ਪੰਜਾਬ `ਚ ਹਾੜ੍ਹੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਕਿਸਾਨਾਂ ਨੇ ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਵੀ ਸ਼ੁਰੂ ਕਰ ਦਿੱਤੀ ਹੈ। ਕਣਕ, ਜਵੀ, ਮੱਕੀ, ਬਰਸੀਮ ਆਦਿ ਹਾੜ੍ਹੀ ਦੀਆਂ ਕੁਝ ਮੁੱਖ ਫਸਲਾਂ ਹਨ। ਹਰ ਸਾਲ ਹੀ ਤਰ੍ਹਾਂ ਇਸ ਸਾਲ ਵੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਹਾੜ੍ਹੀ ਦੇ ਸੀਜ਼ਨ ਦੀ ਬਿਹਤਰ ਕਾਸ਼ਤ ਲਈ ਕੁਝ ਨਵੀਆਂ ਸਿਫ਼ਾਰਸ਼ਾਂ ਲਾਗੂ ਕੀਤੀਆਂ ਹਨ, ਜੋ ਕਿ ਇਸ ਲੇਖ `ਚ ਦੱਸੀਆਂ ਗਈਆਂ ਹਨ।
ਫ਼ਸਲਾਂ ਦੀਆਂ ਨਵੀਆਂ ਸਿਫ਼ਾਰਸ਼ ਕਿਸਮਾਂ:
● ਪੀ ਬੀ ਡਬਲਯੂ 826 (ਕਣਕ): ਨਵੀਂ ਕਿਸਮ ਦੀ ਸਿਫ਼ਾਰਸ਼ ਸੇਂਜੂ ਹਾਲਤਾਂ `ਚ ਸਮੇਂ ਸਿਰ ਬਿਜਾਈ ਲਈ ਕੀਤੀ ਜਾਂਦੀ ਹੈ। ਇਸ ਦਾ ਔਸਤ ਝਾੜ 24.0 ਕੁਇੰਟਲ ਪ੍ਰਤੀ ਏਕੜ ਹੈ।
● ਓ ਐਲ 16 (ਜਵੀ): ਇਹ ਦੋਹਰੀ (ਚਾਰੇ ਤੇ ਬੀਜ ਲਈ) ਕਿਸਮ ਸੇਂਜੂ ਇਲਾਕਿਆਂ `ਚ ਬੀਜਣ ਲਈ ਢੁੱਕਵੀ ਹੈ। ਇਸ ਦੇ ਹਰੇ ਚਾਰੇ ਦਾ ਅੋਸਤ ਝਾੜ 90 ਕੁਇੰਟਲ ਤੇ ਬੀਜ ਦਾ ਔਸਤ ਝਾੜ 7.6 ਕੁਇੰਟਲ ਪ੍ਰਤੀ ਏਕੜ ਹੈ।
ਉਤਪਾਦਨ ਤਕਨੀਕਾਂ:
ਕਣਕ:
● ਵੱਖ-ਵੱਖ ਢੰਗਾਂ ਨਾਲ ਪਰਾਲੀ ਦੀ ਖੇਤ `ਚ ਸੰਭਾਲ ਉਪਰੰਤ ਬੀਜੀ ਕਣਕ ਨੂੰ ਲੋੜ ਅਨੁਸਾਰ ਨਾਈਟ੍ਰੋਜਨ ਖਾਦ ਪਾਉਣ ਲਈ ਪੱਤਾ ਰੰਗ ਚਾਰਟ ਵਿਧੀ ਦੀ ਵਰਤੋਂ ਕਰੋ।
● ਝੋਨੇ ਦੀ ਪਰਾਲੀ ਨੂੰ ਖੇਤ `ਚ ਸੰਭਾਲਣ ਉਪਰੰਤ ਬੀਜੀ ਕਣਕ ਨੂੰ ਜਦੋਂ ਦੂਜਾ ਪਾਣੀ ਦੇਰ ਨਾਲ ਲੱਗਣ ਦੀ ਸੰਭਾਵਨਾ ਹੋਵੇ ਤਾਂ ਯੂਰੀਆ ਦੇ ਛਿੜਕਾਅ ਨਾਲ ਨਾਈਟ੍ਰੋਜਨ ਖਾਦ ਦੀ ਸੁਚੱਜੀ ਵਰਤੋਂ ਕਰੋ।
● ਹੈਪੀ ਸੀਡਰ ਨਾਲ ਬਿਜਾਈ ਕਰਨ ਲਈ ਰਿਵਾਇਤੀ ਬਿਜਾਈ ਨਾਲੋਂ 5 ਕਿਲੋ ਪ੍ਰਤੀ ਏਕੜ ਜ਼ਿਆਦਾ ਬੀਜ ਦੀ ਵਰਤੋਂ ਕਰੋ।
ਬਹਾਰ ਰੁੱਤ ਦੀ ਮੱਕੀ:
ਪਾਣੀ ਤੇ ਖਾਦਾਂ ਦੀ ਬੱਚਤ ਲਈ ਧਰਤੀ ਦੀ ਸਤ੍ਹਾ ਹੇਠ ਤੁਪਕਾ ਸਿੰਚਾਈ ਤੇ ਖਾਦਾਂ ਦੀ ਵਰਤੋਂ (ਫਰਟੀਗੇਸ਼ਨ) ਦੀ ਸਿਫਾਰਸ਼ ਕੀਤੀ ਗਈ ਹੈ।
ਜੈਵਿਕ ਖੇਤੀ:
● ਚੰਗੇ ਨਦੀਨ ਪ੍ਰਬੰਧ ਲਈ ਕਣਕ ਨੂੰ ਬੈੱਡ ਪਲਾਂਟਰ ਨਾਲ ਬੈੱਡਾਂ ਉੱਤੇ ਬੀਜੋ।
● ਬੈੱਡਾਂ ਉੱਤੇ ਬੀਜੀ ਕਣਕ ਵਿੱਚ ਬੈੱਡ ਪਲਾਂਟਰ ਵਿੱਚ ਥੋੜਾ ਬਦਲਾਅ ਕਰਕੇ ਬਿਜਾਈ ਤੋਂ 30 ਅਤੇ 45 ਦਿਨਾਂ ਬਾਅਦ ਦੋ ਗੋਡੀਆਂ ਕਰੋ।
ਝੋਨਾ-ਕਣਕ ਫ਼ਸਲ ਪ੍ਰਣਾਲੀ:
ਝੋਨੇ ਅਤੇ ਕਣਕ ਦੀ ਰਹਿੰਦ-ਖੂੰਹਦ ਨੂੰ 12 ਸਾਲ ਲਗਾਤਾਰ ਰੱਖਣ ਜਾਂ ਵਾਹੁਣ ਨਾਲ ਕਣਕ ਦੇ ਝਾੜ ਅਤੇ ਝੋਨੇ-ਕਣਕ ਫ਼ਸਲ ਪ੍ਰਣਾਲੀ ਦੀ ਉਤਪਾਦਕਤਾ ਵਿਚ ਵਾਧਾ ਹੁੰਦਾ ਹੈ।
ਬਰਸੀਮ:
ਰੇਤਲੀ ਮੈਰ੍ਹਾ ਜ਼ਮੀਨ ਵਿੱਚ ਬਿਜਾਈ ਸਮੇਂ ਚੰਗਾ ਪਾਣੀ ਲਾਉਣ ਤੋਂ ਬਾਅਦ ਟਿਊਬਵੈਲ ਦੇ ਲੂਣੇ ਪਾਣੀ ਨੂੰ ਨਹਿਰੀ ਪਾਣੀ ਨਾਲ ਅਦਲ-ਬਦਲ ਕੇ ਵਰਤੋ।
ਰਾਈ ਘਾਹ:
ਰੇਤਲੀ ਮੈਰ੍ਹਾ ਜ਼ਮੀਨ ਵਿੱਚ ਬਿਜਾਈ ਸਮੇਂ ਚੰਗਾ ਪਾਣੀ ਲਾਉਣ ਤੋਂ ਬਾਅਦ ਟਿਊਬਵੈਲ ਦੇ ਦੋ ਲੂਣੇ ਪਾਣੀ ਅਤੇ ਇੱਕ ਨਹਿਰੀ ਪਾਣੀ ਨਾਲ ਅਦਲ-ਬਦਲ ਕੇ ਵਰਤੋ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਸਲਾਹ, ਹਾੜ੍ਹੀ ਸੀਜ਼ਨ ਦੌਰਾਨ ਫ਼ਸਲਾਂ 'ਤੇ ਕੀੜਿਆਂ ਦੇ ਵਿਆਪਕ ਨਿਯੰਤਰਣ ਲਈ ਉਪਾਅ
ਪੌਦ ਸੁਰੱਖਿਆ ਤਕਨੀਕਾਂ:
ਕਣਕ:
● ਨਦੀਨਾਂ ਦੀ ਵਧੀਆ ਰੋਕਥਾਮ ਲਈ 8 ਇੰਚ ਫ਼ਾਲਿਆਂ ਦੀ ਵਿੱਥ ਵਾਲੇ ਹੈਪੀ ਸੀਡਰ ਦੀ ਵਰਤੋਂ ਕਰੋ।
● ਸੈਨਿਕ ਸੁੰਡੀ ਦੀ ਰੋਕਥਾਮ ਲਈ 40 ਮਿਲੀਲਿਟਰ ਪ੍ਰਤੀ ਏਕੜ ਕੋਰਾਜਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) ਦਾ ਛਿੜਕਾਅ ਕਰੋ ਜਾਂ 7 ਕਿਲੋ ਪ੍ਰਤੀ ਏਕੜ ਮੋਰਟੈਲ/ਰੀਜੈਂਟ 0.3 ਜੀ (ਫਿਪਰੋਨਿਲ) ਜਾਂ 1 ਲਿਟਰ ਡਰਸਬਾਨ 20 ਈ ਸੀ (ਕਲੋਰਪਾਈਰੀਫ਼ਾਸ) ਨੂੰ 20 ਕਿਲੋ ਸਲਾਬੀ ਮਿੱਟੀ ਨਾਲ ਰਲਾ ਕੇ ਪਹਿਲਾ ਪਾਣੀ ਲਗਾਉਣ ਤੋ ਪਹਿਲਾਂ ਛੱਟਾ ਦੇਵੋ।
● ਗੁਲਾਬੀ ਸੁੰਡੀ ਦੀ ਰੋਕਥਾਮ ਲਈ 50 ਮਿਲੀਲਿਟਰ ਪ੍ਰਤੀ ਏਕੜ ਕੋਰਾਜਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) ਦਾ ਛਿੜਕਾਅ ਕਰੋ ਜਾਂ 7 ਕਿਲੋ ਪ੍ਰਤੀ ਏਕੜ ਮੋਰਟੈਲ/ਰੀਜੈਂਟ 0.3 ਜੀ (ਫਿਪਰੋਨਿਲ) ਜਾਂ 1 ਲਿਟਰ ਡਰਸਬਾਨ 20 ਈ ਸੀ (ਕਲੋਰਪਾਈਰੀਫ਼ਾਸ) ਨੂੰ 20 ਕਿਲੋ ਸਲਾਬੀ ਮਿੱਟੀ ਨਾਲ ਰਲਾ ਕੇ ਪਹਿਲਾ ਪਾਣੀ ਲਗਾਉਣ ਤੋ ਪਹਿਲਾਂ ਛੱਟਾ ਦੇਵੋ।
● ਪੀਲੀ ਕੁੰਗੀ ਦੀ ਰੋਕਥਾਮ ਲਈ ਬਿਮਾਰੀ ਨਜ਼ਰ ਆਉਣ ਤੇ 200 ਮਿਲੀਲਿਟਰ ਪ੍ਰਤੀ ਏਕੜ ਅੰਮਪੈਕਟ ਐਕਸਟਰਾ (ਐਜ਼ੋਕਸੀਸਟ੍ਰੋਬਿਨ +ਸਾਇਪਰਾਕੋਨਾਜ਼ੋਲ) ਦਾ ਛਿੜਕਾਅ ਕਰੋ।
ਬਹਾਰ ਰੁੱਤ ਦੀ ਮੱਕੀ:
ਜੇਕਰ ਹਮਲਾ ਧੌੜੀਆਂ ਵਿੱਚ ਹੋਵੇ ਜਾਂ ਫ਼ਸਲ 40 ਦਿਨਾਂ ਤੋਂ ਵੱਡੀ ਹੋਵੇ ਅਤੇ ਛਿੜਕਾਅ ਵਿੱਚ ਮੁਸ਼ਕਿਲ ਹੋਵੇ ਤਾਂ ਫ਼ਾਲ ਆਰਮੀਵਰਮ ਦੀ ਰੋਕਥਾਮ ਲਈ ਮਿੱਟੀ ਅਤੇ ਕੀਟਨਾਸ਼ਕ ਦੇ ਮਿਸ਼ਰਣ (ਲਗਭਗ ਅੱਧਾ ਗ੍ਰਾਮ) ਦੀ ਵਰਤੋ ਕਰੋ।
Summary in English: PAU implements some new recommendations for better cultivation of 2022 rabi season