
ਸੁਰੱਖਿਅਤ ਭਵਿੱਖ ਲਈ ਕੁਦਰਤੀ ਸੋਮੇ ਬਚਾਓ
Water Saving Techniques: ਪੰਜਾਬ ਰਾਜ ਲੰਬੇ ਸਮੇਂ ਤੋਂ ਝੋਨੇ-ਕਣਕ ਦੀ ਭਰਪੂਰ ਪੈਦਾਵਾਰ ਨਾਲ ਦੇਸ਼ ਦਾ ਢਿੱਡ ਭਰਦਾ ਆ ਰਿਹਾ ਹੈ। ਹਾਲਾਂਕਿ, ਝੋਨੇ ਦੀ ਕਾਸ਼ਤ ਨੇ ਰਾਜ ਦੇ ਧਰਤੀ ਹੇਠਲੇ ਪਾਣੀ ਦੇ ਪੱਧਰ ‘ਤੇ ਉਲਟਾ ਅਸਰ ਪਾਇਆ ਹੈ। ਇਸ ਤੋਂ ਇਲਾਵਾ ਮੌਸਮੀ ਤਬਦੀਲੀਆਂ ਅਤੇ ਇਸ ਫਸਲ ਦੀ ਕਾਸ਼ਤ ਵਿੱਚ ਟਿਕਾਊ ਖੇਤੀਬਾੜੀ ਅਭਿਆਸਾਂ ਦੀਆਂ ਕਮੀਆਂ ਵੀ ਚੁਣੌਤੀਆਂ ਬਣੀਆਂ ਹੋਈਆਂ ਹਨ।
ਸੋ, ਖੇਤੀਬਾੜੀ ਦੇ ਸੁਰੱਖਿਅਤ ਭਵਿੱਖ ਲਈ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਝੋਨੇ ਦੀ ਕਾਸ਼ਤ ਵਿੱਚ ਪਾਣੀ ਬਚਾਉਣ ਦੀਆਂ ਵਾਤਾਵਰਣ-ਪੱਖੀ ਤਕਨੀਕਾਂ ਨੂੰ ਵਿਆਪਕ ਪੱਧਰ ਤੇ ਲਾਗੂ ਕੀਤਾ ਜਾਵੇ। ਇਸ ਲੇਖ ਵਿੱਚ ਝੋਨੇ ਦੀ ਕਾਸ਼ਤ ਵਿੱਚ ਪਾਣੀ ਬਚਾਉਣ ਦੀਆਂ ਉਨ੍ਹਾਂ ਤਕਨੀਕਾਂ ਦੀ ਪੜਚੋਲ ਕੀਤੀ ਗਈ ਹੈ, ਜੋ ਰਾਜ ਦੇ ਧਰਤੀ ਹੇਠਲੇ ਪਾਣੀ ਦੇ ਸੰਕਟ ਨੂੰ ਘਟਾਉਣ ਵਿੱਚ ਮਦਦ ਕਰ ਸਕਦੀਆਂ ਹਨ।
1. ਝੋਨੇ ਅਤੇ ਬਾਸਮਤੀ ਦੀਆਂ ਘੱਟ ਅਤੇ ਦਰਮਿਆਨੇ ਸਮੇਂ ਦੀਆਂ ਕਿਸਮਾਂ ਨੂੰ ਅਪਣਾਉਣਾ: ਝੋਨੇ ਅਤੇ ਬਾਸਮਤੀ ਦੀਆਂ ਘੱਟ ਅਤੇ ਦਰਮਿਆਨੇ ਸਮੇਂ ਦੀਆਂ ਕਿਸਮਾਂ ਨੂੰ ਅਪਣਾਉਣਾ, ਝੋਨੇ ਦੀ ਕਾਸ਼ਤ ਵਿੱਚ ਪਾਣੀ ਦੀ ਬੱਚਤ ਲਈ ਸਭ ਤੋਂ ਮਹੱਤਵਪੂਰਨ ਤਰੀਕਾ ਹੈ। ਝੋਨੇ ਦੀਆਂ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਲਗਭਗ 150-160 ਦਿਨਾਂ ਵਿੱਚ ਪੱਕਦੀਆਂ ਹਨ ਜਦਕਿ ਘੱਟ ਅਤੇ ਦਰਮਿਆਨੇ ਸਮੇਂ ਦੀਆਂ ਕਿਸਮਾਂ 120-140 ਦਿਨਾਂ ਵਿੱਚ ਪੱਕ ਜਾਂਦੀਆਂ ਹਨ। ਜਿਸ ਨਾਲ ਸਿੰਚਾਈ ਦੇ ਪਾਣੀਆਂ ਦੀ ਕਾਫੀ ਬੱਚਤ ਹੋ ਜਾਂਦੀ ਹੈ। ਇਹਨਾਂ ਕਿਸਮਾਂ ਨੂੰ ਅਪਣਾ ਕੇ ਪੈਦਾਵਾਰ ਨਾਲ ਸਮਝੌਤਾ ਕੀਤੇ ਬਿਨ੍ਹਾਂ ਪਾਣੀ ਦੀ ਖਪਤ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਹ ਕਿਸਮਾਂ ਮੌਸਮੀ ਤਬਦੀਲੀਆਂ ਅਤੇ ਅਨਿਸ਼ਚਤਿਤਾਵਾਂ ਦਾ ਟਾਕਰਾ ਕਰਨ ਦੀ ਵੀ ਵਧੇਰੇ ਸੱਮਰਥਾ ਰੱਖਦੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਝੋਨੇੇ ਅਤੇ ਬਾਸਮਤੀ ਦੀਆਂ ਪੀ ਆਰ 126, ਪੀ ਆਰ 132, ਪੀ ਆਰ 131, ਪੀ ਆਰ 129, ਪੀ ਆਰ 128, ਪੀ ਆਰ 114, ਪੂਸਾ ਬਾਸਮਤੀ 1847, ਪੰਜਾਬ ਬਾਸਮਤੀ 7, ਪੂਸਾ ਬਾਸਮਤੀ 1718, ਪੂਸਾ ਬਾਸਮਤੀ 1121, ਪੂਸਾ ਬਾਸਮਤੀ 1509, ਆਦਿ ਘੱਟ ਅਤੇ ਦਰਮਿਆਨੇ ਸਮੇਂ ਦੀਆਂ ਕਿਸਮਾਂ ਦੀ ਕਾਸ਼ਤ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਝੋਨੇ ਦੀ ਲਵਾਈ ਨੂੰ 20 ਜੂਨ ਤੋਂ ਸ਼ੁਰੂ ਕਰਨ ਦੀ ਸਿਫਾਰਸ਼ ਵੀ ਕੀਤੀ ਗਈ ਹੈ। ਇਸ ਸਮੇਂ ਤੋਂ ਪਹਿਲਾਂ ਬੀਜੇ ਗਏ ਝੋਨੇ ਵਿੱਚ ਉੱਚ ਤਾਪਮਾਨ ਅਤੇ ਜ਼ਿਆਦਾ ਵਾਸ਼ਪੀਕਰਨ ਕਾਰਨ ਸਿੰਚਾਈ ਦੇ ਪਾਣੀ ਦੀ ਖਪਤ ਵੱਧ ਹੁੰਦੀ ਹੈ। ਜਦਕਿ ਜੇਕਰ ਝੋਨੇ ਦੀ ਲਵਾਈ 20 ਜੂਨ ਨੂੰ ਜਾਂ ਉਸ ਤੋਂ ਬਾਅਦ ਕੀਤੀ ਜਾਂਦੀ ਹੈ ਤਾਂ ਮਾਨਸੂਨ ਦੀ ਸ਼ੁਰੂਆਤ ਨਾਲ ਸਿੰਚਾਈ ਲਈ ਵਰਤੇ ਜਾਣ ਵਾਲੇ ਧਰਤੀ ਹੇਠਲੇ ਪਾਣੀ ਦੀ ਘੱਟ ਲੋੜ ਕਾਰਨ ਇਹ ਨੁਕਸਾਨ ਘੱਟ ਜਾਂਦਾ ਹੈ।
2. ਝੋਨੇ ਦੀ ਤਰ-ਵੱਤਰ ਸਿੱਧੀ ਬਿਜਾਈ: ਝੋਨੇ ਦੀ ਤਰ-ਵੱਤਰ ਸਿੱਧੀ ਬਿਜਾਈ (ਡੀ.ਐਸ.ਆਰ.) ਇੱਕ ਅਹਿਮ ਸਰੋਤ-ਸੰਭਾਲ ਤਕਨੀਕ ਹੈ। ਤਰ-ਵੱਤਰ ਵਿਧੀ ਰਾਹੀਂ ਸਿੱਧੇ ਬੀਜੇ ਝੋਨੇ ਦਾ ਵਾਧਾ ਅਤੇ ਵਿਕਾਸ ਬਹੁਤ ਵਧੀਆ ਹੁੰਦਾ ਹੈ, ਕਿਉਂਕਿ ਇਸ ਵਿਧੀ ਨਾਲ ਬੀਜੇ ਝੋਨੇ ਵਿੱਚ ਲਗਾਤਾਰ ਪਾਣੀ ਖੜ੍ਹਾ ਰੱਖਣ ਦੀ ਜ਼ਰੂਰਤ ਨਹੀਂ ਰਹਿੰਦੀ। ਇਸ ਤਰੀਕੇ ਨਾਲ ਬੀਜੇ ਝੋਨੇ ਵਿੱਚ ਪਾਣੀ ਦੀ ਖਪਤ ਨੂੰ 10-20٪ ਤੱਕ ਘਟਾਇਆ ਜਾ ਸਕਦਾ ਹੈ। ਇਸ ਤੋਂ ਬਿਨ੍ਹਾਂ ਸਿੱਧੀ ਬਿਜਾਈ ਕਰਨ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਆਉਂਦਾ ਹੈ, ਧਰਤੀ ਹੇਠਲੇ ਪਾਣੀ ਦੇ ਰੀਚਾਰਜ ਵਿੱਚ 10-12٪ ਦਾ ਵਾਧਾ ਹੁੰਦਾ ਹੈ ਅਤੇ ਮਜ਼ਦੂਰੀ ਦਾ ਖਰਚਾ ਵੀ ਘਟਦਾ ਹੈ। ਝੋਨੇ ਦੀ ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿੱਲ ਜਾਂ ਟੇਢੀਆਂ ਪਲੇਟਾਂ ਵਾਲੇ ਪਲਾਂਟਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
3. ਝੋਨੇ ਨੂੰ ਪਾਣੀ ਸੁਕਾ-ਸੁਕਾ ਕੇ ਲਗਾਉਣਾ: ਝੋਨੇ ਵਿੱਚ ਪਹਿਲੇ ਪਾਣੀ ਨੂੰ ਜ਼ੀਰਨ ਤੋਂ ਦੋ ਦਿਨ ਬਾਅਦ ਸਿੰਚਾਈ ਕਰਨ ਦੀ ਵਿਧੀ ਨਾਲ ਫ਼ਸਲ ਦੇ ਝਾੜ ਨੂੰ ਬਿਨ੍ਹਾਂ ਪ੍ਰਭਾਵਿਤ ਕੀਤੇ ਪਾਣੀ ਦੀ ਖਪਤ ਨੂੰ ਘਟਾਇਆ ਜਾ ਸਕਦਾ ਹੈ। ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿੱਚ ਪਹਿਲੇ 15 ਦਿਨ ਲਗਾਤਾਰ ਪਾਣੀ ਖੜ੍ਹਾ ਰੱਖਣ ਦੀ ਲੋੜ ਹੁੰਦੀ ਹੈ ਤਾਂ ਜੋ ਨਦੀਨਾਂ ਨੂੰ ਉੱਗਣ ਤੋਂ ਰੋਕਿਆ ਜਾ ਸਕੇ। ਇਸ ਤੋਂ ਬਾਅਦ ਪਹਿਲੇ ਪਾਣੀ ਦੇ ਜ਼ੀਰਨ ਤੋਂ ਦੋ ਦਿਨ ਬਾਅਦ ਅਗਲੀ ਸਿੰਚਾਈ ਕਰਨੀ ਚਾਹੀਦੀ ਹੈ। ਇਸ ਤਰੀਕੇ ਨਾਲ ਫਸਲ ਨੂੰ ਉੱਲੀ ਰੋਗ ਵੀ ਘੱਟ ਲੱਗਦਾ ਹੈ, ਜਿਸ ਨਾਲ ਉੱਲੀਨਾਸ਼ਕ ਸਪਰੇਆਂ ਦਾ ਖਰਚਾ ਵੀ ਘੱਟਦਾ ਹੈ।
4. ਛੋਟੇ ਆਕਾਰ ਦੇ ਕਿਆਰੇ ਪਾਉਣਾ: ਇਸ ਤਕਨੀਕ ਵਿੱਚ ਵੱਡੇ ਖੇਤਾਂ ਨੂੰ ਛੋਟੇ (0.2 ਤੋਂ 0.5 ਏਕੜ) ਆਕਾਰ ਦੇ ਕਿਆਰਿਆਂ ਵਿੱਚ ਵੰਡਿਆ ਜਾਂਦਾ ਹੈ ਅਤੇ ਹਰੇਕ ਕਿਆਰੇ ਦੀ ਵੱਖਰੇ ਤੌਰ ਤੇ ਸਿੰਚਾਈ ਕੀਤੀ ਜਾਂਦੀ ਹੈ। ਅਜਿਹਾ ਕਰਨ ਨਾਲ ਪਾਣੀ ਦੇ ਰਿਸਾਅ ਅਤੇ ਵਹਾਅ ਦੌਰਾਨ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ। ਛੋਟੇ ਕਿਆਰੇ ਕਿਸਾਨਾਂ ਨੂੰ ਹੋਰ ਫਸਲਾਂ ਵਿੱਚ ਸਿੰਚਾਈ ਦੀਆਂ ਹੋਰ ਤਕਨੀਕਾਂ ਨੂੰ ਅਪਣਾਉਣ ਦੇ ਯੋਗ ਵੀ ਬਣਾਉਂਦੇ ਹਨ, ਜਿਵੇਂ ਕਿ ਤੁਪਕਾ ਸਿੰਚਾਈ ਅਤੇ ਫੁਹਾਰਾ ਸਿੰਚਾਈ, ਜੋ ਪਾਣੀ ਦੀ ਖਪਤ ਨੂੰ ਹੋਰ ਘਟਾ ਸਕਦੀਆਂ ਹਨ। ਛੋਟੇ ਕਿਆਰਿਆਂ ਦੀ ਵਰਤੋਂ ਨਾਲ ਝੋਨੇ ਦੀ ਕਾਸ਼ਤ ਵਿੱਚ 10-15٪ ਤੱਕ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਕਿਸਾਨ ਵੀਰੋਂ, ਘਰੇਲੂ ਪੱਧਰ 'ਤੇ ਇਹ ਸਾਵਧਾਨੀਆਂ ਵਰਤ ਕੇ ਅਗਲੇ ਸਾਲ ਲਈ ਵਧੀਆ ਕੁਆਲਿਟੀ ਵਾਲਾ ਕਣਕ ਦਾ ਬੀਜ ਪੈਦਾ ਕਰੋ
5. ਖੇਤਾਂ ਨੂੰ ਠੰਡਾ ਕਰਨ ਦੀ ਰਵਾਇਤ ਨੂੰ ਖਤਮ ਕਰਨਾ: ਪੰਜਾਬ ਵਿੱਚ ਕਣਕ ਦੀ ਵਾਢੀ ਤੋਂ ਬਾਅਦ ਖਾਲੀ ਖੇਤਾਂ ਦੀ ਸਿੰਚਾਈ ਕਰਨ ਦੀ ਰਵਾਇਤੀ ਪ੍ਰਥਾ ਕਾਰਨ ਕਾਫ਼ੀ ਮਾਤਰਾ ਵਿੱਚ ਪਾਣੀ ਬਰਬਾਦ ਹੋ ਜਾਂਦਾ ਹੈ। ਇਹ ਰਵਾਇਤ, ਹਾਲਾਂਕਿ ਹਾਨੀਕਾਰਕ ਨਹੀਂ ਜਾਪਦੀ, ਪਰ ਇਸ ਦੇ ਨਤੀਜੇ ਵਜੋਂ ਪਾਣੀ ਦਾ ਕਾਫ਼ੀ ਨੁਕਸਾਨ ਹੁੰਦਾ ਹੈ, ਕਿਉਂਕਿ ਸਿੰਚਾਈ ਵਾਲੇ ਪਾਣੀ ਦੀ ਵਰਤੋਂ ਕਿਸੇ ਵੀ ਫਸਲ ਦੁਆਰਾ ਨਹੀਂ ਕੀਤੀ ਜਾਂਦੀ। ਇਸ ਪ੍ਰਥਾ ਨੂੰ ਬੰਦ ਕਰਕੇ, ਕਾਫ਼ੀ ਮਾਤਰਾ ਵਿੱਚ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਇਹ ਪ੍ਰਥਾ ਨਾ ਸਿਰਫ਼ ਪਾਣੀ ਦੀ ਬਰਬਾਦੀ ਕਰਦੀ ਹੈ, ਬਲਕਿ ਫਸਲ ਵਿੱਚ ਉੱਲੀ ਵਾਲੀਆਂ ਬਿਮਾਰੀਆਂ ਵਿੱਚ ਵੀ ਵਾਧਾ ਕਰਦਾ ਹੈ। ਕਣਕ ਤੋਂ ਬਾਅਦ ਖੇਤ ਨੂੰ ਸੁੱਕਾ ਵਾਹੁਣ ਨਾਲ ਮਈ ਮਹੀਨੇ ਵਿੱਚ ਸੂਰਜ ਦੀ ਗਰਮੀ ਅਤੇ ਤਪਸ਼ ਝੋਨੇ ਨੂੰ ਲੱਗਣ ਵਾਲੀਆਂ ਬਿਮਾਰੀਆਂ ਨੂੰ ਵੀ ਘਟਾਉਂਦੀ ਹੈ।
6. ਜ਼ਮੀਨਦੋਜ਼ ਪਾਈਪਲਾਈਨ ਸਿਸਟਮ ਦੀ ਵਰਤੋਂ: ਜ਼ਮੀਨਦੋਜ਼ ਪਾਈਪਲਾਈਨ ਸਿਸਟਮ ਦੀ ਵਰਤੋਂ ਕਰਨ ਨਾਲ ਪਾਣੀ ਦੇ ਵਾਸ਼ਪੀਕਰਨ ਅਤੇ ਰਿਸਾਅ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਜ਼ਮੀਨਦੋਜ਼ ਪਾਈਪਲਾਈਨ ਸਿਸਟਮ ਪਾਣੀ ਦੀ ਚੋਰੀ ਨੂੰ ਵੀ ਘਟਾਉਂਦਾ ਹੈ ਅਤੇ ਇਸ ਦੇ ਨਾਲ ਹੀ ਜਾਨਵਰਾਂ, ਮੌਸਮ ਅਤੇ ਮਨੁੱਖੀ ਗਤੀਵਧਿੀਆਂ ਦੁਆਰਾ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਅ ਹੁੰਦਾ ਹੈ। ਜ਼ਮੀਨਦੋਜ਼ ਪਾਈਪਲਾਈਨ ਪ੍ਰਣਾਲੀ ਨੂੰ ਅਪਣਾ ਕੇ ਕਿਸਾਨ ਵੀਰ ਪਾਣੀ ਦੀ ਬੱਚਤ ਕਰ ਸਕਦੇ ਹਨ, ਊਰਜਾ ਦੀ ਖਪਤ ਨੂੰ ਘਟਾ ਸਕਦੇ ਹਨ, ਅਤੇ ਫਸਲਾਂ ਦੀ ਪੈਦਾਵਾਰ ਵਿੱਚ ਸੁਧਾਰ ਕਰ ਸਕਦੇ ਹਨ।
7. ਸਿੰਚਾਈ ਲਈ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ: ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨਾ ਵੀ ਇੱਕ ਮਹੱਤਵਪੂਰਨ ਤਰੀਕਾ ਹੈ। ਨਹਿਰੀ ਪਾਣੀ ਦੀ ਪੂਰੀ ਸਮਰੱਥਾ ਨਾਲ ਵਰਤੋਂ ਕਰਕੇ, ਧਰਤੀ ਹੇਠਲੇ ਪਾਣੀ ’ਤੇ ਨਿਰਭਰਤਾ ਨੂੰ ਘਟਾਇਆ ਜਾ ਸਕਦਾ ਹੈ। ਨਹਿਰੀ ਪਾਣੀ ਦੀ ਵਰਤੋਂ ਧਰਤੀ ਹੇਠਲੇ ਪਾਣੀ ਦੇ ਮੁਕਾਬਲੇ ਵਧੇਰੇ ਟਿਕਾਊ ਅਤੇ ਨਵਿਆਉਣਯੋਗ ਵਿਕਲਪ ਹੈ। ਇਸ ਤੋਂ ਇਲਾਵਾ, ਨਹਿਰੀ ਪਾਣੀ ਦੀ ਵਰਤੋਂ ਕਰਨ ਲਈ ਘੱਟ ਊਰਜਾ ਦੀ ਜਰੂਰਤ ਪੈਂਦੀ ਹੈ, ਕਿਉਂਕਿ ਇਸ ਨੂੰ ਧਰਤੀ ਹੇਠਲੇ ਪਾਣੀ ਦੇ ਬਰਾਬਰ ਪੰਪਿੰਗ ਦੀ ਜ਼ਰੂਰਤ ਨਹੀਂ ਪੈਦੀ ।ਨਹਿਰੀ ਪਾਣੀ ਦੀ ਵੰਡ ਪ੍ਰਣਾਲੀ ਵਿੱਚ ਨਿਵੇਸ਼ ਕਰਕੇ ਅਤੇ ਨਹਿਰੀ ਪਾਣੀ ਦੀ ਵਰਤੋਂ ਦੇ ਫਾਇਦਿਆਂ ਬਾਰੇ ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਕਰਕੇ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਦੀ ਬਾਖੂਬੀ ਸੰਭਾਲ ਕੀਤੀ ਜਾ ਸਕਦੀ ਹੈ।
ਸਰੋਤ: ਸੁਨੀਲ ਕੁਮਾਰ, ਮਨਦੀਪ ਸਿੰਘ ਅਤੇ ਰੁਕਿੰਦਰ ਪ੍ਰੀਤ ਸਿੰਘ ਧਾਲੀਵਾਲ, ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ
Summary in English: Save Water: Adopt these water conservation techniques in rice cultivation, Water Saving Techniques