1. Home
  2. ਖੇਤੀ ਬਾੜੀ

Poly Net House: ਬੀਜ ਰਹਿਤ ਖੀਰੇ ਦੀ ਪੌਲੀਨੈੱਟ-ਹਾਊਸ ਵਿੱਚ ਕਾਸ਼ਤ ਲਈ ਵਿਗਿਆਨਿਕ ਨੁਕਤੇ, ਇਹ ਕਿਸਮ ਦੇਵੇਗੀ 45 ਦਿਨਾਂ ਵਿੱਚ ਬੰਪਰ ਉਤਪਾਦਨ

ਜੇਕਰ ਕਿਸਾਨ ਵੀਰ ਬੀਜ ਰਹਿਤ ਖੀਰਾ ਪੌਲੀ ਨੈਟ ਹਾਊਸ ਵਿੱਚ ਬੀਜਦੇ ਹਨ ਤਾਂ ਉਨ੍ਹਾਂ ਨੂੰ ਵਧੇਰੇ ਝਾੜ ਮਿਲਦਾ ਹੈ, ਕਿਉਂਕਿ ਫਲ ਬਣਨ ਲਈ ਬੀਜ ਰਹਿਤ ਕਿਸਮਾਂ ਨੂੰ ਪਰ ਪਰਾਗਣ ਦੀ ਲੋੜ ਨਹੀ ਪੈਂਦੀ।

Gurpreet Kaur Virk
Gurpreet Kaur Virk
ਬੀਜ ਰਹਿਤ ਖੀਰੇ ਦੀ ਕਾਸ਼ਤ ਲਈ ਵਿਗਿਆਨਿਕ ਨੁਕਤੇ

ਬੀਜ ਰਹਿਤ ਖੀਰੇ ਦੀ ਕਾਸ਼ਤ ਲਈ ਵਿਗਿਆਨਿਕ ਨੁਕਤੇ

Seedless Cucumber: ਅੱਜ-ਕੱਲ੍ਹ ਹਰ ਕੋਈ ਖੇਤੀਬਾੜੀ ਵੱਲ ਆਪਣਾ ਰੁੱਖ ਕਰ ਰਿਹਾ ਹੈ, ਤਾਂ ਜੋ ਘੱਟ ਲਾਗਤ ਵਿੱਚ ਵੱਧ ਮੁਨਾਫ਼ਾ ਖੱਟ ਸਕੇ। ਕਈ ਲੋਕ ਤਾਂ ਆਪਣੀਆਂ ਨੌਕਰੀਆਂ ਵੀ ਛੱਡ ਕੇ ਖੇਤੀ ਵੱਲ ਮੁੜ ਰਹੇ ਹਨ।

ਅਜਿਹੇ 'ਚ ਅੱਜ ਅੱਸੀ ਤੁਹਾਨੂੰ ਇੱਕ ਅਜਿਹਾ ਕਾਰੋਬਾਰ ਸ਼ੁਰੂ ਕਰਨ ਬਾਰੇ ਦੱਸਣ ਜਾ ਰਹੇ ਹਾਂ, ਜਿਸ ਵਿੱਚ ਤੁੱਸੀ ਘੱਟ ਸਮੇਂ ਅਤੇ ਘੱਟ ਲਾਗਤ ਵਿੱਚ ਚੰਗਾ ਮੁਨਾਫ਼ਾ ਕਮਾ ਸਕਦੇ ਹੋ, ਤਾਂ ਚਲੋ ਗੱਲ ਕਰੀਏ ਬੀਜ ਰਹਿਤ ਖੀਰੇ ਦੀ ਪੌਲੀਨੈੱਟ-ਹਾਊਸ ਵਿੱਚ ਕਾਸ਼ਤ ਬਾਰੇ।

ਸਲਾਦ ਦੇ ਤੌਰ 'ਤੇ ਖੀਰੇ ਦੀ ਬਹੁਤ ਮੰਗ ਹੈ। ਘਰੇਲੂ ਖਪਤ ਤੋਂ ਇਲਾਵਾ ਨਿਰਯਾਤ ਲਈ ਵੀ ਖੀਰੇ ਦੀ ਮੰਗ ਬਹੁਤ ਜ਼ਿਆਦਾ ਹੈ, ਇਸ ਲਈ ਕਿਸਾਨ ਆਫ ਸੀਜ਼ਨ ਵਿੱਚ ਵੀ ਖੀਰੇ ਦਾ ਉਤਪਾਦਨ ਕਰ ਰਹੇ ਹਨ। ਭਾਵੇਂ ਖੀਰੇ ਦੀਆਂ ਸਾਰੀਆਂ ਕਿਸਮਾਂ ਬਹੁਤ ਵਧੀਆ ਹਨ, ਪਰ ਬੀਜ ਰਹਿਤ ਖੀਰੇ ਦਾ ਰੁਝਾਨ ਅੱਜ-ਕੱਲ੍ਹ ਬਹੁਤ ਜ਼ਿਆਦਾ ਵਧ ਰਿਹਾ ਹੈ। ਜੇਕਰ ਕਿਸਾਨ ਵੀਰ ਬੀਜ ਰਹਿਤ ਖੀਰਾ ਪੌਲੀ ਨੈਟ ਹਾਊਸ ਵਿੱਚ ਬੀਜਦੇ ਹਨ ਤਾਂ ਉਨ੍ਹਾਂ ਨੂੰ ਵਧੇਰੇ ਝਾੜ ਮਿਲਦਾ ਹੈ, ਕਿਉਂਕਿ ਫਲ ਬਣਨ ਲਈ ਬੀਜ ਰਹਿਤ ਕਿਸਮਾਂ ਨੂੰ ਪਰ ਪਰਾਗਣ ਦੀ ਲੋੜ ਨਹੀ ਪੈਂਦੀ।

ਕਿਸਮਾਂ

ਪੀ. ਕੇ. ਐਚ-11: ਬੂਟੇ ਦੀ ਹਰ ਗੰਢ ਤੇ 1 ਤੋਂ 2 ਫ਼ਲ ਲੱਗਦੇ ਹਨ।ਇਸ ਕਿਸਮ ਦੀ ਕਾਸ਼ਤ ਸਿਰਫ ਪੌਲੀਹਾਊਸ ਵਿਚ ਹੀ ਸਿਫਾਰਸ਼ ਕੀਤੀ ਗਈ ਹੈ।ਫ਼ਲ ਗੂੜ੍ਹੇ ਹਰੇ, ਦਰਮਿਆਨੇ ਲੰਬੇ ਅਤੇ ਔਸਤਨ 150-160 ਗ੍ਰਾਮ ਹੁੰਦੇ ਹਨ, ਜਿਨ੍ਹਾਂ ਨੂੰ ਛਿਲ ਲਾਹੇ ਬਿਨਾਂ ਹੀ ਖਾਧਾ ਜਾ ਸਕਦਾ ਹੈ। ਸਤੰਬਰ ਮਹੀਨੇ ਵਿਚ ਬੀਜੀ ਫ਼ਸਲ 45 ਦਿਨਾਂ ਬਾਅਦ ਪਹਿਲੀ ਤੁੜਾਈ ਦੇ ਦਿੰਦੀ ਹੈ, ਪ੍ਰੰਤੂ ਜਨਵਰੀ ਮਹੀਨੇ ਚ 60 ਦਿਨ ਲੈਂਦੀ ਹੈ। ਸਤੰਬਰ ਮਹੀਨੇ ਵਿਚ ਬੀਜੀ ਫ਼ਸਲ ਦਾ ਔਸਤ ਝਾੜ 320 ਕੁਇੰਟਲ/ ਏਕੜ ਅਤੇ ਜਨਵਰੀ ਮਹੀਨੇ ‘ਚ 370 ਕੁਇੰਟਲ/ਏਕੜ ਹੈ।

ਪੰਜਾਬ ਖੀਰਾ-1: ਇਸ ਕਿਸਮ ਦੀ ਕਾਸ਼ਤ ਸਿਰਫ ਪੌਲੀ/ਨੈੱਟ ਹਾਊਸ ਵਿਚ ਹੀ ਸਿਫਾਰਸ਼ ਕੀਤੀ ਗਈ ਹੈ। ਫ਼ਲ ਗੂੜ੍ਹੇ ਹਰੇ, ਕੂਲੇ, ਕੁੜਤਣ ਤੇ ਬੀਜ ਰਹਿਤ ਅਤੇ ਔਸਤਨ 125 ਗ੍ਰਾਮ ਦੇ ਹੁੰਦੇ ਹਨ। ਸਤੰਬਰ ਮਹੀਨੇ ਵਿਚ ਬੀਜੀ ਫ਼ਸਲ 45 ਦਿਨਾਂ ਬਾਅਦ ਪਹਿਲੀ ਤੁੜਾਈ ਦੇ ਦਿੰਦੀ ਹੈ, ਪ੍ਰੰਤੂ ਜਨਵਰੀ ਲਈ 60 ਦਿਨ ਲੈਂਦੀ ਹੈ। ਸਤੰਬਰ ਮਹੀਨੇ ਵਿਚ ਬੀਜੀ ਫ਼ਸਲ ਦਾ ਔਸਤ ਝਾੜ 304 ਕੁਇੰਟਲ ਪ੍ਰਤੀ ਏਕੜ ਅਤੇ ਜਨਵਰੀ ਮਹੀਨੇ ‘ਚ 340 ਕੁਇੰਟਲ/ਏਕੜ ਹੈ।

DP-6 ਬੀਜ ਰਹਿਤ ਖੀਰਾ: ਇਸ ਦੀ ਕਾਸ਼ਤ ਕਿਸੇ ਵੀ ਸੀਜ਼ਨ ਤੱਕ ਸੀਮਤ ਨਹੀਂ ਹੋਵੇਗੀ। ਆਈਸੀਏਆਰ ਦੇ ਵਿਗਿਆਨੀਆਂ ਅਨੁਸਾਰ ਹੁਣ ਬੀਜ ਰਹਿਤ ਖੀਰੇ ਦੀ ਡੀਪੀ-6 ਕਿਸਮ ਨਾਲ ਸਾਲ ਵਿੱਚ ਚਾਰ ਵਾਰ ਕਾਸ਼ਤ ਕੀਤੀ ਜਾ ਸਕਦੀ ਹੈ। ਇਸ ਕਿਸਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਪੌਦੇ ਲਾਉਣ ਤੋਂ 45 ਦਿਨਾਂ ਦੇ ਅੰਦਰ-ਅੰਦਰ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ। ਇਸ ਤੋਂ ਬਾਅਦ ਬੀਜ ਰਹਿਤ ਖੀਰੇ ਨੂੰ 3 ਤੋਂ 4 ਮਹੀਨੇ ਲਗਾਤਾਰ ਉਗਾਇਆ ਜਾ ਸਕਦਾ ਹੈ। ਬੀਜ ਰਹਿਤ ਖੀਰਾ ਤਿਆਰ ਕਰਨ ਵਾਲੇ ਮਾਹਿਰਾਂ ਦਾ ਕਹਿਣਾ ਹੈ ਕਿ ਡੀਪੀ-6 ਕਿਸਮ ਬੀਜਣ ਤੋਂ ਬਾਅਦ ਇਸ ਦੀ ਵੇਲ 'ਤੇ ਖਿੜਨ ਵਾਲੇ ਸਾਰੇ ਫੁੱਲ ਹੀ ਫਲ ਪੈਦਾ ਕਰਨਗੇ। ਅਸਲ ਵਿੱਚ, ਖੀਰੇ ਦੀ ਵੇਲ ਦੇ ਹਰ ਨੋਡ ਵਿੱਚ ਮਾਦਾ ਫੁੱਲ ਉੱਗਦੇ ਹਨ, ਪਰ ਇਸ ਕਿਸਮ ਦੀ ਵੇਲ ਉੱਤੇ ਮਾਦਾ ਫੁੱਲਾਂ ਦੀ ਗਿਣਤੀ ਓਨੇ ਹੀ ਫਲ ਪੈਦਾ ਕਰ ਸਕਦੀ ਹੈ। ਇਹ ਖੀਰਾ ਨਾ ਸਿਰਫ਼ ਬੀਜ ਰਹਿਤ ਹੈ, ਇਸ ਵਿਚ ਕੋਈ ਕੁੜੱਤਣ ਵੀ ਨਹੀਂ ਹੈ। ਲਗਭਗ 1,000 ਵਰਗ ਮੀਟਰ ਵਿੱਚ DP-6 ਬੀਜ ਰਹਿਤ ਖੀਰੇ ਦੀ ਕਾਸ਼ਤ ਕਰਕੇ, 4,000 ਵੇਲਾਂ ਦੇ ਪੌਦੇ ਲਗਾਏ ਜਾ ਸਕਦੇ ਹਨ, ਜਿਸ ਦੀ ਹਰੇਕ ਵੇਲ 3.5 ਕਿਲੋ ਤੱਕ ਫਲ ਦੇਵੇਗੀ।

ਇਹ ਵੀ ਪੜ੍ਹੋ: Agriculture Expert ਰਾਜਵੀਰ ਥਿੰਦ ਨੇ ਘੱਟ ਖਰਚ ਅਤੇ ਘੱਟ ਜ਼ਹਿਰਾਂ ਦੀ ਵਰਤੋਂ ਕਰਕੇ ਚੰਗੀ ਗੁਣਵੱਤਾ ਵਾਲੀ ਮਟਰਾਂ ਦੀ ਫ਼ਸਲ ਪੈਦਾ ਕਰਨ ਲਈ ਦਿੱਤੇ ਸੁਝਾਅ

ਮੌਸਮ ਅਤੇ ਜ਼ਮੀਨ

ਖੀਰੇ ਦੇ ਬੀਜ ਜੰਮ ਲਈ ਢੁੱਕਵਾਂ ਤਾਪਮਾਨ 25 ਤੋਂ 29 ਡਿਗਰੀ ਸੈਂਟੀਗ੍ਰੇਡ ਹੋਣਾ ਚਾਹੀਦਾ ਹੈ। ਫਸਲ ਦੇ ਵਾਧੇ ਲਈ ਦਿਨ ਦਾ ਤਾਪਮਾਨ 22 ਤੋਂ 24 ਡਿਗਰੀ ਸੈਂਟੀਗ੍ਰੇਡ ਅਤੇ ਰਾਤ ਦਾ ਤਾਪਮਾਨ 19 ਤੋਂ 20 ਡਿਗਰੀ ਸੈਂਟੀਗ੍ਰੇਡ ਬਹੁਤ ਅਨੂਕੁਲ ਹੁੰਦਾ ਹੈ। ਖੀਰੇ ਦੀ ਫਸਲ ਲਈ ਜ਼ਮੀਨ ਮੈਰਾ ਅਤੇ ਚੰਗੀ ਨਿਕਾਸੀ ਵਾਲੀ ਹੋਣੀ ਚਾਹੀਦੀ ਹੈ।

ਬਿਜਾਈ ਦਾ ਸਮਾਂ ਅਤੇ ਬੀਜ ਦੀ ਮਾਤਰਾ

ਪੌਲੀ ਨੈਂਟ ਹਾਊਸ ਵਿੱਚ ਖੀਰੇ ਦੀ ਫਸਲ ਸਾਲ ਵਿੱਚ ਦੋ ਵਾਰ ਲਗ ਸਕਦੀ ਹੈ। ਪਹਿਲੀ ਫਸਲ ਸਤੰਬਰ ਦੇ ਪਹਿਲੇ ਹਫਤੇ ਵਿੱਚ ਬੀਜੀ ਜਾਂਦੀ ਹੈ ਪਰ ਬੀਜਣ ਸਮੇਂ ਤਾਪਮਾਨ ਅਤੇ ਨਮੀਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਕਿਉਂਕਿ ਇਸ ਮੌਸਮ ਵਿੱਚ ਗਿਚੀ ਗਲਣ ਰੋਗ ਅਤੇ ਚਿੱਟੀ ਮੱਖੀ ਦਾ ਹਮਲਾ ਜਿਆਦਾ ਹੁੰਦਾ ਹੈ। ਦੂਜੀ ਫਸਲ ਦਸੰਬਰ ਦੇ ਆਖਰੀ ਹਫਤੇ ਤੋਂ ਜਨਵਰੀ ਦੇ ਪਹਿਲੇ ਹਫਤੇ ਦਰਮਿਆਨ ਪਲਾਸਟਿਕ ਟਰੇਆਂ ਵਿੱਚ ਬੀਜੋ ਅਤੇ ਤਕਰੀਬਨ 30 ਦਿਨਾਂ ਬਾਅਦ ਪੌਲੀ ਨੈਂਟ ਹਾਊਸ ਵਿਚ ਲਾਉ। ਬਿਜਾਈ ਤੋਂ ਪਹਿਲਾ ਕੈਪਟਾਨ/ਬੀਰਮ/ਬਾਵਿਸਟਨ 2-3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। ਸਤੰਬਰ ਵਿਚ ਬੀਜੀ ਹੋਈ ਪਨੀਰੀ 12-15 ਦਿਨਾਂ ਬਾਅਦ ਪੌਲੀ ਹਾਊਸ ਵਿਚ ਲਾਉਣ ਲਈ ਤਿਆਰ ਹੋ ਜਾਂਦੀ ਹੈ। ਇਸ ਮੌਸਮ ਵਿੱਚ ਪਨੀਰੀ ਨੂੰ ਚਿਟੀ ਮੱਖੀ ਦੇ ਹਮਲੇ ਤੋਂ ਬਚਾਉਣ ਵਾਸਤੇ ਪਲਾਸਟਿਕ ਨੈਟ ਨਾਲ ਢੱਕ ਦਿਉ। ਇਸ ਤਰਾਂ ਕਰਨ ਨਾਲ ਫਸਲ ਤੇ ਵਿਸ਼ਾਣੂੰ ਰੋਗਾਂ ਦੇ ਹਮਲੇ ਤੋਂ ਬਚਾਅ ਰਹਿੰਦਾ ਹੈ।

ਬੈਂਡ ਬਣਾਉਣਾ ਅਤੇ ਡਰਿਪ ਪਾਈਪਾਂ ਵਿਛਾਉਣਾ

ਪੌਲੀ ਨੈਂਟ ਹਾਊਸ ਵਿੱਚ ਪਟੜੇ ਤਿਆਰ ਕਰਦੇ ਸਮੇਂ ਹੇਠਲੇ ਪਾਸਿਉਂ ਬੈਂਡ 100-110 ਸੈਂਟੀਮੀਟਰ ਚੌੜਾ ਬਣਾਉ ਅਤੇ ਬੈਂਡ ਤਿਆਰ ਹੋਣ ਬਾਅਦ ਉਪਰਲੇ ਪਾਸਿਉਂ 60 ਤੋਂ 70 ਸੈਟੀਮੀਟਰ ਚੌੜਾ ਰੱਖੋ। ਬੂਟੇ ਪਟੜਿਆਂ ਦੇ ਦੋਵੇ ਪਾਸੇ ਕਤਾਰਾਂ ਵਿੱਚ ਲਾਉ। ਇਕ ਕਤਾਰ ਜੋੜੇ ਵਿੱਚ ਦੂਜੀ ਕਤਾਰ ਦੇ ਬੂਟਿਆਂ ਦੀ ਬਿਜਾਈ / ਲਵਾਈ ਤ੍ਰਿਕੋਣੀ ਆਧਾਰ ਵਿਚ ਕਰੋ ਭਾਵ ਕਿ ਇਕ ਕਤਾਰ ਜੋੜੇ ਵਿਚ ਦੂਜੀ ਕਤਾਰ ਦੇ ਬੂਟਿਆਂ ਨੂੰ ਪਹਿਲੀ ਕਤਾਰ ਦੇ ਬੂਟਿਆਂ ਦੇ ਵਿਚਕਾਰ ਲਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਬੂਟੇ ਨੂੰ ਧੁੱਪ ਅਤੇ ਹਵਾ ਬਰਾਬਰ ਮਿਲਦੀ ਹੈ ਅਤੇ ਫਲ ਵੀ ਜ਼ਿਆਦਾ ਲਗਦਾ ਹੈ।

ਫਾਸਲਾ ਅਤੇ ਸਿੰਚਾਈ

ਕਤਾਰਾ ਵਿਚਲਾ ਫਾਸਲਾ 45-50 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫਾਸਲਾ 30 ਸੈਂਟੀਮੀਟਰ ਰੱਖੋ। ਇੱਕ ਬੈਂਡ ਤੇ ਦੋ ਡਰਿਪ ਲਾਈਨਾਂ (ਪਾਈਪਾਂ) ਵਿਛਾ ਦਿਉ। ਪਾਈਪ ਜਿਸ ਦੇ ਡਰਿਪਰਾਂ ਵਿਚਕਾਰ ਫਾਸਲਾ ਇਕ ਫੁੱਟ ਅਤੇ ਡਰਿਪਰ ਦੀ ਪਾਣੀ ਨਿਕਾਸੀ ਸਮਰਥਾ 2.0 ਲਿਟਰ ਪ੍ਰਤੀ ਘੰਟਾ ਰਖੋ।

ਇਹ ਵੀ ਪੜ੍ਹੋ: Wheat Variety: ਕਣਕ ਦੀ HD 3385 ਕਿਸਮ ਮੌਸਮੀ ਬਦਲਾਅ ਦੇ ਅਨੁਕੂਲ, ਝਾੜ 7 ਟਨ ਪ੍ਰਤੀ ਹੈਕਟੇਅਰ

ਬੀਜ ਰਹਿਤ ਖੀਰੇ ਦੀ ਕਾਸ਼ਤ ਲਈ ਵਿਗਿਆਨਿਕ ਨੁਕਤੇ

ਬੀਜ ਰਹਿਤ ਖੀਰੇ ਦੀ ਕਾਸ਼ਤ ਲਈ ਵਿਗਿਆਨਿਕ ਨੁਕਤੇ

ਵੇਲਾਂ ਦੀ ਕਾਂਟ-ਛਾਂਟ ਅਤੇ ਸਿਧਾਈ

ਖੀਰੇ ਦੇ ਬੂਟੇ ਨੂੰ ਪਲਾਸਟਿਕ ਦੀ ਤਾਰ ਜਾਂ ਸੇਬੇ ਦੀ ਮਦਦ ਨਾਲ ਉਪਰ ਵਲ ਚੜਾ ਦਿਓ। ਬੂਟੇ ਦਾ ਵਾਧਾ ਜਦ ਤਕਰੀਬਨ 2 ਤੋਂ 3 ਫੁੱਟ ਦਾ ਹੋ ਜਾਵੇ ਤਾਂ ਬੂਟੇ ਦੇ ਹੇਠਲੇ ਪਾਸਿਉਂ ਲਗਭਗ ਇਕ ਫੁੱਟ ਤਕ ਸਾਰੇ ਫੁਲ ਮਸਲ ਦਿਓ ਤਾਂ ਜੋ ਬੂਟੇ ਦਾ ਵਾਧਾ ਉਪਰ ਵਲ ਜ਼ਿਆਦਾ ਹੋਵੇ। ਜੇ ਬੂਟੇ ਦੀ ਇਕ ਗੰਢ ਤੇ ਝਿਆਦਾ ਫੁੱਲ ਤਿਆਰ ਹੋਣ ਅਤੇ ਮਾਦਾ ਫੁੱਲ ਸੁਕਣ ਲਗ ਜਾਣ ਤਾਂ ਲੋੜ ਮੁਤਾਬਕ ਕੁਝ ਮਾਦਾ ਫੁੱਲਾਂ ਨੂੰ ਮਸਲਿਆ ਜਾ ਸਕਦਾ ਹੈ। ਬੂਟੇ ਤੋਂ ਨਿਕਲਣ ਵਾਲੀਆਂ ਕਮਜ਼ੋਰ ਸ਼ਾਖਾਵਾਂ ਨੂੰ ਕਟ ਦਿਉ।

ਤੁੜਾਈ

ਫਲ ਜਦ ਕੱਚੇ ਅਤੇ ਗੂੜੇ ਹਰੇ ਰੰਗ ਦੇ ਹੋਣ ਤਾਂ ਤੋੜ ਲਵੋ। ਤੁੜਾਈਆਂ ਫਲਾਂ ਦੇ ਵਾਧੇ ਅਨੁਸਾਰ 3-4 ਦਿਨ ਦੇ ਵਕਫੇ ਤੇ ਕਰਦੇ ਰਹੋ।

ਬਿਮਾਰੀਆਂ ਅਤੇ ਕੀੜ੍ਹੇ ਮਕੋੜੇ

ਪੌਲੀ ਨੈਂਟ ਹਾਊਸ ਵਿੱਚ ਖੀਰੇ ਤੇ ਪੀਲੇ ਧੱਬਿਆਂ ਦਾ ਰੋਗ, ਗਿੱਚੀ ਗਲਣਾ, ਝੁਲਸ ਰੋਗ, ਵਿਸ਼ਾਣੂੰ ਰੋਗ ਅਤੇ ਜੜ ਗੰਢ ਨਿਮਾਟੋਡ ਬਿਮਾਰੀਆਂ ਲਗਦੀਆਂ ਹਨ। ਕੀੜ੍ਹੇ-ਮਕੌੜਿਆਂ ਵਿੱਚ ਚਿੱਟੀ ਮੱਖੀ , ਤੇਲਾ, ਥਰਿਪ ਅਤੇ ਲਾਲ ਮਕੋੜੇ ਜੂੰ ਖੀਰੇ ਦੀ ਫਸਲ ਤੇ ਹਮਲਾ ਕਰਦੀਆਂ ਹਨ। ਜੜ੍ਹ ਸੂਤਰ ਨਿਮਾਟੋਡ ਦੀ ਬਿਮਾਰੀ ਨੂੰ ਘਟਾਉਣ ਲਈ ਜ਼ਮੀਨ ਵਿੱਚ ਸਰੋਂ ਦੀ ਖਲ 40 ਕਿਲੋ ਪ੍ਰਤੀ ਏਕੜ, ਨੀਮ ਕੇਕ 40 ਕਿਲੋ ਪ੍ਰਤੀ ਏਕੜ ਅਤੇ ਗਲੀ ਸੜੀ ਰੂੜੀ 100 ਕਿੱਲੇ/ਏਕੜ ਨੂੰ ਖੇਤ ਤਿਆਰ ਕਰਨ ਸਮੇਂ ਪਾਉ।

Summary in English: Scientific tips for polynet-house cultivation of seedless cucumber, this variety will give bumper production in 45 days

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters