮ ਦੇ ਇਕ ਖਾਨੇ ਦਾ ਨਾਪ ਇੰਜਣ ਵਾਲੀ ਮਸ਼ੀਨ ਲਈ 45X21X2 ਸੈਟੀਮੀਟਰ ਅਤੇ ਸਵੈਚਲਿਤ ਮਸ਼ੀਨ ਲਈ 58X28X2 ਸੈਂਟੀਮੀਟਰ ਹੁੰਦਾ ਹੈ।
ਇਹ ਵੀ ਪੜ੍ਹੋ: Irrigation System: ਸਿੰਚਾਈ ਲਈ ਲੂਣੇ-ਖਾਰੇ ਪਾਣੀ ਦੀ ਸੁਚੱਜੀ ਵਰਤੋਂ ਕਿਵੇਂ ਕਰੀਏ?
ਪੱਧਰ ਕੀਤੇ ਹਰੇਕ ਖਾਨੇ ਵਿਚ 50-60 ਗ੍ਰਾਮ ਪੁੰਗਰਿਆ ਹੋਇਆ ਬੀਜ ਇਕਸਾਰ ਇਸ ਤਰ੍ਹਾਂ ਖਿਲਾਰ ਦਿਓ ਕਿ ਇਕ ਸੈਂਟੀਮੀਟਰ ਖੇਤਰਫਲ ਵਿਚ 2-3 ਦਾਣੇ ਆਉਣ । ਬੀਜ ਨੂੰ ਇਕਸਾਰ ਖਿਲਾਰਨ ਲਈ ਬੀਜ ਖਿਲਾਰਨ ਵਾਲਾ ਰੋਲਰ ਵੀ ਵਰਤਿਆ ਜਾ ਸਕਦਾ ਹੈ। ਇਕ ਏਕੜ ਵਿਚ ਪਨੀਰੀ ਦੀ ਲਵਾਈ ਕਰਨ ਲਈ 10-12 ਕਿਲੋ ਬੀਜ ਕਾਫੀ ਹੁੰਦਾ ਹੈ ਅਤੇ ਇਸ ਤੋਂ ਤਕਰੀਬਨ 150 ਮੈਟ ਤਿਆਰ ਹੋ ਜਾਂਦੇ ਹਨ। ਬੀਜ ਨੂੰ ਮਿੱਟੀ ਦੀ ਬਰੀਕ ਪਰਤ ਨਾਲ ਢੱਕਣ ਉਪਰੰਤ ਹੱਥ ਵਾਲੇ ਫੁਆਰੇ ਨਾਲ ਪਾਣੀ ਛਿੜਕ ਦਿਓ ਤਾਂ ਕਿ ਮਿੱਟੀ ਜੰਮ ਜਾਵੇ। ਬੀਜ ਨੂੰ ਢਕਣ ਲਈ ਰੋਲਰ ਵੀ ਵਰਤਿਆ ਜਾ ਸਕਦਾ ਹੈ ਜਿਸ ਵਿਚ ਛਾਣੀ ਹੋਈ ਮਿੱਟੀ ਵਰਤਣੀ ਚਾਹੀਦੀ ਹੈ। ਮਿੱਟੀ ਟਿੱਕ ਜਾਵੇ ਤਾਂ ਫਰੇਮ ਹੋਲੀ ਜਿਹੀ ਚੁੱਕ ਲਵੋ ਅਤੇ ਵਿਛਾਈ ਹੋਈ ਪਲਾਸਟਿਕ ਸ਼ੀਟ ਉਤੇ ਅੱਗੇ ਰੱਖ ਦਿਓ ਅਤੇ ਲੋੜ ਮੁਤਾਬਕ ਉੱਪਰ ਦੱਸੀ ਵਿਧੀ ਦੁਹਰਾਓ।
ਪਨੀਰੀ ਦੀ ਬਿਜਾਈ ਤੋਂ ਬਾਅਦ ਖੇਤ ਨੂੰ ਪਾਣੀ ਦਿਓ । ਪਹਿਲੇ 2-3 ਪਾਣੀ ਬਹੁਤ ਧਿਆਨ ਨਾਲ ਲ਼ਾਓ, ਪਾਣੀ ਦਾ ਵਹਾਅ ਘੱਟ ਅਤੇ ਇਕਸਾਰ ਹੋਵੇ ਤਾਂ ਕਿ ਨਵੇਂ ਬਣੇ ਮੈਟ ਖਰਾਬ ਨਾ ਹੋਣ। ਹਰ ਰੋਜ਼ ਪਾਣੀ ਲਗਾਉਣਾ ਜਰੂਰੀ ਤਾਂ ਕਿ ਮੈਟ ਹਮੇਸ਼ਾ ਗਿੱਲੇ ਰਹਿਣ। ਇਕ ਏਕੜ ਦੀ ਪਨੀਰੀ ਲਈ 10 ਦਿਨਾਂ ਦੇ ਵਕਫੇ ਮਗਰੋਂ 200 ਗ੍ਰਾਮ ਯੂਰੀਆ 15 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ। ਪਨੀਰੀ ਦੇ ਮੈਟ 25-30 ਦਿਨਾਂ ਪਿਛੋਂ ਲਵਾਈ ਲਈ ਤਿਆਰ ਹੋ ਜਾਂਦੇ ਹਨ । ਪਨੀਰੀ ਪੁੱਟਣ ਤੋਂ ਕੁਝ ਘੰਟੇ ਪਹਿਲਾਂ ਪਾਣੀ ਕੱਢ ਦਿਓ। ਇਸ ਤਰ੍ਹਾਂ ਤਿਆਰ ਕੀਤੇ ਮੈਟ ਅਸਾਨੀ ਨਾਲ ਕਿਸੇ ਤੇਜ ਬਲੇਡ ਜਾਂ ਦਾਤੀ ਨਾਲ ਫਰੇਮ ਦੇ ਪਏ ਨਿਸ਼ਾਨਾਂ ਮੁਤਾਬਿਕ ਕੱਟ ਕੇ ਉਖਾੜੇ ਜਾ ਸਕਦੇ ਹਨ ਅਤੇ ਇਹ ਸਹੀ ਨਾਪ ਵਾਲੇ ਮੈਟ, ਝੋਨਾ ਲਗਾਉਣ ਵਾਲੇ ਖੇਤ ਤੱਕ ਟਰਾਲੀ ਜਾਂ ਰੇਹੜੇ ਦੀ ਮਦਦ ਨਾਲ ਪਹੁੰਚਾਏ ਜਾ ਸਕਦੇ ਹਨ।
2) ਟਰੈਕਟਰ ਚਲਿਤ ਮਸ਼ੀਨ ਨਾਲ ਮੈਟ ਟਾਈਪ ਪਨੀਰੀ ਤਿਆਰ ਕਰਨਾ : ਟਰੈਕਟਰ ਚਲਿਤ ਮੈਟ ਟਾਈਪ ਨਰਸਰੀ ਸੀਡਰ 1.0 ਮੀਟਰ ਚੋੜੇ ਮਿੱਟੀ ਦੇ ਬੈੱਡ ਉੱਤੇ ਪਲਾਸਟਿਕ ਸ਼ੀਟ ਵਿਛਾਉਣ, ਸ਼ੀਟ ਉੱਪਰ 1.0 ਇੰਚ ਮੋਟੀ ਮਿੱਟੀ ਦੀ ਪਰਤ ਪਾਉਣ ਅਤੇ ਨਾਲ ਹੀ ਬੈੱਡ ਉੱਤੇ ਬੀਜ ਪਾਉਣ ਦਾ ਕੰਮ ਇਕ ਵਾਰ ਵਿਚ ਹੀ ਕਰਦੀ ਹੈ। ਇਸ ਮਸ਼ੀਨ ਨਾਲ ਇਹ ਸਾਰੇ ਕੰਮ ਇਕੋ ਵਾਰ ਵਿਚ ਹੀ ਹੋ ਜਾਂਦੇ ਹਨ ਅਤੇ ਇਸ ਨਾਲ ਇੰਜਨ ਵਾਲੇ ਜਾਂ ਸਵੈਚਲਿਤ ਝੋਨਾ ਟ੍ਰਾਂਸਪਲਾਂਟਰ ਲਈ ਮੈਟ ਵਾਲੀ ਪਨੀਰੀ ਤਿਆਰ ਕੀਤੀ ਜਾ ਸਕਦੀ ਹੈ।
ਸਰੋਤ: ਮਨਿੰਦਰ ਸਿੰਘ ਅਤੇ ਜਗਜੋਤ ਸਿੰਘ ਗਿੱਲ, ਜ਼ਿਲ੍ਹਾ ਪਸਾਰ ਵਿਗਿਆਨੀ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਜਲੰਧਰ ਅਤੇ ਫ਼ਿਰੋਜਪੁਰ
Summary in English: Paddy Nursery Management: How to prepare rice seedlings for Transplantation