ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੂਰੇ ਦੇਸ਼ ਦੀ ਖੇਤੀ ਉਪਜ ਵਿੱਚ ਬਹੁਤ ਵੱਡਾ ਹਿੱਸਾ ਆਪਣਾ ਪਾਉਂਦਾ ਹੈ । ਪਰ ਪੰਜਾਬ ਬਹੁਤ ਸਮੇਂ ਤੋਂ ਇਕ ਹੀ ਫਸਲ ਚੱਕਰ ਵਿੱਚ ਫਸਿਆ ਪਿਆਂ ਹੈ ਜਿਸ ਕਾਰਨ ਇੱਥੋਂ ਦੀ ਪਵਣ, ਪਾਣੀ ਤੇ ਵਾਯੂ-ਮੰਡਲ ਤੇ ਬੁਰਾ ਅਸਰ ਦਿਖਾਈ ਦੇ ਰਿਹਾ ਹੈ ਰਵਾਇਤੀ ਫਸਲ ਚੱਕਰ ਵਿੱਚੋਂ ਨਿਕਲ਼ਨਾ ਸਮੇਂ ਦੀ ਮੁੱਖ ਮੰਗ ਹੈ । ਪੰਜਾਬ ਵਿੱਚ ਖੇਤੀ ਵਿਭਿੰਨਤਾ ਨੂੰ ਦੇਖਦੇ ਹੋਏ ਗਰਮ ਰੁੱਤ ਦੀ ਮੂੰਗੀ ,ਮਾਂਹ ਦੀ ਕਾਸ਼ਤ ਇੱਕ ਵਧਿਆ ਇਲਾਜ ਸਾਬਿਤ ਹੋ ਰਿਹਾ ਹੈ , ਨਾਲ ਹੀ ਕਿਸਾਨ ਦੀ ਆਮਦਨ ਵਿੱਚ ਵੀ ਵਾਧਾ ਕਰਨ ਦੇ ਯੋਗ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਸਿਰਫ 0.74 ਪ੍ਰਤੀਸ਼ਤ ਏਰੀਆ ਸਾਲ 2019 ਵਿੱਚ ਦਾਲਾਂ ਦੇ ਰਕਬੇ ਹੇਠ ਆਇਆ ਸੀ ਜੋ ਕੇ ਬਹੁਤ ਘੱਟ ਹੈ । ਪਰ ਮੁਨਾਫ਼ੇ ਦੇ ਤੋਰ ਤੇ ਇਹ ਸਿਰਫ ਦੋ ਮਹੀਨੇ ਦੀਆ ਫਸਲਾ ਚੋਖਾ ਮੁਨਾਫ਼ਾ ਦੇ ਕੇ ਜਾਂਦੀ ਹਨ ।
ਦਾਲਾਂ ਸਾਡੇ ਰੋਜ਼ਾਨਾ ਭੋਜਨ ਵਿੱਚ ਬਹੁਤ ਵੱਡੇ ਹਿੱਸੇ ਵਿੱਚ ਵਰਤੋਂ ਵਿੱਚ ਆਉਂਦੀਆਂ ਹਨ । ਦਾਲਾਂ ਸਾਡੇ ਸਰੀਰ ਨੂੰ ਪ੍ਰੋਟੀਨ ਦੀ ਪੂਰਤੀ ਕਰਦੀਆਂ ਹਨ । ਇਹ ਸਿਰਫ ਸਾਡੀ ਸਿਹਤ ਲਈ ਹੀ ਨਹੀਂ ਜ਼ਰੂਰੀ , ਇਸ ਦੀ ਕਾਸ਼ਤ ਨਾਲ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ । ਕਿਉਂਕਿ ਦਾਲਾਂ ਨਾਈਟਰੋਜਨ ਨੂੰ ਆਪਣੀਆ ਜੜ੍ਹਾਂ ਵਿੱਚ ਬਣੀਆਂ ਗੰਢਾਂ ਵਿੱਚ ਸਟੋਰ ਕਰਨ ਦੀ ਸਮਰੱਥਾ ਰੱਖਦੀ ਹੈ । ਸੂਖਮ ਜੀਵਾਂ ਦੀ ਮਦਦ ਨਾਲ ਲੈਗਉਮੀਨਸ ਫਸਲ ਜ਼ਮੀਨ ਵਿੱਚ ਨਾਈਟਰੋਜਨ ਚੰਗੀ ਮਕਤਾਦ ਵਿੱਚ ਛੱਡ ਜਾਂਦੀ ਹੈ ਤੇ ਨਾਲ ਹੀ ਆਰਗੈਨਿਕ ਤੱਤਾਂ ਨੂੰ ਵੀ ਪੂਰੀ ਕਰਦੀ ਹੈ । ਕਾਸ਼ਤ ਦਾ ਸਹੀ ਢੰਗ ਅਪਣਾ ਕੇ ਅਸੀਂ ਜ਼ਮੀਨੀ ਸਿਹਤ , ਆਪਣੀ ਸਿਹਤ ਦੇ ਨਾਲ ਆਰਥਿਕਤਾ ਨੂੰ ਮਜ਼ਬੂਤ ਕਰ ਸਕਦੇ ਹਾਂ ਕਿਉਕੇ 19-20 ਰੁਪਈਏ ਕਣਕ ਵੇਚਣ ਵਾਲਾ ਕਿਸਾਨ 80-90 ਰੁਪਈਏ ਦੀ ਦਾਲ ਖ੍ਰੀਦ ਕਰ ਕੇ ਆਪਣੀ ਆਰਥਿਕਤਾ ਤੇ ਕਿਵੇਂ ਟਿੱਕ ਸਕਦਾ ਹੈ । ਆਓ ਜਾਣੀਏ ਚੰਗੀ ਕਾਸ਼ਤ ਦੇ ਢੰਗ –
ਫਸਲ ਚੱਕਰ:-
ਗਰਮ ਰੁੱਤ ਦੀਆ ਦਾਲਾਂ ਦੀ ਕਾਸ਼ਤ ਕਣਕ ਦੀ ਵਾਡੀ ਤੋਂ ਬਾਅਦ ਅਤੇ ਝੋਨੇ ਦੀ ਲਵਾਈ ਤੋਂ ਪਹਿਲਾ ਅਸਾਨੀ ਨਾਲ ਕੀਤੀ ਜਾ ਸਕਦੀ ਹੈ ਤੇ ਖੇਤਾਂ ਨੂੰ ਸੰਨਮੇ ਛੱਡਣ ਨਾਲ਼ੋਂ ਉਹਨਾਂ ਨੂੰ ਸਿਹਤਯਾਬ ਕੀਤਾ ਜਾ ਸਕਦਾ ਹੈ । ਗਰਮ ਰੁੱਤ ਦਾਲਾਂ ਨੂੰ ਅਸੀਂ ਆਲੂ , ਕਮਾਦ , ਸਰ੍ਹੋਂ ,ਨਰਮਾ-ਕਪਾਹ ਤੋਂ ਬਾਅਦ ਅਸਾਨੀ ਨਾਲ ਬੀਜ ਸਕਦੇ ਹਾਂ।
ਸਿਫ਼ਾਰਸ਼ ਕੀਤੀਆ ਕਿਸਮਾਂ :-
ਸਹੀ ਕਿਸਮ ਦੀ ਚੋਣ ਹੀ ਵਧੇਰੇ ਝਾੜ ਪ੍ਰਾਪਤ ਕਰਨ ਦਾ ਪਹਿਲਾ ਤੇ ਅਹਿਮ ਕੱਦਮ ਹੁੰਦਾ ਹੈ । ਇਸ ਲਈ ਸ਼ਿਫਾਰਿਸ਼ ਕੀਤੀਆ ਮੂੰਗੀ ਲਈ ਜਿਣਸਾਂ ਟੀ ਐਮ ਬੀ 37, ਐੱਸ ਐੱਮ ਐੱਲ 832, ਐੱਸ ਐੱਮ ਐੱਲ 668 ਜੋ 60 ਦਿਨ ਵਿੱਚ ਪੱਕ ਕੇ 4.5-4.9 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀਆਂ ਹਨ। ਮਾਂਹ ਦੀ ਦਾਲ ਲਈ ਵਿਕਸਿਤ ਕਿਸਮਾਂ ਮਾਂਹ 1008, ਮਾਂਹ 218 ਕਿਸਮ ਦੀ ਸਲਾਹ ਦਿੱਤੀ ਜਾਂਦੀ ਹੈ ਜੋ 71-75 ਦਿਨ ਵਿੱਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ ਤੇ ਝਾੜ ਵੀ ਔਸਤਨ 4-4.5 ਕੁਇੰਟਲ ਪ੍ਰਤੀ ਏਕੜ ਪ੍ਰਾਪਤ ਕੀਤਾ ਜਾ ਸਕਦਾ ਹੈ।
ਮਿੱਟੀ ਦੀ ਕਿਸਮ :-
ਗਰਮ ਰੁੱਤ ਦੀ ਦਾਲਾਂ ਲਈ ਰੇਤਲੀ ਦਰਮਿਆਨੀ ਕਿਸਮ ਦੀ ਜ਼ਮੀਨ ਚੰਗੇ ਜਲ ਨਿਕਾਸੀ ਵਾਲੀ ਉੱਤਮ ਮੰਨੀ ਜਾਂਦੀ ਹੈ। ਕੱਲਰ , ਤੇ ਭਾਰੀਆਂ ਜ਼ਮੀਨਾਂ ਵਿੱਚ ਕਾਸ਼ਤ ਨਹੀਂ ਕਰਨੀ ਚਾਹੀਦੀ।
ਜ਼ਮੀਨ ਦੀ ਤਿਆਰੀ :-
ਕਣਕ ਦੇ ਨਾੜ ਮੁੱਕਤ ਜ਼ਮੀਨ ਨੂੰ 3-4 ਵਾਰੀ ਵਾਹ ਕੇ ਸੁਹਾਗਾ ਫੇਰ ਕੇ ਨਦੀਨ ਮੁੱਕਤ ਜ਼ਮੀਨ ਵਿੱਚ ਬਿਜਾਈ ਕਰਨੀ ਚਾਹੀਦੀ ਹੈ।
ਬੀਜ ਦੀ ਮਾਤਰਾ ਤੇ ਸੋਧ :-
ਮੂੰਗੀ ਕਾਸ਼ਤ ਲਈ ਬੀਜ ਦੀ ਮਾਤਰਾ 12 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਕਰੋ ਪਰ ਐੱਸ ਐੱਮ ਐੱਲ 668 ਲਈ 15 ਕਿੱਲੋ ਬੀਜ ਦੀ ਵਰਤੋਂ ਕਰੋ। ਮਾਂਹ ਦੀ ਦਾਲ ਲਈ 20 ਕਿੱਲੋ ਬੀਜ ਪ੍ਰਤੀ ਏਕੜ ਨਾਲ ਬਿਜਾਈ ਕਰੋ। ਬੀਜ ਬੀਜਣ ਤੋਂ ਪਹਿਲਾ ਹੱਥਾਂ ਨੂੰ ਤੇ ਮੂੰਹ ਨੂੰ ਢੱਕ ਕੇ 3 ਗ੍ਰਾਮ ਇੱਕ ਕਿੱਲੋ ਦੇ ਹਿਸਾਬ ਨਾਲ ਕੈਪਟਾਨ ਨਾਲ ਸੋਧ ਲਓ। ਪਰ ਇਸ ਦੇ ਨਾਲ ਹੀ ਜੀਵਾਣੂ ਖਾਦ ਦੀ ਵਰਤੋਂ ਨੂੰ ਜਕੀਨੀ ਬਣਾਓ ਜਿਵੇਂ ਕੇ ਰਾਈਜੋਬੀਅਮ ਐੱਲ ਐੱਸ ਐੱਮ ਆਰ 1 ਅਤੇ ਰਾਈਜੋਬੈਕਟੀਅਮ ਆਰ ਬੀ 3 ਨੂੰ ਛਾਵੇ ਬੀਜ ਨੂੰ 300 ਮਿਲੀਲਿਟਰ ਪਾਣੀ ਨਾਲ ਗਿੱਲਾ ਕਰਕੇ ਚੰਗੀ ਤਰਾਂ ਰਲਾ ਕੇ ਬੀਜੋ।
ਬਿਜਾਈ ਦਾ ਸਮਾਂ ਅਤੇ ਢੰਗ :-
ਬਿਜਾਈ ਲਈ ਇਸ ਸਾਲ ਦੇ ਢੁੱਕਵੇ ਮੋਸਮ ਨਾਲ ਅਸੀਂ 23 ਅਪ੍ਰੈਲ ਤੱਕ ਕਰ ਸਕਦੇ ਹਾਂ। ਬਿਜਾਈ ਹਮੇਸ਼ਾ ਕਤਾਰ ਵਿੱਚ 9 ਇੰਚ ਦੇ ਫਾਂਸਲੇ ਤੇ ਰੱਖ ਕੇ ਕਰੋ। ਬੂਟਿਆ ਵਿੱਚਕਾਰ ਫ਼ਾਸਲਾ 7-8 ਸੈਂਟੀਮੀਟਰ ਰੱਖੋ ਡੁੰਗਾਈ ਲੱਗ ਪੱਗ 5-6 ਸੈਂਟੀਮੀਟਰ ਰੱਖੋ। ਹਲਕੀਆਂ ਭਾਰੀਆਂ ਜ਼ਮੀਨਾਂ ਵਿੱਚ 37.5 ਸੈਂਟੀਮੀਟਰ ਬੈੱਡ ਅਤੇ 30 ਸੈਂਟੀਮੀਟਰ ਖਾਲ਼ੀ ਤੇ ਦੋ ਲਾਈਨਾਂ ਲਗਾ ਕੇ ਕੀਤੀ ਜਾਵੇ।
ਖਾਦਾ ਦੀ ਵਰਤੋਂ :-
11 ਕਿੱਲੋ ਯੂਰੀਆ ,100 ਕਿੱਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਨਾਲ ਵਰਤੋਂ ਕਰੋ ਪਰ ਆਲੂ ਦੀ ਫਸਲ ਤੋਂ ਬਾਅਦ ਖਾਦਾ ਦੀ ਲੋੜ ਨਹੀਂ ਹੁੰਦੀ।
ਨਦੀਨ ਪ੍ਰਬੰਧਨ :-
ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨਾ ਬਾਅਦ ਕਰੋ ਲੋੜ ਪੈਣ ਤੇ ਦੂਜੀ ਗੋਡਾਈ 15 ਦਿਨ ਤੋਂ ਬਾਅਦ ਕਰੋ , ਫਿਰ ਸਾਨੂੰ ਲੋੜ ਨਹੀਂ ਪੈਂਦੀ ਕਿਉਕੇ ਫਸਲ ਸਾਰੇ ਖੇਤ ਨੂੰ ਢੱਕ ਚੁੱਕੀ ਹੁੱਦੀ ਹੈ ਤੇ ਨਦੀਨ ਉਗਣ ਦਾ ਅਨੁਪਾਤ ਵੀ ਘੱਟ ਜਾਂਦਾ ਹੈ।
ਪਾਣੀ ਪ੍ਰਬੰਧਨ :-
ਲੋੜ ਅਨੁਸਾਰ ਹੀ ਪਾਣੀ ਦੀ ਵਰਤੋਂ ਕਰੋ , ਪਹਿਲਾ ਪਾਣੀ 24 ਦਿਨਾਂ ਬਾਅਦ ਲਗਾਓ ਤੇ ਦੂਜਾ ਪਾਣੀ ਬਿਜਾਈ ਤੋਂ 54 ਦਿਨ ਬਾਅਦ ਦਿਓ।
ਵਾਢੀ ਜਾ ਗਹਾਈ :-
ਜੱਦੋ 80 ਪ੍ਰਤੀਸ਼ਤ ਫਲੀਆ ਪੱਕ ਜਾਣ ਤਾਂ ਫਸਲ ਦੀ ਕਟਾਈ ਕਰ ਕੇ ਟਾਹਣੀਆਂ ਸੁੱਕ ਜਾਣ ਤੋਂ ਬਾਅਦ ਥ੍ਰੈਸ਼ਰ ਨਾਲ ਗਹਾਈ ਕਰੋ ਪਰ ਯਾਦ ਰਹੇ ਫਸਲ ਦਾ ਜੜ੍ਹ ਵਾਲਾ ਹਿੱਸਾ ਜ਼ਮੀਨ ਵਿੱਚ ਹੀ ਅੱਗਲੀ ਫਸਲ ਤੋਂ
ਪਹਿਲਾ ਚੰਗੀ ਤਰਾਂ ਵਾਇਆ ਜਾਵੇ।
ਕੀੜਿਆ ਦੀ ਰੋਕਥਾਮ :-
ਇਹਨਾਂ ਦੋ ਫਸਲਾ ਦੇ ਥਰਿੱਪ , ਫਲੀ ਛੇਦਕ ਸੁੰਡੀ ਮੁੱਖ ਕੀੜੇ ਹੁੰਦੇ ਹਨ ਪਰ ਜੇ ਅਸੀਂ ਆਪਣੀ ਫਸਲ ਫਾਂਸਲੇ ਤੇ ਅਤੇ ਨਦੀਨ ਮੁੱਕਤ ਖੇਤ ਜਿਸ ਦੇ ਵੱਟ-ਬੰਨੇ ਵੀ ਨਦੀਨ ਰਹਿੱਤ ਹੋਣ ਦੇ ਵਿੱਚ ਕਾਸ਼ਤ ਕੀਤੀ ਜਾਵੇ ਤਾਂ ਇਹਨਾ ਕੀੜਿਆ ਤੋਂ ਫਸਲ ਨੂੰ ਬਿਨਾ ਕੈਮੀਕਲ ਵਰਤਿਆਂ ਬਚਾਇਆ ਜਾ ਸਕਦਾ ਹੈ
ਬਿਮਾਰੀਆਂ ਦੀ ਰੋਕਥਾਮ :-
ਜੇਕਰ ਅਸੀਂ ਬੀਜ ਨੂੰ ਸੋਧ ਕੇ ਬਿਜਾਈ ਕਰੀਏ ਤਾਂ ਬਹੁਤ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ ਨਾਲ ਹੀ ਫਸਲ ਨਦੀਨ ਮੁੱਕਤ , ਚੰਗੇ ਫ਼ਾਸਲੇ ਤੇ ਬੀਜੋ ਤਾਂ ਸਾਨੂੰ ਕੋਈ ਸਪਰ੍ਹੇ ਦੀ ਲੋੜ ਨਹੀਂ ਹੁੰਦੀ।
ਮੰਡੀਕਰਨ:-
ਮੰਡੀਕਰਨ ਕਰਨ ਲਈ ਕਿਸਾਨ ਨੂੰ ਖੁੱਦ ਆਪ ਬਜ਼ਾਰ ਦੀ ਲੋੜ ਨੂੰ ਮੁੱਖ ਰੱਖਦਿਆਂ ਇੱਕ ਕਿੱਲੋ ਦੋ ਕਿੱਲੋ ਦੀ ਪੈਕਿੰਗ ਕਰਕੇ ਮਾਰਕਿਟਿਗ ਕਰਨੀ ਚਾਹੀਦੀ ਹੈ। ਇਸ ਤਰਾਂ ਕਰਨ ਨਾਲ ਕਿਸਾਨ ਮੰਡੀ ਨਾਲੋ 2000-2300 ਰੁਪਏ ਪ੍ਰਤੀ ਕੁਇੰਟਲ ਪਿੱਛੇ ਵੱਧ ਕਮਾਈ ਕਰਕੇ ਖ਼ੁਸ਼ਹਾਲੀ ਤੇ ਆਰਥਿਕ ਤਰੱਕੀ ਵੱਲ ਵੱਧ ਸਕਦਾ ਹੈ।
Summary in English: Tips related to the cultivation of hot season coral and maize