
ਗਰਮੀਆਂ ਦੀਆਂ ਸਬਜ਼ੀਆਂ ਦੀ ਬਿਜਾਈ
Vegetable Farming: ਇਸ ਵਾਰ ਠੰਡ ਘੱਟ ਪਈ ਹੈ, ਵਰਖਾ ਵੀ ਥੋੜ੍ਹੀ ਹੋਈ ਹੈ। ਬਦਲਦੇ ਮੌਸਮ ਦਾ ਹਾੜ੍ਹੀ ਦੀਆਂ ਫ਼ਸਲਾਂ ਉੱਤੇ ਅਸਰ ਪੈਣ ਦਾ ਡਰ ਹੈ। ਬਸੰਤ ਰੁੱਤ ਵਿੱਚ ਹਰ ਪਾਸੇ ਖਿੜੇ ਫੁਲ ਅਤੇ ਰੁਖਾਂ ਦਾ ਨਵਾਂ ਫ਼ੁਟਾਰਾ ਅਦੁੱਤੀ ਨਜਾਰਾ ਪੇਸ਼ ਕਰਦੇ ਹਨ। ਜੇਕਰ ਗਰਮੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਨਹੀਂ ਕੀਤੀ ਤਾਂ ਹੋਰ ਦੇਰ ਕੀਤੇ ਬਿਨਾਂ ਹੁਣ ਕਰ ਲੈਣੀ ਚਾਹੀਦੀ ਹੈ। ਗੰਨੇ ਦੀ ਬਿਜਾਈ ਵੀ ਇਸੇ ਮਹੀਨੇ ਪੂਰੀ ਕਰ ਲਵੋ। ਗਰਮੀ ਰੁੱਤ ਦੀ ਮੂੰਗੀ ਅਤੇ ਮਾਂਹ ਦੀ ਬਿਜਾਈ ਮਾਰਚ ਦੇ ਅਖ਼ੀਰ ਵਿੱਚ ਕੀਤੀ ਜਾ ਸਕਦੀ ਹੈ।
ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚਾਰ ਪ੍ਰਮੁੱਖ ਸਬਜ਼ੀਆਂ ਦੀ ਬਿਜਾਈ ਪਨੀਰੀ ਰਾਹੀਂ ਕੀਤੀ ਜਾਂਦੀ ਹੈ। ਟਮਾਟਰ, ਬੈਂਗਣ, ਮਿਰਚਾਂ ਤੇ ਸ਼ਿਮਲਾ ਮਿਰਚ ਦੀ ਪਨੀਰੀ ਪੁਟ ਕੇ ਖੇਤ ਵਿੱਚ ਲਗਾਉਣ ਦਾ ਇਹ ਢੁਕਵਾਂ ਸਮਾਂ ਹੈ। ਸਬਜ਼ੀਆਂ ਦੀ ਕਾਸ਼ਤ ਜਰੂਰ ਕਰੋ ਅਤੇ ਸੰਤੁਲਿਤ ਭੋਜਨ ਖਾਵੋ।
ਟਮਾਟਰ, ਬੈਂਗਣ ਅਤੇ ਮਿਰਚਾਂ ਦੀ ਜੇਕਰ ਆਪਣੀ ਪਨੀਰੀ ਤਿਆਰ ਨਹੀਂ ਕੀਤੀ ਤਾਂ ਕਿਸੇ ਭਰੋਸੇਯੋਗ ਵਸੀਲੇ ਤੋਂ ਪਨੀਰੀ ਖਰੀਦ ਕੇ ਵੀ ਲਗਾਈ ਜਾ ਸਕਦੀ ਹੈ। ਪੀ ਟੀ ਐਚ-2, ਟੀ ਐਚ-1, ਪੰਜਾਬ ਰੱਤਾ, ਪੰਜਾਬ ਉਪਮਾ, ਪੰਜਾਬ ਐਨ ਆਰ-7 ਅਤੇ ਪੰਜਾਬ ਛੁਹਾਰਾ ਟਮਾਟਰਾਂ ਦੀਆਂ ਸਿਫ਼ਾਰਸ਼ ਕੀਤੀਆਂ ਗਈਆਂ ਕੁੱਝ ਕਿਸਮਾਂ ਹਨ। ਟੀ ਐਚ-1 ਅਤੇ 2 ਦੋਗਲੀਆਂ ਕਿਸਮਾਂ ਹਨ। ਪਨੀਰੀ ਲਗਾਉਣ ਸਮੇਂ ਲਾਈਨਾਂ ਵਿਚਕਾਰ 75 ਅਤੇ ਬੂਟਿਆਂ ਵਿਚਕਾਰ 30 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ।
ਪੰਜਾਬ ਨੀਲਮ, ਪੀ ਬੀ ਐੱਚ ਆਰ-41, ਪੀ ਬੀ ਐੱਚ ਆਰ-42 ਅਤੇ ਬੀ ਐੱਚ-2 ਗੋਲ ਬੈਂਗਣਾਂ ਦੀਆਂ ਕਿਸਮਾਂ ਹਨ। ਪੰਜਾਬ ਰੌਣਕ, ਪੀ ਬੀ ਐੱਚ-5, ਪੀ ਬੀ ਐੱਚ-4 ਅਤੇ ਪੰਜਾਬ ਸਦਾ ਬਹਾਰ ਲੰਬੇ ਬੈਂਗਣਾਂ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਪੰਜਾਬ ਭਰਪੂਰ, ਪੀ ਬੀ ਐੱਚ-3 ਅਤੇ ਪੰਜਾਬ ਨਗੀਨਾ ਬੈਂਗਣੀ ਦੀਆਂ ਕਿਸਮਾਂ ਹਨ। ਦੋਗਲੀਆਂ ਕਿਸਮਾਂ ਦਾ ਪ੍ਰਤੀ ਏਕੜ 250 ਕੁਇੰਟਲ ਤੋਂ ਵੀ ਵੱਧ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ ।
ਮਿਰਚਾਂ ਦੀ ਪਨੀਰੀ ਵੀ ਪੁਟ ਕੇ ਖੇਤ ਵਿਚ ਲਗਾਉਣ ਲਈ ਹੁਣ ਢੁਕਵਾਂ ਸਮਾਂ ਹੈ। ਸੀ ਐੱਚ-27, ਸੀ ਐੱਚ-3 ਅਤੇ ਸੀ ਐੱਚ-1 ਸਿਫ਼ਾਰਸ਼ ਕੀਤੀਆਂ ਦੋਗਲੀਆਂ ਕਿਸਮਾਂ ਹਨ। ਪੰਜਾਬ ਸੰਧੂਰੀ, ਪੰਜਾਬ ਤੇਜ, ਪੰਜਾਬ ਸੁਰਖ ਅਤੇ ਪੰਜਾਬ ਗੁੱਛੇਦਾਰ ਦੂਜੀਆਂ ਉੱਨਤ ਕਿਸਮਾਂ ਹਨ। ਪਨੀਰੀ ਲਗਾਉਣ ਸਮੇਂ ਲਾਈਨਾਂ ਜਾਂ ਵੱਟਾਂ ਵਿਚਕਾਰ 75 ਅਤੇ ਬੂਟਿਆਂ ਵਿਚਕਾਰ 45 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ ।
ਸ਼ਿਮਲਾ ਮਿਰਚ ਦੀ ਪਨੀਰੀ ਵੀ ਪੁੱਟ ਖੇਤ ਵਿਚ ਲਗਾ ਦੇਣੀ ਚਾਹੀਦੀ ਹੈ। ਪਨੀਰੀ ਲਗਾਉਂਦੇ ਸਮੇਂ ਲਾਈਨਾਂ ਵਿਚਕਾਰ 60 ਅਤੇ ਬੂਟਿਆਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ ਰੱਖਿਆ ਜਾਵੇ। ਪੀ ਐੱਸ ਐੱਮ-1 ਉੱਨਤ ਕਿਸਮ ਹੈ।
ਭਿੰਡੀ ਗਰਮੀਆਂ ਦੀ ਇਕ ਹੋਰ ਮੁੱਖ ਸਬਜ਼ੀ ਹੈ। ਪੰਜਾਬ ਸੁਹਾਵਨੀ, ਪੰਜਾਬ-8, ਪੰਜਾਬ-7 ਤੇ ਪੰਜਾਬ ਪਦਮਨੀ ਸਿਫ਼ਾਰਸ਼ ਕੀਤੀਆਂ ਗਈਆਂ ਕਿਸਮਾਂ ਹਨ। ਇਕ ਏਕੜ ਲਈ ਹੁਣ 10 ਕਿਲੋ ਬੀਜ ਹੀ ਕਾਫੀ ਹੈ। ਬਿਜਾਈ ਸਮੇਂ ਲਾਈਨਾਂ ਵਿਚਕਾਰ 45 ਅਤੇ ਬੂਟਿਆਂ ਵਿਚਕਾਰ 15 ਸੈ. ਮੀਟਰ ਦਾ ਫ਼ਾਸਲਾ ਰੱਖਿਆ ਜਾਵੇ।
ਖੇਤ ਤਿਆਰ ਕਰਨ ਤੋਂ ਪਹਿਲਾਂ ਘੱਟੋ-ਘੱਟ 10 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਰਸਾਇਣਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਅਨੁਸਾਰ ਕਰਨੀ ਚਾਹੀਦੀ ਹੈ। ਨਦੀਨ ਨਾਸ਼ਕਾਂ ਦੀ ਰੋਕਥਾਮ ਲਈ ਗੋਡੀ ਕਰੋ। ਜਿਥੋਂ ਤੱਕ ਹੋ ਸਕੇ ਨਦੀਨ ਨਾਸ਼ਕਾਂ ਦੀ ਵਰਤੋਂ ਨਾ ਕੀਤੀ ਜਾਵੇ। ਲੋਭੀਆ ਦੀਆਂ ਫ਼ਲੀਆਂ ਵੀ ਸਬਜ਼ੀ ਲਈ ਵਰਤੀਆਂ ਜਾਂਦੀਆਂ ਹਨ। ਕਾਉਪੀਜ਼ 263 ਕਿਸਮ ਦੀ ਕਾਸ਼ਤ ਕਰਨੀ ਚਾਹੀਦੀ ਹੈ। ਇਸ ਕਿਸਮ ਤੋਂ ਇਕ ਏਕੜ ਵਿਚੋਂ ਕੋਈ 35 ਕੁਇੰਟਲ ਹਰੀਆਂ ਫ਼ਲੀਆਂ ਪ੍ਰਾਪਤ ਹੋ ਜਾਂਦੀਆਂ ਹਨ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 45 ਅਤੇ ਬੂਟਿਆਂ ਵਿਚਕਾਰ 15 ਸੈਂਟੀਮੀਟਰ ਦਾ ਫ਼ਾਸਲਾ ਰਖਿਆ ਜਾਵੇ। ਇਕ ਏਕੜ ਲਈ 10 ਕਿਲੋ ਬੀਜ ਦੀ ਵਰਤੋਂ ਕਰੋ।
ਇਹ ਵੀ ਪੜ੍ਹੋ: Okra Farming: ਭਿੰਡੀ ਦੀ ਅਗੇਤੀ ਬਿਜਾਈ ਲਈ ਉੱਨਤ ਕਿਸਮਾਂ, 60 ਤੋਂ 70 ਕੁਇੰਟਲ ਤੱਕ ਪੱਕਾ ਝਾੜ, ਹੁਣ ਛੋਟੇ ਕਿਸਾਨ ਵੀ ਕਮਾ ਸਕਦੇ ਹਨ ਲੱਖਾਂ ਰੁਪਏ
ਮਾਰਚ ਦੇ ਮਹੀਨੇ ਕੁਝ ਵਿਹਲ ਹੁੰਦੀ ਹੈ। ਮੌਸਮ ਵੀ ਸੋਹਣਾ ਹੋ ਜਾਂਦਾ ਹੈ। ਇਸੇ ਕਰਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਕਿਸਾਨ ਮੇਲੇ ਲਗਾਏ ਜਾਂਦੇ ਹਨ। ਤੁਸੀਂ ਸਾਰੇ ਹੁੰਮ-ਹੁੰਮਾ ਕੇ ਇਨ੍ਹਾਂ ਮੇਲਿਆਂ ਦਾ ਅਨੰਦ ਮਾਣਦੇ ਹੋ। ਹੋਰ ਕਿਸੇ ਵੀ ਸੰਸਥਾ ਵਿੱਚ ਇਤਨੀ ਭਾਰੀ ਗਿਣਤੀ ਵਿੱਚ ਕਿਸਾਨ ਮੇਲਾ ਵੇਖਣ ਨਹੀਂ ਆਉਂਦੇ। ਪਿਛਲੀ ਵੇਰ ਕਰੋਨਾ ਦੀ ਮਹਾਂਮਾਰੀ ਕਾਰਨ ਇਹ ਮੇਲਾ ਨਹੀਂ ਸੀ ਹੋ ਸਕਿਆ ਪਰ ਯੂਨੀਵਰਸਿਟੀ ਵੱਲੋਂ ਆਨਲਾਈਨ ਇਸ ਦਾ ਪ੍ਰਬੰਧ ਕੀਤਾ ਗਿਆ ਸੀ। ਤੁਹਾਡੇ ਵੱਲੋਂ ਵੀ ਇਸ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਵਾਰ ਵੀ ਮੁੜ ਇਹ ਮੇਲੇ ਲਗਾਏ ਜਾ ਰਹੇ ਹਨ। ਲੁਧਿਆਣੇ ਵਾਲਾ ਮੁੱਖ ਮੇਲਾ 21-22 ਮਾਰਚ ਨੂੰ ਹੋਵੇਗਾ। ਉੱਥੇੇ ਹਾਜ਼ਰ ਮਾਹਿਰਾਂ ਨਾਲ ਖੁਲ੍ਹ ਕੇ ਵਿਚਾਰ ਵਿਟਾਂਦਰਾ ਕਰੋ। ਆਪਣੀਆਂ ਸਮੱਸਿਆਵਾਂ ਦੇ ਹੱਲ ਉਨ੍ਹਾਂ ਤੋਂ ਪੁੱਛੋ।
ਦਾਲਾਂ ਸਾਡੀ ਖੁਰਾਕ ਦਾ ਅਨਿਖੜਵਾਂ ਅੰਗ ਹਨ। ਮਾਂਹ ਅਤੇ ਮੂੰਗੀ ਤਾਂ ਪੰਜਾਬੀਆਂ ਦੀਆਂ ਮਨਭਾਉਂਦੀਆਂ ਦਾਲਾਂ ਹਨ। ਬਜਾਰ ਵਿੱਚ ਇਨ੍ਹਾਂ ਦੀ ਕੀਮਤ ਬਹੁਤ ਵਧ ਗਈ ਹੈ।ਕਿਸਾਨਾਂ ਨੂੰ ਚਾਹੀਦਾ ਹੈ ਕਿ ਘਟੋ-ਘਟ ਘਰ ਦੀ ਲੋੜ ਪੂਰੀ ਕਰਨ ਲਈ ਇਨ੍ਹਾਂ ਦੀ ਕੁਝ ਰਕਬੇ ਵਿੱਚ ਕਾਸ਼ਤ ਜ਼ਰੂਰ ਕੀਤੀ ਜਾਵੇ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਮਾਂਹ ਅਤੇ ਮੂੰਗੀ ਦੀਆਂ ਅਜੇਹੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਬਿਜਾਈ ਹੁਣ ਕੀਤੀ ਜਾ ਸਕਦੀ ਹੈ। ਐਸ.ਐਮ.ਐਲ 1827, ਐਸ.ਐਮ.ਐਲ 668, ਐਸ.ਐਮ.ਐਲ 832 ਮੂੰਗੀ ਦੀਆਂ ਕਿਸਮਾਂ ਹਨ, ਜਦੋਂਕਿ ਮਾਂਹ-1008 ਅਤੇ ਮਾਂਹ-1137 ਮਾਂਹਾਂ ਦੀਆਂ ਕਿਸਮਾ ਹਨ। ਇਨ੍ਹਾਂ ਦੇ ਬੀਜ ਯੂਨੀਵਰਸਿਟੀ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਮੂੰਗੀ ਦਾ 15 ਕਿਲੋ ਅਤੇ ਮਾਂਹਾਂ ਦਾ 20 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ।
ਇਹ ਵੀ ਪੜ੍ਹੋ: Vegetable Cultivation: ਸੁਰੱਖਿਅਤ ਖੇਤੀ ਵਿਚ ਸਬਜ਼ੀਆਂ ਦੇ ਕੀੜੇ-ਮਕੌੜਿਆਂ ਦੀ ਸਰਵਪੱਖੀ ਰੋਕਥਾਮ ਦੇ ਢੰਗ ਅਤੇ ਤਰੀਕੇ
ਦਾਲਾਂ ਦੀ ਕਾਸ਼ਤ ਧਰਤੀ ਦੀ ਸਿਹਤ ਵਿੱਚ ਸੁਧਾਰ ਕਰਦੀ ਹੈ ਪਰ ਫ਼ਿਰ ਵੀ ਬਿਜਾਈ ਸਮੇ 11 ਕਿਲੋ ਯੂਰੀਆ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ।ਇਸ ਦੇ ਨਾਲ ਹੀ ਮੂੰਗੀ ਨੂੰ 100 ਕਿਲੋ ਅਤੇ ਮਾਹਾਂ ਨੂੰ 60 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਪਾਇਆ ਜਾਵੇ। ਨਦੀਨਾਂ ਦੀ ਰੋਕਥਾਮ ਲਈ ਇਕ ਗੋਡੀ ਜ਼ਰੂਰ ਕਰੋ। ਜ਼ੇਕਰ ਆਲੂਆਂ ਪਿੱਛੋਂ ਬਿਜਾਈ ਕਰਨੀ ਹੈ ਫਿਰ ਕਿਸੇ ਵੀ ਖਾਦ ਦੀ ਲੋੜ ਨਹੀ ਹੈ। ਦਾਲਾਂ ਦੀ ਬਿਜਾਈ ਇਸੇ ਮਹੀਨੇ ਕਰ ਦੇਣੀ ਚਾਹੀਦੀ ਹੈ। ਜਦੋਂ 80% ਫ਼ਲੀਆਂ ਪੱਕ ਜਾਣ ਤਾਂ ਵਾਢੀ ਕਰੋ। ਹੋ ਸਕੇ ਤਾਂ ਨਾੜ ਖੇਤ ਵਿਚ ਹੀ ਵਾਹ ਦੇਵੋ। ਜੇਕਰ ਕਮਾਦ ਦੀ ਬਿਜਾਈ ਅਜੇ ਨਹੀਂ ਕੀਤੀ ਤਾਂ ਇਸ ਨੂੰ ਪੂਰਾ ਕਰੋ। ਹੋਰ ਦੇਰ ਠੀਕ ਨਹੀਂ ਹੈ। ਹੁਣ ਦੀ ਬਿਜਾਈ ਲਈ ਸੀ ਓ ਪੀ ਬੀ 95, ਸੀ ਓ ਪੀ ਬੀ 93, ਸੀ ਓ ਪੀ ਬੀ 94, ਸੀ ਓ 238, ਸੀ ਓ ਪੀ ਬੀ 91 ਅਤੇ ਸੀ ਓ ਜੇ 88 ਦੀ ਬਿਜਾਈ ਕਰੋ।
ਕਣਕਾਂ ਨਿਖਰ ਆਈਆਂ ਹਨ। ਖੇਤਾਂ ਵਿੱਚ ਗੇੜਾ ਜ਼ਰੂਰ ਮਾਰੋ, ਜ਼ੇਕਰ ਕਾਂਗਿਆਹੀ ਦਾ ਕੋਈ ਸਿੱਟਾ ਨਜ਼ਰ ਆਵੇ ਤਾਂ ਉਸ ਨੂੰ ਪੁੱਟ ਕੇ ਨਸ਼ਟ ਕਰ ਦਿੱਤਾ ਜਾਵੇ। ਜਿਸ ਖੇਤ ਵਿੱਚੋਂ ਕਣਕ ਬੀਜ ਲਈ ਰੱਖਣੀ ਹੈ ਉਸ ਵਿੱਚੋਂ ਤਾਂ ਦੂਜੇ ਨਦੀਨਾਂ ਦੇ ਬੂਟੇ ਵੀ ਪੁੱਟ ਦਿੱਤੇ ਜਾਣ ਤਾਂ ਜੋ ਸ਼ੁਧ ਬੀਜ ਪ੍ਰਾਪਤ ਹੋ ਸਕੇ।
ਸਰੋਤ: ਡਾ. ਰਣਜੀਤ ਸਿੰਘ
Summary in English: Vegetable Farming: Complete the planting of nursery vegetables, Do this work before the preparation of the field