1. Home
  2. ਖੇਤੀ ਬਾੜੀ

Turmeric Farming in Punjab: ਇੱਥੇ ਜਾਣੋ ਹਲਦੀ ਦੀ ਬਿਜਾਈ ਤੋਂ ਲੈ ਕੇ ਪਾਊਡਰ ਬਣਾਉਣ ਤੱਕ ਵਰਤੇ ਜਾਣ ਵਾਲੇ ਜ਼ਰੂਰੀ ਨੁਕਤੇ

ਹਲਦੀ ਦੀ ਫ਼ਸਲ ਤੋਂ ਵਧੇਰੇ ਝਾੜ ਲੈਣ ਲਈ ਕਿਸਾਨਾਂ ਨੂੰ ਲੇਖ ਵਿੱਚ ਲਿਖੀਆਂ ਖੇਤੀ ਵਿਗਿਆਨਿਕ ਵਿਧੀਆਂ ਅਪਣਾਉਣੀਆਂ ਚਾਹੀਦੀਆਂ ਹਨ।

Gurpreet Kaur Virk
Gurpreet Kaur Virk
ਹਲਦੀ ਦੀ ਸਫਲ ਕਾਸ਼ਤ

ਹਲਦੀ ਦੀ ਸਫਲ ਕਾਸ਼ਤ

Haldi Sowing to Processing: ਅੱਜ ਦੇ ਸਮੇਂ ਦੀ ਲੋੜ ਹੈ ਕਿ ਕਣਕ-ਝੋਨੇ ਦੇ ਫ਼ਸਲੀ ਚੱਕਰ ਹੇਠੋਂ ਕੁਝ ਰਕਬਾ ਘਟਾ ਕੇ ਹੋਰ ਫ਼ਸਲੀ ਚੱਕਰਾਂ ਹੇਠ ਵਧਾਇਆ ਜਾਵੇ ਤਾਂ ਜੋ ਕਿਸਾਨ ਦੀ ਆਮਦਨ ਵਿੱਚ ਵਾਧਾ ਹੋਵੇ ਅਤੇ ਵਾਤਾਵਰਨ ਸੰਬੰਧੀ ਸਮੱਸਿਆਵਾਂ ਦਾ ਵੀ ਹੱਲ ਹੋਵੇ। ਇਸੇ ਤਰ੍ਹਾਂ ਹਲਦੀ ਸਾਉਣੀ ਰੁੱਤੇ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਵਿੱਚੋਂ ਇੱਕ ਲਾਹੇਵੰਦ ਫ਼ਸਲ ਹੈ, ਜੋ ਕਿ ਫ਼ਸਲੀ ਵਿਭਿੰਨਤਾ ਵਿੱਚ ਅਹਿਮ ਯੋਗਦਾਨ ਪਾ ਸਕਦੀ ਹੈ।

ਇਸ ਨੂੰ ਵੱਖ-ਵੱਖ ਪਕਵਾਨਾਂ, ਦਵਾਈਆਂ ਤੋਂ ਇਲਾਵਾ ਤੇਲ ਵਜੋਂ ਵਰਤਿਆ ਜਾਂਦਾਹੈ। ਹਲਦੀ ਦੀ ਫ਼ਸਲ ਤੋਂ ਵਧੇਰੇ ਝਾੜ ਲੈਣ ਲਈ ਕਿਸਾਨਾਂ ਨੂੰ ਹੇਠ ਲਿਖੀਆਂ ਖੇਤੀ ਵਿਗਿਆਨਿਕ ਵਿਧੀਆਂ ਅਪਣਾਉਣੀਆਂ ਚਾਹੀਦੀਆਂ ਹਨ।

ਜ਼ਮੀਨ ਦੀ ਚੋਣ ਅਤੇ ਖੇਤ ਦੀ ਤਿਆਰੀ

ਹਲਦੀ ਦੀ ਭਰਪੂਰ ਫ਼ਸਲ ਲੈਣ ਲਈ ਚੰਗੇ ਜਲ ਨਿਕਾਸ ਵਾਲੀ, ਦਰਮਿਆਨੀ ਤੋਂ ਭਾਰੀ ਜ਼ਮੀਨ ਬਹੁਤ ਅਨੁਕੂਲ ਹੈ। ਫ਼ਸਲ ਦੇ ਵਧੀਆ ਜੰਮ ਲਈ ਖੇਤ ਦੀ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ। ਖੇਤ ਨੂੰ 2 ਤੋਂ 3 ਵਾਰ ਵਾਹੋ ਅਤੇ ਹਰ ਵਾਹੀ ਬਾਅਦ ਸੁਹਾਗਾ ਜ਼ਰੂਰ ਫੇਰੋ। ਖੇਤ, ਪਿਛਲੀ ਫ਼ਸਲ ਦੇ ਮੁੱਢਾਂ ਅਤੇ ਘਾਹ-ਫੂਸ ਤੋਂ ਮੁਕਤ ਹੋਣਾ ਚਾਹੀਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕਿਸਮਾਂ ਪੰਜਾਬ ਹਲਦੀ-1 (215 ਦਿਨ ਪੱਕਣ ਲਈ ਅਤੇ ਔਸਤਨ ਝਾੜ 108 ਕੁਇੰਟਲ ਪ੍ਰਤੀਏਕੜ) ਅਤੇ ਪੰਜਾਬ ਹਲਦੀ-2 (240 ਦਿਨ ਪੱਕਣ ਲਈ ਅਤੇ ਔਸਤਨ ਝਾੜ 122 ਕੁਇੰਟਲ ਪ੍ਰਤੀਏਕੜ) ਦੀ ਵਰਤੋਂ ਕਰੋ।

ਬਿਜਾਈ ਦਾ ਸਮਾਂ, ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ

ਪੂਰਾ ਝਾੜ ਲੈਣ ਲਈ ਹਲਦੀ ਦੀਆਂ ਨਰੋਈਆਂ ਅਤੇ ਰੋਗ ਰਹਿਤ ਗੰਢੀਆਂ ਦੀ ਬਿਜਾਈ ਅਪ੍ਰੈਲ ਦੇ ਅਖੀਰਲੇ ਹਫ਼ਤੇ ਵਿੱਚ ਕੀਤੀ ਜਾ ਸਕਦੀ ਹੈ। ਪਹਾੜੀ ਇਲਾਕਿਆਂ ਅਤੇ ਉੱਤਰੀ ਜ਼ਿਲ੍ਹਿਆਂ ਵਿੱਚ ਇਸ ਦੀ ਬਿਜਾਈ ਇੱਕ ਹਫ਼ਤੇ ਬਾਅਦ ਤੱਕ ਕੀਤੀ ਜਾ ਸਕਦੀ ਹੈ। ਫ਼ਸਲ ਦੇ ਵਧੀਆ ਜੰਮ ਲਈ 6-8 ਕੁਇੰਟਲ ਗੰਢੀਆਂ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ। ਗੰਢੀਆਂ ਨੂੰ ਬੀਜਣ ਤੋਂ ਪਹਿਲਾਂ 12-24 ਘੰਟੇ ਲਈ ਪਾਣੀ ਵਿੱਚ ਭਿਉਂ ਦਿਉ। ਹਲਦੀ ਦਾ ਝਾੜ ਵਧਾਉਣ ਅਤੇ ਜ਼ਮੀਨ ਦੀ ਸਿਹਤ ਸੁਧਾਰਨ ਲਈ, ਹਲਦੀ ਦੀਆਂ ਗੰਢੀਆਂ ਨੂੰ ਬੀਜਣ ਸਮੇਂ ਕੰਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾ ਕੇ ਪਾਉ। ਹਲਦੀ ਦੀ ਬਿਜਾਈ ਤਿੰਨ ਢੰਗਾਂ ਨਾਲ ਕੀਤੀ ਜਾ ਸਕਦੀ ਹੈ।

ਪੱਧਰੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫ਼ਾਸਲਾ 30 ਸੈਂਟੀਮੀਟਰ ਰੱਖੋ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂਟੀਮੀਟਰ ਰੱਖੋ। ਵੱਟਾਂ ਤੇ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫ਼ਾਸਲਾ 45 ਸੈਂਟੀਮੀਟਰ (ਹੱਥੀ ਬਿਜਾਈ ਲਈ) ਅਤੇ 67.5 ਸੈਂਟੀਮੀਟਰ (ਮਕੈਨੀਕਲ ਲਈ) ਬੂਟੇ ਤੋਂ ਬੂਟੇ ਦਾ ਫ਼ਾਸਲਾ 15 ਸੈਂਟੀਮੀਟਰ ਰੱਖੋ। ਵੱਟਾਂ ਤੇ ਬੀਜਣ ਨਾਲ ਗੰਢੀਆਂ ਦੇ ਆਕਾਰ ਵਿੱਚ ਵਾਧਾ ਹੁੰਦਾ ਹੈ। ਵਧੇਰੇ ਝਾੜ ਅਤੇ ਪਾਣੀ ਦੀ ਬੱਚਤ ਲਈ ਹਲਦੀ ਦੀਆਂ ਦੋ ਕਤਾਰਾਂ ਦੀ ਬਿਜਾਈ 67.5 ਸੈਂਟੀਮੀਟਰ ਚੌੜੇ ਬੈੱਡਾਂ (37.5 ਸੈਂਟੀਮੀਟਰ ਬੈੱਡ ਅਤੇ 30.0 ਸੈਂਟੀਮੀਟਰ ਖਾਲ਼ੀ) ਉੱਪਰ ਬੂਟੇ ਤੋਂ ਬੂਟੇ ਦੀ ਦੂਰੀ 15 ਸੈਂਟੀਮੀਟਰ ਰੱਖ ਕੇ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: Moong Cultivation: ਮੂੰਗੀ ਦਾ ਵੱਧ ਝਾੜ ਲੈਣ ਲਈ ਖੇਤਾਂ ਵਿੱਚ ਪਾਓ ਇਹ 5 ਪੌਸ਼ਟਿਕ ਤੱਤ, ਇਸ ਤਰੀਕੇ ਨਾਲ ਕਰੋ ਮੂੰਗੀ ਦੀ ਸਫਲ ਕਾਸ਼ਤ

ਖਾਦ-ਖੁਰਾਕ, ਪਾਣੀ ਅਤੇ ਨਦੀਨ ਪ੍ਰਬੰਧਨ

ਹਲਦੀ ਦੀ ਭਰਪੂਰ ਫ਼ਸਲ ਲੈਣ ਲਈ, ਬਿਜਾਈ ਤੋਂ ਪਹਿਲਾਂ 10-12 ਟਨ ਗਲੀ-ਸੜੀ ਰੂੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਖਿਲਾਰ ਦਿਉ। ਹਲਦੀ ਨੂੰ ਨਾਈਟਰੋਜਨ ਖਾਦ ਦੀ ਖਾਸ ਜ਼ਰੂਰਤ ਨਹੀਂ, ਪਰੰਤੂ ਬਿਜਾਈ ਸਮੇਂ 10 ਕਿੱਲੋ ਪੋਟਾਸ਼ (16 ਕਿੱਲੋ ਮਿਊਰੇਟ ਆਫ਼ ਪੋਟਾਸ਼) ਅਤੇ 10 ਕਿਲੋ ਫਾਸਫੋਰਸ (60 ਕਿਲੋ ਸਿੰਗਲ ਸੁਪਰਫਾਸਫੇਟ) ਪੋਰ ਦਿਉ।ਹਲਦੀ ਦੀਆਂ ਗੰਡੀਆਂ ਹਰਾ ਹੋਣ ਲਈ ਕਾਫ਼ੀ ਸਮਾਂ ਲੈਂਦੀਆਂ ਹਨ। ਸੋ, ਖੇਤ ਨੂੰ ਲਗਾਤਾਰ ਪਤਲਾ ਪਾਣੀ ਦਿੰਦੇ ਰਹੋ। ਪਹਿਲੀ ਸਿੰਚਾਈ ਤੋਂ ਬਾਅਦ ਖੇਤ ਨੂੰ 2.5 ਟਨ ਪਰਾਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਢੱਕ ਦਿਉ। ਨਦੀਨ ਫ਼ਸਲ ਨਾਲ ਬਿਜਾਈ ਤੋਂ ਲੈ ਕੇ ਵੱਡਣ ਤੱਕ ਨਮੀ ਪੌਸ਼ਟਿਕ ਤੱਤ, ਧੁੱਪ ਅਤੇ ਜਗਾ ਆਦਿ ਲਈ ਮੁਕਾਬਲਾ ਕਰਦੇ ਹਨ। ਸੋ, ਨਦੀਨਾਂ ਦੀ ਸਹੀ ਸਮੇਂ ਤੇ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ। ਹਲਦੀ ਵਿੱਚ ਨਦੀਨਾਂ ਨੂੰ ਇਕ ਜਾਂ ਦੋ ਵਾਰ ਗੋਡੀ ਕਰਕੇ ਕਾਬੂ ਕੀਤਾ ਜਾ ਸਕਦਾ ਹੈ ਜਾਂ ਫਿਰ ਬਿਜਾਈ ਪਿੱਛੋਂ 36 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਨੂੰ ਸਾਰੇ ਖੇਤ ਵਿੱਚ ਇਕਸਾਰ ਖਿਲਾਰ ਦਿਓ।

ਹਲਦੀ ਦੀ ਪੁਟਾਈ, ਸਾਂਭ-ਸੰਭਾਲ ਅਤੇ ਪ੍ਰੋਸੈਸਿੰਗ

ਆਮ ਤੌਰ ਤੇ ਨਵੰਬਰ-ਦਸੰਬਰ ਵਿਚ, ਜਦੋਂ ਹਲਦੀ ਦੇ ਪੱਤੇ ਪੀਲੇ ਹੋ ਕੇ ਸੁੱਕ ਜਾਣ ਤਾਂ ਇਹ ਪੁੱਟਣ ਲਈ ਤਿਆਰ ਹੋ ਜਾਂਦੀ ਹੈ।ਪੁਟਾਈ ਤੋਂ ਬਾਅਦ ਹਲਦੀ ਦੀਆਂ ਗੰਢੀਆਂ ਤੋਂ ਜੜ੍ਹਾਂ ਅਤੇ ਮਿੱਟੀ ਸਾਫ਼ ਕਰੋ।ਅਗਲੀ ਫ਼ਸਲ ਬੀਜਣ ਲਈ, ਬੀਜ ਨੂੰ ਠੰਢੀ ਅਤੇ ਖੁਸ਼ਕ ਜਗ੍ਹਾ ਤੇ ਸੰਭਾਲ ਕੇ ਰੱਖੋ ਜਾਂ ਫਿਰ ਬੀਜ ਨੂੰ ਕੋਲਡ ਸਟੋਰ ਵਿੱਚ ਵੀ ਰੱਖਿਆ ਜਾ ਸਕਦਾ ਹੈ।ਹਲਦੀ ਦੀਆਂ ਗੰਢੀਆਂ ਨੂੰ ਸਾਫ਼ ਕਰਨ ਤੋਂ ਬਾਅਦ ਤੰਗ ਮੂੰਹ ਵਾਲੇ ਬਰਤਨ ਵਿਚ ਪਾਓ।ਫਿਰ ਇਸ ਵਿੱਚ ਪਾਣੀ ਪਾਓ ਤਾਂ ਜੋ ਗੰਢੀਆਂ ਚੰਗੀ ਤਰ੍ਹਾਂ ਪਾਣੀ ਵਿੱਚ ਭਿੱਜ ਜਾਣ।

ਇਸ ਤੋਂ ਬਾਅਦ ਗੰਢੀਆਂ ਨੂੰ ਲਗਾਤਾਰ ਇਕ ਘੰਟੇ ਤੱਕ ਉਬਾਲੋ ਤਾਂ ਕਿ ਇਹ ਪੋਲੀਆਂ ਹੋ ਜਾਣ।ਜੇਕਰ ਇਨ੍ਹਾਂ ਨੂੰ ਪੰਦਰਾਂ ਪੌਂਡ ਦੇ ਪ੍ਰੈਸ਼ਰ ਹੇਠ ਵੱਡੇ ਪ੍ਰੈਸ਼ਰ ਕੂਕਰ ਵਿੱਚ ਉਬਾਲਿਆ ਜਾਏ ਤਾਂ ਇਹ ਕੰਮ ਸਿਰਫ਼ 20-30 ਮਿੰਟ ਵਿੱਚ ਪੂਰਾ ਹੋ ਜਾਂਦਾ ਹੈ।ਉਬਲੀਆਂ ਹੋਈਆਂ ਗੰਢੀਆਂ ਨੂੰ ਧੁੱਪੇ ਸੁਕਾ ਲਓ ਅਤੇ ਸਮੇਂ ਸਮੇਂ ਤੇ ਗੰਢੀਆਂ ਨੂੰ ਹਿਲਾਉਦੇਂ ਰਹੋ ਤਾਂ ਜੋ ਇਕਸਾਰ ਸੁੱਕ ਜਾਣ।ਸੁੱਕੀਆਂ ਹੋਈਆਂ ਗੰਢੀਆਂ ਕਾਫ਼ੀ ਸਖ਼ਤ ਅਤੇ ਭੁਰਭਰੀਆਂ ਹੋ ਜਾਂਦੀਆ ਹਨ ਅਤੇ ਇੰਨ੍ਹਾਂ ਨੂੰ ਪੀਸ ਕੇ ਹਲਦੀ ਪਾਊਡਰ ਤਿਆਰ ਕੀਤੀ ਜਾਂਦਾ ਹੈ।ਹਲਦੀ ਨੂੰ ਧੋਣ ਅਤੇ ਸਕਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਮਸ਼ੀਨ ਅਤੇ ਸੋਲਰ ਡਰਾਇਰ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਸਰੋਤ: ਨਵਨੀਤ ਕੌਰ ਅਤੇ ਅਮਨਦੀਪ ਕੌਰ, ਫਾਰਮ ਸਲਾਹਕਾਰ ਸੇਵਾ ਕੇਂਦਰ ਬਠਿੰਡਾ ਅਤੇ ਬਰਨਾਲਾ

Summary in English: Turmeric Farming in Punjab: Important points to be followed from sowing turmeric to making powder

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters