
ਹੁਣ ਟਮਾਟਰ ਅਤੇ ਪਿਆਜ਼ ਤੋਂ ਹੋਵੇਗੀ ਕਿਸਾਨਾਂ ਨੂੰ ਵਧੀਆ ਕਮਾਈ
Profitable Crops: ਟਮਾਟਰ ਅਤੇ ਪਿਆਜ਼ ਆਮ ਤੌਰ 'ਤੇ ਹਾੜੀ ਰੁੱਤ ਦੀਆਂ ਮੁੱਖ ਸਬਜੀਆਂ ਹਨ। ਪਰ ਇਹਨਾਂ ਨੂੰ ਸਾਉਣੀ ਰੁੱਤ ਵਿੱਚ ਕੁਝ ਗੱਲਾਂ ਦਾ ਖਿਆਲ ਰੱਖ ਕੇ ਉਗਾ ਸਕਦੇ ਹਨ। ਵਰਖਾ ਰੁੱਤ ਜਾਂ ਸਾਉਣੀ ਵਿੱਚ ਟਮਾਟਰ ਉੱਪਰ ਪੱਤਾ ਲਪੇਟ ਵਾਇਰਸ ਦਾ ਹਮਲਾ ਜ਼ਿਆਦਾ ਹੁੰਦਾ ਹੈ ਜੋ ਕਿ ਚਿੱਟੀ ਮੱਖੀ ਕਰਕੇ ਜ਼ਿਆਦਾ ਹੁੰਦਾ ਹੈ।
ਸਾਉਣੀ ਰੁੱਤ ਵਿੱਚ ਕੁਝ ਫਸਲੀ ਗੱਲਾਂ ਦਾ ਖਿਆਲ ਰੱਖ ਕੇ ਟਮਾਟਰ ਅਤੇ ਪਿਆਜ਼ ਦੀ ਸਫ਼ਲ ਕਾਸ਼ਤ ਕੀਤੀ ਜਾ ਸਕਦੀ ਹੈ। ਸਾਉਣੀ ਰੁੱਤ ਦੇ ਪਿਆਜ਼ ਉੱਪਰ ਜ਼ਿਆਦਾ ਕੀੜੇ-ਮਕੌੜੇ ਜਾਂ ਬਿਮਾਰੀਆਂ ਨਹੀਂ ਆਉਂਦੀਆਂ ਜਿਸ ਕਾਰਨ ਨਵੰਬਰ-ਦਸੰਬਰ ਵਿੱਚ ਇਸ ਦੀ ਤੁੜਾਈ ਕਰਕੇ ਵਧੀਆ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
ਟਮਾਟਰ ਇੱਕ ਗਰਮ ਰੁੱਤ ਦੀ ਫਸਲ ਹੈ, ਜਿਸਨੂੰ ਲੰਬਾ ਗਰਮ ਮੌਸਮ ਅਤੇ 20-28 ਡਿਗਰੀ ਸੈਲਸੀਅਸ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ। ਇਸ ਨੂੰ ਹਰ ਤਰ੍ਹਾਂ ਦੀ ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ ਪਰ ਹਲਕੀਆਂ ਜ਼ਮੀਨਾਂ ਵਿੱਚ ਇਸ ਦੀ ਪੈਦਾਵਾਰ ਵਧੀਆ ਹੁੰਦੀ ਹੈ। ਸਾਉਣੀ ਦੇ ਪਿਆਜ਼ ਲਈ ਚੰਗੀ ਜਰਖੇਜ਼ ਅਤੇ ਉਪਜਾਊ ਜ਼ਮੀਨ ਚਾਹੀਦੀ ਹੈ। ਜ਼ਿਆਦਾ ਖਾਰੀਆਂ ਜ਼ਮੀਨਾਂ ਪਿਆਜ਼ ਦੀ ਬਿਜਾਈ ਲਈ ਢੁਕਵੀਆਂ ਨਹੀਂ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਵਰਖਾ ਰੁੱਤ ਦੇ ਟਮਾਟਰ ਅਤੇ ਸਾਉਣੀ ਦੇ ਪਿਆਜ਼ ਦੀਆਂ ਹੇਠ ਲਿਖੀਆਂ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ ਜੋ ਕਿ ਸਾਰਣੀ 1 ਵਿੱਚ ਦਿੱਤੀ ਗਈ ਹੈ।
ਸਾਰਣੀ-1 :- ਵਰਖਾ ਰੁੱਤ ਦੇ ਟਮਾਟਰ ਅਤੇ ਸਾਉਣੀ ਦੇ ਪਿਆਜ਼ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ:-
ਕਿਸਮ |
ਵਿਸ਼ੇਸ਼ਤਾਵਾ |
ਝਾੜ |
|
ਟਮਾਟਰ |
|
ਪੰਜਾਬ ਵਰਖਾ ਬਹਾਰ-4 |
ਇਸ ਕਿਸਮ ਦੇ ਬੂਟੇ ਮਧਰੇ ਅਤੇ ਪਤਰਾਲ ਸੰਘਣਾ ਹੁੰਦਾ ਹੈ। ਇਹ ਕਿਸਮ ਪੱਤਾ ਲਪੇਟ ਵਾਇਰਸ ਦਾ ਟਾਕਰਾ ਕਰ ਸਕਦੀ ਹੈ। ਇਸ ਕਿਸਮ ਦੇ ਫਲ 88 ਦਿਨਾਂ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਸ ਦੀ ਪਹਿਲੀ ਤੁੜਾਈ ਮੱਧ ਨਵੰਬਰ ਵਿੱਚ ਕੀਤੀ ਜਾ ਸਕਦੀ ਹੈ। ਇਸ ਦੇ ਫਲ ਦਾ ਭਾਰ 90 ਗ੍ਰਾਮ ਹੈ ਜਦਕਿ ਟੀ.ਐਸ.ਐਸ. ਦੀ ਮਾਤਰਾ 3.8 ਹੈ ਅਤੇ 3.13 ਮਿਲੀਗ੍ਰਾਮ ਪ੍ਰਤੀ 100 ਗ੍ਰਾਮ ਲਾਇਕੋਪੀਨ ਦੀ ਮਾਤਰਾ ਹੈ। |
245 |
ਪੰਜਾਬ ਵਰਖਾ ਬਹਾਰ-1 |
ਇਸ ਕਿਸਮ ਦੇ ਬੂਟੇ ਮਧਰੇ, ਪਤਰਾਲ ਸੰਘਣਾ ਅਤੇ ਗੁੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਕਿਸਮ ਦੇ ਫਲ 90 ਦਿਨਾਂ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਸ ਕਿਸਮ ਦੀ ਪਹਿਲੀ ਤੁੜਾਈ ਅੱਧ ਨਵੰਬਰ ਵਿੱਚ ਕੀਤੀ ਜਾ ਸਕਦੀ ਹੈ। ਇਹ ਕਿਸਮ ਪੱਤਾ ਲਪੇਟ ਵਾਇਰਸ ਦਾ ਟਾਕਰਾ ਕਰ ਸਕਦੀ ਹੈ। |
215 |
ਪੰਜਾਬ ਵਰਖਾ ਬਹਾਰ -2 |
ਇਸ ਕਿਸਮ ਦੇ ਬੂਟੇ ਅੱਧ-ਮਧਰੇ, ਪਤਰਾਲ ਸੰਘਣਾ ਅਤੇ ਹਲਕੇ ਰੰਗ ਦੇ ਹੁੰਦੇ ਹਨ। ਇਸ ਕਿਸਮ ਦੇ ਫਲ 100 ਦਿਨਾਂ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਹ ਕਿਸਮ ਕਾਫ਼ੀ ਹੱਦ ਤੱਕ ਪੱਤਾ ਲਪੇਟ ਵਾਇਰਸ ਦਾ ਟਾਕਰਾ ਕਰ ਸਕਦੀ ਹੈ। |
216 |
|
ਪਿਆਜ਼ |
|
ਐਗਰੀਫਾਉਂਡ ਡਾਰਕ ਹੈੱਡ |
ਇਸ ਕਿਸਮ ਦੇ ਗੰਢੇ ਦਰਮਿਆਨੇ ਆਕਾਰ ਦੇ, ਗੋਲ਼ ਅਤੇ ਲਾਲ ਰੰਗ ਦੇ ਹੁੰਦੇ ਹਨ। ਇਸ ਦੇ ਗੰਢੇ ਦਾ ਔਸਤਨ ਭਾਰ 70-80 ਗ੍ਰਾਮ ਹੁੰਦਾ ਹੈ। |
120 |
ਕਾਸ਼ਤ ਦੇ ਢੰਗ :-
ਵਰਖਾ ਰੁੱਤ ਦੇ ਟਮਾਟਰ ਨੂੰ ਲਗਾਉਣ ਲਈ ਪਹਿਲਾਂ ਇਸ ਦੀ ਪਨੀਰੀ ਨੂੰ 1-1.5 ਮੀਟਰ ਚੌੜੇ, 15-20 ਸੈਂਟੀਮੀਟਰ ਉੱਚੇ ਬੈੱਡ ਉੱਪਰ ਲਗਾਉ। ਇੱਕ ਕਿੱਲੇ ਦੀ ਪਨੀਰੀ ਉਗਾਉਣ ਲਈ 50 ਵਰਗ ਮੀਟਰ ਦੀ ਜਗ੍ਹਾ ਕਾਫ਼ੀ ਹੈ। ਬਿਜਾਈ ਤੋਂ ਪਹਿਲਾਂ ਬੈੱਡਾਂ ਉੱਪਰ 15 ਤੋਂ 20 ਮਿਲੀਲੀਟਰ ਫਾਰਮਾਲੀਨ ਦੀ ਦਵਾਈ ਦਾ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਛਿੜਕਾਅ ਕਰੋ। ਬਿਜਾਈ ਸਮੇਂ ਉੱਲੀ ਵਾਲੀਆ ਬਿਮਾਰੀਆਂ ਤੋਂ ਬਚਾਉਣ ਲਈ ਕੈਪਟਾਨ ਦਵਾਈ ਨਾਲ ਬੀਜ ਨੂੰ ਸੋਧੋ, ਜਿਸ ਦੀ ਮਿਕਦਾਰ 3 ਗ੍ਰਾਮ ਪ੍ਰਤੀ ਕਿੱਲੋ ਬੀਜ ਹੋਣੀ ਚਾਹੀਦੀ ਹੈ। ਜਦੋਂ ਪਨੀਰੀ 2-4 ਪੱਤਿਆਂ ਦੀ ਅਵਸਥਾ ਵਿੱਚ ਆ ਜਾਵੇ ਜਾਂ 4-6 ਹਫ਼ਤੇ ਪੁਰਾਣੀ ਹੋ ਜਾਵੇ ਤਦ ਪਿਉਂਦ ਨੂੰ ਪੱਟ ਕੇ ਖੱਤੇ ਵਿੱਚ ਲਗਾ ਦਿਉ।
ਇਹ ਵੀ ਪੜ੍ਹੋ: Cotton Crop: ਨਰਮੇ/ਕਪਾਹ ਦੀ ਜੈਵਿਕ ਅਤੇ ਅਜੀਵਿਕ ਸਮੱਸਿਆਵਾਂ ਦੀ ਰੋਕਥਾਮ
ਪਿਆਜ਼ ਦੀ ਪਨੀਰੀ ਨੂੰ ਅਗਸਤ ਦੇ ਦੂਜੇ ਪੰਦਰਵਾੜੇ ਵਿੱਚ ਲਗਾਉ ਭਾਵੇਂ ਉਹ ਜੂਨ ਵਿੱਚ ਲਗਾਈ ਪਿਉਂਦ ਹੋਵੇ ਜਾਂ ਮਾਰਚ ਵਿੱਚ ਲਗਾਈਆਂ ਗੰਢੀਆਂ ਹੋਣ। ਤੰਦਰੁਸਤ ਅਤੇ ਬਿਮਾਰੀ ਰਹਿਤ ਗੰਢੀਆਂ ਜਾਂ ਪਿਉਂਦ ਨੂੰ ਹੀ ਖੇਤ ਵਿੱਚ ਲਗਾਉਣਾ ਚਾਹੀਦਾ ਹੈ।
ਸਿੰਚਾਈ:-
ਖੇਤ ਵਿੱਚ ਲਗਾਉਣ ਤੋਂ ਤੁਰੰਤ ਬਾਅਦ ਪਿਆਜ਼ ਅਤੇ ਟਮਾਟਰ ਨੂੰ ਪਾਣੀ ਲਗਾਉ। ਬਾਅਦ ਵਿੱਚ ਮੌਸਮ ਦੇ ਹਿਸਾਬ ਨਾਲ ਅਤੇ ਲੋੜ ਅਨੁਸਾਰ ਪਾਣੀ ਲਗਾਉ।
ਨਦੀਨਾਂ ਦੀ ਰੋਕਥਾਮ:-
ਕਾਲ਼ੀ-ਸਿਲਵਰ ਪੌਲੀਥੀਨ ਦੀ ਸ਼ੀਟ ਜਿਸ ਦੀ ਮੋਟਾਈ 25 ਮਾਇਕ੍ਰੋਨ ਹੋਵੇ ਉਸ ਦੀ ਵਰਤੋਂ ਕਰਕੇ ਟਮਾਟਰ ਵਿੱਚ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਨ। ਜਦ ਕਿ ਪਿਆਜ਼ ਵਿੱਚ 3-4 ਹੱਥ ਨਾਲ ਗੋਡੀਆਂ ਕਰੋ। ਜੇਕਰ ਨਦੀਨ-ਨਾਸ਼ਕ ਵਰਤਣੇ ਹੋਣ ਤਾਂ ਪਿਆਜ਼ ਵਿੱਚ ਗੋਲ਼ 380 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਲੁਆਈ ਤੋਂ 7 ਦਿਨਾਂ ਬਾਅਦ ਸਪਰੇਅ ਕਰੋ ਅਤੇ ਬਾਅਦ ਵਿੱਚ ਹੱਥ ਨਾਲ ਗੋਡੀ ਕਰੋ। ਪਿਆਜ ਅਤੇ ਟਮਾਟਰ ਦੀ ਸਫ਼ਲ ਕਾਸ਼ਤ ਦੇ ਕੁਝ ਨੁਕਤੇ ਸਾਰਣੀ-2 ਵਿੱਚ ਦਿੱਤੇ ਗਏ ਹਨ।
ਸਾਰਣੀ :- 2 ਪਿਆਜ਼ ਅਤੇ ਟਮਾਟਰ ਦੀ ਸਫ਼ਲ ਕਾਸ਼ਤ ਦੇ ਨੁਕਤੇ
ਕਾਸ਼ਤ ਦੇ ਢੰਗ |
ਟਮਾਟਰ |
ਪਿਆਜ਼ |
ਪਨੀਰੀ ਲਗਾਉਣ ਦਾ ਸਮਾਂ |
ਅੱਧ ਜੁਲਾਈ |
ਅੱਧ ਜੂਨ |
ਪਨੀਰੀ ਨੂੰ ਖੇਤਾਂ ਵਿੱਚ ਲਗਾਉਣ ਦਾ ਸਮਾਂ |
ਅੱਧ ਅਗਸਤ |
ਅੱਧ ਅਗਸਤ |
ਬੀਜ ਦੀ ਮਾਤਰਾ |
100 ਗ੍ਰਾਮ ਪ੍ਰਤੀ ਏਕੜ |
4 ਕਿੱਲੋ ਪ੍ਰਤੀ ਏਕੜ |
ਫਾਸਲਾ (ਕਤਾਰ ਣ ਪੌਦਾ) |
120-150 X 30 ਸੈਂਟੀਮੀਟਰ |
15 X 7.5 ਸੈਂਟੀਮੀਟਰ |
ਖਾਦਾਂ (ਪ੍ਰਤੀ ਏਕੜ) |
ਗਲ਼ੀ-ਸੜੀ ਰੂੜੀ-10 ਟਨ |
ਗਲ਼ੀ-ਸੜੀ ਰੂੜੀ-20 ਟਨ **ਯੂਰੀਆ-90 ਕਿੱਲੋ ਡੀ.ਏ.ਪੀ.-125 ਕਿੱਲੋ ਐਮ.ਓ.ਪੀ.-35 ਕਿੱਲੋ |
* ਟਮਾਟਰ ਵਿੱਚ ਯੂਰੀਆ ਨੂੰ ਦੋ ਭਾਗਾਂ ਵਿੱਚ ਪਾਉ। ਪਹਿਲਾਂ ਖੇਤ ਵਿੱਚ ਲਗਾਉਣ ਸਮੇਂ ਅਤੇ ਦੂਜਾ 20-25 ਦਿਨਾਂ ਬਾਅਦ।
** ਪਿਆਜ਼ ਵਿੱਚ ਯੂਰੀਆ ਨੂੰ ਦੋ ਭਾਗਾਂ ਵਿੱਚ ਪਾਉ। ਪਿਆਜ ਵਿੱਚ ਯੂਰੀਆ ਖੇਤ ਵਿੱਚ ਲਗਾਉਣ ਸਮੇਂ ਅਤੇ ਦੂਜਾ ਉਸ ਤੋਂ 4-6 ਹਫ਼ਤਿਆਂ ਬਾਅਦ ਪਾਉ।
ਤੁੜਾਈ:-
ਟਮਾਟਰ ਦੀ ਤੁੜਾਈ ਕਿਸਮਾਂ ਦੇ ਹਿਸਾਬ ਨਾਲ ਅੱਧ ਨਵੰਬਰ ਤੋਂ ਸ਼ੁਰੂ ਹੋ ਜਾਂਦੀ ਹੈ। ਦਸੰਬਰ-ਜਨਵਰੀ ਜਦੋਂ ਤਾਪਮਾਨ 15 ਡਿਗਰੀ ਸੈਲਸੀਅਸ ਤੋਂ ਘਟ ਜਾਂਦਾ ਹੈ ਤਾਂ ਟਮਾਟਰ ਦੇ ਪੱਕਣ ਦਾ ਸਮਾਂ ਵਧ ਜਾਂਦਾ ਹੈ, ਜਦੋਂ ਤਾਪਮਾਨ ਵਧਣ ਲੱਗਦਾ ਹੈ ਤਾਂ ਇਹ ਘਟ ਜਾਂਦਾ ਹੈ। ਟਮਾਟਰ ਦੀ ਤੁੜਾਈ ਵੱਖੋ-ਵੱਖ ਸਟੇਜਾਂ ਉੱਪਰ ਕਰ ਸਕਦੇ ਹਨ ਜਿਵੇਂ ਕਿ ਹਲਕਾ ਹਰਾ, ਹਲਕਾ ਲਾਲ, ਗੁਲਾਬੀ ਜਾਂ ਪੂਰਾ ਲਾਲ ਰੰਗ। ਮਾਰਕੀਟ ਦੇ ਫ਼ਾਸਲੇ ਜਾਂ ਮਾਰਕੀਟ ਦੇ ਮੁੱਲ ਦੇ ਹਿਸਾਬ ਨਾਲ ਵੱਖੋ-ਵੱਖਰੇ ਰੰਗਾਂ ਉੱਪਰ ਇਸ ਦੀ ਤੁੜਾਈ ਕਰੋ। ਤੁੜਾਈ ਉਪਰੰਤ ਖਰਾਬ ਜਾਂ ਗਲ਼ੇ ਹੋਏ ਫਲਾਂ ਨੂੰ ਅਲੱਗ ਕਰ ਦਿਉ ਤਾਂ ਜੋ ਬਜ਼ਾਰ ਵਿੱਚ ਇਸ ਦਾ ਵਧੀਆ ਮੁੱਲ ਮਿਲ ਸਕੇ। ਟਮਾਟਰ ਨੂੰ ਪਲਾਸਟਿਕ ਦੇ ਹਵਾਦਾਰ ਕਰੇਟ ਜਾਂ ਜੂਟ ਦੇ ਬੈਗਾਂ ਵਿੱਚ ਬਜ਼ਾਰ ਵਿੱਚ ਲਿਜਾਉ।
ਪਿਆਜ਼ ਦੀ ਤੁਰਾਈ ਅੰਤ ਨਵੰਬਰ ਤੋਂ ਦਸੰਬਰ ਵਿੱਚ ਕੀਤੀ ਜਾ ਸਕਦੀ ਹੈ। ਤੁੜਾਈ ਦਾ ਸਹੀ ਸਮਾਂ ਇਸ ਦੇ ਅਕਾਰ, ਬਣਤਰ ਅਤੇ ਰੰਗ ਦੇ ਅਧਾਰ ਉੱਪਰ ਕੀਤਾ ਜਾਂਦਾ ਹੈ ਜਾਂ ਉਸ ਸਮੇਂ ਤੁੜਾਈ ਕਰੋ ਜਦੋਂ ਇਸ ਦੀਆਂ 50 ਪ੍ਰਤੀਸ਼ਤ ਭੂਕਾਂ ਪੀਲੀਆਂ ਪੈ ਜਾਣ।
ਉੱਪਰ ਲਿਖੀਆਂ ਗੱਲਾਂ ਦਾ ਧਿਆਨ ਰੱਖ ਕੇ ਵਰਖਾ ਰੁੱਤ ਦੇ ਟਮਾਟਰ ਅਤੇ ਸਾਉਣੀ ਦੇ ਪਿਆਜ਼ ਦੀ ਸਹੀ ਕਾਸ਼ਤ ਕੀਤੀ ਜਾ ਸਕਦੀ ਹੈ।
ਸਰੋਤ: ਦਿਲਪ੍ਰੀਤ ਤਲਵਾੜ, ਸੁਲੇਸ਼ ਕੁਮਾਰ ਜਿੰਦਲ ਅਤੇ ਸਈਅਦ ਪਟੇਲ
ਸਬਜ਼ੀ ਵਿਗਿਆਨ ਵਿਭਾਗ, ਪੀ.ਏ.ਯੂ. ਲੁਧਿਆਣਾ
Summary in English: Production and Profit: Experts share tips for better production of rainy season tomatoes and kharif onions