Crop Protection: ਆਉਣ ਵਾਲੇ 3-4 ਦਿਨਾਂ ਦੌਰਾਨ ਵੈਸਟਰਨ ਡਿਸਟਰਬੈਂਸ ਕਾਰਨ ਪੰਜਾਬ ਵਿੱਚ ਬਾਰਿਸ਼ ਅਤੇ ਧੁੰਦ ਪੈਣ ਦੇ ਆਸਾਰ ਹਨ। ਇਸ ਦੇ ਨਾਲ-ਨਾਲ ਪਿਛੇਤੇ ਝੁਲਸ ਰੋਗ ਲਈ ਅਨੁਕੂਲ ਤਾਪਮਾਨ (7-21) ਅਤੇ ਵਧੇਰੇ ਨਮੀਂ ਵਾਲੇ ਮੌਸਮੀਂ ਹਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਆਲੂ/ਟਮਾਟਰ ਦੀ ਫਸਲ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣ ਲਈ ਛਿੜਕਾਅ ਕਰਨ।
ਇਸ ਰੋਗ ਦੇ ਪਹਿਲੇ ਲੱਛਣ ਛੋਟੇ, ਹਲਕੇ ਤੋਂ ਗੂੜ੍ਹੇ, ਗੋਲਾਕਾਰ ਪਾਣੀ-ਭਿੱਜੇ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਠੰਡੇ ਅਤੇ ਨਮੀ ਵਾਲੇ ਮੌਸਮ ਦੌਰਾਨ, ਇਹ ਧੱਬੇ ਤੇਜ਼ੀ ਨਾਲ ਵੱਡੇ ਅਤੇ ਗੂੜ੍ਹੇ ਭੂਰੇ ਜਾਂ ਕਾਲੇ ਰੰਗ ਦੇ ਬਣ ਜਾਂਦੇ ਹਨ। ਪ੍ਰਭਾਵਿਤ ਖੇਤਾਂ ਵਿੱਚ ਜੇਕਰ ਸਮੇਂ ਸਿਰ ਰੋਕਥਾਮ ਨਾ ਕਰੀਏ ਤਾਂ ਜਲਦੀ ਹੀ ਫਸਲ ਤਬਾਹ ਹੋ ਸਕਦੀ ਹੈ। ਝੁਲਸ ਰੋਗ ਆਲੂਆਂ ਤੋਂ ਟਮਾਟਰ ਦੀ ਫਸਲ ਤੇ ਜਾ ਸਕਦਾ ਹੈ।
ਪਿਛੇਤੇ ਝੁਲਸ ਰੋਗ ਤੋਂ ਬਚਣ ਲਈ ਸੁਝਾਅ:
1. ਖੇਤਾਂ ਦਾ ਲਗਾਤਾਰ ਸਰਵੇਖਣ ਕਰੋ।
2. ਮੌਸਮ ਦਾ ਹਮੇਸ਼ਾਂ ਖਿਆਲ ਰੱਖੋ। ਠੰਡੇ ਅਤੇ ਸਿੱਲ੍ਹੇ ਮੌਸਮ ਵਿੱਚ ਇਹ ਬਿਮਾਰੀ ਤੇਜ਼ੀ ਨਾਲ ਫੈਲਦੀ ਹੈ, ਜਦੋਂਕਿ ਖੁਸ਼ਕ ਮੌਸਮ ਬਿਮਾਰੀ ਨੂੰ ਰੋਕਦਾ ਹੈ।
3. ਫੁਹਾਰਾ ਸਿੰਚਾਈ ਤੋਂ ਪਰਹੇਜ਼ ਕਰੋ। ਪਾਣੀ ਦਿਨ ਵੇਲੇ ਦਿਓ ਤਾਂ ਕਿ ਪੱਤੇ ਰਾਤ ਤੋਂ ਪਹਿਲਾਂ ਸੁੱਕ ਜਾਣ। ਜੇਕਰ ਸੰਭਵ ਹੋਵੇ ਤਾਂ ਤੁਪਕਾ ਸਿੰਚਾਈ ਦੀ ਵਰਤੋਂ ਕਰੋ ਜਿਸ ਨਾਲ ਝੁਲਸ ਅਤੇ ਹੋਰ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ।
4. ਆਲੂਆਂ ਅਤੇ ਟਮਾਟਰਾਂ ਦੀ ਫਸਲ ‘ਤੇ ਉੱਲੀਨਾਸ਼ਕ ਜਿਵੇਂ ਕਿ ਇੰਡੋਫਿਲ ਐਮ-45 500-700 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਜੇ ਬਿਮਾਰੀ ਦੀ ਲਾਗ ਪਹਿਲਾਂ ਹੀ ਲਗ ਜੇ ਚੁੱਕੀ ਹੋਵੇ ਜਾਂ ਬਿਮਾਰੀ ਦਾ ਖਤਰਾ ਵੱਧੇਰੇ ਹੋਵੇ ਤਾਂ ਆਲੂ ਦੀ ਫਸਲ ‘ਤੇ ਕਰਜ਼ੇਟ ਐੱਮ-8, ਮਿਲੋਡੀ ਡਿਊ 66.75 ਡਬਲਯੂ ਪੀ ਜਾਂ ਰਿਡੋਮਿਲ ਗੋਲਡ ਜਾਂ ਸੈਕਿਟਨ 60 ਡਬਲਯੂ ਜੀ 700 ਗ੍ਰਾਮ ਜਾਂ ਰੀਵਸ 250 ਐੱਸ ਸੀ 250 ਮਿਲੀਲੀਟਰ ਜਾਂ ਇਕੂਏਸ਼ਨ ਪ੍ਰੋ 200 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ 10 ਦਿਨ ਦੇ ਵਕਫੇ ਤੇ ਛਿੜਕਾਅ ਕਰੋ।ਆਪਣੇ-ਆਪ ਬਣਾਏ ਗਏ ਟੈਂਕ ਮਿਕਸਚਰ ਨਹੀਂ ਵਰਤਣੇ ਚਾਹੀਦੇ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉੱਲੀ ਵਿੱਚ ਰੋਗ ਪ੍ਰਤੀਰੋਧਤਾ ਦੀ ਤਾਕਤ ਪੈਦਾ ਹੋ ਸਕਦੀ ਹੈ।
ਇਹ ਵੀ ਪੜ੍ਹੋ : ਫੁੱਲ ਗੋਭੀ ਦੀਆਂ ਇਨ੍ਹਾਂ ਦੋ ਕਿਸਮਾਂ ਦੀ ਸਾਰਾ ਸਾਲ ਕਰੋ ਕਾਸ਼ਤ
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:
● ਡਾ. ਪੀ.ਐਸ. ਸੰਧੂ, ਮੁਖੀ ਪੌਦਾ ਰੋਗ ਵਿਭਾਗ (9855519676)
● ਡਾ. ਸੰਦੀਪ ਜੈਨ, ਸਹਾਇਕ ਪ੍ਰੋਫੈਸਰ ਪਲਾਂਟ ਪੈਥੋਲੋਜੀ (9872322880)
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: PAU Advisory issued regarding late blight disease, contact these numbers for more information