
ਗੰਡੋਆਂ ਖਾਦ ਤਿਆਰ ਕਰਨ ਦੀ ਵਿਧੀ
How to Make Vermicompost: ਗੰਡੋਇਆਂ ਦੁਆਰਾ ਰਹਿੰਦ ਖੂੰਹਦ ਨੂੰ ਖਾ ਕੇ ਤਿਆਰ ਕੀਤੀ ਖਾਦ ਨੂੰ ਵਰਮੀਕੰਪੋਸਟ ਜਾਂ ਗੰਡੋਆ ਖਾਦ ਕਿਹਾ ਜਾਂਦਾ ਹੈ। ਗੰਡੋਏ ਦੀ ਪਾਚਣ ਨਾਲੀ ਦਾ ਇਕ ਵਿਸ਼ੇਸ਼ ਅੰਗ ਚੱਕੀ ਵਾਂਗ ਕੰਮ ਕਰਦਾ ਹੈ ਅਤੇ ਖਾਦੇ ਹੋਏ ਠੋਸ ਪਦਾਰਥ ਨੂੰ ਪੀਹ ਕੇ ਬਰੀਕ ਬਣਾ ਦਿੰਦਾ ਹੈ। ਗੰਡੋਏ ਦੀ ਪਾਚਨ ਪ੍ਰਣਾਲੀ ਵਿੱਚ ਰਹਿੰਦੇ ਲਾਭਦਾਇਕ ਜੀਵਾਣੂੰ ਇਹਨਾਂ ਪੀਸੇ ਹੋਏ ਪਦਾਰਥਾਂ ਨੂੰ ਹਜ਼ਮ ਕਰਨ ਵਿੱਚ ਸਹਾਈ ਹੁੰਦੇ ਹਨ।
ਵਰਮੀਕੰਪੋਸਟ ਤਿਆਰ ਕਰਨ ਲਈ ਵੱਖ-ਵੱਖ ਕਿਸਮਾਂ ਦੇ ਗੰਡੋਇਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਆਈਸੀਨੀਆ ਫੈਟੀਡਾ, ਯੂਡ੍ਰਿਲਸ ਯੂਜੀਨੀਆ, ਪੇਰੀਓਨਿਕਸ ਐਕਸਾਕਾਵੈਟਸ, ਡਰਾਵਿਡਾ ਸਪੀਸ਼ੀਜ ਪਰ ਇਨ੍ਹਾਂ ਸਭ ਵਿੱਚੋਂ ਵਰਮੀਕੰਪੋਸਟ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਸਭ ਤੋਂ ਢੁਕਵਾਂ ਲਾਲ ਗੰਡੋਇਆਂ ਹੈ ਜਿਸ ਦਾ ਤਕਨੀਕੀ ਨਾਮ ਆਈਸੀਨੀਆ ਫੈਟੀਡਾ ਹੈ। ਇਹਨਾਂ ਦੇ ਵਾਧੇ ਦੀ ਦਰ ਜਿਆਦਾ ਅਤੇ ਜੀਵਨ ਚੱਕਰ ਛੋਟਾ ਹੋਣ ਕਰਕੇ ਖਾਦ ਵਧੀਆ ਅਤੇ ਜਲਦੀ ਤਿਆਰ ਹੁੰਦੀ ਹੈ। ਇਹ ਆਪਣੇ ਵਾਧੇ ਅਤੇ ਗਿਣਤੀ ਨੂੰ ਵਧਾਉਣ ਲਈ ਤਾਪਮਾਨ ਅਤੇ ਨਮੀ ਦੀ ਇੱਕ ਵਿਸ਼ਾਲ ਸ਼੍ਰੇਣੀ ਦਾ ਸਾਹਮਣਾ ਕਰ ਸਕਦੇ ਹਨ।
ਗੰਡੋਏ ਕੀ-ਕੀ ਖਾ ਸਕਦੇ ਹਨ:
ਰਹਿੰਦ ਖੂੰਹਦ ਦਾ ਸੋਮਾ |
ਰਹਿੰਦ ਖੂੰਹਦ ਜੋ ਗੰਡੋਏ ਖਾਂਦੇ ਹਨ |
|
ਖੇਤੀਬਾੜੀ ਦੀ ਰਹਿੰਦ ਖੂੰਹਦ |
||
ਖੇਤਾਂ ਵਿੱਚ |
ਫ਼ਸਲਾਂ ਦੇ ਕੱਟਣ ਉਪਰੰਤ ਬਚਿਆ ਨਾੜ, ਰਹਿੰਦ ਖੂੰਹਦ, ਨਦੀਨ |
|
ਬਾਗਾਂ ਵਿੱਚ |
ਪੱਤੇ, ਫਲਾਂ ਦਾ ਛਿਲਕਾ, ਤਣੇ ਦਾ ਡਿਗਿਆ ਸੱਕ |
|
ਪਸ਼ੂਆਂ ਤੋਂ |
ਗੋਹਾ, ਪਿਸ਼ਾਬ ਅਤੇ ਬਾਇਓ ਗੈਸ ਸਲਰੀ |
|
ਸ਼ਹਿਰਾਂ ਵਿੱਚ |
ਘਰੇਲੂ ਰਸੋਈ, ਰੈਸਟੋਰੈਂਟਾਂ, ਮੰਡੀ ਅਤੇ ਸੀਵਰੇਜ਼ ਦਾ ਫੋਕਟ |
|
ਖੇਤੀ ਅਧਾਰਿਤ ਉਦਯੋਗ |
||
ਫੂਡ ਪ੍ਰੋਸੈਸਿੰਗ |
ਛਿਲਕਾ, ਫਲਾਂ ਅਤੇ ਸਬਜ਼ੀਆਂ ਦਾ ਫੋਕਟ |
|
ਬਨਸਪਤੀ ਤੇਲ |
ਸ਼ੀਰਾ ਅਤੇ ਬੀਜ ਦਾ ਫੋਕਟ |
|
ਖੰਡ ਉਦਯੋਗ |
ਸ਼ੀਰਾ, ਬੁਆਇਲਰ ਦੀ ਸੁਆਹ, ਬੈਗਾਸ, ਗੰਨੇ ਦੀ ਖੋਰੀ |
|
ਡਿਸਟਿਲਰੀ |
ਸਪੰਟ ਵਾਸ਼, ਜੌਂ ਦਾ ਫੋਕਟ ਅਤੇ ਯੀਸਟ ਸਲਜ |
|
ਖੁਸ਼ਬੂਦਾਰ ਤੇਲਾਂ ਦੀ ਪਲਾਂਟ |
ਫੁੱਲਾਂ ਅਤੇ ਫਸਲਾਂ ਦੇ ਤੇਲ ਕੱਢਣ ਤੋਂ ਬਾਅਦ ਬਚੇ ਪੱਤੇ ਅਤੇ ਤਣੇ |
|
ਟਿਸ਼ੂ ਕਲਚਰ ਯੂਨਿਟ |
ਖਾਗਜ਼ |
ਗੰਡੋਇਆ ਦੇ ਫਾਇਦੇ
1) ਗੰਡੋਏ ਆਪਣੇ ਕਾਸਟਿੰਗ ਰਾਹੀਂ ਮਿੱਟੀ ਨੂੰ ਪੌਸ਼ਟਿਕ ਤੱਤਾਂ ਨਾਲ ਭਰਪੂਰ ਕਰਦੇ ਹਨ।
2) ਗੰਡੋਏ ਦੀ ਸੁਰੰਗ ਬਣਾਉਣ ਦੀ ਆਦਤ ਨਾਲ ਮਿੱਟੀ ਵਿੱਚ ਹਵਾ ਅਤੇ ਪਾਣੀ ਦੇ ਆਦਾਨ-ਪ੍ਰਦਾਨ ਵਿੱਚ ਵਾਧਾ ਹੁੰਦਾ ਹੈ।
3) ਇਹ ਮਿੱਟੀ ਵਿੱਚ ਮੌਜੂਦ ਜੈਵਿਕ ਪਦਾਰਥਾਂ ਦੇ ਗਲਨ ਦੀ ਪ੍ਰਕਿਰਿਆ ਨੂੰ ਵਧਾਉਂਦੇ ਹਨ।
4) ਇਹ ਮਿੱਟੀ ਦੀ ਪੋਰੋਸਿਟੀ ਦੇ ਨਾਲ-ਨਾਲ ਮਿੱਟੀ ਵਿੱਚ ਪਾਣੀ ਜਮ੍ਹਾ ਕਰਨ ਦੀ ਸਮਰੱਥਾ ਨੂੰ ਵਧਾਉਂਦੇ ਹਨ।
ਗੰਡੋਆਂ ਖਾਦ ਤਿਆਰ ਕਰਨ ਦੀ ਵਿਧੀ
1. ਵਰਮੀਕੰਪੋਸਟ ਬਣਾਉਣ ਲਈ 6' (ਲੰਬਾਈ)× 3' (ਚੌੜਾਈ)× 2' (ਉਚਾਈ) ਦੇ ਮਾਪ ਵਾਲੇ ਸੀਮਿੰਟ ਬੈੱਡ ਪੱਧਰੀ ਜ਼ਮੀਨ 'ਤੇ ਬਣਾਏ ਜਾਣੇ ਚਾਹੀਦੇ ਹਨ। ਬੈੱਡ ਦੀ ਲੰਬਾਈ ਜਗ੍ਹਾ ਅਤੇ ਸਰੋਤਾਂ ਦੇ ਆਧਾਰ 'ਤੇ ਵੱਖ-ਵੱਖ ਹੋ ਸਕਦੀ ਹੈ।
2. ਬੈੱਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਤਾਂ ਜੋ ਗੰਡੋਇਆ ਦੇ ਮਲ ਅਤੇ ਪਿਸ਼ਾਬ (ਵਰਮੀਵਾਸ਼) ਦੇ ਬਾਹਰ ਰਿਸਾਅ ਤੋਂ ਬਚਿਆ ਜਾ ਸਕੇ।
3. ਸਭ ਤੋਂ ਪਹਿਲਾਂ, ਬੈੱਡਾਂ ਵਿੱਚ ਝੋਨੇ ਦੀ ਪਰਾਲੀ ਦੀ ਜਾਂ ਖਰਾਬ ਮੱਕੀ ਦੇ ਚਾਰੇ ਦੀ ਰਹਿੰਦ-ਖੂੰਹਦ ਦੀ ਇੱਕ ਫੁੱਟ ਦੀ ਪਰਤ ਵਿਛਾਓ। ਝੋਨੇ ਦੀ ਪਰਾਲੀ/ਮੱਕੀ ਦੀ ਰਹਿੰਦ-ਖੂੰਹਦ ਨੂੰ ਪਾਣੀ ਛਿੜਕ ਕੇ ਚੰਗੀ ਤਰ੍ਹਾਂ ਗਿੱਲਾ ਕੀਤਾ ਜਾਂਦਾ ਹੈ ਤਾਂ ਜੋ ਨਮੀ 60-70% ਤੱਕ ਬਣਾਈ ਰੱਖੀ ਜਾ ਸਕੇ।
4. ਇਸ ਤੋਂ ਬਾਅਦ 4-5 ਦਿਨ ਪੁਰਾਣੇ ਗੋਹੇ ਦੀ ਦੂਜੀ ਪਰਤ 2 ਫੁੱਟ ਦੀ ਡੂੰਘਾਈ ਤੱਕ ਪਾਈ ਜਾਂਦੀ ਹੈ।
5. ਬੈੱਡ ਦੀ ਪ੍ਰਤੀ 6 ਫੁੱਟ ਲੰਬਾਈ ਵਾਸਤੇ ਇੱਕ ਕਿਲੋਗ੍ਰਾਮ ਗੰਡੋਆਂ (ਆਈਸੇਨੀਆ ਫੈਟੀਡਾ) ਪਾਓ। ਜੇਕਰ ਬੈੱਡ ਦਾ ਆਕਾਰ ਮਿਆਰੀ ਮਾਪਾਂ ਤੋਂ ਵੱਖਰਾ ਹੋਵੇ ਤਾਂ ਗੰਡੋਇਆ ਦੀ ਮਾਤਰਾ ਵਧਾਈ ਜਾਂ ਘਟਾਈ ਜਾ ਸਕਦੀ ਹੈ।
6. ਵਾਸ਼ਪੀਕਰਨ ਰਾਹੀ ਪਾਣੀ ਦੇ ਨੁਕਸਾਨ ਤੋਂ ਬਚਣ ਲਈ ਭਿੱਜੀ ਹੋਈ ਝੋਨੇ ਦੀ ਪਰਾਲੀ ਦੀ ਦੋ ਇੰਚ ਦੀ ਪਰਤ ਬੈੱਡਾਂ 'ਤੇ ਵਿਛਾਉ ।
7. ਗੰਡੋਇਆ ਲਈ ਹਵਾਦਾਰੀ ਬਣਾਈ ਰੱਖਣ ਅਤੇ ਝੋਨੇ ਦੀ ਪਰਾਲੀ ਦੇ ਗਲਨ ਲਈ ਬੈੱਡਾਂ ਨੂੰ ਹਰ ਹਫ਼ਤੇ ਪਲਟਣਾ ਜ਼ਰੂਰੀ ਹੈ।
8. ਪਾਣੀ ਦਾ ਛਿੜਕਾਅ ਗਰਮੀਆਂ ਦੇ ਦਿਨਾਂ ਵਿੱਚ ਦੋ ਵਾਰ ਅਤੇ ਸਰਦੀਆਂ ਵਿੱਚ 2-3 ਦਿਨਾਂ ਦੇ ਅੰਤਰਾਲ 'ਤੇ ਕੀਤਾ ਜਾਂਦਾ ਹੈ।
9. ਝੋਨੇ ਦੀ ਪਰਾਲੀ ਤੋਂ ਤਿਆਰ ਕੀਤੀ ਵਰਮੀਕੰਮਪੋਸਟ 60-70 ਦਿਨਾਂ ਵਿੱਚ ਅਤੇ ਖਰਾਬ ਮੱਕੀ ਦੇ ਚਾਰੇ ਦੀ ਰਹਿੰਦ-ਖੂੰਹਦ ਤੋਂ ਤਿਆਰ ਕੀਤੀ ਵਰਮੀਕੰਮਪੋਸਟ 45 ਦਿਨਾਂ ਬਾਅਦ ਬਣ ਕੇ ਤਿਆਰ ਹੋ ਜਾਵੇਗੀ।
ਇਹ ਵੀ ਪੜ੍ਹੋ: Kharif Crops ਲਈ ਅਪਣਾਓ ਸੰਯੁਕਤ ਖਾਦ ਪ੍ਰਬੰਧਨ, ਮਿੱਟੀ ਦੀ ਸਿਹਤ ਰਹੇਗੀ ਬਰਕਰਾਰ - ਕਿਸਾਨਾਂ ਨੂੰ ਮਿਲੇਗਾ ਵੱਧ ਝਾੜ
ਗੰਡੋਇਆਂ ਨੂੰ ਖਾਦ ਤੋਂ ਵੱਖ ਕਰਨਾ
ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਦਾ ਅਤੇ ਗੰਧ ਤੋਂ ਰਹਿਤ ਹੁੰਦਾ ਹੈ। ਖਾਦ ਨੂੰ ਗੰਡੋਇਆਂ ਤੋਂ ਵੱਖ ਕਰਨ ਲਈ ਬੈੱਡ ਵਿੱਚ ਨਮੀ ਦੀ ਮਾਤਰਾ ਘੱਟ ਕੀਤੀ ਜਾਂਦੀ ਹੈ। ਇਸ ਦੇ ਨਾਲ ਗੰਡੋਏ ਬੈੱਡ ਦੇ ਅੰਦਰ ਹੇਠਾਂ ਚਲੇ ਜਾਂਦੇ ਹਨ। ਖਾਦ ਦੇ ਢੇਰ ਨੂੰ ਉੱਪਰੋਂ ਵੱਖ ਕੀਤਾ ਜਾਂਦਾ ਹੈ। ਖਾਦ ਨੂੰ ਛਾਨਣੀ ਨੰਬਰ 9 ਅਤੇ 10 ਵਿੱਚੋਂ ਲੰਘਾਇਆ ਜਾਂਦਾ ਹੈ। ਛਾਨਣੀ ਨੰਬਰ 10 ਗੰਡੋਇਆਂ ਅਤੇ ਕੋਕੂਨ ਨੂੰ ਹੇਠਾਂ ਜਾਣ ਤੋਂ ਰੋਕਦੀ ਹੈ ਅਤੇ ਇਸ ਤਰ੍ਹਾਂ ਉਹਨਾਂ ਨੂੰ ਨਵੇਂ ਬੈੱਡਾਂ ਵਿੱਚ ਵਰਤਿਆ ਜਾ ਸਕਦਾ ਹੈ।
ਗੰਡੋਆ ਖਾਦ ਬਣਾਉਣ ਸਮੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ
1. ਵਰਮੀਬੈੱਡਾਂ 'ਤੇ ਛੱਤ ਬਣਾਉਣਾ ਜ਼ਰੂਰੀ ਹੈ ਕਿਉਂਕਿ ਛੱਤ ਬੈੱਡਾਂ ਨੂੰ ਸਿੱਧੀ ਧੁੱਪ, ਮੀਂਹ ਅਤੇ ਠੰਡੀਆਂ ਸਥਿਤੀਆਂ ਤੋਂ ਬਚਾਉਂਦੀ ਹੈ।
2. ਬੈੱਡਾਂ ਵਿੱਚ ਨਮੀ ਬਣਾਈ ਰੱਖਣ ਲਈ, ਹਰ ਰੋਜ਼ ਇਹਨਾਂ 'ਤੇ ਪਾਣੀ ਦਾ ਛਿੜਕਾਅ ਕਰਨਾ ਚਾਹੀਦਾ ਹੈ। ਵਰਮੀਕੰਪੋਸਟ ਤਿਆਰ ਕਰਦੇ ਸਮੇਂ, ਗੰਡੋਇਆਂ ਦੇ ਸਾਹ ਲੈਣ ਲਈ 60-70% ਨਮੀ ਹੋਣੀ ਜ਼ਰੂਰੀ ਹੈ।
3. ਪੰਛੀਆਂ ਅਤੇ ਕੀੜਿਆਂ ਤੋਂ ਗੰਡੋਇਆਂ ਨੂੰ ਬਚਾਉਣ ਲਈ, ਰਹਿੰਦ-ਖੂੰਹਦ ਨੂੰ ਬੋਰੀਆਂ ਜਾਂ ਚਾਦਰਾਂ ਨਾਲ ਢੱਕਣਾ ਚਾਹੀਦਾ ਹੈ। ਹਰ 15 ਦਿਨਾਂ ਬਾਅਦ ਬੈੱਡਾਂ ਦੀ ਹੇਠਲੀ ਪਰਤ ਨੂੰ ਬਿਨ੍ਹਾਂ ਹਿਲਾਏ ਰਹਿੰਦ ਖੂੰਹਦ ਨੂੰ ਹਿਲਾਉਣਾ ਜਰੂਰੀ ਹੈ।
4. ਬੈੱਡਾਂ ਦਾ ਖਾਰੀ ਅੰਗ 7-7.5 ਵਿਚਕਾਰ ਹੋਣਾ ਜ਼ਰੂਰੀ ਹੈ।
5. ਗੰਡੋਇਆਂ ਨੂੰ ਕਦੇ ਵੀ ਧਾਂਤਾਂ (ਲੋਹਾ ਆਦਿ), ਪਲਸਾਟਿਕ ਰਸਾਇਣ, ਤੇਲ, ਸਾਬਣ, ਰੰਗ, ਕੀਟ-ਨਾਸ਼ਕ, ਨਿੰਬੂ ਜਾਤੀ ਦੇ ਫਲਾਂ (ਸੰਤਰਾ, ਮਾਲਟਾ, ਨਿੰਬੂ ਅਤੇ ਗਲਗਲ ਆਦਿ) ਦਾ ਫੋਕਟ, ਪਿਆਜ, ਲੱਸਣ ਦੇ ਛਿਲਕੇ, ਬਹੁਤ ਗਰਮ ਅਤੇ ਮਿਰਚ ਮਸਾਲੇ ਵਾਲੇ ਜਾਂ ਤੇਜ਼ਾਬੀ ਖਾਧ ਪਦਾਰਥ, ਮੀਟ, ਹੱਡੀਆਂ, ਅੰਡੇ, ਚਿਕਨਾਈ ਵਾਲੇ ਪਦਾਰਥ ਖਾਣ ਲਈ ਨਹੀਂ ਦੇਣੇ ਚਾਹੀਦੇ।
ਇਹ ਵੀ ਪੜ੍ਹੋ: Sugarcane Production in India: ਕਿਸਾਨ ਵੀਰੋਂ, ਗਰਮੀਆਂ ਦੇ ਮੌਸਮ ਵਿੱਚ ਇਸ ਤਰ੍ਹਾਂ ਕਰੋ ਕਮਾਦ ਦੀ ਸਾਂਭ ਸੰਭਾਲ, ਚੰਗੇ ਝਾੜ ਨਾਲ ਮਿਲੇਗਾ ਚੰਗਾ ਮੁਨਾਫ਼ਾ
ਵਰਮੀਕੰਪੋਸਟ ਵਿੱਚ ਖੁਰਾਕੀ ਤੱਤਾਂ ਦੀ ਮਾਤਰਾ
ਵਰਮੀਕੰਪੋਸਟ ਵਿੱਚ ਖੁਰਾਕੀ ਤੱਤਾਂ ਦੀ ਮਾਤਰਾ ਗੰਡੋਇਆਂ ਦੁਆਰਾ ਖਾਦੇ ਗਏ ਪਦਾਰਥਾਂ ਵਿਚਲੇ ਖੁਰਾਕੀ ਤੱਤਾਂ ਤੇ ਨਿਰਭਰ ਕਰਦੀ ਹੈ।
ਖੁਰਾਕੀ ਤੱਤ |
ਮਾਤਰਾ |
ਨਾਈਟ੍ਰੋਜਨ (%) |
1.0-1.65 |
ਫ਼ਾਸਫ਼ੋਰਸ (%) |
0.75-0.98 |
ਪੋਟਾਸ਼ੀਅਮ (%) |
1.2-1.28 |
ਕੈਲਸ਼ੀਅਮ (%) |
0.50-4.40 |
ਮੈਗਨੀਸ਼ੀਅਮ (%) |
0.20-0.46 |
ਕਾਰਬਨ ਨਾਈਟ੍ਰੋਜਨ ਅਨੁਪਾਤ |
15:5 |
ਵਰਮੀਕੰਪੋਸਟ ਦੇ ਲਾਭ
1. ਵਰਮੀਕੰਪੋਸਟਿੰਗ ਇੱਕ ਵਾਤਾਵਰਣ ਅਨੁਕੂਲ ਤਕਨਾਲੋਜੀ ਹੈ ਕਿਉਂਕਿ ਇਹ ਰਸਾਇਣਕ ਖਾਦਾਂ ਦੀ ਵਰਤੋਂ ਨੂੰ ਘਟਾਉਣ ਵਿੱਚ ਲਾਭਦਾਇਕ ਹੈ।
2. ਵਰਮੀਕੰਪੋਸਟ ਮਿੱਟੀ ਦੇ ਭੌਤਿਕ, ਰਸਾਇਣਕ ਅਤੇ ਜੈਵਿਕ ਗੁਣਾਂ ਵਿੱਚ ਸੁਧਾਰ ਲਿਆਉਦਾ ਹੈ।
3. ਵਰਮੀਕੰਪੋਸਟ ਵਿੱਚ ਪੌਸ਼ਟਿਕ ਤੱਤ ਆਮ ਖਾਦ ਨਾਲੋਂ ਵੱਧ ਹੁੰਦੇ ਹਨ।
4. ਵਰਮੀਕੰਪੋਸਟ ਨੂੰ ਪਾਉਣ ਨਾਲ ਪੌਦਿਆਂ ਦੀਆਂ ਜੜ੍ਹਾਂ ਦੇ ਵਾਧੇ ਅਤੇ ਵਿਕਾਸ ਵਿੱਚ ਮਦਦ ਮਿਲਦੀ ਹੈ।
5. ਇਸ ਨਾਲ ਮਿੱਟੀ ਵਿੱਚ ਲਾਭਦਾਇਕ ਸੂਖਮ ਜੀਵਾਂ ਦੀ ਗਤੀਵਿਧੀ ਵਧਦੀ ਹੈ।
6. ਵਰਮੀਕੰਪੋਸਟ ਅਤੇ ਗੰਡੋਏ ਵੇਚ ਕੇ ਆਮਦਨ ਪੈਦਾ ਕੀਤੀ ਜਾ ਸਕਦੀ ਹੈ।
ਸਰੋਤ: ਨੀਰਜ ਰਾਣੀ ਅਤੇ ਸੌਹਣ ਸਿੰਘ ਵਾਲੀਆ, ਸਕੂਲ ਆਫ਼ ਆਰਗੈਨਿਕ ਫਾਰਮਿੰਗ, ਪੀਏਯੂ-ਲੁਧਿਆਣਾ
Summary in English: Vermicompost: A step towards organic farming