1. Home
  2. ਖੇਤੀ ਬਾੜੀ

ਸਾਉਣੀ ਦੀਆਂ ਫਸਲਾਂ ਵਿੱਚ ਵਰਤੇ ਜਾਣ ਵਾਲੇ ਮਿੱਤਰ ਕੀੜਿਆਂ ਦੀ ਭੂਮਿਕਾ, ਸੂਚੀ ਅਤੇ ਵਰਤੋਂ ਦਾ ਸਹੀ ਸਮਾਂ, ਕਿਸਾਨ ਭਰਾਵੋ, ਕਿਰਪਾ ਕਰਕੇ ਇਹ ਸਾਵਧਾਨੀਆਂ ਵਰਤੋ

ਕੀਟਨਾਸ਼ਕਾਂ ਦੀ ਅੰਧਾਧੁੰਦ ਵਰਤੋਂ ਨਾਲ ਜਿੱਥੇ ਖੇਤੀ ਖਰਚੇ ਵਧਦੇ ਹਨ ਨਾਲ ਹੀ ਇਹ ਵਾਤਾਵਰਨ ਨੂੰ ਵੀ ਦੂਸ਼ਿਤ ਕਰਦੇ ਹਨ। ਅਜਿਹੇ ਸਮੇਂ ਵਿੱਚ ਮਿੱਤਰ ਕੀੜੇ ਇੱਕ ਅਹਿਮ ਭੂਮਿਕਾ ਨਿਭਾ ਸਕਦੇ ਹਨ, ਕਿਉਂਕਿ ਜਿੱਥੇ ਇਹ ਸਸਤੇ ਹੁੰਦੇ ਹਨ ਉੱਥੇ ਇਹ ਵਾਤਾਵਰਣ ਨੂੰ ਵੀ ਦੂਸ਼ਿਤ ਨਹੀਂ ਕਰਦੇ।

Gurpreet Kaur Virk
Gurpreet Kaur Virk
ਸਾਉਣੀ ਦੀਆਂ ਫਸਲਾਂ ਵਿੱਚ ਵਰਤੇ ਜਾਣ ਵਾਲੇ ਮਿੱਤਰ ਕੀੜਿਆਂ ਦੀ ਸੂਚੀ ਅਤੇ ਵਰਤੋਂ ਦਾ ਸਹੀ ਸਮਾਂ

ਸਾਉਣੀ ਦੀਆਂ ਫਸਲਾਂ ਵਿੱਚ ਵਰਤੇ ਜਾਣ ਵਾਲੇ ਮਿੱਤਰ ਕੀੜਿਆਂ ਦੀ ਸੂਚੀ ਅਤੇ ਵਰਤੋਂ ਦਾ ਸਹੀ ਸਮਾਂ

Kharif Crops: ਪੰਜਾਬ ਦੀਆਂ ਮੁੱਖ ਫਸਲਾਂ ਜਿਵੇਂ ਕੀ ਝੋਨਾ, ਕਮਾਦ ਅਤੇ ਮੱਕੀ ਉੱਤੇ ਕਈ ਤਰਾਂ ਦੇ ਕੀੜੇ-ਮਕੌੜਿਆਂ ਦਾ ਹਮਲਾ ਹੁੰਦਾ ਹੈ। ਇਹ ਕੀੜੇ ਜਿੱਥੇ ਇਹਨਾਂ ਫਸਲਾਂ ਦਾ ਝਾੜ ਘਟਾਉਂਦੇ ਹਨ, ਉੱਥੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਵੀ ਪੁੰਹਚਾਂਦੇ ਹਨ। ਕੀਟਨਾਸ਼ਕਾਂ ਦੀ ਅੰਧਾਧੁੰਦ ਵਰਤੋਂ ਨਾਲ ਜਿੱਥੇ ਖੇਤੀ ਖਰਚੇ ਵਧਦੇ ਹਨ ਨਾਲ ਹੀ ਇਹ ਵਾਤਾਵਰਨ ਨੂੰ ਵੀ ਦੂਸ਼ਿਤ ਕਰਦੇ ਹਨ। ਅਜਿਹੇ ਸਮੇਂ ਵਿੱਚ ਮਿੱਤਰ ਕੀੜੇ ਇੱਕ ਅਹਿਮ ਭੂਮਿਕਾ ਨਿਭਾ ਸਕਦੇ ਹਨ, ਕਿਉਂਕਿ ਜਿੱਥੇ ਇਹ ਸਸਤੇ ਹੁੰਦੇ ਹਨ ਉੱਥੇ ਇਹ ਵਾਤਾਵਰਣ ਨੂੰ ਵੀ ਦੂਸ਼ਿਤ ਨਹੀਂ ਕਰਦੇ।

ਪੰਜਾਬ ਵਿਚ ਝੋਨਾ, ਕਮਾਦ ਅਤੇ ਮੱਕੀ ਦੇ ਮੁੱਖ ਦੁਸ਼ਮਣ ਕੀੜਿਆਂ (ਗੜੂੰਏਂ) ਨੂੰ ਨਸ਼ਟ ਕਰਨ ਲਈ ਦੋ ਮਿੱਤਰ ਕੀੜਿਆਂ ਟਰਾਈਕੋਗਰਾਮਾ ਕਿਲੋਨਸ ਅਤੇ ਟਰਾਈਕੋਗਰਾਮਾ ਜੈਪੋਨਿਕਮ ਦੀ ਸਿਫਾਰਿਸ਼ ਕੀਤੀ ਗਈ ਹੈ। ਇਹ ਮਿੱਤਰ ਕੀੜੇ ਪ੍ਰਯੋਗਸ਼ਾਲਾ ਵਿਚ ਤਿਆਰ ਕੀਤੇ ਗਏ ਟਰਾਈਕੋ-ਕਾਰਡ ਰਾਹੀਂ ਕਿਸਾਨਾਂ ਦੇ ਖੇਤਾਂ ਵਿਚ ਛੱਡੇ ਜਾਂਦੇ ਹਨ। ਇਹ ਮਿੱਤਰ ਕੀੜਾ ਦੁਸ਼ਮਣ ਕੀੜੇ ਦੇ ਅੰਡੇ ਅੰਦਰ ਆਪਣੇ ਅੰਡੇ ਦੇ ਕੇ ਆਪਣਾ ਜੀਵਨ ਚੱਕਰ ਪੂਰਾ ਕਰਦਾ ਹੈ। ਇਸਦੇ ਬੱਚੇ ਦੁਸ਼ਮਣ ਕੀੜੇ ਦੇ ਆਂਡੇ ਦੇ ਅੰਦਰ ਪਲਦੇ ਹਨ ਅਤੇ ਅੰਤ ਵਿਚ ਉਸਨੂੰ ਖਤਮ ਕਰ ਦਿੰਦੇ ਹਨ।

ਸਾਉਣੀ ਦੀਆਂ ਮੁੱਖ ਫਸਲਾਂ ਦੇ ਹਾਨੀਕਾਰਕ ਕੀੜੇ ਅਤੇ ਉਹਨਾਂ ਦੇ ਹਮਲੇ ਦੀਆਂ ਨਿਸ਼ਾਨੀਆਂ:

ਝੋਨਾ

ਪੀਲੇ ਤਣੇ ਦੇ ਗੜੂੰਏਂ: ਇਹ ਜੁਲਾਈ ਤੋਂ ਅਕਤੂਬਰ ਤੱਕ ਫਸਲ ਨੂੰ ਨੁਕਸਾਨ ਪਹੁੰਚਾਂਦੇ ਹਨ। ਇਸ ਦੀਆਂ ਸੁੰਡੀਆਂ ਤਣੇ ਦੇ ਜੋੜ ਵਿੱਚ ਵੜ ਜਾਂਦੀਆਂ ਹਨ ਅਤੇ ਗੋਭ ਨੂੰ ਅੰਦਰੋਂ-ਅੰਦਰ ਖਾਈ ਜਾਂਦੀਆਂ ਹਨ, ਜਿਸ ਨਾਲ ਗੋਭ ਸੁੱਕ ਜਾਂਦੀ ਹੈ। ਹਮਲੇ ਵਾਲੇ ਬੂਟੇ ਇਹ ਅਸਾਨੀ ਨਾਲ ਖਿੱਚੇ ਜਾ ਸਕਦੇ ਹਨ। ਜੇਕਰ ਹਮਲਾ ਮੁੰਜਰਾਂ ਨਿਕਲਣ ਤੋਂ ਬਾਅਦ ਹੋਵੇ ਤਾਂ ਇਹ ਸੁੱਕ ਜਾਂਦੀਆਂ ਹਨ ਅਤੇ ਇਸ ਵਿੱਚ ਦਾਣੇ ਨਹੀਂ ਬਣਦੇ। ਇਹ ਮੁੰਜਰਾਂ ਸਫੈਦ ਰੰਗ ਦੀਆਂ ਦਿਸਦੀਆਂ ਹਨ ਅਤੇ ਖੇਤ ਵਿੱਚ ਦੂਰੋਂ ਹੀ ਪਛਾਣੀਆਂ ਜਾ ਸਕਦੀਆਂ ਹਨ।

ਪੱਤਾ ਲਪੇਟ ਸੁੰਡੀ: ਇਸ ਕੀੜੇ ਦਾ ਬਹੁਤਾ ਨੁਕਸਾਨ ਅਗਸਤ ਤੋਂ ਅਕਤੂਬਰ ਦੇ ਦੌਰਾਨ ਹੁੰਦਾ ਹੈ।ਛੋਟੀਆਂ ਸੁੰਡੀਆਂ ਪੱਤਿਆਂ ਨੂੰ ਬਿਨਾਂ ਲਪੇਟੇ ਅਤੇ ਵੱਡੀਆਂ ਸੁੰਡੀਆਂ ਪੱਤਿਆਂ ਨੂੰ ਲਪੇਟੇ ਕੇ ਅੰਦਰੋਂ-ਅੰਦਰ ਹਰਾ ਮਾਦਾ ਖਾਂਦੀਆਂ ਹਨ ਜਿਸ ਕਰਕੇ ਪੱਤਿਆਂ ਉੱਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ।

ਕਮਾਦ ਦੇ ਗੜੂੰਏ

ਅਗੇਤੀ ਫੋਟ ਦਾ ਗੜੂੰਆਂ: ਇਹ ਕੀੜਾ ਅਪ੍ਰੈਲ ਤੋਂ ਜੂਨ ਤੱਕ ਨੁਕਸਾਨ ਕਰਦਾ ਹੈ।ਗੰਨੇ ਦੀ ਮੁੱਢਲੀ ਹਾਲਤ ਵਿੱਚ ਇਹ ਕੀੜੇ ਪੱਤੇ ਦੇ ਥੱਲੇ ਸਮੂਹਾਂ ਵਿਚ ਆਂਡੇ ਦਿੰਦੇ ਹਨ। ਸੁੰਡੀ ਮਿੱਟੀ ਦੀ ਸੱਤਹ ਦੇ ਨਜ਼ਦੀਕ ਮੋਰੀ ਕਰਕੇ ਤਣੇ ਵਿਚ ਦਾਖਲ ਹੋ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਗੋਭ ਸੁੱਕ ਜਾਂਦੀ ਹੈ ਅਤੇ ਅਸਾਨੀ ਨਾਲ ਟੁੱਟ ਜਾਂਦੀ ਹੈ ਅਤੇ ਇਸ ਵਿਚੋਂ ਬਦਬੂਦਾਰ ਗੰਧ ਪੈਦਾ ਹੁੰਦੀ ਹੈ।

ਆਗ ਦਾ ਗੜੂੰਆਂ: ਇਹ ਕੀੜਾ ਮਾਰਚ ਤੋਂ ਅਕਤੂਬਰ ਤੱਕ ਹਮਲਾ ਕਰਦਾ ਹੈ ਪਰ ਜੁਲਾਈ-ਅਗਸਤ ਦੌਰਾਨ ਬਹੁਤ ਹਾਨੀਕਾਰਕ ਹੁੰਦਾ ਹੈ। ਇਸਦੇ ਹਮਲੇ ਕਰਕੇ ਗੰਨੇ ਦੇ ਸਿਰੇ ਤੇ ਗੋਭ ਵਾਲਾ ਪੱਤਾ ਸੁੱਕ ਜਾਂਦਾ ਹੈ ਅਤੇ ਕਾਲੇ ਰੰਗ ਦਾ ਹੋ ਜਾਂਦਾ ਹੈ। ਇਸ ਦੇ ਹਮਲੇ ਦੀਆਂ ਹੋਰ ਨਿਸ਼ਾਨੀਆਂ ਹਨ ਕਿ ਇਹ ਆਗ ਵਿੱਚ ਮੋਰੀਆਂ ਕਰ ਦਿੰਦਾ ਹੈ, ਪੱਤੇ ਦੀ ਰੀੜ੍ਹ ਤੇ ਉਪਰਲੇ ਸਿਰੇ ਵੱਲ ਚਿੱਟੀਆਂ ਜਾਂ ਲਾਲ ਧਾਰੀਆਂ ਪੈ ਜਾਂਦੀਆਂ ਹਨ ਅਤੇ ਗੰਨਾ ਛਾਂਗਾ ਹੋ ਜਾਂਦਾ ਹੈ।

ਤਣੇ ਦਾ ਗੜੂੰਆਂ: ਇਸ ਕੀੜੇ ਦੀਆਂ ਸੁੰਡੀਆਂ ਸਰਦੀਆਂ ਵਿੱਚ ਨਵੇਂ ਪੜਸੂਇਆਂ ਜਾਂ ਮੁੱਢਾਂ ਵਿੱਚ ਰਹਿੰਦੀਆਂ ਹਨ। ਇਸ ਕੀੜੇ ਦਾ ਹਮਲਾ ਅਪ੍ਰੈਲ, ਮਈ ਅਤੇ ਜੂਨ ਵਿੱਚ ਕੁਝ ਘੱਟ ਹੁੰਦਾ ਹੈ ਪਰ ਜੁਲਾਈ ਵਿੱਚ ਵਧ ਜਾਂਦਾ ਹੈ। ਅਕਤੂਬਰ ਅਤੇ ਨਵੰਬਰ ਵਿੱਚ ਇਹ ਸਭ ਤੋਂ ਵੱਧ ਸਰਗਰਮ ਹੁੰਦਾ ਹੈ। ਇਸ ਕੀੜੇ ਦੇ ਹਮਲੇ ਦੀ ਬਾਹਰੋਂ ਕੋਈ ਨਿਸ਼ਾਨੀਆਂ ਨਹੀਂ ਪਤਾ ਲਗਦੀ। ਇਸ ਕੀੜੇ ਦੀਆਂ ਤਣੇ ਵਿੱਚ ਵੜਨ ਅਤੇ ਨਿਕਲਣ ਵਾਲੀਆਂ ਮੋਰੀਆਂ ਕੇਵਲ ਗੰਨਾ ਛਿਲ ਕੇ ਹੀ ਵੇਖੀਆਂ ਜਾ ਸਕਦੀਆਂ ਹਨ। ਇਕ ਸੁੰਡੀ ਕਈ ਵਾਰ ਤਿੰਨ ਗੰਢਾਂ ਤੱਕ ਨੁਕਸਾਨ ਕਰ ਦਿੰਦੀ ਹੈ ਅਤੇ ਗੰਨੇ ਉਪਰ ਕਈ ਥਾਵਾਂ ਤੇ ਹਮਲਾ ਕਰਦੀ ਹੈ। ਜਿਆਦਾ ਹਮਲੇ ਵਿੱਚ ਗੰਨੇ ਦੇ ਝਾੜ ਅਤੇ ਮਿਠਾਸ ਤੇ ਮਾੜਾ ਅਸਰ ਪੈਂਦਾ ਹੈ।

ਮੱਕੀ ਦਾ ਗੜੂੰਆਂ: ਇਹ ਮੱਕੀ ਦਾ ਮੁੱਖ ਕੀੜਾ ਹੈ ਅਤੇ ਜੂਨ ਤੋਂ ਸਤੰਬਰ ਤੱਕ ਫ਼ਸਲ ਦਾ ਨੁਕਸਾਨ ਕਰਦਾ ਹੈ। ਇਸ ਕੀੜੇ ਦੀਆਂ ਸੁੰਡੀਆਂ ਪਹਿਲਾਂ ਬੂਟੇ ਦੇ ਪੱਤਿਆਂ ਉੱਪਰ ਝਰੀਟਾਂ ਪਾ ਦਿੰਦੀਆਂ ਹਨ ਅਤੇ ਗੋਭ ਰਾਹੀਂ ਤਣੇ ਵਿੱਚ ਮੋਰੀਆਂ ਕਰ ਦਿੰਦੀਆਂ ਹਨ। ਗੋਭ ਦਾ ਵਿਚਕਾਰਲਾ ਪੱਤਾ ਛਾਣਨੀ-ਛਾਣਨੀ ਹੋ ਜਾਂਦਾ ਹੈ। ਛੋਟੇ ਬੂਟਿਆਂ ਦੀਆਂ ਗੋਭਾਂ ਸੁੱਕ ਜਾਂਦੀਆਂ ਹਨ।

ਇਹ ਵੀ ਪੜ੍ਹੋ: Save Water: ਸੁਰੱਖਿਅਤ ਭਵਿੱਖ ਲਈ ਕੁਦਰਤੀ ਸੋਮੇ ਬਚਾਓ, ਝੋਨੇ ਦੀ ਕਾਸ਼ਤ ਵਿੱਚ ਪਾਣੀ ਸੰਭਾਲ ਦੀਆਂ ਇਹ ਤਕਨੀਕਾਂ ਅਪਣਾਓ

ਸਾਉਣੀ ਦੀਆਂ ਫਸਲਾਂ ਵਿੱਚ ਵਰਤੇ ਜਾਣ ਵਾਲੇ ਮਿੱਤਰ ਕੀੜਿਆਂ ਦੀ ਸੂਚੀ ਅਤੇ ਵਰਤੋਂ ਦਾ ਸਹੀ ਸਮਾਂ

ਫਸਲ

ਨੁਕਸਾਨ ਵਾਲੇ ਕੀੜੇ

ਮਿੱਤਰ ਕੀੜੇ

ਮਾਤਰਾ ਪ੍ਰਤੀ ਏਕੜ

ਖੇਤ ਵਿੱਚ ਛੱਡਣ ਦਾ ਸਮਾਂ

ਜੈਵਿਕ ਝੋਨਾ

ਪੱਤਾ ਲਪੇਟ ਸੁੰਡੀ

ਟਰਾਈਕੋਗਰਾਮਾ ਕਿਲੋਨਸ

2 ਟਰਾਈਕੋਕਾਰਡ

(40,000 ਆਂਡੇ)

ਝੋਨਾ ਲਾਉਣ ਤੋਂ 30 ਦਿਨਾਂ ਬਾਅਦ 7 ਦਿਨਾਂ ਦੇ ਵਕਫੇ ਤੇ 5 ਤੋਂ 6 ਵਾਰ ਖੇਤ ਵਿੱਚ ਛੱਡੋ।

ਪੀਲੇ ਤਣੇ ਦਾ ਗੜੂੰਆਂ

ਟਰਾਈਕੋਗਰਾਮਾ ਜੈਪੋਨਕਿਮ

2 ਟਰਾਈਕੋਕਾਰਡ

(40,000 ਆਂਡੇ)

ਕਮਾਦ

ਅਗੇਤੀ ਫੋਟ ਦਾ ਗੜੂੰਆਂ

ਟਰਾਈਕੋਗਰਾਮਾ ਕਿਲੋਨਸ

1 ਟਰਾਈਕੋਕਾਰਡ

(20,000 ਆਂਡੇ)

ਅੱਧ ਅ੍ਰਪੈਲ਼ ਤੋਂ ਜੂਨ ਅਖੀਰ ਤੱਕ 10 ਦਿਨਾਂ ਦੇ ਫਰਕ ਨਾਲ 8 ਵਾਰੀ ਖੇਤ ਵਿੱਚ ਛੱਡੋ।

ਆਗ ਦਾ ਗੜੂੰਆਂ

ਟਰਾਈਕੋਗਰਾਮਾ ਜੈਪੋਨਕਿਮ

1 ਟਰਾਈਕੋਕਾਰਡ

(20,000 ਆਂਡੇ)

ਅੱਧ ਅ੍ਰਪੈਲ਼ ਤੋਂ ਜੂਨ ਅਖੀਰ ਤੱਕ 10 ਦਿਨਾਂ ਦੇ ਫਰਕ ਨਾਲ 8 ਵਾਰੀ ਖੇਤ ਵਿੱਚ ਛੱਡੋ।

ਤਣੇ ਦਾ ਗੜੂੰਆਂ

ਟਰਾਈਕੋਗਰਾਮਾ ਕਿਲੋਨਸ

1 ਟਰਾਈਕੋਕਾਰਡ

(20,000 ਆਂਡੇ)

ਜੁਲਾਈ ਤੋਂ ਲੈ ਕੇ ਅਕਤੂਬਰ ਤੱਕ 10 ਦਿਨਾਂ ਦੇ ਫਰਕ ਨਾਲ 10-12 ਵਾਰ ਖੇਤ ਵਿੱਚ ਛੱਡੋ।

ਮੱਕੀ

ਮੱਕੀ ਦਾ ਗੜੂੰਆਂ

ਟਰਾਈਕੋਗਰਾਮਾ ਕਿਲੋਨਸ

2 ਟਰਾਈਕੋਕਾਰਡ

(40,000 ਆਂਡੇ)

ਦੋ ਵਾਰੀ 10 ਅਤੇ 17 ਦਿਨਾਂ ਦੀ ਫਸਲ ਤੇ ਖੇਤ ਵਿੱਚ ਛੱਡੋ।

ਇਹ ਵੀ ਪੜ੍ਹੋ: ਕਿਸਾਨ ਵੀਰੋਂ, ਘਰੇਲੂ ਪੱਧਰ 'ਤੇ ਇਹ ਸਾਵਧਾਨੀਆਂ ਵਰਤ ਕੇ ਅਗਲੇ ਸਾਲ ਲਈ ਵਧੀਆ ਕੁਆਲਿਟੀ ਵਾਲਾ ਕਣਕ ਦਾ ਬੀਜ ਪੈਦਾ ਕਰੋ

ਟਰਾਈਕੋਕਾਰਡਸ ਖੇਤ ਵਿੱਚ ਲਗਾਉਣ ਦੀ ਵਿਧੀ:

ਜੈਵਿਕ ਝੋਨਾ: ਝੋਨੇ ਵਿੱਚ ਪੱਤਾ ਲਪੇਟ ਸੁੰਡੀ ਅਤੇ ਪੀਲੇ ਤਣੇ ਦੇ ਗੜੂੰਏਂ ਦੀ ਟਰਾਈਕੋਗਰਾਮਾ ਕਿਲੋਨਸ ਅਤੇ ਟਰਾਈਕੋਗਰਾਮਾ ਜੈਪੋਨਿਕਮ ਦੇ ਦੋ-ਦੋ ਟਰਾਈਕੋ-ਕਾਰਡਾਂ ਨੂੰ 5×1.5 ਸੈ.ਮੀ. ਛੋਟੇ ਆਕਾਰ ਦੇ 40 ਬਰਾਬਰ ਹਿੱਸਿਆਂ ਵਿੱਚ ਕੱਟੋ; ਹਰ ਹਿੱਸੇ ਉੱਪਰ ਲਗਭਗ 1000 ਪਰਜੀਵੀ ਕਿਰਿਆ ਕੀਤੇ ਹੋਏ ਅੰਡੇ ਲੱਗੇ ਹੁੰਦੇ ਹਨ। ਇਨ੍ਹਾਂ ਹਿੱਸਿਆਂ ਨੂੰ ਇਕ ਏਕੜ ਖੇਤ ਵਿੱਚ ਬਰਾਬਰ ਦੂਰੀ ਤੇ 40 ਥਾਂਵਾਂ ਵਿੱਚ ਪੱਤਿਆਂ ਦੇ ਹੇਠਲੇ ਪਾਸੇ ਪਿਨ੍ਹਾਂ ਨਾਲ ਨੱਥੀ ਕਰੋ।

ਕਮਾਦ: ਖੇਤ ਵਿਚ ਮਿੱਤਰ ਕੀੜੇ ਛੱਡਣ ਲਈ ਇਕ ਟਰਾਈਕੋ-ਕਾਰਡ (10×15 ਸੈ.ਮੀ.), ਜਿਸ ਉੱਪਰ 20,000 ਪਰਜੀਵੀ ਕਿਰਿਆ ਕੀਤੇ ਹੋਏ ਕੌਰਸਾਇਰਾ ਦੇ ਅੰਡੇ ਲੱਗੇ ਹੁੰਦੇ ਹਨ, ਨੂੰ 5×0.75 ਸੈ.ਮੀ. ਦੇ ਆਕਾਰ ਦੇ 40 ਛੋਟੇ ਬਰਾਬਰ ਹਿੱਸਿਆਂ ਵਿੱਚ ਕੱਟੋ। ਹਰ ਛੋਟੇ ਹਿੱਸੇ ਉੱਪਰ ਤਕਰੀਬਨ 500 ਅੰਡੇ ਲੱਗੇ ਹੁੰਦੇ ਹਨ। ਇਨ੍ਹਾਂ ਹਿੱਸਿਆਂ ਨੂੰ ਕਮਾਦ ਦੇ ਪੱਤਿਆਂ ਤੇ ਹੇਠਲੇ ਪਾਸੇ ਇਕ ਏਕੜ ਵਿੱਚ ਬਰਾਬਰ ਦੂਰੀ ਤੇ 40 ਥਾਂਵਾਂ ਤੇ ਸ਼ਾਮ ਵੇਲੇ ਪਿੰਨਾ ਨਾਲ ਨੱਥੀ ਕਰੋ।

ਮੱਕੀ: ਮੱਕੀ ਵਿੱਚ ਗੰੜੂਏ ਦੀ ਰੋਕਥਾਮ ਲਈ ਟਰਾਈਕੋਕਾਰਡ ਦੋ ਵਾਰ ਵਰਤੋਂ। ਪਹਿਲੀ ਵਾਰ ਜਦੋਂ ਫਸਲ 10 ਦਿਨ ਦੀ ਹੋਵੇ ਤੇ ਦੂਜੀ ਵਾਰ ਜਦੋਂ 17 ਦਿਨ ਦੀ ਹੋਵੇ।ਦੋ ਟਰਾਈਕੋਕਾਰਡਾਂ ਨੂੰ 5×1.5 ਸੈ.ਮੀ. ਆਕਾਰ ਦੇ 40 ਹਿੱਸਿਆਂ ਵਿੱਚ ਬਰਾਬਰ ਕੱਟ ਲਵੋ, ਹਰ ਛੋਟੇ ਹਿੱਸੇ ਉੱਪਰ ਤਕਰੀਬਨ 1000 ਪਰਜੀਵੀ ਕਿਰਿਆ ਕੀਤੇ ਹੋਏ ਅੰਡੇ ਲੱਗੇ ਹੁੰਦੇ ਹਨ।ਇਨ੍ਹਾਂ ਹਿੱਸਿਆਂ ਨੂੰ ਗੋਭ ਦੇ ਪੱਤਿਆਂ ਦੇ ਹੇਠਲੇ ਪਾਸੇ ਸ਼ਾਮ ਦੇ ਸਮੇਂ ਖੇਤ ਵਿੱਚ ਇਕਸਾਰ ਦੂਰੀ ਤੇ ਪਿੰਨ ਨਾਲ ਨੱਥੀ ਕਰੋ।

ਜਰੂਰੀ ਸਾਵਧਾਨੀਆਂ

• ਟਰਾਈਕੋ-ਕਾਰਡ ਸ਼ਾਮ ਦੇ ਸਮੇਂ ਖੇਤਾਂ ਵਿੱਚ ਨੱਥੀ ਕਰਨੇ ਚਾਹੀਦੇ ਹਨ।

• ਮੀਂਹ ਵਾਲੇ ਦਿਨ ਟਰਾਈਕੋ-ਕਾਰਡ ਨਾ ਲਗਾਓ।

• ਜਿਹੜੇ ਖੇਤਾਂ ਵਿੱਚ ਟਰਾਈਕੋਗਰਾਮਾ ਛੱਡਿਆ ਹੋਵੇ, ਉਨ੍ਹਾਂ ਵਿੱਚ ਕੀਟਨਾਸ਼ਕਾਂ ਦਾ ਛਿੜਕਾਅ ਨਾ ਕਰੋ।

ਨੋਟ: ਕਿਸਾਨ ਵੀਰ ਇਹ ਕਾਰਡ ਪੀ.ਏ.ਯੂ. ਲੁਧਿਆਣਾ ਦੇ ਕੀਟ ਵਿਭਾਗ ਦੀ ਜੈਵਿਕ ਰੋਕਥਾਮ ਪ੍ਰਯੋਗਸ਼ਾਲਾ ਤੋਂ ਲੈ ਸਕਦੇ ਹਨ ਜਾਂ ਫਿਰ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰਕੇ ਵੀ ਪ੍ਰਾਪਤ ਕਰ ਸਕਦੇ ਹਨ।

ਸਰੋਤ: *ਸੁਮਨ ਕੁਮਾਰੀ, ਪ੍ਰਭਜੋਤ ਕੌਰ ਅਤੇ ਹਰਿੰਦਰ ਸਿੰਘ
ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ
ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ

Summary in English: Role of friendly insects in the overall pest management system in major kharif crops

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters