
ਸਾਉਣੀ ਰੁੱਤ ਦੀ ਮੱਕੀ
Maize Crop: ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਹ ਮੁੱਖ ਤੌਰ 'ਤੇ ਕਣਕ ਅਤੇ ਝੋਨੇ 'ਤੇ ਹੀ ਨਿਰਭਰ ਕਰਦੀ ਹੈ, ਜੋ ਦੇਸ਼ ਦੇ ਅਨਾਜ ਭੰਡਾਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਝੋਨਾ-ਕਣਕ ਫ਼ਸਲ ਪ੍ਰਣਾਲੀ, ਭਾਵੇਂ ਜ਼ਿਆਦਾ ਉਤਪਾਦਕ ਹੈ, ਪਰ ਇਸ ਨੇ ਕਈ ਤਰ੍ਹਾਂ ਦੀਆਂ ਵਾਤਾਵਰਣਕ ਅਤੇ ਹੋਰ ਸਮੱਸਿਆਵਾਂ ਪੈਦਾ ਕੀਤੀਆਂ ਹਨ, ਜਿਵੇਂਕਿ ਧਰਤੀ ਹੇਠਲੇ ਪਾਣੀ 'ਚ ਗਿਰਾਵਟ, ਫ਼ਸਲ ਦੀ ਰਹਿੰਦ-ਖੂੰਹਦ ਨੂੰ ਸਾੜਨਾ, ਪੌਸ਼ਟਿਕ ਤੱਤਾਂ ਦੀ ਘਾਟ, ਮਿੱਟੀ ਦੀ ਸਿਹਤ ਵਿੱਚ ਵਿਗਾੜ, ਖੇਤੀ ਰਸਾਇਣਾਂ ਦੀ ਬੇਲੋੜੀ ਵਰਤੋਂ ਆਦਿ। ਇਹਨਾਂ ਸਮੱਸਿਆਵਾਂ ਦਾ ਹੱਲ ਫ਼ਸਲੀ ਵਿਭਿੰਨਤਾ ਅਪਨਾਉਣ ਨਾਲ ਹੋ ਸਕਦਾ ਹੈ ਅਤੇ ਸਾਉਣੀ ਰੁੱਤ ਵਿੱਚ ਫ਼ਸਲੀ ਵਿਭਿੰਨਤਾ ਲਿਆਉਣ ਲਈ ਮੱਕੀ ਇੱਕ ਮਹੱਤਵਪੂਰਨ ਫ਼ਸਲ ਹੈ।
ਇਸ ਫ਼ਸਲ ਤੋਂ ਵਧੇਰੇ ਝਾੜ ਪ੍ਰਾਪਤ ਕਰਨ ਲਈ ਸਿਫ਼ਾਰਿਸ਼ ਉਤਪਾਦਨ ਤਕਨੀਕਾਂ ਨੁੰ ਅਪਨਾਉਣ ਤੋਂ ਇਲਾਵਾ ਕੀੜੇ ਮਕੌੜਿਆਂ ਦੀ ਸਮੇਂ ਸਿਰ ਢੁੱਕਵੀਂ ਰੋਕਥਾਮ ਬਹੁਤ ਜ਼ਰੂਰੀ ਹੈ। ਸਾਉਣੀ ਰੁੱਤ ਦੀ ਮੱਕੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਵਿੱਚੋਂ ਸਭ ਤੋਂ ਹਾਨੀਕਾਰਕ ਫ਼ਾਲ ਆਰਮੀਵਾਰਮ ਅਤੇ ਮੱਕੀ ਦਾ ਗੜੂੰਆਂ ਹੈ। ਇਸ ਤੋਂ ਇਲਾਵਾ ਕੁੱਝ ਹੋਰ ਕੀੜੇ ਜਿਵੇਂ ਕਿ ਭੱਬੂ ਕੁੱਤਾ, ਸੈਨਿਕ ਸੁੰਡੀ, ਵਾਲਾਂ ਨੂੰ ਕੱਟਣ ਵਾਲੀ ਸੁੰਡੀ, ਤੇਲਾ ਆਦਿ ਵੀ ਕਈ ਵਾਰ ਫ਼ਸਲ ਤੇ ਨੁਕਸਾਨ ਕਰਦੇ ਹਨ। ਮੱਕੀ ਦੇ ਮੁੱਖ ਕੀੜੇ-ਮਕੌੜਿਆਂ ਦੀ ਸਰਵਪੱਖੀ ਰੋਕਥਾਮ ਲਈ ਲੋੜੀਂਦੀ ਜਾਣਕਾਰੀ ਹੇਠ ਦਿੱਤੀ ਗਈ ਹੈ:
ਫ਼ਾਲ ਆਰਮੀਵਰਮ: ਇਹ ਕੀੜਾ ਸਾਉਣੀ ਰੁੱਤ ਦੀ ਮੱਕੀ ਵਿੱਚ ਗੰਭੀਰ ਹਮਲਾ ਕਰਦਾ ਹੈ ਅਤੇ ਜੇਕਰ ਇਸ ਦੀ ਢੁੱਕਵੀਂ ਰੋਕਥਾਮ ਨਾ ਕੀਤੀ ਜਾਵੇ ਤਾਂ ਫ਼ਸਲ ਦਾ ਕਾਫੀ ਨੁਕਸਾਨ ਕਰ ਜਾਂਦਾ ਹੈ।ਇਸ ਕੀੜੇ ਦੀਆਂ ਛੋਟੀਆਂ ਸੁੰਡੀਆਂ ਪੱਤਿਆਂ ਨੂੰ ਖੁਰਚ ਕੇ ਖਾਂਦੀਆਂ ਹਨ ਅਤੇ ਵੱਡੀਆਂ ਸੁੰਡੀਆਂ ਗੋਭ ਦੇ ਪੱਤੇ ਵਿੱਚ ਗੋਲ ਤੋਂ ਅੰਡਾਕਾਰ ਮੋਰੀਆਂ ਬਣਾਉਂਦੀਆਂ ਹਨ। ਸੁੰਡੀਆਂ ਗੋਭ ਨੂੰ ਲਗਭਗ ਪੂਰੀ ਤਰ੍ਹਾਂ ਖਾ ਕੇ ਭਾਰੀ ਮਾਤਰਾ ਵਿੱਚ ਬਿੱਠਾਂ ਕਰਦੀਆਂ ਹਨ। ਇਸ ਸੁੰਡੀ ਦੀ ਪਹਿਚਾਣ ਇਸ ਦੇ ਸਿਰ ਵਾਲੇ ਪਾਸੇ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਅੱਖਰ ‘Y’ ਦੇ ਉਲਟੇ ਨਿਸ਼ਾਨ ਅਤੇ ਪਿਛਲੇ ਸਿਰੇ ਦੇ ਲਾਗੇ ਚੌਰਸਾਕਾਰ ਚਾਰ ਬਿੰਦੂਆਂ ਤੋਂ ਹੁੰਦੀ ਹੈ।
ਇਸ ਕੀੜੇ ਦੀ ਰੋਕਥਾਮ ਲਈ ਹੇਠ ਲਿਖੇ ਨੁਕਤੇ ਅਪਨਾਉ:
• ਮੱਕੀ ਦੀ ਬਿਜਾਈ ਸ਼ਿਫ਼ਾਰਸ਼ ਸਮੇਂ ਅਨੁਸਾਰ ਕਰੋ ਅਤੇ ਨਾਲ ਲਗਦੇ ਖੇਤਾਂ ਵਿੱਚ ਮੱਕੀ ਦੀ ਬਿਜਾਈ ਥੋੜੇ-ਥੋੜੇ ਵਕਫ਼ੇ ਤੇ ਨਾ ਕਰੋ ਤਾਂ ਜੋ ਕੀੜੇ ਦਾ ਫਲਾਅ ਘਟਾਇਆ ਜਾ ਸਕੇ।
• ਖੇਤਾਂ ਦਾ ਸਰਵੇਖਣ ਲਗਾਤਾਰ ਕਰੋ ਅਤੇ ਪੱਤਿਆਂ ਉੱਪਰ ਦਿੱਤੇ ਕੀੜੇ ਦੇ ਆਂਡਿਆਂ ਨੂੰ ਨਸ਼ਟ ਕਰ ਦਿਉ। ਆਂਡਿਆਂ ਦੇ ਝੁੰਡ ਲੂਈਂ ਨਾਲ ਢੱਕੇ ਹੁੰਦੇ ਹਨ ਅਤੇ ਅਸਾਨੀ ਨਾਲ ਦਿੱਖ ਜਾਂਦੇ ਹਨ।
• ਲੋੜ ਪੈਣ ਤੇ 0.5 ਮਿਲੀਲਿਟਰ ਡੈਲੀਗੇਟ 11.7 ਐਸ ਸੀ (ਸਪਾਈਨਟੋਰਮ) ਜਾਂ 0.4 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 0.4 ਗ੍ਰਾਮ ਮਿਜ਼ਾਈਲ 5 ਐਸ ਜੀ (ਐਮਾਮੈਕਟਿਨ ਬੈਂਜ਼ੋਏਟ) ਪ੍ਰਤੀ ਲਿਟਰ ਪਾਣੀ ‘ਚ ਘੋਲ ਕੇ ਛਿੜਕਾਅ ਕਰੋ। 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਪਾਣੀ ਪ੍ਰਤੀ ਏਕੜ ਵਰਤੋ ਜਦਕਿ ਇਸ ਤੋਂ ਬਾਅਦ, ਫ਼ਸਲ ਦੇ ਵਾਧੇ ਅਨੁਸਾਰ ਪਾਣੀ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤੱਕ ਵਧਾਉ। ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਪਾਣੀ ਦੇ ਨਾਲ-ਨਾਲ ਉੱਪਰ ਦੱਸੇ ਕੀਟਨਾਸ਼ਕਾਂ ਦੀ ਮਾਤਰਾ ਵੀ ਉਸੇ ਅਨੁਪਾਤ ਵਿੱਚ ਵਧਾਓ।
• ਇਸ ਕੀੜੇ ਦੀ ਢੁੱਕਵੀਂ ਰੋਕਥਾਮ ਲਈ ਛਿੜਕਾਅ ਮੱਕੀ ਦੀ ਗੋਭ ਵੱਲ ਨੂੰ ਕਰਨਾ ਬਹੁਤ ਜ਼ਰੂਰੀ ਹੈ।
• ਹਮਲੇ ਵਾਲੀ ਫ਼ਸਲ ਜੇਕਰ 40 ਦਿਨਾਂ ਤੋਂ ਵੱਡੀ ਹੋਵੇ ਅਤੇ ਛਿੜਕਾਅ ਵਿੱਚ ਮੁਸ਼ਕਿਲ ਹੋਵੇ ਜਾਂ ਹਮਲਾ ਧੌੜੀਆਂ ਵਿੱਚ ਹੋਵੇ ਤਾਂ ਮਿੱਟੀ ਅਤੇ ਕੀਟਨਾਸ਼ਕ ਦੇ ਮਿਸ਼ਰਣ (ਲਗਭਗ ਅੱਧਾ ਗ੍ਰਾਮ) ਨੂੰ ਹਮਲੇ ਵਾਲੀਆਂ ਗੋਭਾਂ ਵਿੱਚ ਪਾ ਕੇ ਇਸ ਕੀੜੇ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਮਿਸ਼ਰਣ ਬਣਾਉਣ ਲਈ 5 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ ਡੈਲੀਗੇਟ 11.7 ਐਸ ਸੀ (ਸਪਾਈਨਟੋਰਮ) ਜਾਂ 5 ਗ੍ਰਾਮ ਮਿਜ਼ਾਈਲ 5 ਐਸ ਜੀ (ਐਮਾਮੈਕਟਿਨ ਬੈਂਜ਼ੋਏਟ) ਜਾਂ 25 ਗ੍ਰਾਮ ਡੇਲਫਿਨ ਡਬਲਯੂ ਜੀ (ਬੈਸੀਲਸ ਥੁਰੀਨਜਿਐਨਸਿਸ ਕੁਰਸਟਾਕੀ) ਜਾਂ 25 ਮਿਲੀਲਿਟਰ ਡਾਈਪਲ 8 ਐੱਲ (ਬੈਸੀਲਸ ਥੁਰੀਨਜਿਐਨਸਿਸ ਕੁਰਸਟਾਕੀ) ਨੂੰ 10 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਇੱਕ ਕਿਲੋ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਓ। ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਮਿਸ਼ਰਣ ਬਣਾਉਣ ਅਤੇ ਪਾਉਣ ਸਮੇਂ ਦਸਤਾਨੇ ਜ਼ਰੂਰ ਪਹਿਨੇ ਹੋਣ।
ਮੱਕੀ ਦਾ ਗੜੂੰਆਂ: ਅਗੇਤੀ ਬੀਜੀ ਮੱਕੀ ਉੱਪਰ ਮੱਕੀ ਦੇ ਗੜੂਏਂ ਦਾ ਹਮਲਾ ਜ਼ਿਆਦਾ ਹੁੰਦਾ ਹੈ।ਇਸ ਕੀੜੇ ਦਾ ਹਮਲਾ ਧੋੜੀਆਂ ਵਿੱਚ ਹੁੰਦਾ ਹੈ। ਇਸ ਦੀਆਂ ਸੁੰਡੀਆਂ ਆਂਡਿਆਂ ਵਿੱਚੋਂ ਨਿਕਲਦਿਆਂ ਸਾਰ ਹੀ ਪੱਤਿਆਂ ਨੂੰ ਖਰੋਚ ਕੇ ਖਾਣਾ ਸ਼ੁਰੂ ਕਰ ਦਿੰਦੀਆਂ ਹਨ ਅਤੇ ਫੇਰ ਗੋਭ ਰਾਹੀਂ ਤਣੇ ਵਿੱਚ ਵੜ ਜਾਂਦੀਆਂ ਹਨ। ਛੋਟੀਆਂ ਸੁੰਡੀਆਂ ਦੇ ਹਮਲੇ ਕਾਰਨ ਗੋਭਾਂ ਵਿੱਚੋਂ ਨਵੇਂ ਨਿਕਲੇ ਪੱਤਿਆਂ ਵਿੱਚ ਨਿੱਕੀਆਂ-ਨਿੱਕੀਆਂ ਮੋਰੀਆਂ (ਲਾਈਨ ਵਿੱਚ) ਬਣ ਜਾਂਦੀਆਂ ਹਨ, ਜਦਕਿ ਵੱਡੀਆਂ ਸੁੰਡੀਆਂ ਦੇ ਹਮਲੇ ਕਾਰਨ ਗੋਭ ਦਾ ਵਿਚਕਾਰਲਾ ਪੱਤਾ ਛਾਣਨੀ ਹੋ ਜਾਂਦਾ ਹੈ।ਹਮਲੇ ਵਾਲੇ ਛੋਟੇ ਬੂਟਿਆਂ ਦੀਆਂ ਗੋਭਾਂ ਸੁੱਕ ਜਾਂਦੀਆਂ ਹਨ। ਸੁੱਕੀ ਗੋਭ ਵਾਲੇ ਬੂਟੇ ਕਈ ਵਾਰ ਫੁੱਟ ਪੈਂਦੇ ਹਨ, ਪਰ ਇਹਨਾਂ ਨੂੰ ਕੋਈ ਛੱਲੀ ਨਹੀਂ ਪੈਂਦੀ ।ਇਸ ਕੀੜੇ ਦੀ ਰੋਕਥਾਮ ਲਈ ਹੇਠਾਂ ਦੱਸਿਆ ਸਰਵਪੱਖੀ ਪ੍ਰਬੰਧਨ ਅਪਣਾਓ:
ਇਹ ਵੀ ਪੜ੍ਹੋ: ਖੇਤੀ ਕਿੱਤੇ ਵਿੱਚ ਵਿਭਿੰਨਤਾ ਲਿਆਉਣ ਨਾਲ ਹੀ ਹੋਵੇਗਾ ਖੇਤੀਬਾੜੀ ਸਬੰਧਤ ਸਮੱਸਿਆਵਾਂ ਦਾ ਹੱਲ: Dr. Raj Kumar
• ਬਿਜਾਈ ਸਿਫਾਰਿਸ਼ ਸਮੇਂ ਦੌਰਾਨ ਹੀ ਕਰੋ।
• ਗੋਡੀ ਕਰਦੇ ਸਮੇਂ ਗੜੂੰਏਂ ਦੇ ਹਮਲੇ ਵਾਲੇ ਬੂਟੇ ਪੁੱਟ ਕੇ ਨਸ਼ਟ ਕਰ ਦਿਉ।
• ਇਸ ਦੀ ਰੋਕਥਾਮ ਲਈ ਟਰਾਈਕੋਗਰਾਮਾ (ਮਿੱਤਰ ਕੀੜਾ) ਰਾਹੀਂ ਪ੍ਰਜੀਵੀ ਕਿਰਿਆ ਕੀਤੇ ਹੋਏ ਕੋਰਸਾਇਰਾ ਦੇ 40,000
ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ ਦੋ ਵਾਰੀ ਵਰਤੋ। ਇਹ ਆਂਡੇ ਗੂੰਦ ਨਾਲ ਟਰਾਈਕੋਕਾਰਡਾਂ ਉਪਰ ਚਿਪਕਾਏ ਹੋਏ ਹੁੰਦੇ ਹਨ। ਟਰਾਈਕੋਕਾਰਡ ਨੂੰ ਪਹਿਲੀ ਵਾਰ 10 ਦਿਨਾਂ ਦੀ ਫ਼ਸਲ ਅਤੇ ਦੂਜੀ ਵਾਰ ਇੱਕ ਹਫ਼ਤੇ ਬਾਅਦ ਵਰਤੋ। ਇਨ੍ਹਾਂ ਕਾਰਡਾਂ ਨੂੰ 40 ਬਰਾਬਰ ਹਿੱਸਿਆਂ ਵਿੱਚ ਇਸ ਤਰ੍ਹਾਂ ਕੱਟੋ ਕਿ ਹਰ ਹਿੱਸੇ ਉੱਪਰ 1000 ਆਂਡੇ ਹੋਣ ਅਤੇ ਕੱਟੇ ਹੋਏ ਹਿੱਸਿਆਂ ਨੂੰ ਗੋਭ ਦੇ ਪੱਤਿਆਂ ਦੇ ਹੇਠਲੇ ਪਾਸੇ ਸ਼ਾਮ ਦੇ ਸਮੇਂ ਖੇਤ ਵਿੱਚ ਇਕਸਾਰ ਦੂਰੀ ਤੇ ਪਿੰਨ ਨਾਲ ਨੱਥੀ ਕਰੋ। ਇਹ ਕਾਰਡ ਮੀਂਹ ਵਾਲੇ ਦਿਨ ਨਹੀਂ ਵਰਤਣੇ ਚਾਹੀਦੇ।
• ਬਿਜਾਈ ਤੋਂ 2-3 ਹਫ਼ਤੇ ਪਿਛੋਂ ਜਾਂ ਜਿਸ ਵੇਲੇ ਪੱਤਿਆਂ ਉੱਪਰ ਇਸ ਕੀੜੇ ਦਾ ਹਮਲਾ ਦਿਸੇ ਤਾਂ 30 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨੀਲੀਪਰੋਲ) ਨੂੰ 60 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨੈਪਸੈਕ ਪੰਪ ਨਾਲ ਛਿੜਕੋ।
• ਮੱਕੀ ਦੇ ਮੁੱਢਾਂ, ਟਾਂਡਿਆਂ ਅਤੇ ਗੁੱਲਾਂ ਵਿੱਚ ਲੁਕੇ ਹੋਏ, ਗੜੂੰਏਂ ਦੀਆਂ ਸੁੰਡੀਆਂ ਮਾਰਨ ਲਈ ਮੱਕੀ ਵੱਡਣ ਤੋਂ ਤੁਰੰਤ ਬਾਅਦ ਖੇਤ ਨੂੰ ਵਾਹ ਦਿਉ ਅਤੇ ਮੁੱਢਾਂ ਨੂੰ ਇਕੱਠੇ ਕਰਕੇ ਨਸ਼ਟ ਕਰ ਦਿਉ।
ਸੈਨਿਕ ਸੁੰਡੀ: ਇਹ ਸੁੰਡੀ ਵੀ ਪੱਤਿਆਂ ਨੂੰ ਖਾਂਦੀ ਹੈ, ਪਰ ਇਹ ਗੜੂੰਏ ਵਾਂਗ ਪੱਤੇ ਵਿੱਚ ਮੋਰੀਆਂ ਨਹੀਂ ਕੱਢਦੀ, ਸਗੋਂ ਇਹ ਕਿਨਾਰਿਆਂ ਤੋਂ ਅੰਦਰ ਵੱਲ ਨੂੰ ਖਾਂਦੀ ਹੈ ।ਕਈ ਵਾਰ ਇਹ ਕੀੜਾ ਹਰੀ ਛੱਲੀ ਤੇ ਵੀ ਹਮਲਾ ਕਰਦਾ ਹੈ। ਲੋੜ ਪੈਣ ਤੇ ਇਸ ਕੀੜੇ ਦੀ ਰੋਕਥਾਮ ਲਈ ਮੱਕੀ ਦੇ ਗੰੜੂਏਂ ਲਈ ਸਿਫਾਰਿਸ਼ ਕੀਟਨਾਸ਼ਕ ਦੀ ਵਰਤੋਂ ਕਰੋ।
ਵਾਲਾਂ ਨੂੰ ਕੱਟਣ ਵਾਲੀ ਸੁੰਡੀ (ਅਮਰੀਕਣ ਸੁੰਡੀ): ਜੱਤਲ ਸੁੰਡੀ, ਸੈਨਿਕ ਕੀੜਾ ਅਤੇ ਹੋਰ ਸੁੰਡੀਆਂ, ਹਰੀ ਛੱਲੀ ਦੇ ਵਾਲਾਂ ਨੂੰ ਕੱਟਦੀਆਂ ਪਰ ਜ਼ਿਆਦਾ ਨੁਕਸਾਨ ਅਮਰੀਕਨ ਸੁੰਡੀ ਕਰਦੀ ਹੈ। ਕਿਸੇ-ਕਿਸੇ ਸਾਲ ਕੁਝ ਖੇਤਰਾਂ ਵਿੱਚ ਮੱਕੀ ਉੱਪਰ ਇਸਦਾ ਕਾਫੀ ਹਮਲਾ ਨਜ਼ਰ ਆਉਂਦਾ ਹੈ। ਛੋਟੀਆਂ ਸੁੰਡੀਆਂ ਬਾਬੂ ਝੰਡਿਆਂ ਅਤੇ ਛੱਲੀ ਦੇ ਵਾਲਾਂ ਨੂੰ ਖਾਣ ਤੋਂ ਬਾਅਦ ਛੱਲੀਆਂ ਵਿੱਚ ਪੱਕ ਰਹੇ ਦਾਣਿਆਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਪੱਕੀਆਂ ਛੱਲੀਆਂ ਉੱਪਰ ਨੁਕਸਾਨ ਘੱਟ ਹੁੰਦਾ ਹੈ, ਪਰ ਸੁੰਡੀਆਂ ਛੱਲੀਆਂ ਉਪੱਰ ਅਪਣਾ ਮਲ-ਮੂਤਰ ਛੱਡ ਦਿੰਦੀਆਂ ਹਨ, ਜਿਸ ਕਾਰਨ ਹਰੀਆਂ ਛੱਲੀਆਂ ਦਾ ਮੰਡੀ ਵਿੱਚ ਘੱਟ ਮੁੱਲ ਮਿਲਦਾ ਹੈ। ਜੇਕਰ ਹਮਲਾ ਜ਼ਿਆਦਾ ਹੋਵੇ ਤਾਂ ਮੱਕੀ ਦੇ ਗੰੜੂਏਂ ਦੀ ਰੋਕਥਾਮ ਲਈ ਸਿਫਾਰਸ਼ ਕੀਟਨਾਸ਼ਕ ਦੀ ਵਰਤੋਂ ਕਰੋ। ਜ਼ਿਆਦਾ ਹੋਵੇ ਤਾਂ ਮੱਕੀ ਦੇ ਗੰੜੂਏਂ ਦੀ ਰੋਕਥਾਮ ਲਈ ਸਿਫਾਰਸ਼ ਕੀਟਨਾਸ਼ਕ ਦੀ ਵਰਤੋਂ ਕਰੋ।
ਭੱਬੂ ਕੁੱਤਾ (ਜੱਤਲ ਸੁੰਡੀ): ਕਦੇ-ਕਦੇ ਜੇਕਰ ਇਸ ਕੀੜੇ ਦੀ ਗਿਣਤੀ ਬਹੁਤ ਵੱਧ ਜਾਵੇ ਤਾਂ ਇਹ ਬਹੁਤ ਨੁਕਸਾਨ ਕਰਦਾ ਹੈ। ਛੋਟੀਆਂ ਸੁੰਡੀਆਂ ਇੱਕਠੀਆਂ ਹੋ ਕੇ ਪੱਤਿਆਂ ਨੂੰ ਖਾਂਦੀਆਂ ਹਨ, ਜਿਸ ਨਾਲ ਪੱਤੇ ਦੀਆਂ ਨਾੜਾਂ ਦਾ ਜਾਲ ਹੀ ਬਚਦਾ ਹੈ, ਜਦਕਿ ਵੱਡੀਆਂ ਸੁੰਡੀਆਂ ਪੱਤਿਆਂ ਨੂੰ ਨਾੜੀਆਂ ਸਮੇਤ ਖਾ ਜਾਂਦੀਆਂ ਹਨ ।ਵੱਡੀਆਂ ਸੁੰਡੀਆਂ ਇੱਕ ਖੇਤ ਵਿੱਚੋਂ ਦੂਸਰੇ ਖੇਤ ਵਿੱਚ ਚਲੀਆਂ ਜਾਂਦੀਆਂ ਹਨ। ਇਸ ਦੀ ਰੋਕਥਾਮ ਲਈ ਹੇਠਾਂ ਦੱਸੇ ਢੰਗ ਅਪਣਾਉ:
• ਪਤੰਗਿਆਂ ਦੇ ਖਾਤਮੇ ਲਈ ਰੋਸ਼ਨੀ ਯੰਤਰ ਦਾ ਇਸਤੇਮਾਲ ਕਰੋ।
• ਛੋਟੀਆਂ ਸੁੰਡੀਆਂ ਪੱਤਿਆਂ ਉੱਪਰ ਝੁੰਡਾਂ ਵਿੱਚ ਮਿਲਦੀਆਂ ਹਨ, ਅਜਿਹੇ ਪੱਤਿਆਂ ਨੂੰ ਸੁੰਡੀਆਂ ਸਮੇਤ ਤੋੜ ਕੇ ਨਸ਼ਟ ਕਰ ਦਿਉ।
• ਵੱਡੇ ਸੁੰਡ ਪੈਰਾਂ ਹੇਠਾਂ ਮਸਲ ਕੇ ਜਾਂ ਇਕੱਠੇ ਕਰਕੇ ਮਿੱਟੀ ਦੇ ਤੇਲ ਵਾਲੇ ਪਾਣੀ ਵਿੱਚ ਪਾ ਕੇ ਮਾਰੇ ਜਾ ਸਕਦੇ ਹਨ।
ਸਰੋਤ: ਗੁਰਮੇਲ ਸਿੰਘ ਸੰਧੂ ਅਤੇ ਸਿਮਰਨਜੀਤ ਕੌਰ, ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ
Summary in English: Pest Management: Adopt these methods for comprehensive control of major pests of kharif maize