Maize Cultivation: ਪੰਜਾਬ ਨੇ ਹਮੇਸ਼ਾ ਮੱਕੀ ਨੂੰ ਆਪਣੇ ਖੇਤੀਬਾੜੀ ਵਿਰਸੇ ਦੇ ਰੂਪ ਵਿੱਚ ਕਦਰ ਦਿੱਤੀ ਹੈ, ਜਿਸ ਦਾ ਪ੍ਰਤੀਕ ਸਾਡਾ ਵਿਰਾਸਤੀ ਖਾਣਾ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਹੈ। ਇਤਿਹਾਸਕ ਰੂਪ ਵਿੱਚ, ਸਾਉਣੀ ਰੁੱਤ ਦੀ ਮੱਕੀ (ਜੋ ਮਈ ਦੇ ਅਖੀਰ ਤੋਂ ਜੂਨ ਤੱਕ ਬੀਜੀ ਜਾਂਦੀ ਹੈ) ਪੰਜਾਬ ਵਿੱਚ ਇੱਕ ਪ੍ਰਮੁੱਖ ਫਸਲ ਸੀ, ਜਿਸ ਨੂੰ 1960-61 ਵਿੱਚ 3.72 ਲੱਖ ਹੈਕਟੇਅਰ ਵਿੱਚ ਉਗਾਇਆ ਗਿਆ ਸੀ ਅਤੇ 1975-76 ਵਿੱਚ ਇਹ 5.77 ਲੱਖ ਹੈਕਟੇਅਰ ਤੱਕ ਪਹੁੰਚ ਗਈ ਸੀ। ਹਰੀ ਕ੍ਰਾਂਤੀ ਨੇ ਭਾਰਤ ਨੂੰ ਇੱਕ ਖੁਰਾਕੀ ਪੱਧਰ 'ਤੇ ਆਤਮ ਨਿਰਭਰ ਰਾਸ਼ਟਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਪਰ ਇਸ ਦੌਰਾਨ ਮੱਕੀ ਦੀ ਖੇਤੀ ਨੂੰ ਪਿਛੇ ਛੱਡ ਦਿੱਤਾ ਗਿਆ ਅਤੇ ਪਾਣੀ ਦੀ ਜ਼ਿਆਦਾ ਖਪਤ ਵਾਲੀ ਝੋਨਾ ਕਣਕ ਪ੍ਰਣਾਲੀ ਨੂੰ ਤਰਜੀਹ ਦਿੱਤੀ ਗਈ।
ਇਸ ਬਦਲਾਅ ਕਰਕੇ ਗੰਭੀਰ ਵਾਤਾਵਰਣੀ ਸਮੱਸਿਆਵਾਂ ਪੈਦਾ ਹੋਈਆਂ ਹਨ ਜਿਵੇਂ ਕਿ ਧਰਤੀ ਹੇਠਲੇ ਪਾਣੀ ਦੀ ਕਮੀ, ਮਿੱਟੀ ਦੀ ਗਿਰਾਵਟ, ਪੌਸ਼ਟਿਕ ਅਸੰਤੁਲਨ, ਵਾਤਾਵਰਣ ਪ੍ਰਦੂਸ਼ਣ, ਅਤੇ ਫਸਲੀ ਵਿਭਿੰਨਤਾ ਵਿੱਚ ਇੱਕ ਤਿੱਖੀ ਗਿਰਾਵਟ। ਜੇਕਰ ਮੱਕੀ ਦੀ ਖੇਤੀ ਦੀਆਂ ਪ੍ਰਥਾਵਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸੰਭਾਲਣ ਲਈ ਢੁਕਵੀ ਕਾਰਵਾਈ ਨਾ ਕੀਤੀ ਗਈ ਤਾਂ ਰਾਜ ਦੀ ਖੇਤੀਬਾੜੀ ਦਾ ਭਵਿੱਖ ਗੰਭੀਰ ਖਤਰਿਆਂ ਦਾ ਸਾਹਮਣਾ ਕਰ ਸਕਦਾ ਹੈ।
ਹਾਲ ਹੀ ਦੇ ਸਾਲਾਂ ਵਿੱਚ, ਬਸੰਤ ਰੁੱਤ ਦੀ ਮੱਕੀ ਨੇ ਕਿਸਾਨਾਂ, ਖਾਸ ਕਰਕੇ ਆਲੂ ਅਤੇ ਮਟਰ ਉਤਪਾਦਕਾਂ, ਵਿੱਚ ਪ੍ਰਮੁੱਖਤਾ ਪ੍ਰਾਪਤ ਕੀਤੀ ਹੈ। ਅਨੁਕੂਲ ਮੌਸਮੀ ਸਥਿਤੀਆਂ ਜਿਵੇਂ ਕਿ ਫਰਵਰੀ-ਮਾਰਚ ਦੌਰਾਨ ਘੱਟ ਤਾਪਮਾਨ, ਲੰਬਾ ਫਸਲੀ ਸਮਾਂ (120-130 ਦਿਨ) ਨਦੀਨਾਂ ਦਾ ਘੱਟ ਦਬਾਅ ਅਤੇ ਪ੍ਰਭਾਵਸ਼ਾਲੀ ਕੀਟ ਪ੍ਰਬੰਧਨ ਦੇ ਨਤੀਜੇ ਵਜੋਂ, ਬਸੰਤ ਰੁੱਤ ਦੀ ਮੱਕੀ ਰਵਾਇਤੀ ਸਾਉਣੀ ਮੱਕੀ ਨਾਲੋਂ ਜਿਆਦਾ ਝਾੜ ਅਤੇ ਵਧੇਰੇ ਮੁਨਾਫਾ ਦਿੰਦੀ ਹੈ।ਇਸ ਨਾਲ ਪੰਜਾਬ ਵਿੱਚ ਇੱਕ ਨਵੇਂ ਫਸਲ ਚੱਕਰ ਦਾ ਜਨਮ ਹੋਇਆ ਹੈ - ਆਲੂ/ਮਟਰ-ਬਸੰਤ ਰੁੱਤੀ ਮੱਕੀ-ਝੋਨਾ। ਬਸੰਤ ਰੁੱਤ ਦੀ ਮੱਕੀ ਜੋ ਕਿ ਆਰਥਿਕ ਪੱਖੋਂ ਲਾਹੇਵੰਦ ਹੈ ਪ੍ਰੰਤੂ ਇਸਨੂੰ 15 ਤੋਂ 18 ਸੰਚਾਈਆਂ ਦੀ ਲੋੜ ਪੈਂਦੀ ਹੈ ਜੋ ਕਿ ਪੰਜਾਬ ਵਿੱਚ ਪਹਿਲਾਂ ਹੀ ਚਿੰਤਾਜਨਕ ਧਰਤੀ ਹੇਠਲੇ ਪਾਣੀ ਦੇ ਸੰਕਟ ਨੂੰ ਹੋਰ ਵਧਾ ਸਕਦਾ ਹੈ।ਇਹ ਫਸਲ ਪ੍ਰਣਾਲੀ ਜਿਸ ਵਿੱਚ ਪਾਣੀ ਦੀ ਖਪਤ ਕਰਨ ਵਾਲੀ ਬਸੰਤ ਮੱਕੀ ਅਤੇ ਉਸ ਤੋਂ ਬਾਅਦ ਪਾਣੀ ਦੀ ਹੋਰ ਜਿਆਦਾ ਖਪਤ ਕਰਨ ਵਾਲੀ ਝੋਨੇ ਦੀ ਫਸਲ ਦੇ ਉਭਾਰ ਦੇ ਨਾਲ ਪੰਜਾਬ ਦੀਆਂ ਫਸਲੀ ਵਿਭਿੰਨਤਾ ਯੋਜਨਾਵਾਂ ਤੇ ਜੋਰਦਾਰ ਅਸਰ ਪੈ ਸਕਦਾ ਹੈ।
ਇੱਕ ਪਾਸੇ ਪੰਜਾਬ ਰਾਜ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਹੇਠਲਾ ਰਕਬਾ ਘਟਾਉਣ ਲਈ ਸੰਘਰਸ਼ ਕਰ ਰਿਹਾ ਹੈ ਪਰ ਦੂਜੇ ਪਾਸੇ ਬਸੰਤ ਰੁੱਤੀ ਮੱਕੀ ਦੀ ਬਿਨਾਂ ਨਿਯੰਤਰਣ ਵੱਧ ਰਹੀ ਕਾਸ਼ਤ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਸੰਕਟ ਨੂੰ ਗੰਭੀਰ ਰੂਪ ਵਿੱਚ ਵਧਾ ਰਹੀ ਹੈ ਅਤੇ ਫਸਲੀ ਵਿਭਿੰਨਤਾ ਦੇ ਯਤਨਾਂ ਵਿੱਚ ਰੁਕਾਵਟ ਪਾ ਰਹੀ ਹੈ। ਇਸ ਸਥਿਤੀ ਵਿੱਚ ਇਸ ਦੀ ਖੇਤੀ ਨੂੰ ਨਿਯੰਤਰਿਤ ਕਰਨ ਲਈ ਇੱਕ ਸੁਚੱਜੀ ਯੋਜਨਾ ਦੀ ਲੋੜ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ. ਏ. ਯੂ.) ਵੱਲੋਂ 20 ਜਨਵਰੀ ਤੋਂ 15 ਫਰਵਰੀ ਤੱਕ ਬਿਜਾਈ ਸਮੇਂ ਅਤੇ ਬਿਜਾਈ ਨੂੰ ਸਿਰਫ ਚੌੜੇ ਬੈਡਾਂ ਤੇ ਤੁਪਕਾ ਸਿੰਚਾਈ ਵਿਧੀ ਨਾਲ ਹੀ ਬੀਜਣ ਦੀ ਤਰਜੀਹ ਦਿੱਤੀ ਜਾਂਦੀ ਹੈ।ਤੁਪਕਾ ਸਿੰਚਾਈ ਨਾਲ ਹੋਣ ਵਾਲੇ ਪਾਣੀ ਦੀ ਖਪਤ ਤੋਂ ਥੋੜੀ ਰਾਹਤ ਮਿਲ ਸਕਦੀ ਹੈ।ਇਹਨਾਂ ਉਪਰਾਲਿਆਂ ਦੇ ਬਿਨਾਂ ਬਸੰਤ ਰੁੱਤ ਦੀ ਮੱਕੀ ਪੰਜਾਬ ਦੀ ਕਾਸ਼ਤ ਵਿਆਪਕ ਖੇਤੀ ਸਥਿਰਤਾ ਨੂੰ ਖਤਰੇ ਵਿੱਚ ਪਾ ਸਕਦੀ ਹੈ।
ਕਣਕ ਦੀ ਵਾਢੀ ਤੋਂ ਬਾਅਦ ਮੱਧ ਅਪ੍ਰੈਲ ਤੋਂ ਬੀਜੀ ਜਾਣ ਵਾਲੀ ਗਰਮੀਆਂ ਦੀ ਮੱਕੀ ਦੀ ਕਾਸ਼ਤ ਬਸੰਤ ਮੱਕੀ ਨਾਲੋਂ ਵੀ ਜਿਆਦਾ ਵਿਨਾਸ਼ਕਾਰੀ ਹੈ ਕਿਉਂਕਿ ਇਸ ਨੂੰ ਹੋਰ ਵੀ ਜਿਆਦਾ ਪਾਣੀ ਦੀ ਲੋੜ ਹੁੰਦੀ ਹੈ। ਗਰਮੀਆਂ ਦੀ ਮੱਕੀ ਨੂੰ ਵਾਰ ਵਾਰ ਸਿੰਚਾਈ ਦੀ ਲੋੜ ਹੁੰਦੀ ਹੈ ਅਤੇ ਤਕਰੀਬਨ 105 ਤੋਂ 120 ਸੈਂਟੀਮੀਟਰ ਤੱਕ ਪਾਣੀ ਦੀ ਖਪਤ ਹੁੰਦੀ ਹੈ ਜਿਸ ਨਾਲ ਨਾਜੁਕ ਭੂਮੀਗਤ ਪਾਣੀ ਦੀ ਕਮੀ ਹੋਰ ਵਿਗੜ ਰਹੀ ਹੈ। ਫਾਲ ਆਰਮੀ ਵਾਰਮ ਅਤੇ ਪਿੰਕ ਸਟੈਮ ਬੋਰਰ ਵਰਗੇ ਕੀੜੇ ਇਸ ਸਥਿਤੀ ਨੂੰ ਹੋਰ ਵਿਗਾੜ ਸਕਦੇ ਹਨ।
ਇਹ ਵੀ ਪੜ੍ਹੋ: Kakdi Ki Kheti: ਫਰਵਰੀ ਵਿੱਚ ਕਰੋ ਕੱਕੜੀ ਦੀਆਂ ਇਨ੍ਹਾਂ ਤਿੰਨ ਸਭ ਤੋਂ ਵਧੀਆ ਕਿਸਮਾਂ ਦੀ ਕਾਸ਼ਤ, ਮਿਲੇਗਾ ਬੰਪਰ ਝਾੜ
ਪੀ.ਏ.ਯੂ. ਮੱਕੀ ਦੀ ਕਾਸ਼ਤ ਨੂੰ ਨਿਯਮਤ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਜ਼ੋਰ ਦਿੰਦਾ ਹੈ ।ਬਸੰਤ ਰੁੱਤ ਦੀ ਮੱਕੀ ਨੂੰ ਸਹੀ ਸਮੇਂ ਤੇ ਬੈਡਾਂ ਉੱਪਰ ਤੁਪਕਾ ਵਿਧੀ ਅਪਣਾ ਕੇ ਹੀ ਖੇਤੀ ਦੀ ਅਨੁਮਤੀ ਮਿਲਣੀ ਚਾਹੀਦੀ ਹੈ ਅਤੇ ਗਰਮੀ ਰੁੱਤ ਦੀ ਮੱਕੀ (ਕਣਕ ਵੱਢ ਕੇ ਬੀਜਣ) ਤੇ ਪੂਰੀਤਰ੍ਹਾਂ ਪਾਬੰਦੀ ਲਗਾ ਦੇਣੀ ਚਾਹੀਦੀ ਹੈ । ਜੇਕਰ ਇਹ ਫਸਲੀ ਚੱਕਰ ਇਸੇ ਤਰ੍ਹਾਂ ਬਿਨਾਂ ਕਿਸੇ ਨਿਯੰਤਰਣ ਤੋਂ ਚੱਲਦਾ ਰਿਹਾ ਤਾਂ ਪੰਜਾਬ ਰਾਜ ਦਾ ਉਭਰਦਾ ਹੇਠਲੇ ਪਾਣੀ ਦੀ ਸੰਕਟ ਵਿੱਚ ਹੋਰ ਵੀ ਗਹਿਣ ਹੋ ਸਕਦਾ ਹੈ ਅਤੇ ਉਤਪਾਦਨ ਲਾਗਤਾਂ ਵਿੱਚ ਇਜਾਫਾ ਅਤੇ ਰਾਜ ਭਾਰ ਵਿੱਚ ਫਸਲ ਪ੍ਰਣਾਲੀ ਦੀ ਅਸਥਿਰਤਾ ਹੋ ਸਕਦੀ ਹੈ।
ਪੰਜਾਬ ਖੇਤੀ ਅੱਜ ਅਹਿਮ ਮੋੜ ਤੇ ਹੈ ਜਿੱਥੇ ਸਾਨੂੰ ਖੇਤੀ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਮੱਕੀ ਦੀ ਕਾਸ਼ਤ ਲਈ ਸਖਤ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨਾ ਲਾਜ਼ਮੀ ਹੈ।ਖੇਤੀਬਾੜੀ ਦੀ ਸਥਿਰਤਾ ਅਤੇ ਆਰਥਿਕ ਵਿਹਾਰਕਤਾ ਲਈ ਅਤੇ ਫਸਲੀ ਵਿਭਿੰਨਤਾ ਦੇ ਅਭਿਆਨ ਨੂੰ ਸਫਲਪੂਰਵਕ ਲਾਗੂ ਕਰਨ ਲਈ ਝੋਨੇ ਹੇਠੋਂ ਕੁਝ ਰਕਬਾ ਸਾਉਣੀ ਰੁੱਤ ਦੀਆਂ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਦੇ ਥੱਲੇ ਲਿਆਉਣਾ ਲਾਜ਼ਮੀ ਹੈ ਜਿਸ ਵਿੱਚ ਸਾਉਣੀ ਮੱਕੀ ਨੂੰ ਇੱਕ ਢੁਕਵੇਂ ਉਮੀਦਵਾਰ ਦੀ ਤਰ੍ਹਾਂ ਵਰਤਿਆ ਜਾ ਸਕਦਾ ਹੈ। ਮੱਕੀ ਨੂੰ ਝੋਨੇ ਨਾਲੋਂ ਇੱਕ ਤਿਹਾਈ ਪਾਣੀ ਅਤੇ ਗੰਨੇ ਨਾਲੋਂ ਇੱਕ ਚੌਥਾਈ ਪਾਣੀ ਦੀ ਲੋੜ ਹੁਮਦਿ ਹੈ। ਮੱਕੀ ਦੀ ਫਸਲ ਝੋਨੇ ਨਾਲ ਘੱਟ ਮਿਆਦ (ਝੋਨੇ ਦੀ 120 ਦਿਨਾਂ ਦੇ ਮੁਕਾਬਲੇ 95-100 ਦਿਨ) ਲੈਂਦੀ ਹੈ। ਇਕ ਕਿਲੋਗ੍ਰਾਮ ਮੱਕੀ ਪੈਦਾ ਕਰਨ ਲਈ 800-1,000 ਲੀਟਰ ਪਾਣੀ ਦੀ ਖਪਤ ਹੁਮਦਿ ਹੈ, ਜਦੋਂ ਕਿ ਝੋਨੇ 3,000-3,500 ਲੀਟਰ ਪ੍ਰਤੀ ਕਿਲੋਗ੍ਰਾਮ ਦੀ ਮੰਗ ਕਰਦਾ ਹੈ। ਇਸ ਤੋਂ ਇਲਾਵਾ, ਮੱਕੀ ਦੀ ਰਹਿੰਦ ਖੂਹੰਦ, ਝੋਨੇ ਦੇ ਮੁਕਾਬਲੇ ਉੱਚੇ ਕਾਰਬਨ ਤੋਂ ਨਾਈਟ੍ਰੋਜਨ ਅਨੁਪਾਤ ਦੇ ਨਾਲ ਤੇਜ਼ੀ ਨਾਲ ਸੜਦੀ ਹੈ ਅਤੇ ਮੱਕੀ ਦੇ ਜੈਵਿਕ ਕਾਰਬਨ ਨੂੰ ਭਰਪੂਰ ਬਣਾਉਂਦੀ ਹੈ,ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਦੀ ਹੈ ਅਤੇ ਕਾਰਬਨ ਕ੍ਰੈਡਿਟ ਪੈਦਾ ਕਰਨ ਵਿੱਚ ਸਹਾਇਤਾ ਕਰਦੀ ਹੈ।
ਇਹ ਵੀ ਪੜ੍ਹੋ: ਤੋਰੀਏ ਦੀਆਂ ਇਨ੍ਹਾਂ ਉੱਨਤ ਕਿਸਮਾਂ ਤੋਂ ਹੋਵੇਗੀ ਕਿਸਾਨਾਂ ਨੂੰ ਵਧੀਆ ਆਮਦਨ, ਬਿਜਾਈ ਤੋਂ 3 ਹਫ਼ਤੇ ਪਿੱਛੋਂ ਕਰੋ ਇਹ ਕੰਮ, ਹੋਵੇਗਾ ਮੋਟਾ ਮੁਨਾਫ਼ਾ
ਹਾਲਾਂਕਿ, ਮੁੱਖ ਚੁਣੌਤੀਆਂ ਜਿਵੇਂ ਕਿ ਮੱਕੀ ਦੀ ਘੱਟੋ ਘੱਟ ਸਮਰਥਨ ਮੁੱਲ (ਐਮ. ਐਸ. ਪੀ) ਤੋਂ ਹੇਠਾਂ ਖਰੀਦ ਅਤੇ ਝੋਨੇ ਦੇ ਮੁਕਾਬਲੇ ਘੱਟ ਝਾੜ ਸਾਉਣੀ ਮੁੱਕੀ ਦੀ ਕਾਸ਼ਤ ਨੂੰ ਵੱਡੇ ਪੱਧਰ ਵਿੱਚ ਅਪਣਾਉਣ ਲਈ ਕੁਝ ਮੁੱਖ ਰੁਕਾਵਟਾਂ ਹਨ ਪਰ ਮੌਜੂਦਾ ਸਥਿਤੀ ਵਿੱਚ ਭਾਰਤ ਸਰਕਾਰ ਦਾ ਅਭਿਲਾਸ਼ੀ ਈਥਾਨੌਲ ਬਲੈਡਡ ਪੈਟਰੋਲ ਪ੍ਰੋਗਰਾਮ ਸ਼ੁਰੂ ਹੋਇਆ ਹੈ।ਜਿਸ ਵਿੱਚ ਮੱਕੀ ਬਾਇਓਇਥੇਨੌਲ ਉਤਪਾਦਨ ਲਈ ਇੱਕ ਪ੍ਰਮੁੱਖ ਉਮੀਦਵਾਰ ਵਜੋਂ ਸਾਹਮਣੇ ਆਈ ਹੈ।ਸਰਕਾਰ ਵੱਲੋਂ ਮੱਕੀ ਨੂੰ ਐਮ. ਐਸ. ਪੀ. (2,225 ਰੁਪਏ ਪ੍ਰਤੀ ਕੁਇੰਟਲ) ਤੋਂ ਹੇਠਾਂ ਨਾਂ ਖਰੀਦਣ ਦਾ ਫੈਸਲਾ ਕੀਤਾ ਹੈ।ਇਹ ਨੀਤੀ ਕਿਸਾਨਾਂ ਨੂੰ ਵਿਕਰੀ ਦੌਰਾਨ ਮਾਨਸਿਕ ਅਤੇ ਆਰਥਿਕ ਪਰੇਸ਼ਾਨੀ ਨੂੰ ਰੋਕੇਗੀ, ਉਪਜਾਊ ਜਮੀਨਾਂ ਤੇ ਮੱਕੀ ਦੀ ਕਾਸ਼ਤ ਨੂੰ ਉਤਸਾਹਿਤ ਕਰੇਗੀ, ਅਤੇ ਉੱਚ-ਉਪਜ ਵਾਲੇ ਹਾਈਬ੍ਰਿਡ ਨੂੰ ਉਹਨਾਂ ਦੀ ਉਤਪਾਦਕਤਾ ਸਮਰੱਥਾ ਤੱਕ ਪਹੁੰਚਣ ਦੇ ਯੋਗ ਬਣਾਵੇਗੀ।
ਪੀ.ਏ.ਯੂ. ਨੇ ਮੱਕੀ ਦੇ ਸੁਧਾਰ ਵਿੱਚ ਮਹੱਤਵਪੂਰਨ ਕਦਮ ਚੁੱਕੇ ਹਨ, ਪਿਛਲੇ ਪੰਜ ਸਾਲਾਂ ਵਿੱਚ ਛੇ ਚੰਗਾ ਝਾੜ ਦੇਣ ਵਾਲੇ ਸਾਉਣੀ ਮੱਕੀ ਦੇ ਹਾਈਬ੍ਰਿਡ–ਪੀ ਐਮ ਐਚ 14, ਪੀ ਐਮ ਐਚ 13, ਪੀ ਐਮ ਐਚ 11 , ਏ ਡੀ ਵੀ 9293, ਡੀ ਕੇ ਸੀ 9144, ਅਤੇ ਬਾਇਓਸੀਡ 9788-ਸਿਫਾਰਿਸ਼ ਕੀਤੇ ਹਨ।ਇਹਨਾਂ ਹਾਈਬ੍ਰਿਡਾਂ ਵਿੱਚ ਔਸਤਨ 24-25 ਕੁਇੰਟਲ ਪ੍ਰਤੀ ਏਕੜ (ਲਗਭਗ 6 ਟਨ ਪ੍ਰਤੀ ਹੈਕਟੇਅਰ) ਝਾੜ ਪੈਦਾ ਕਰਨ ਦੀ ਸਮਰੱਥਾ ਹੈ। ਬਾਇਓਇਥੇਨੌਲ ਅਤੇ ਹੋਰ ਵਰਤੋਂ ਲਈ ਮੱਕੀ ਦੀ 3.7 ਮਿਲੀਅਨ ਟਨ (ਮੌਜੂਦਾ ਉਤਪਾਦਨ 400,000 ਟਨ) ਤੋਂ ਵੱਧ ਦੀ ਅਨੁਮਾਨਿਤ ਮੰਗ ਨੂੰ ਪੂਰਾ ਕਰਨ ਲਈ, ਪੰਜਾਬ ਨੂੰ ਮੱਕੀ ਦੀ ਕਾਸ਼ਤ ਨੂੰ ਲਗਭਗ ਛੇ ਲੱਖ ਹੈਕਟੇਅਰ ਤੱਕ ਵਧਾਉਣ ਦੀ ਲੋੜ ਹੈ।
ਪੀ.ਏ.ਯੂ. ਵੱਲੋਂ 6-7 ਟਨ ਪ੍ਰਤੀ ਹੈਕਟੇਅਰ ਝਾੜ ਦੇਣ ਦੀ ਮੱਕੀ ਦੀਆਂ ਹਾਈਬ੍ਰਿਡਾਂ ਦੀ ਸੰਭਾਵਨਾ ਦੇ ਬਾਵਜੂਦ, ਰਾਜ ਦੀ ਔਸਤ ਉਤਪਾਦਕਤਾ 4.39 ਟਨ ਪ੍ਰਤੀ ਹੈਕਟੇਅਰ (2022-23) ਤੇ ਬਣੀ ਹੋਈ ਹੈ, ਜੋ ਕਿ ਪ੍ਰਤੀ ਹੈਕਟੇਅਰ ਲਗਭਗ 2 ਟਨ ਝਾੜ ਦਾ ਮਹੱਤਵਪੂਰਨ ਪਾੜ ਦਰਸਾਉਂਦੀ ਹੈ।ਖੇਤਾਂ ਵਿੱਚੋਂ ਪਾਣੀ ਤੇ ਚੰਗੇ ਨਿਕਾਸ ਲਈ ਲੇਜ਼ਰ-ਸਤਰ ਵਾਲੇ ਖੇਤ, ਸਿਫਾਰਸ਼ ਕੀਤਾ ਬਿਜਾਈ ਦਾ ਸਮਾਂ (20 ਮਈ ਤੋਂ ਜੂਨ ਦੇ ਅਖੀਰ ਤੱਕ), ਜਿਆਦਾ ਪਾਣੀ ਖੜੇ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਉੱਚ ਬੈਡਾਂ ਤੇ ਬਿਜਾਈ ਅਤੇ ਪ੍ਰਭਾਵੀ ਕੀਟ ਅਤੇ ਰੋਗ ਨਿਯੰਤਰਣ, ਮੱਕੀ ਤੋਂ ਢੁਕਵੇਂ ਝਾੜ ਲਈ ਮਹੱਤਵਪੂਰਨ ਕਦਮ ਹਨ।
ਇਸ ਅਭਿਲਾਸ਼ੀ ਪਰਿਵਰਤਨ ਸਰਕਾਰੀ ਸੰਸਥਾਵਾਂ, ਉਦਯੋਗਾਂ, ਖੋਜ ਸੰਸਥਾਵਾਂ ਅਤੇ ਕਿਸਾਨਾਂ ਤੋਂ ਇੱਕ ਜੁੱਟ ਅਤੇ ਦ੍ਰਿੜ ਯਤਨਾਂ ਦੀ ਮੰਗ ਕਰਦਾ ਹੈ। ਜੇਕਰ ਪੰਜਾਬ ਆਪਣੀਆਂ ਡਿਸਟਰਲਰੀਆਂ ਲਈ ਸਥਾਨਕ ਤੌਰ ਤੇ ਮੱਕੀ ਦੇ ਅਨਾਜ ਦੀ ਲੌੜੀਦੀ ਮਾਤਰਾ ਅਤੇ ਗੁਣਵੱਤਾ ਪੈਦਾ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਇਹ ਇਸ ਉਭਰ ਰਹੇ ਮੌਕੇ ਨੂੰ ਗਵਾ ਸਕਦਾ ਹੈ, ਕਿਉਂਕਿ ਡਿਸਟਰਲਰੀਆਂ ਦੂਜੇ ਰਾਜਾਂ ਤੇ ਤਬਦੀਲ ਹੋ ਸਕਦੀਆਂ ਹਨ ਜਾਂ ਮੱਕੀ ਸਰੋਤ ਕਰ ਸਕਦੀਆਂ ਹਨ, ਜਿਸ ਨਾਲ ਸੂਬੇ ਦੀ ਆਰਥਿਕ ਅਤੇ ਖੇਤੀਬਾੜੀ ਸੰਭਾਵਨਾਵਾਂ ਨੂੰ ਕਮਜ਼ੋਰ ਕੀਤਾ ਜਾ ਸਕਦਾ ਹੈ।
ਸਰੋਤ: ਸੁਰਿੰਦਰ ਸੰਧੂ1 ਅਤੇ ਅਜਮੇਰ ਸਿੰਘ ਢੱਟ2, 1ਪ੍ਰਮੁੱਖ ਬਰੀਡਰ ਅਤੇ ਇੰਚਾਰਜ, ਮੱਕੀ ਸੈਕਸ਼ਨ, 2ਖੋਜ ਨਿਰਦੇਸ਼ਕ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Summary in English: Punjab Farmers, Guidelines issued for maize cultivation in Punjab