
ਖੇਤੀ ਕਿੱਤੇ ਵਿੱਚ ਵਿਭਿੰਨਤਾ ਲਿਆਉਣ ਨਾਲ ਹੀ ਹੋਵੇਗਾ ਖੇਤੀਬਾੜੀ ਸਬੰਧਤ ਸਮੱਸਿਆਵਾਂ ਦਾ ਹੱਲ: ਡਾ. ਰਾਜ ਕੁਮਾਰ
Sustainable and Profitable Agriculture: ਅੱਜ ਦੇ ਦੌਰ ਵਿੱਚ ਇਹ ਲੋੜ ਬਣ ਗਈ ਹੈ ਕਿ ਅਜਿਹੀ ਖੇਤੀ ਅਪਣਾਈ ਜਾਵੇ ਜੋ ਨਾ ਸਿਰਫ ਉਤਪਾਦਨ ਵਧਾਏ, ਸਗੋਂ ਮਿੱਟੀ ਦੀ ਸਿਹਤ ਨੂੰ ਵੀ ਮਜ਼ਬੂਤ ਕਰੇ ਅਤੇ ਨਾਲ ਹੀ ਵਾਤਾਵਰਣ ਵਿੱਚ ਸੰਤੁਲਨ ਲਿਆਉਂਦੇ ਹੋਏ ਖੇਤੀ ਦੀ ਲੰਬੇ ਸਮੇਂ ਤੱਕ ਸਥਿਰਤਾ ਨੂੰ ਯਕੀਨੀ ਬਣਾਏ। ਅਜਿਹੀ ਵਿਧੀ ਨਾਲ ਪਾਣੀ ਦੀ ਬੱਚਤ, ਜ਼ਮੀਨ ਦੇ ਪੋਸ਼ਕ ਤੱਤਾਂ ਦੀ ਰੱਖਿਆ ਅਤੇ ਵਾਤਾਵਰਣਿਕ ਬਦਲਾਅ ਨਾਲ ਨਜਿੱਠਣ ਵਿੱਚ ਮਦਦ ਮਿਲਦੀ ਹੈ।
ਖੇਤੀ ਨਾਲ ਜੁੜੀਆਂ ਮੁਸ਼ਕਲਾਂ ਦਾ ਹੱਲ ਸਿਰਫ਼ ਉਦੋਂ ਹੀ ਮੁਮਕਿਨ ਹੈ ਜਦੋਂ ਖੇਤੀ ਕਿੱਤੇ ਵਿੱਚ ਵਿਭਿੰਨਤਾ ਲਿਆਈ ਜਾਵੇ। ਇਸ ਤਰੀਕੇ ਨਾਲ, ਸਿਰਫ਼ ਜੀਵਨ-ਨਿਰਵਾਹ ਲਈ ਕੀਤੀ ਜਾਂਦੀ ਖੇਤੀ ਇੱਕ ਪੇਸ਼ੇਵਰ ਤੇ ਲਾਹੇਵੰਦ ਉਦਯੋਗ ਵਿੱਚ ਬਦਲੀ ਜਾ ਸਕਦੀ ਹੈ। ਇਸਦੇ ਨਾਲ ਖੇਤੀ ਉਤਪਾਦ ਦੀ ਪ੍ਰੋਸੈਸਿੰਗ ਰਾਹੀਂ ਉਤਪਾਦ ਦੀ ਗੁਣਵੱਤਾ ਤੇ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
1. ਫਸਲੀ ਚੱਕਰ ਵਿੱਚ ਬਦਲਾਅ ਦੀ ਲੋੜ
ਸਭ ਤੋਂ ਵੱਧ ਪ੍ਰਚੱਲਿਤ ਝੋਨਾ-ਕਣਕ ਦੇ ਫ਼ਸਲੀ ਚੱਕਰ ਨਾਲ ਹੁਣ ਕਈ ਸਮੱਸਿਆਵਾਂ ਜਿਵੇਂ ਕਿ ਮਿੱਟੀ ਦੀ ਗੁਣਵੱਤਾ ਵਿੱਚ ਕਮੀ, ਜ਼ਮੀਨ ਹੇਠਲੇ ਪਾਣੀ ਦੀ ਘਾਟ, ਆਦਿ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਇਸ ਤੋਂ ਬਚਣ ਲਈ ਹੋਰ ਬਦਲਵੀਆਂ ਫਸਲਾਂ ਜਿਵੇਂ ਕਿ ਦਾਲਾਂ, ਤੇਲ ਬੀਜ, ਕਪਾਹ ਜਾਂ ਮੱਕੀ ਆਦਿ ਨੂੰ ਝੋਨਾ-ਕਣਕ ਚੱਕਰ ਵਿੱਚ ਰਲਾਇਆ ਜਾ ਸਕਦਾ ਹੈ। ਇਹ ਤਰੀਕਾ ਖੇਤੀ ਨੂੰ ਨਵਾਂ ਜੀਵਨ ਦੇਣ ਵਾਲਾ ਤੇ ਵਧੀਆ ਆਮਦਨ ਵਾਲਾ ਬਣ ਸਕਦਾ ਹੈ।
2. ਸਬਜ਼ੀਆਂ ਤੇ ਫਲਾਂ ਦੀ ਖੇਤੀ
ਸਭ ਤੋਂ ਪਹਿਲਾਂ ਇਹ ਸਮਝਣਾ ਜਰੂਰੀ ਹੈ ਕਿ ਕੁਦਰਤੀ ਸਰੋਤਾਂ ਦੀ ਸੰਭਾਲ ਕਰਦਿਆਂ ਵੀ ਖੇਤੀ ਤੋਂ ਆਮਦਨ ਵਧਾਈ ਜਾ ਸਕਦੀ ਹੈ। ਪਰਿਵਾਰ ਲਈ ਪੋਸ਼ਣਯੋਗ ਭੋਜਨ ਮੁਹੱਈਆ ਕਰਵਾਉਣ ਵਾਲੀਆਂ ਸਬਜ਼ੀਆਂ ਅਤੇ ਫਲ, ਖੇਤੀਬਾੜੀ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਫਲ ਤੇ ਸਬਜ਼ੀਆਂ ਖਣਿਜ, ਵਿਟਾਮਿਨ ਅਤੇ ਰੇਸ਼ੇ ਦੇ ਮੁੱਖ ਸ੍ਰੋਤ ਹਨ ਜੋ ਕਿ ਮਨੁੱਖੀ ਸਿਹਤ ਲਈ ਬਹੁਤ ਜ਼ਰੂਰੀ ਹੁੰਦੇ ਹਨ। ਇਹ ਫਸਲਾਂ ਘੱਟ ਸਮੱਗਰੀ ਤੇ ਮਸ਼ੀਨਰੀ ਨਾਲ ਵੀ ਉਗਾਈਆਂ ਜਾ ਸਕਦੀਆਂ ਹਨ। ਕੱੁਝ ਫਲਾਂ ਦੇ ਦਰੱਖਤ ਤਾਂ ਬੰਜਰ ਜ਼ਮੀਨ 'ਤੇ ਵੀ ਫਲਦਾਈ ਹੋ ਸਕਦੇ ਹਨ। ਇਸ ਕਰਕੇ ਕਿਸਾਨ ਇਹ ਫਸਲਾਂ ਦੂਜੀਆਂ ਫਸਲਾਂ ਦੇ ਨਾਲ ਜੋੜ ਕੇ ਜਾਂ ਮੁੱਖ ਫਸਲ ਵਜੋਂ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਢੋਆ ਢੁਆਈ ਦੇ ਸਸਤੇ ਸਾਧਨਾਂ ਨਾਲ ਜਾਂ ਕਿਰਾਏ ਤੇ ਲੈ ਕੇ ਸਬਜੀਆਂ ਜਿਵੇਂ ਕਿ ਮੂਲੀਆਂ, ਗਾਜਰਾਂ, ਗੋਭੀ, ਖੀਰੇ, ਟਮਾਟਰ, ਗੰਢੇ, ਲਸਣ ਆਦਿ ਸ਼ਹਿਰਾਂ ਨੂੰ ਲੈ ਕੇ ਜਾਣ ਦੀ ਲੋੜ ਹੈ ਅਤੇ ਫਿਰ ਆਪਣੀ ਉੱਪਜ ਨੂੰ ਇੱਕ ਸੁਲਝੇ ਦੁਕਾਨਦਾਰ ਵਾਂਗ ਖੁਦ ਵੇਚਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ।
3. ਦਵਾਈਆਂ ਅਤੇ ਸੁਗੰਧੀ ਵਾਲੀਆਂ ਫ਼ਸਲਾਂ
ਫ਼ਸਲਾਂ ਦੀ ਲਾਗਤ ਵਿੱਚ ਲਗਾਤਾਰ ਵਾਧਾ ਹੋਣ ਕਾਰਨ ਕਿਸਾਨਾਂ ਲਈ ਮੁਨਾਫਾ ਕਮਾਉਣਾ ਮੁਸ਼ਕਿਲ ਹੋ ਗਿਆ ਹੈ। ਅਜਿਹੇ ਹਾਲਾਤ ਵਿੱਚ ਦਵਾਈਆਂ ਅਤੇ ਸੁਗੰਧੀ ਵਾਲੀਆਂ ਫ਼ਸਲਾਂ ਦੀ ਖੇਤੀ ਇੱਕ ਵਧੀਆ ਵਿਕਲਪ ਹੈ। ਇਹ ਨਾ ਸਿਰਫ ਘੱਟ ਜੋਖਮ ਵਾਲੀਆਂ ਹੁੰਦੀਆਂ ਹਨ ਸਗੋਂ ਉਨ੍ਹਾਂ ਦੀ ਮੰਗ ਵੀ ਘਰੇਲੂ ਅਤੇ ਵਿਦੇਸ਼ੀ ਮਾਰਕੀਟ ਵਿੱਚ ਕਾਫੀ ਹੈ।ਇਹ ਫ਼ਸਲਾਂ ਖੇਤੀ ਤੋਂ ਕਮਾਈ ਵਧਾਉਣ ਵਿੱਚ ਸਹਾਇਕ ਸਿੱਧ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: ਕਿਸਾਨਾਂ ਨੂੰ ਕਪਾਹ ਦੀ ਖੇਤੀ ਕਿਉਂ ਕਰਨੀ ਚਾਹੀਦੀ ਹੈ? ਇੱਥੇ ਜਾਣੋ ਭਾਰਤ ਵਿੱਚ Cotton Farming ਦੀਆਂ ਚੁਣੌਤੀਆਂ, ਹੱਲ ਅਤੇ ਸੰਭਾਵਨਾਵਾਂ
4. ਖੇਤੀ ਨਾਲ ਸਹਾਇਕ ਕਿੱਤਿਆਂ ਦਾ ਸੁਮੇਲ
ਪਸ਼ੂ ਪਾਲਣ, ਮੁਰਗੀ ਪਾਲਣ, ਮੱਛੀ ਪਾਲਣ, ਬੱਕਰੀ ਪਾਲਣ, ਖੁੰਬਾਂ ਦੀ ਕਾਸ਼ਤ, ਮੱਧੂ ਮੱਖੀ ਪਾਲਣ, ਰੇਸ਼ਮ ਕੀੜਾ ਪਾਲਣ, ਆਦਿ ਅਜਿਹੀਆਂ ਗਤੀਵਿਧੀਆਂ ਹਨ ਜੋ ਖੇਤੀ ਨਾਲ ਜੋੜੀਆਂ ਜਾ ਸਕਦੀਆਂ ਹਨ। ਉਦਾਹਰਣ ਵਜੋਂ ਪਸ਼ੂ ਪਾਲਣ ਦਾ ਕਿੱਤਾ ਕਿਸਾਨਾਂ ਨੂੰ ਫ਼ਸਲਾਂ ਵਾਸਤੇ ਰੂੜੀ ਦੀ ਖਾਦ ਅਤੇ ਘਰ ਵਿੱਚ ਗੋਬਰ ਗੈਸ ਲਈ ਸਹਾਈ ਹੁੰਦਾ ਹੈ। ਇਹ ਸਹਾਇਕ ਕਿੱਤੇ ਕਿਸਾਨ ਦੀ ਆਮਦਨ ਵਿੱਚ ਇਸ ਤਰ੍ਹਾਂ ਦੀ ਸਥਿਰਤਾ ਲਿਆਉਂਦੇ ਹਨ ਕਿ ਜੇ ਕਿਸੇ ਸਾਲ ਮੁੱਖ ਫਸਲ ਦਾ ਨੁਕਸਾਨ ਵੀ ਹੋ ਜਾਵੇ ਤਾਂ ਵੀ ਕਿਸਾਨ ਦੀ ਆਮਦਨ ਰੁਕਦੀ ਨਹੀਂ। ਵਾੜਿਆਂ 'ਚ ਹਾਈਬ੍ਰਿਡ ਬੱਕਰੀਆਂ ਜਾਂ ਇਸ ਤਰਾਂ ਦੇ ਕਿਸੇ ਹੋਰ ਵਸੀਲੇ ਨਾਲ ਕੇਵਲ ਛਿਮਾਹੀ ਫ਼ਸਲ ਤੇ ਨਿਰਭਰ ਨਾ ਹੋ ਕੇ ਰੋਜ਼ਾਨਾ ਜਾਂ ਮਹੀਨਾਵਾਰ ਕਮਾਈ ਵੀ ਆਉਂਦੀ ਰਹਿਣੀ ਚਾਹੀਦੀ ਹੈੈ।
5. ਖੇਤੀ ਉਤਪਾਦ ਦੀ ਪ੍ਰੋਸੈਸਿੰਗ
ਜੇ ਕਿਸਾਨ ਆਪਣੇ ਉਤਪਾਦ ਨੂੰ ਸਿੱਧਾ ਮਾਰਕੀਟ ਵਿੱਚ ਵੇਚਣ ਦੀ ਥਾਂ ਉਨ੍ਹਾਂ ਦੀ ਪ੍ਰੋਸੈਸਿੰਗ ਕਰਕੇ ਮੰਡੀ ਵਿੱਚ ਲੈ ਕੇ ਜਾਣ ਤਾਂ ਉਹ ਵਧੀਆ ਮੁੱਲ ਪ੍ਰਾਪਤ ਕਰ ਸਕਦੇ ਹਨ। ਪਰ ਅਜੇ ਵੀ ਕਈ ਕਿਸਾਨ ਇਸ ਪ੍ਰੋਸੈਸਿੰਗ ਦੀ ਮਹੱਤਤਾ ਤੋਂ ਅਣਜਾਣ ਹਨ ਅਤੇ ਮੰਡੀਕਰਨ ਸੁਵਿਧਾਵਾਂ ਦਾ ਘੱਟ ਹੋਣਾ ਵੀ ਇੱਕ ਵੱਡੀ ਸਮੱਸਿਆ ਹੈ।ਇਸ ਕਰਕੇ ਜਰੂਰੀ ਹੈ ਕਿ ਸਰਕਾਰ ਪਿੰਡਾਂ ਦੇ ਨੇੜੇ ਮੰਡੀਕਰਨ ਦੀਆਂ ਸਹੂਲਤਾਂ ਉਪਲੱਬਧ ਕਰਵਾਵੇ ਅਤੇ ਕਿਸਾਨਾਂ ਨੂੰ ਘੱਟ ਵਿਆਜ ਤੇ ਕਰਜ਼ੇ ਦੀ ਸੁਵਿਧਾ ਵੀ ਦੇਵੇ। ਨਾਲ ਹੀ ਉਨ੍ਹਾਂ ਨੂੰ ਸਿਖਲਾਈ ਕੈਂਪ ਰਾਹੀਂ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਉਤਪਾਦ ਦੀ ਸੰਭਾਲ ਅਤੇ ਪ੍ਰੋਸੈਸਿੰਗ ਕਰਕੇ ਲਾਭ ਵਧਾ ਸਕਣ।
ਜੇਕਰ ਕਿਸਾਨ ਤਕਨੀਕੀ ਖੇਤੀ, ਫਸਲ ਵਿਭਿੰਨਤਾ, ਦਵਾਈਆਂ ਅਤੇ ਸੁਗੰਧੀ ਵਾਲੀਆਂ ਫ਼ਸਲਾਂ, ਤੇਲ ਬੀਜ, ਸਬਜ਼ੀਆਂ, ਅਨਾਜ, ਅਤੇ ਖੇਤੀ ਨਾਲ ਸਬੰਧਿਤ ਸਹਾਇਕ ਕੰਮ (ਪਸ਼ੂ ਪਾਲਣ, ਮੱਛੀ ਪਾਲਣ, ਆਦਿ) ਨੂੰ ਅਪਣਾ ਲੈਣ, ਤਾਂ ਉਹ ਸਾਲ ਭਰ ਰੁਜ਼ਗਾਰ ਤੇ ਆਮਦਨ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਉਹ ਮਿੱਟੀ ਦੀ ਸਿਹਤ, ਵਾਤਾਵਰਣ ਦੀ ਸਥਿਰਤਾ ਅਤੇ ਪੋਸ਼ਕ ਤੱਤਾਂ ਦੀ ਲਾਗਾਤਾਰ ਉਪਲਬਧਤਾ ਨੂੰ ਵੀ ਯਕੀਨੀ ਬਣਾ ਸਕਦੇ ਹਨ। ਜੇ ਉਤਪਾਦ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਨੂੰ ਵੀ ਖੇਤੀ ਮਾਡਲ ਵਿੱਚ ਸ਼ਾਮਲ ਕਰ ਲਿਆ ਜਾਵੇ, ਤਾਂ ਖੇਤੀ ਨਾ ਸਿਰਫ਼ ਆਮਦਨ ਦਾ ਸਰੋਤ ਰਹੇਗੀ, ਸਗੋਂ ਇਹ ਇਕ ਸਮਰੱਥ ਤੇ ਮਜ਼ਬੂਤ ਉਦਯੋਗ ਬਣ ਸਕੇਗੀ।
ਸਰੋਤ: ਹਰਸਿਮਰਨਜੀਤ ਕੌਰ ਮਾਵੀ ਅਤੇ ਰਾਜ ਕੁਮਾਰ, ਇਕੋਨੋਮਿਕਸ ਐਂਡ ਸ਼ੋਸ਼ਿਆਲੋਜ਼ੀ ਵਿਭਾਗ, ਪੀ.ਏ.ਯੂ., ਲੁਧਿਆਣਾ
Summary in English: Some options for sustainable and profitable agriculture, diversifying the agricultural occupation: Dr. Rajkumar