![ਸਬਜ਼ੀਆਂ ਦੀ ਸਫਲ ਕਾਸ਼ਤ ਲਈ ਨੁਕਤੇ ਸਬਜ਼ੀਆਂ ਦੀ ਸਫਲ ਕਾਸ਼ਤ ਲਈ ਨੁਕਤੇ](https://d2ldof4kvyiyer.cloudfront.net/media/20169/vegetable-farming.jpg)
ਸਬਜ਼ੀਆਂ ਦੀ ਸਫਲ ਕਾਸ਼ਤ ਲਈ ਨੁਕਤੇ
Vegetable Farming: ਸਬਜੀਆਂ ਦੀ ਕਾਸ਼ਤ ਖੁੱਲ੍ਹੇ ਵਾਤਾਵਰਨ ਦੇ ਨਾਲ-ਨਾਲ ਪੋਲੀਹਾਊਸ, ਨੈੱਟਹਊਸ ਅਤੇ ਨੀਵੀਂ ਸੁਰੰਗ ਪ੍ਰਣਾਲੀ ਰਾਹੀਂ ਕੀਤੀ ਜਾਂਦੀ ਹੈ। ਸੁਰੱਖਿਅਤ ਖੇਤੀ ਜਾਂ ਪੋਲੀਹਾਊਸ ਜਾਂ ਗ੍ਰੀਨਹਾਊਸ ਖੇਤੀ ਨੂੰ ਨਿਯੰਤ੍ਰਿਤ ਵਾਤਾਵਰਨ ਅਧੀਨ ਫ਼ਸਲਾਂ ਉਗਾਉਣ ਦੀ ਇੱਕ ਸੁਧਰੀ ਤਕਨੀਕ ਵਜੋਂ ਪ੍ਰਭਾਸ਼ਿਤ ਕੀਤਾ ਜਾ ਸਕਦਾ ਹੈ। ਸੁਰੱਖਿਅਤ ਖੇਤੀ ਦਾ ਅਨੁਕੂਲ ਵਾਤਾਵਰਨ ਕੀੜੇ ਮਕੌੜਿਆਂ ਦੀ ਦਰ ਵਿਚ ਵਾਧਾ ਕਰਦੇ ਹਨ।
ਕਈ ਵਾਰ ਵੱਧ ਤਾਪਮਾਨ ਅਤੇ ਤੱਤਾਂ ਦੀ ਘਾਟ ਕਰਕੇ ਪੌਦੇ ਕਈ ਲੱਛਣ ਦਿਖਾਉਂਦੇ ਹਨ ਜਿਸ ਨੂੰ ਕਿਸਾਨ ਕੀੜੇ-ਮਕੌੜਿਆਂ ਦਾ ਹਮਲਾ ਸਮਝ ਕੇ ਬੇਲੋੜੀਆਂ ਕੀਟਨਾਸ਼ਕ ਸਪਰੇਆਂ ਕਰ ਦਿੰਦੇ ਹਨ। ਲੋੜ ਤੋਂ ਵੱਧ ਮਾਤਰਾ ਅਤੇ ਵੱਧ ਗਿਣਤੀ ਵਿਚ ਕੀੜੇਮਾਰ ਸਪਰੇਆਂ ਮਨੁੱਖੀ ਸਿਹਤ ਲਈ ਹਾਨੀਕਾਰਕ ਸਿੱਧ ਹੋਣ ਦੇ ਨਾਲ਼ ਨਾਲ਼ ਵਾਤਾਵਰਨ ਅਤੇ ਪੌਣ-ਪਾਣੀ ਨੂੰ ਵੀ ਦੂਸ਼ਿਤ ਕਰਦੀਆਂ ਹਨ। ਇਸ ਕਰਕੇ ਸੁਰੱਖਿਅਤ ਖੇਤੀ ਵਿਚ ਕੀੜੇ-ਮਕੌੜਿਆਂ ਦੇ ਲੱਛਣ/ਨਿਸ਼ਾਨੀਆਂ ਜਾਣ-ਪਹਿਚਾਣ, ਹਮਲੇ ਦੇ ਚਿੰਨ ਅਤੇ ਸਰਵਪੱਖੀ ਰੋਕਥਾਮ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।
ਸੁਰੱਖਿਅਤ ਖੇਤੀ ਵਿੱਚ ਕੀੜਿਆਂ ਦੇ ਵਿਕਾਸ ਦਰ ਵਿੱਚ ਵਾਧੇ ਦੇ ਕਾਰਨ
1. ਪੋਲੀਹਾਊਸ ਦੇ ਅੰਦਰ ਅਤੇ ਨਜ਼ਦੀਕ ਨਦੀਨਾਂ ਉਪਰ ਸਾਲ ਭਰ ਸਰਗਰਮ ਰਹਿੰਦੇ ਕੀੜੇ-ਮਕੌੜੇ।
2. ਕੀੜਿਆਂ-ਮਕੌੜਿਆਂ ਦੀ ਇਕ ਸਾਲ ਵਿਚ ਪੀੜੀਆਂ ਦੀ ਵੱਧ ਗਿਣਤੀ ਵਿੱਚ ਵਾਧਾ ਹੋਣਾ।
3. ਪੋਲੀਹਾਊਸ ਵਿੱਚ ਮਿੱਤਰ ਕੀੜਿਆਂ ਦੀ ਘੱਟ ਗਿਣਤੀ ਹੋਣ ਕਾਰਨ।
ਸੁਰੱਖਿਅਤ ਢਾਂਚਿਆਂ ਦੇ ਅੰਦਰ ਕੀੜੇ-ਮਕੌੜਿਆਂ ਦੇ ਦਾਖਲੇ ਦਾ ਢੰਗ
1. ਬਾਹਰੀ ਪੌਦ ਕੀੜਿਆਂ ਤੋਂ ਸੰਕ੍ਰਮਿਤ ਪੌਦ ਜਾਂ ਪੌਦਿਆਂ ਦੇ ਰਾਹੀਂ।
2. ਨੁਕਸਾਨੇ ਗਏ ਢਾਂਚਿਆਂ ਦੀਆਂ ਵਿਥਾਂ ਰਾਹੀਂ।
3. ਸੁਰੱਖਿਅਤ ਢਾਂਚਿਆਂ ਦੇ ਨੇੜੇ ਪਲ ਰਹੇ ਢੁਕਵੇਂ ਨਦੀਨਾਂ ਜਾਂ ਹੋਰ ਰਹਿਣ ਬਸੇਰਿਆਂ ਰਾਹੀਂ।
ਸੁਰੱਖਿਅਤ ਖੇਤੀ ਅਧੀਨ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਦੇ ਕੀੜੇ-ਮਕੌੜੇ ਅਤੇ ਹਮਲੇ ਦੇ ਲਛਣ
ਕੀੜੇ-ਮਕੌੜੇ |
ਪ੍ਰਭਾਵਿਤਫ਼ਸਲਾਂ |
ਹਮਲੇ ਦੀਆਂ ਨਿਸ਼ਾਨੀਆਂ |
ਨਿਰੀਖਣ ਕਰਨ ਦੀ ਵਿਧੀ |
ਚਿੱਟੀ ਮੱਖੀ |
ਖੀਰਾ, ਸ਼ਿਮਲਾ ਮਿਰਚ ਅਤੇ ਟਮਾਟਰ |
ਇਸ ਦੇ ਬਾਲਗ ਅਤੇ ਬੱਚੇ ਪੱਤਿਆਂ ਦਾ ਰਸ ਚੂਸਦੇ ਹਨ ਜਿਸ ਕਾਰਨ ਪੱਤਿਆਂ ਉਪਰ ਉੱਲੀ ਪੈਦਾ ਹੋ ਜਾਂਦੀ ਹੈ ਅਤੇ ਪੱਤੇ ਕਾਲੇ ਰੰਗ ਦੇ ਹੋ ਜਾਂਦੇ ਹਨ। |
-ਪੀਲੇ ਚਿਪਕਨ ਵਾਲੇ ਟ੍ਰੈਪ -ਚਿੱਟੀ ਮੱਖੀ ਦੇ ਬਾਲਗ ਪੱਤੇ ਦੇ ਪੁੱਠੇ ਪਾਸੇ ਬੈਠੇ ਰਹਿੰਦੇ ਹਨ। |
ਭੂਰੀ ਜੂੰ (ਥਰਿੱਪ) |
ਖੀਰਾ ਅਤੇ ਸ਼ਿਮਲਾ ਮਿਰਚ |
ਇਹ ਕੀੜੇ ਪੱਤਿਆ ਨੂੰ ਖੁਰਚ ਕੇ ਰਸ ਚੂਸਦੇ ਹਨ ਅਤੇ ਪੱਤੇ ਦੇ ਚਾਂਦੀ ਰੰਗੀ ਧਾਰੀਆਂ ਪੈ ਜਾਂਦੀਆਂ ਹਨ। |
-ਪੀਲੇ ਜਾਂ ਨੀਲੇ ਚਿਪਕਨ ਵਾਲੇ ਟ੍ਰੈਪ -ਕਾਲੇ ਰੰਗ ਦੇ ਕਾਗਜ ਤੇ ਪੱਤਿਆਂ ਨੂੰ ਝਾੜ ਕੇ ਥਰਿੱਪਸ ਸੌਖੀਆਂ ਦਿਖਾਈ ਦੇ ਜਾਂਦੀਆਂ ਹਨ। |
ਤੰਬਾਕੂ ਵਾਲੀ ਸੁੰਡੀ ਜਾਂ ਛੋਲਿਆਂ ਵਾਲੀ ਸੁੰਡੀ |
ਸ਼ਿਮਲਾ ਮਿਰਚ ਅਤੇ ਟਮਾਟਰ |
ਇਹ ਸੁੰਡੀਆਂ ਫਲ, ਫੁੱਲ ਅਤੇ ਪੱਤੇ ਖਾ ਜਾਂਦੀਆਂ ਹਨ ਅਤੇ ਫਲਾਂ ਵਿੱਚ ਮੋਰੀਆਂ ਕਰ ਦਿੰਦੀਆਂ ਹਨ। |
-ਲਾਈਟ ਟ੍ਰੈਪ ਜਾਂ ਫੀਰੋਮੋਨ ਟ੍ਰੈਪ -ਪੱਤਿਆਂ ਵਿੱਚ ਮੋਰੀਆਂ ਅਤੇ ਸੁੰਡੀਆਂ ਦਾ ਮਲ |
ਚੇਪਾ |
ਸ਼ਿਮਲਾ ਮਿਰਚ |
ਚੇਪੇ ਪੱਤਿਆਂ ਦਾ ਰਸ ਚੂਸਦੇ ਹਨ ਅਤੇ ਇਹ ਪੱਤਿਆਂ ਉੱਪਰ ਸ਼ਹਿਦ ਦੇ ਤੁਪਕਿਆਂ ਵਰਗਾ ਮਲ(ਹਨੀ ਡਿਊ) ਤਿਆਗਦੇ ਹਨ। ਜਿਸ ਦੇ ਕਾਲੀ ਉੱਲੀ ਜੰਮ ਜਾਂਦੀ ਹੈ। |
-ਪੀਲੇ ਚਿਪਕਨ ਵਾਲੇ ਟ੍ਰੈਪ -ਹਨੀ ਡਿਊ ਦੀ ਮੌਜੂਦਗੀ |
ਮਿਲੀ ਬੱਗ |
ਸ਼ਿਮਲਾ ਮਿਰਚ |
ਇਹ ਕੀੜੇ ਪੌਦੇ ਦਾ ਰਸ ਚੂਸਦੇ ਹਨ ਅਤੇ ਝਾੜ ਘਟਾਉਂਦੇ ਹਨ
|
-ਰੂੰ ਵਰਗੇ ਚਿੱਟੇ ਕੀੜਿਆਂ ਦੀ ਮੌਜੂਦਗੀ -ਹਨੀਡਿਊ ਦੀ ਮੌਜੂਦਗੀ |
ਪੱਤੇ ਦਾ ਸੁਰੰਗੀ ਕੀੜਾ |
ਟਮਾਟਰ ਅਤੇ ਖੀਰਾ |
ਕੀੜੇ ਪੱਤਿਆਂ ਅੰਦਰ ਸੁਰੰਗ ਬਣਾ ਲੈਂਦੇ ਹਨ ਅਤੇ ਅੰਦਰੋਂ ਪੱਤਿਆਂ ਨੂੰ ਖਾ ਜਾਂਦੇ ਹਨ |
-ਪੀਲੇ ਚਿਪਕਨ ਵਾਲੇ ਟ੍ਰੈਪ -ਪੱਤੇ ਤੇ ਬਣੀਆਂ ਸੁਰੰਗਾਂ |
ਲਾਲ ਮਕੌੜਾ ਜੂੰ |
ਖੀਰਾ, ਸ਼ਿਮਲਾ ਮਿਰਚ ਅਤੇ ਟਮਾਟਰ |
ਸ਼ੁਰੂ ਵਿਚ ਪੱਤਿਆਂ ਤੇ ਚਿੱਟੇ ਬਰੀਕ ਧੱਬੇ ਜਿਹੇ ਪੈ ਜਾਂਦੇ ਹਨ, ਮਗਰੋਂ ਪੱਤਿਆਂ ਤੇ ਜਾਲੇ ਬਣ ਜਾਂਦੇ ਹਨ ਜਿੰਨਾ ਤੇ ਧੂੜ ਜੰਮ ਜਾਂਦੀ ਹੈ ਅਤੇ ਜਿਆਦਾ ਹਮਲੇ ਦੀ ਸੂਰਤ ਵਿੱਚ ਪੱਤੇ ਝੜ ਜਾਂਦੇ ਹਨ |
ਪੱਤਿਆਂ ਅਤੇ ਟੂਸਿਆਂ ਤੇ ਬਣੇ ਜਾਲੇ ਤੇ ਤੁਰਦੀ ਸੂਖਮ ਮਾਇਟ (ਜੂੰਆਂ)
|
ਪੀਲੀ ਜੂੰ |
ਸ਼ਿਮਲਾ ਮਿਰਚ |
ਇਹ ਜੂੰ ਪੱਤਿਆਂ ਦਾ ਰਸ ਚੂਸਦੀ ਹੈ ਅਤੇ ਝਾੜ ਘਟਾਉਂਦੀ ਹੈ। ਪੱਤਿਆਂ ਦਾ ਮਰੋੜੇ ਜਾਣਾ ਫਲਾਂ ਤੇ ਹਮਲੇ ਦੀ ਸੂਰਤ ਵਿੱਚ ਫਲਾਂ ਦੀ ਦਿੱਖ ਖਰਾਬ ਹੋ ਜਾਂਦੀ ਹੈ ਅਤੇ ਮੰਡੀਕਰਨ ਵਿੱਚ ਮਸ਼ਕਿਲ ਆਉਂਦੀ ਹੈ। |
ਪੱਤਿਆਂ ਦਾ ਆਕਾਰ ਠੁੱਠੀ ਵਰਗਾ ਹੋ ਜਾਣਾ ਇਹ ਮਾਇਟ ਸੂਖਮ ਹੋਮ ਕਾਰਨ ਸੂਖਮਦਰਸੀ ਨਾਲ ਦੇਖੀ ਜਾ ਸਕਦੀ ਹੈ। |
ਇਹ ਵੀ ਪੜ੍ਹੋ: Betel Farming: ਆਪਣੇ ਘਰ ਵਿੱਚ ਆਸਾਨੀ ਨਾਲ ਕਰੋ ਪਾਨ ਦੀ ਖੇਤੀ, ਇਨ੍ਹਾਂ ਜ਼ਰੂਰੀ ਗੱਲਾਂ ਵੱਲ ਦਿਓ ਧਿਆਨ
ਸੁਰੱਖਿਅਤ ਖੇਤੀ ਵਿਚ ਕੀੜਿਆਂ ਦੀ ਸਰਵਪੱਖੀ ਰੋਕਥਾਮ ਲਈ ਮਹੱਤਵਪੂਰਨ ਸੁਝਾਅ
1. ਪੌਲੀਹਾਊਸ ਵਿਚ ਡਬਲ ਡੋਰ (ਦੋ ਦਰਵਾਜ਼ਿਆਂ) ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਦਾਖਲ ਹੁੰਦੇ ਸਮੇਂ ਅਤੇ ਬਾਹਰ ਜਾਂਦੇ ਸਮੇਂ ਇਕ ਹੀ ਦਰਵਾਜ਼ਾ ਖੁੱਲ੍ਹਾ ਰੱਖਣਾ ਚਾਹੀਦਾ ਹੈ ਤਾਂ ਜੋ ਕੋਈ ਕੀੜਾ ਅੰਦਰ ਦਾਖਲ ਨਾ ਹੋ ਸਕੇ।
2. ਢਾਂਚਿਆਂ ਦੀ ਸਮੇਂ ਸਮੇਂ ਤੇ ਮੁਰੰਮਤ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਜੋ ਕੀੜਿਆਂ ਦੇ ਸਿੱਧੇ ਪ੍ਰਵੇਸ਼ ਤੋਂ ਬਚਾਅ ਕੀਤਾ ਜਾ ਸਕੇ।
3. ਕੀੜੇ ਮਕੌੜਿਆਂ ਨੂੰ ਰੋਕਣ ਲਈ ਸਕ੍ਰੀਨਾਂ (40 ਮੈਸ਼ ਦੀ ਜਾਲੀ) ਦਾ ਪ੍ਰਬੰਧ ਹੋਣਾ ਚਾਹੀਦਾ ਹੈ।
4. ਸੰਕ੍ਰਮਿਤ ਢਾਂਚਿਆਂ ਵਿਚ ਪੈਦਾ ਕੀਤੀ ਪੌਦ ਅਗਲੇ ਸਾਲ ਵਿਚ ਬਿਮਾਰੀ ਅਤੇ ਕੀੜੇ ਵਧਾ ਸਕਦੀ ਹੈ। ਇਸ ਲਈ ਅਜਿਹੇ ਪੌਲੀਹਾਊਸਾਂ ਵਿਚ ਪੌਦ ਉਗਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
5. ਬਾਹਰ ਉਗਾਈ ਗਈ ਪੌਦ ਵਿਚ ਕੀੜਿਆਂ ਦਾ ਹਮਲਾ ਹੋ ਸਕਦਾ ਹੈ। ਇਸ ਲਈ ਪਨਰੀ ਨੂੰ ਵੱਖਰੇ ਕੀਟ ਰਹਿਤ ਚੈਂਬਰਾਂ ਵਿਚ ਜਾਂ 40 ਮੈਸ਼ ਦੀ ਜਾਲੀ ਅੰਦਰ ਉਗਾਉਣਾ ਚਾਹੀਦਾ ਹੈ
6. ਪੌਦਿਆਂ ਵਿਚ ਸਹੀ ਅਤੇ ਸਿਫਾਰਸ਼ ਕੀਤੀ ਦੂਰੀ ਦੀ ਪਾਲਣਾ ਕੀਤੀ ਜਾਣੀ ਚਾਹੀਦਾ ਹੈ।
7. ਬਾਹਰੋਂ ਲਈ ਗਈ ਪੌਦ ਦੀ ਕਿਸੇ ਵੀ ਸੰਭਾਵਿਤ ਰੋਗੇ ਕੀੜੇ ਦੇ ਹਮਲੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਜਾਣੋ Dhingri Mushroom ਉਤਪਾਦਨ ਦੀ ਪੂਰੀ ਤਕਨੀਕ, ਸਿਰਫ਼ 2 ਮਹੀਨਿਆਂ ਵਿੱਚ ਹੋਵੇਗਾ ਤਗੜਾ ਮੁਨਾਫ਼ਾ
8. ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਲੋੜ ਤੋਂ ਵੱਧ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
9. ਢਾਂਚਾ ਅੰਦਰੋਂ ਅਤੇ ਬਾਹਰੋਂ ਨਦੀਨ ਮੁਕਤ ਹੋਣਾ ਚਾਹੀਦਾ ਹੈ ਕਿਉਂਕਿ ਨਦੀਨ ਕੀੜਿਆਂ ਲਈ ਮੇਜ਼ਬਾਨ ਵੱਜੋਂ ਕੰਮ ਕਰਦੇ ਹਨ ਅਤੇ ਨਦੀਨਾਂ ਤੋਂ ਕੀਟ ਮੁੱਖ ਫਸਲ ਉੱਪਰ ਆ ਜਾਂਦੇ ਹਨ।
10. ਕੀੜਿਆਂ ਨੂੰ ਫੜਨ ਲਈ ਢਾਂਚੇ ਦੇ ਪ੍ਰਵੇਸ਼ ਦੁਆਰ ਦੇ ਅੰਦਰ ਪੀਲੇ ਪੈਨ ਟ੍ਰੈਪ (PAN TRAP) ਦਾ ਪ੍ਰਬੰਧ ਹੋਣਾ ਚਾਹੀਦਾ ਹੈ।
11. ਬਿਜਾਈ ਤੋਂ 15 ਦਿਨ ਪਹਿਲਾਂ ਪੀਲੇ ਚਿਪਚਿਪੇ ਟ੍ਰੈਪ ਲਗਾਉਣ ਨਾਲ਼ ਚਿੱਟੀ ਮੱਖੀ ਅਤੇ ਥ੍ਰਿਪਸ ਵਰਗੇ ਕੀੜੇ-ਮਕੌੜਿਆਂ ਨੂੰ ਵੱਡੇ ਪੱਧਰ ਤੇ ਨਿਯੰਤਰਣ ਕਰਨ ਵਿਚ ਮਦਦ ਮਿਲਦੀ ਹੈ। ਪੀਲੇ ਰੰਗ ਦੇ ਚਿਪਚਿਪੇ ਟ੍ਰੈਪ ਪੀਲੇ ਚਾਰਟ ਅਤੇ ਸਰ੍ਹੋਂ ਅਰਿੰਡ ਦੇ ਤੇਲ ਦੀ ਵਰਤੋਂ ਕਰਕੇ ਵੀ ਬਣਾਏ ਜਾ ਸਕਦੇ ਹਨ। ਟ੍ਰੈਪ ਲਾਜ਼ਮੀ ਤੌਰ ਤੇ ਪੌਦਿਆਂ ਤੋਂ ਅੱਧਾ ਫੁੱਟ ਉੱਪਰ ਲਗਾਏ ਜਾਣੇ ਚਾਹੀਦੇ ਹਨ ਅਤੇ ਉਚਾਈ ਨੂੰ ਵੱਧ ਰਹੇ ਪੌਦਿਆਂ ਨਾਲ਼ ਅਨੁਕੂਲ ਕੀਤਾ ਜਾਣਾ ਚਾਹੀਦਾ ਹੈ।
12. ਸੁਰੱਖਿਅਤ ਢਾਂਚੇ ਅਧੀਨ ਉਗਾਈਆਂ ਜਾਣ ਵਾਲੀਆਂ ਫਸਲਾਂ ਦੀ ਕਿਸੇ ਵੀ ਕਿਸਮ ਦੇ ਕੀੜਿਆਂ ਦੇ ਹਮਲੇ ਲਈ ਨਿਯਮਤ ਤੌਰ ਤੇ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ।
13. ਬੈਂਗਣ ਦੇ ਤਣੇ ਅਤੇ ਫਲਾਂ ਦੀ ਸੁੰਡੀ, ਤੰਬਾਕੂ ਵਾਲੀ ਸੁੰਡੀ, ਹੱਡਾ ਬੀਟਲ ਜਾਂ ਪੱਤੇ ਖਾਣ ਵਾਲੇ ਪਦਾਰਥਾਂ ਦੇ ਹਮਲੇ ਦੀ ਸੂਰਤ ਵਿਚ ਪ੍ਰਭਾਵਿਤ ਪੱਤਿਆਂ, ਟੁਕੜਿਆਂ ਜਾਂ ਫਲਾਂ ਨੂੰ ਤੁਰੰਤ ਕੱਟ ਕੇ ਨਸ਼ਟ ਕਰ ਦਿਓ। ਅੰਡੇ ਅਤੇ ਤੰਬਾਕੂ ਦੀ ਸੁੰਡੀ ਨੂੰ ਹੱਥੀਂ ਨਸ਼ਟ ਕਰੋ।
14. ਕੀੜੇ ਮਕੌੜਿਆਂ ਨੂੰ ਰੋਕਣ ਲਈ ਸੁੱਕੇ ਅਤੇ ਡਿੱਗੇ ਹੋਏ ਪੱਤਿਆਂ ਨੂੰ ਵਾਰ-ਵਾਰ ਅੰਤਰਾਲਾਂ ਤੇ ਇਕੱਠੇ ਕਰਕੇ ਦੱਬ ਦਿਓ।
15. ਪੌਲੀਨੈੱਟਹਾਊਸ ਦੀ ਨਿਯਮਿਤ ਤੌਰ ਤੇ ਜਾਂਜ ਕਰੋ, ਦਰਵਾਜ਼ਿਆਂ ਅਤੇ ਕੰਧ ਵਿਚਲੇ ਸਾਰੇ ਸ਼ੇਕ ਨੂੰ ਪਲੱਗ ਕਰੋ।
16. ਸ਼ਿਮਲਾ ਮਿਰਚ ਵਿਚ ਮਾਈਟ ਦੇ ਪ੍ਰਬੰਧਨ ਲਈ 5% ਘਰੇਲੂ ਨਿੰਮ ਦੇ ਘੋਲ(100 ਲੀਟਰ ਪਾਣੀ ਵਿਚ 5 ਕਿਲੋ ਨਿੰਮ ਦੀਆਂ ਨਮੋਲੀਆਂ, ਪੱਤੇ ਅਤੇ ਸ਼ਾਖਾਵਾਂ ਨੂੰ ਅੱਧੇ ਘੰਟੇ ਲਈ ਉਬਾਲੋ) ਜਾਂ 200 ਮਿਲੀਲੀਟਰ ਓਮਾਈਟ 57 ਈਸੀ ਜਾਂ ਓਬਰੋਨ 22.9 ਐਸਸੀ ਪ੍ਰਤੀ ਏਕੜ ਦਾ ਛਿੜਕਾਅ ਕਰੋ।
17. ਲਾਲ ਮਕੌੜਾ ਜੂੰ ਦਾ ਹਮਲਾ ਘਟਾਉਣ ਲਈ ਫੁਆਰੇ ਚਲਾ ਕੇ ਨਮੀਂ ਵਧਾ ਦੇਣੀ ਚਾਹੀਦੀ ਹੈ।
ਸਰੋਤ: ਸਰਵਪ੍ਰਿਆ ਸਿੰਘ, ਵਿਨੈ ਸਿੰਘ ਅਤੇ ਰਣਵੀਰ ਸਿੰਘ, ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਅਤੇ ਮਾਨਸਾ
Summary in English: Sustainable Pest Management in Protected Vegetable Cultivation, know Methods and techniques for comprehensive control