ਜੇਕਰ ਮੌਸਮ ਦੀ ਜਾਣਕਾਰੀ ਸਹੀ ਸਮੇਂ 'ਤੇ ਕਿਸਾਨਾਂ ਤੱਕ ਪਹੁੰਚ ਜਾਵੇ ਤਾਂ ਫ਼ਸਲਾਂ ਨੂੰ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਅੱਜ ਅਸੀਂ ਵਿਸਥਾਰ ਨਾਲ ਦੱਸਾਂਗੇ ਕਿ ਮੌਸਮ ਦੀ ਜਾਣਕਾਰੀ ਕਿਸਾਨਾਂ ਤੱਕ ਕਿਵੇਂ ਪਹੁੰਚਦੀ ਹੈ?
ਮੌਸਮ ਦਾ ਖੇਤੀਬਾੜੀ ਨਾਲ ਗੂੜ੍ਹਾ ਸੰਬੰਧ ਹੈ, ਫਸਲ ਦੇ ਹਰ ਪੜਾਅ ਤੇ ਮੌਸਮੀ ਤਬਦੀਲੀਆਂ ਦਾ ਅਸਰ ਦੇਖਣ ਨੂੰ ਮਿਲਦਾ ਹੈ। ਜਲਵਾਯੂ ਬਦਲਣ ਦੇ ਕਾਰਨ ਮੌਸਮ ਪਰਿਵਰਤਨ ਵੀ ਵੱਧ ਰਿਹਾ ਹੈ। ਖੇਤੀ ਵਿਗਿਆਨੀ ਦਿਨ-ਬ-ਦਿਨ ਕਈ ਨਵੀਆਂ ਤਕਨੀਕਾਂ ਦਾ ਵਿਕਾਸ ਕਰ ਰਹੇ ਹਨ, ਪਰ ਮੌਸਮੀ ਖਲਬਲੀਆਂ ਕਾਰਨ ਸਫਲਤਾ ਦੀ ਰਫਤਾਰ ਧੀਮੀ ਗਤੀ ਨਾਲ ਚੱਲ ਰਹੀ ਹੈ।
ਕੋਰੋਨਾ ਮਹਾਂਮਾਰੀ ਨੇ ਪੂਰੀ ਮਨੁੱਖਤਾ ਨੂੰ ਕਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਦਿਤਾ ਹੈ। ਇਸ ਬਿਮਾਰੀ ਸਦਕਾ ਜਿੱਥੇ ਸਾਰਾ ਜਨ-ਜੀਵਨ ਪ੍ਰਭਾਵਿਤ ਹੋਇਆ, ਉਥੇ ਕਿਸਾਨਾਂ ਨੂੰ ਖੇਤੀ ਸੰਬੰਧੀ ਨਵੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਪਰ ਇਸ ਤੋਂ ਇਹ ਸਿੱਧ ਹੋ ਗਿਆ ਕਿ ਅੱਜ ਦੇ ਇਸ ਡਿਜ਼ਿਟਲ ਯੁੱਗ ਵਿੱਚ ਇਲੈਕਟ੍ਰੋਨਿਕ ਪਸਾਰ ਸਾਧਨਾਂ ਦੀ ਬਹੁਤ ਮਹੱਤਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਦੀ ਸਹੂਲਤ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਵਲੋਂ ਸਮੇਂ-ਸਮੇਂ ਤੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਕਿਸਾਨਾਂ ਤੱਕ ਹਰ ਜਾਣਕਾਰੀ ਜਲਦੀ ਤੋਂ ਜਲਦੀ ਪਹੁੰਚਾਈ ਜਾਵੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਗਾਤਾਰ ਹੋ ਰਹੀਆਂ ਮੌਸਮੀ ਤਬਦੀਲੀਆਂ ਨੂੰ ਘੋਖਣ ਲਈ ਅਤੇ ਫਸਲਾਂ ਉਪਰ ਇਸਦੇ ਅਸਰ ਨੂੰ ਪੜਚੋਲਣ ਲਈ ਭਾਰਤ ਸਰਕਾਰ ਦੇ ਭਾਰਤ ਮੌਸਮ ਵਿਗਿਆਨ ਵਿਭਾਗ ਤੋਂ ਪ੍ਰਾਪਤ ਮੌਸਮ ਦੀ ਅਗਾਂਹੂ ਜਾਣਕਾਰੀ ਅਤੇ ਮੌਸਮੀ ਸਲਾਹ ਸੇਵਾਵਾਂ ਕਿਸਾਨਾਂ ਤੱਕ ਵੱਖ-ਵੱਖ ਮਾਧਿਅਮਾਂ ਰਾਹੀਂ ਪਹੁੰਚਾਈਆਂ ਜਾਂਦੀਆਂ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤ ਮੌਸਮ ਵਿਗਿਆਨ ਵਿਭਾਗ ਵੱਲੋਂ ਦੇਸ਼ ਦੇ ਹਰ ਸੂਬੇ ਵਿੱਚ ਮੌਸਮ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਗ੍ਰਾਮੀਨ ਕ੍ਰਿਸ਼ੀ ਮੌਸਮ ਸੇਵਾ ਯੋਜਨਾ ਨਾਮ ਹੇਠ ਇੱਕ ਪੋਜੈਕਟ ਚਲਾਇਆ ਜਾ ਰਿਹਾ ਹੈ। ਪੰਜਾਬ ਵਿੱਚ ਇਸ ਪ੍ਰੋਜੈਕਟ ਦੇ ਪੰਜ ਯੂਨਿਟ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਹੁਤ ਸਫਲਤਾ ਪੂਰਵਕ ਚੱਲ ਰਹੇ ਹਨ।ਜਿਨ੍ਹਾਂ ਦੀ ਚੋਣ ਪੰਜਾਬ ਦੇ ਜਲਵਾਯੂ ਦੇ ਅਧਾਰ ਤੇ ਕੀਤੀ ਗਈ ਹੈ, ਜਿਸ ਦਾ ਮੁੱਖ ਧੁਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਹੈ। ਬਾਕੀ ਚਾਰ ਯੂਨਿਟ ਗੁਰਦਾਸਪੁਰ, ਬੱਲੋਵਾਲ ਸੌਕੜ੍ਹੀ, ਫਰੀਦਕੋਟ ਅਤੇ ਬਠਿੰਡਾ ਵਿਖੇ ਕਾਰਜਸ਼ੀਲ ਹਨ। ਪੰਜਾਬ ਦੀਆਂ ਫਸਲਾਂ ਲਈ ਮੌਸਮ ਅਨੁਕੂਲ ਜਾਣਕਾਰੀ ਦੇਣਾ ਹੀ ਇਸ ਯੋਜਨਾ ਦਾ ਮੁੱਖ ਮੰਤਵ ਹੈ। ਇਸਦੇ ਤਹਿਤ ਪੰਜਾਬ ਦੇ ਕਿਸਾਨਾਂ ਲਈ ਹਰ ਮੰਗਲਵਾਰ ਅਤੇ ਸ਼ੁਕਰਵਾਰ ਨੂੰ ਮੌਸਮ ਦੇ ਅਨੁਸਾਰ ਖੇਤੀ ਕਰਨ ਦੀ ਸਲਾਹ ਵੱਖ-ਵੱਖ ਸੰਚਾਰ ਸਾਧਨਾਂ ਰਾਹੀਂ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ।
ਮੌਸਮ ਦੀ ਭਵਿੱਖਬਾਣੀ (Weather Forecast) ਭਾਰਤ ਦੀ ਇੱਕੋ ਇਕ ਨੋਡਲ ਏਜੰਸੀ ਭਾਰਤ ਮੌਸਮ ਵਿਗਿਆਨ ਵਿਭਾਗ ਵੱਲੋਂ ਹੀ ਸਾਰੇ ਦੇਸ਼ ਲਈ ਜਾਰੀ ਕੀਤੀ ਜਾਂਦੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸਭ ਤੋਂ ਪਹਿਲਾਂ ਕਿਸਾਨਾਂ ਲਈ ਮੌਸਮ ਅਧਾਰਿਤ ਬੁਲੇਟਿਨ ਅਜ਼ਾਦੀ ਤੋਂ ਵੀ ਪਹਿਲਾਂ 1945 ਵਿੱਚ ਜਾਰੀ ਕੀਤਾ ਗਿਆ ਸੀ। ਉਸ ਤੋਂ ਬਾਅਦ 1976 ਵਿੱਚ ਖੇਤੀਬਾੜੀ ਯੂਨੀਵਰਸਿਟੀਆਂ/ ਆਈ.ਸੀ.ਏ.ਆਰ (ICAR) ਸੰਸਥਾਵਾਂ ਨੂੰ ਇਸਦੀ ਜ਼ਿੰਮੇਵਾਰੀ ਸੌਂਪੀ ਗਈ। ਜਿਸਦੇ ਮੱਦੇਨਜ਼ਰ ਇਨ੍ਹਾਂ ਅਦਾਰਿਆਂ ਵਿੱਚ ਸਥਾਪਿਤ ਵੱਖ-ਵੱਖ ਵਿਸ਼ਿਆਂ ਦੇ ਖੇਤੀ ਮਾਹਿਰਾਂ ਨਾਲ ਮਿਲ ਕੇ ਇਸ ਨੂੰ ਸਫਲਤਾਪੂਰਵਕ ਅੱਗੇ ਤੋਰਿਆ ਗਿਆ। ਇਸ ਤੋਂ ਬਾਅਦ 2007 ਵਿੱਚ ਸੂਬਾ ਪੱਧਰ ਤੇ ਮੌਸਮ ਵਿਗਿਆਨੀ ਅਤੇ ਹੋਰ ਖੇਤੀ ਵਿਗਿਆਨੀਆਂ ਨੇ ਖੇਤੀ ਮੌਸਮੀ ਸੇਵਾਵਾਂ ਨੂੰ ਕਿਸਾਨਾਂ ਦੀ ਸਹੂਲਤ ਲਈ ਸ਼ੁਰੂ ਕੀਤਾ ਅਤੇ ਰਾਜਸੀ ਬੁਲੇਟਿਨ ਤਿਆਰ ਕੀਤਾ ਜਾਣ ਲੱਗਾ।
ਕਿਸਾਨਾਂ ਤੋਂ ਭਰਵਾਂ ਹੁੰਗਾਰਾ ਮਿਲਣ ਤੇ ਮੌਸਮੀ ਸਲਾਹ ਸੇਵਾਵਾਂ ਨੂੰ ਜ਼ਿਲਾ ਪੱਧਰ ਤੇ ਉਸਾਰਨ ਦਾ ਫੈਸਲਾ ਲਿਆ ਗਿਆ ਅਤੇ 2013 ਵਿੱਚ ਗ੍ਰਾਮੀਨ ਕ੍ਰਿਸ਼ੀ ਮੌਸਮ ਸੇਵਾ ਨਾਮ ਹੇਠ ਜ਼ਿਲਾ ਪੱਧਰ ਤੇ ਮੌਸਮ ਸੰਬੰਧੀ ਜਾਣਕਾਰੀ ਕਿਸਾਨਾਂ ਨੂੰ ਪ੍ਰਦਾਨ ਕੀਤੀ ਜਾਣ ਲੱਗੀ। ਜਿਸ ਵਿੱਚ ਪੰਜਾਬ ਦੇ ਸਾਰੇ ਜ਼ਿਲਿਆਂ ਨੂੰ ਮੌਸਮ ਸੰਬੰਧੀ ਜਾਣਕਾਰੀ ਵੱਖੋ-ਵੱਖਰੇ ਜ਼ਿਲਿਆਂ ਵਿੱਚ ਸਥਾਪਿਤ ਕੇਂਦਰਾਂ ਵੱਲੋਂ ਦਿੱਤੀ ਜਾਂਦੀ ਹੈ।
ਜ਼ਿਲਾ ਪੱਧਰ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਸੂਬੇ ਵਿੱਚ ਪੰਜ ਕੇਂਦਰ (ਏ.ਐਮ.ਐਫ.ਯੂ) ਉਸਾਰੇ ਗਏ ਹਨ, ਜਿਨ੍ਹਾਂ ਵਿੱਚ ਪ੍ਰਮੁੱਖ ਕੇਂਦਰ ਲੁਧਿਆਣਾ ਵੱਲੋਂ 7 ਜ਼ਿਲਿਆਂ (ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਕਪੂਰਥਲਾ, ਲੁਧਿਆਣਾ, ਪਟਿਆਲਾ, ਫਤਿਹਗੜ੍ਹ ਸਾਹਿਬ) ਦੇ ਮੌਸਮ ਦੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਗੁਰਦਾਸਪੁਰ ਕੇਂਦਰ ਵੱਲੋਂ 3 ਜ਼ਿਲਿਆਂ (ਗੁਰਦਾਸਪੁਰ, ਹੁਸ਼ਿਆਰਪੁਰ, ਪਟਾਨਕੋਟ), ਬੱਲੋਵਾਲ ਸੌਂਕੜੀ ਕੇਂਦਰ ਵੱਲੋਂ 3 ਜ਼ਿਲਿਆਂ (ਨਵਾਂ ਸ਼ਹਿਰ, ਰੋਪੜ, ਮੁਹਾਲੀ), ਫਰੀਦਕੋਟ ਕੇਂਦਰ ਵੱਲੋਂ 4 ਜ਼ਿਲਿਆਂ ( ਫਰੀਦਕੋਟ, ਫਿਰੋਜ਼ਪੁਰ, ਮੋਗਾ, ਬਰਨਾਲਾ) ਅਤੇ ਬਠਿੰਡਾ ਵੱਲੋਂ 4 ਜ਼ਿਲਿਆਂ (ਬਠਿੰਡਾ, ਮਾਨਸਾ, ਮੁਕਤਸਰ, ਅਬੋਹਰ) ਦੀ ਮੌਸਮ ਸੰਬੰਧੀ ਜਾਣਕਾਰੀ ਮੁਹੱਈਆ ਕੀਤੀ ਜਾਂਦੀ ਹੈ।
ਜ਼ਿਲਾ ਪੱਧਰ ਤੋਂ ਬਾਅਦ ਬਲਾਕ ਪੱਧਰ ਤੇ ਮੌਸਮ ਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ 2018 ਵਿੱਚ ਸ਼ੁਰੂਆਤ ਕੀਤੀ ਗਈ ਅਤੇ 2019 ਵਿੱਚ ਬਲਾਕ ਪੱਧਰ ਤੇ 5 ਹੋਰ ਜ਼ਿਲਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ) ਵਿੱਚ ਨਵੇਂ ਕੇਂਦਰ, (ਜਲੰਧਰ ਵਿੱਚ ਨੂਰ ਮਹਿਲ ਵਿਖੇ, ਮੋਗਾ ਵਿੱਚ ਬੁੱਧ ਸਿੰਘ ਵਾਲਾ ਵਿਖੇ, ਰੋਪੜ ਵਿਖੇ, ਫਿਰੋਜ਼ਪੁਰ ਵਿੱਚ ਮਲਵਾਲ ਵਿਖੇ ਅਤੇ ਬਰਨਾਲਾ ਵਿੱਚ ਹੰਢਿਆ ਵਿਖੇ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਨੂੰ ਦਾ.ਮੂ. ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਿਸ ਦੇ ਮੱਦੇਨਜ਼ਰ ਸੰਬੰਧਿਤ ਜ਼ਿਲਿਆਂ ਦੇ ਬਲਾਕਾਂ ਨੂੰ ਮੌਸਮ ਦੀ ਜਾਣਕਾਰੀ ਦੇ ਨਾਲ-ਨਾਲ ਸਲਾਹ ਸੇਵਾਵਾਂ ਪਹੁੰਚਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ 2021-22 ਵਿੱਚ ਪੰਜ ਹੋਰ ਜ਼ਿਲਿਆਂ ਵਿੱਚ ਦਾ.ਮੂ. ਸਥਾਪਿਤ ਕਰਨ ਦੀ ਯੋਜਨਾ ਹੈ।
ਮੌਸਮੀ ਸੇਵਾਵਾਂ ਦਾ ਖੇਤੀਬਾੜੀ ਵਿੱਚ ਮਹੱਤਵ: ਮੌਸਮ ਦੇ ਬਦਲਾਅ ਦਾ ਖੇਤੀੇ ਉਤਪਾਦਨ ਅਤੇ ਗੁਣਵੱਤਾ ਉੱਤੇ ਸਭ ਤੋਂ ਜ਼ਿਆਦਾ ਪ੍ਰਭਾਵ ਪੈਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਕਈ ਭਾਗਾਂ ਵਿੱਚ ਤਾਪਮਾਨ ਵਿੱਚ ਵਾਧਾ ਦਰਜ਼ ਕੀਤਾ ਗਿਆ ਹੈ ਉਥੇ ਘੱਟ ਬਾਰਿਸ਼ ਦੀ ਵੀ ਪੁਸ਼ਟੀ ਕੀਤੀ ਗਈ ਹੈ।ਤਾਪਮਾਨ ਵਿੱਚ ਵਾਧਾ ਫਸਲਾਂ ਦਾ ਝਾੜ ਘੱਟ ਕਰਨ ਦੇ ਨਾਲ ਨਾਲ ਜਮੀਨ ਵਿੱਚ ਕਾਰਬਨ ਤੱਤਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਨਮੀ ਅਤੇ ਤਾਪਮਾਨ ਵਿੱਚ ਉਤਾਰ ਚੜ੍ਹਾਅ ਕਾਰਨ ਉੱਲ਼ੀ ਵਾਲੀਆਂ ਬਿਮਾਰੀਆਂ ਵਿੱਚ ਵਾਧਾ ਹੁੰਦਾ ਹੈ।ਮੌਸਮ ਦੀ ਤਬਦੀਲੀ ਨਾਲ ਬਿਮਾਰੀਆਂ ਦਾ ਵੱਧਣਾ ਜਾਂ ਘੱਟਣਾ ਤਾਂ ਸੁਭਾਵਿਕ ਹੀ ਹੈ ਪਰ ਆਮ ਤੌਰ ਤੇ ਠੰਢ ਪੈਣ ਨਾਲ ਕਈ ਬਿਮਾਰੀਆਂ, ਜਿਵੇਂ ਕਿ ਚਿੱਟੋਂ ਅਤੇ ਪੀਲੀ ਕੁੰਗੀ ਦਾ ਫਸਲ ਉੱਤੇ ਜਿਆਦਾ ਹਮਲਾ ਹੋ ਸਕਦਾ ਹੈ, ਜਦੋਂਕਿ ਵੱਧ ਗਰਮੀ ਪੈਣ ਨਾਲ ਪੱਤਿਆਂ ਦਾ ਧੱਬਾ ਰੋਗ ਦੀ ਬਿਮਾਰੀ ਆਉਣ ਦੀ ਸੰਭਾਵਨਾ ਜਿਆਦਾ ਹੁੰਦੀ ਹੈ।
ਇਹ ਵੀ ਪੜ੍ਹੋ : ਪਸ਼ੂਆਂ ਦੀ ਸਿਹਤ ਜਲਵਾਯੂ ਪਰਿਵਰਤਨ `ਤੇ ਵੀ ਨਿਰਭਰ ਕਰਦੀ ਹੈ, ਜਾਣੋ ਕਿਵੇਂ?
ਮੌਸਮ ਦੀ ਅਗੇਤੀ ਜਾਣਕਾਰੀ ਨਾਲ ਮੌਸਮ ਨਾਲ ਸਬੰਧਿਤ ਬਿਮਾਰੀਆਂ ਦੇ ਹਮਲੇ ਬਾਰੇ ਅਗਾਂਹੂ ਚੌਕਸੀ ਵਰਤੀ ਜਾ ਸਕਦੀ ਹੈ। ਮੌਸਮੀ ਅੰਕਿੜਆਂ ਦੇ ਆਧਾਰ ਤੇ ਮੌਨਸੂਨ ਦੇ ਸਮੇਂ ਵਿੱਚ ਸੋਕੇ ਅਤੇ ਬਾਰਿਸ਼ ਦੇ ਸਮੇਂ ਦੀ ਲੰਬਾਈ ਨੂੰ ਕੱਢ ਕੇ ਸੋਕਾ ਗ੍ਰਹਸਿਤ ਇਲਾਕਿਆਂ ਵਿੱਚ ਵੱਧ ਝਾੜ ਲਈ ਢੁਕਵੀਆਂ ਫਸਲਾਂ ਪ੍ਰਸਤਾਵ ਦਿੱਤਾ ਜਾ ਸਕਦਾ ਹੈ। ਮੌਸਮ ਦੀ ਅਗਾੳਂ ਜਾਣਕਾਰੀ ਸਿੰਚਾਈ, ਕੀਟਨਾਸ਼ਕਾਂ ਅਤੇ ਨਦੀਨਾਸ਼ਕਾਂ ਦੀ ਸੁਚੱਜੀ ਵਰਤੋਂ ਵਿੱਚ ਸਹਾਈ ਹੁੰਦੀ ਹੈ। ਝੱਖੜ ਦੀ ਅਗਾਊ ਜਾਣਕਾਰੀ ਨਾਲ ਫਸਲਾਂ ਨੂੰ ਨੁਕਸਾਨ ਤੋਂ ਬਣਾਉਣ ਲਈ ਉਪਰਾਲੇ ਕੀਤੇ ਜਾ ਸਕਦੇ ਹਨ। ਕੋਰੇ ਸਬੰਧੀ ਅਗੇਤੀ ਜਾਣਕਾਰੀ ਮਿਲਣ ਤੇ ਫਸਲਾਂ ਨੂੰ ਹਲਕੀ ਸਿੰਚਾਈ ਬਾਰੇ ਸੁਚੇਤ ਕਰਕੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ।
ਜੇਕਰ ਸਾਨੂੰ ਅੰਦਾਜਾ ਹੋਵੇ ਕਿ ਆਉਣ ਵਾਲੇ 3-4 ਦਿਨਾਂ ਦੌਰਾਨ ਮੀਂਹ ਪੈਣ/ਤੇਜ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਤਾਂ ਅਸੀ ਖੇਤਾਂ ਨੂੰ ਪਾਣੀ ਲਾਉਣ ਅਤੇ ਸਪਰੇਅ ਆਦਿ ਕਰਨ ਤੋਂ ਗੁਰੇਜ਼ ਕਰ ਸਕਦੇ ਹਾਂ। ਜਿਸ ਨਾਲ ਸਪਰੇਅ, ਸਿੰਚਾਈ ਲਈ ਵਰਤੋਂ ਹੋਣ ਵਾਲੇ ਪਾਣੀ,ਬਿਜਲੀ ਅਤੇ ਮਜ਼ਦੂਰੀ ਦੇ ਖਰਚੇ ਤੋਂ ਬੱਚ ਸਕਦੇ ਹਾਂ। ਤਾਪਮਾਨ ਅਤੇ ਨਮੀ ਦੇ ਵੱਧਣ ਜਾਂ ਘੱਟਣ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਕੀਟਾਂ ਦੇ ਬਾਰੇ ਜਾਣਕਾਰੀ ਮਿਲਣ ਨਾਲ ਇਹਨਾਂ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
ਖੇਤੀ ਮੌਸਮ ਅਧਾਰਿਤ ਸਲਾਹਕਾਰ ਸੇਵਾਵਾਂ ਕਿਸਾਨਾਂ ਲਈ ਬਹੁਤ ਲਾਹੇਵੰਦ ਹਨ ਜੋ ਕਿ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ, ਖੇਤੀ ਉਤਪਾਦਨ ਵਧਾਉਣ ਅਤੇ ਮੌਸਮ ਦੇ ਮਾੜੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਸਹਾਈ ਹੁੰਦੀਆਂ ਹਨ। ਇਨ੍ਹਾਂ ਸੇਵਾਵਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ ਲਈ ਇਹ ਜ਼ਰੂਰੀ ਹੈ ਕਿ ਇਸ ਮਹੱਤਵਪੂਰਨ ਜਾਣਕਾਰੀ ਨੂੰ ਕਿਸਾਨਾਂ ਤੱਕ ਥੋੜੇ ਸਮੇਂ ਵਿੱਚ ਜਲਦੀ ਤੋਂ ਜਲਦੀ ਪਹੁੰਚਦਾ ਕੀਤਾ ਜਾਵੇ। ਕਿਸਾਨਾਂ ਤੱਕ ਮੌਸਮ ਸੰਬੰਧੀ ਜਾਣਕਾਰੀ ਮੁਹੱਈਆ ਕਰਨ ਲਈ ਪੀਏਯੂ ਵੱਲੋਂ ਕਈ ਤਰ੍ਹਾਂ ਦੇ ਸੰਚਾਰ ਸਾਧਨਾਂ ਦੀ ਵਰਤੋਂ ਕੀਤੀ ਜਾਦੀ ਹੈ।
ਜਿਸ ਵਿੱਚ ਮੁੱਖ ਰੂਪ ਵਿੱਚ ਐਸ ਐਮ ਐਸ, ਖੇਤੀ ਸੰਦੇਸ਼, ਖੇਤੀ ਬੁਲਿੰਟਨ, ਪੀ.ਏ.ਯੂ. ਦਾ ਕਿਸਾਨ ਪੋਰਟਲ, ਪੀ.ਏ.ਯੂ. ਕਿਸਾਨ ਐਪ, ਪੀ.ਏ.ਯੂ. ਦੀ ਵੈੱਬਸਾਈਟ, ਆਈ ਐਮ ਡੀ ਦੀ ਵੈੱਬਸਾਈਟ ਆਦਿ ਸ਼ਾਮਿਲ ਹਨ। ਕਿਸਾਨਾਂ ਨੂੰ ਸੰਖੇਪ ਰੂਪ ਵਿੱਚ ਰਜ਼ਿਸਟਰਡ ਮੋਬਾਇਲ ਫੋਨ ਉੱਪਰ ਸੰਖੇਪ ਰੂਪ ਵਿੱਚ ਮੌਸਮ ਸੰਬੰਧਿਤ ਸੰਦੇਸ਼ ਭੇਜੇ ਜਾਂਦੇ ਹਨ, ਜਿਨ੍ਹਾਂ ਦਾ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਅਤੇ ਇਹ ਸੰਦੇਸ਼ ਮੁਫਤ ਭੇਜੇ ਜਾਂਦੇ ਹਨ ਸਿਰਫ ਮੋਬਾਇਲ ਨੰਬਰ ਦਾ ਦਰਜ ਹੋਣਾ ਜਰੂਰੀ ਹੈ।
ਇਹ ਵੀ ਪੜ੍ਹੋ : ਜਲਵਾਯੂ ਤਬਦੀਲੀ ਦਾ ਹਾੜ੍ਹੀ ਦੀਆਂ ਫ਼ਸਲਾਂ 'ਤੇ ਪ੍ਰਭਾਵ, ਪੀ.ਏ.ਯੂ ਵਲੋਂ ਸ਼ਿਫਾਰਸ਼ਾਂ ਜਾਰੀ
ਕਿਸਾਨ ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ ਯੋਜਨਾ ਅਧੀਨ ਮੌਸਮ ਦੀ ਭਵਿੱਖਬਾਣੀ ਅਤੇ ਖੇਤੀ ਨਾਲ ਸਬੰਧਿਤ ਜਾਣਕਾਰੀ ਦਾ ਲਾਭ ਲੈਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਇਸਦੇ ਦੇ ਅਧੀਨ ਆਪਣੇ ਨਜਦੀਕੀ ਖੋਜ ਕੇਂਦਰਾਂ/ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਜਾਂ ਭਾਰਤੀ ਮੌਸਮ ਵਿਭਾਗ ਦੀ ਵੈੱਬਸਾਈਟ 'ਤੇ ਆਪਣਾ ਮੋਬਾਇਲ ਨੰਬਰ ਦਰਜ ਕਰਵਾ ਸਕਦੇ ਹਨ। ਖੇਤੀ ਸੰਬੰਧੀ ਸਲਾਹ ਅਤੇ ਅਗਲੇ 24 ਘੰਟਿਆਂ ਦੇ ਮੌਸਮ ਸੰਬੰਧੀ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵੈੱਬਸਾਈਟ www.pau.edu. 'ਤੇ ਵੀ ਉਪਲਬਧ ਹੁੰਦੀ ਹੈ।
ਇਸ ਤੋਂ ਇਲਾਵਾ ਪੀਏਯੂ ਦੀ ਵੈਬਸਾਈਟ ਤੇ ਕਿਸਾਨ ਦੀ ਸੁਵਿਧਾ ਅਤੇ ਹਰ ਖੇਤੀ ਸੰਬੰਧੀ ਜਾਣਕਾਰੀ ਲਈ ਕਿਸਾਨ ਪੋਰਟਲ ਬਣਿਆ ਹੋਇਆ ਹੈ, ਜਿਥੋਂ ਕਿ ਮੌਸਮ ਅਧਾਰਿਤ ਖੇਤੀ ਸਲਾਹ ਦੀ ਵਿਸਥਾਰ ਪੂਰਵਕ ਜਾਣਕਾਰੀ ਲਈ ਜਾ ਸਕਦੀ ਹੈ। ਪੀਏਯੂ ਵੱਲੋਂ ਇੱਕ ਹਫਤਾਵਾਰੀ ਡਿਜ਼ਿਟਲ ਅਖਬਾਰ ‘ਖੇਤੀ ਸੰਦੇਸ਼’ ਜ਼ਾਰੀ ਕੀਤਾ ਜਾਂਦਾ ਹੈ, ਜਿਸ ਵਿੱਚ ਪੀਏਯੂ ਅਤੇ ਖੇਤੀਬਾੜੀ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਨਵੀਨਤਮ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਇਹ ਅਖਬਾਰ ਵਟਸ ਅੱਪ ਗਰੁੱਪਾਂ ਰਾਹੀਂ ਕਿਸਾਨਾਂ ਜਾਂ ਜੋ ਵੀ ਇਨਸਾਨ ਖੇਤੀ ਸੰਬੰਧੀ ਜਾਣਕਾਰੀ ਹਾਸਿਲ ਕਰਨੀ ਚਾਹੁੰਦਾ ਹੋਵੇ, ਉਹਦੇ ਮੋਬਾਇਲ 'ਤੇ ਮੁਫਤ ਭੇਜੀ ਜਾਂਦੀ ਹੈ। ਇਸ ਨੂੰ ਪ੍ਰਾਪਤ ਕਰਨ ਲਈ ਚਾਹਵਾਨ ਕਿਸਾਨ ਵੀਰ ਮੋਬਾਈਲ ਨੰਬਰ 82880 57707 ਨੂੰ ਆਪਣੇ ਚੱਲ ਰਹੇ ਵਟਸ ਅੱਪ ਗਰੁਪਾਂ ਵਿੱਚ ਸ਼ਾਮਿਲ ਕਰ ਕੇ ਹਰ ਤਰ੍ਹਾਂ ਦੀ ਜਾਣਕਾਰੀ ਹਾਸਿਲ ਕਰ ਸਕਦੇ ਹਨ।
ਪੀਏਯੂ ਵੱਲੋਂ ਵਿਕਸਿਤ ‘ਪੀਏਯੂ ਕਿਸਾਨ ਐੱਪ’ ਵੀ ਖੇਤੀ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਦਾ ਬਹੁਤ ਵਧੀਆ ਜ਼ਰੀਆ ਹੈ। ਇਸ ਵਿੱਚ ਰੋਜ਼ਾਨਾ ਮੌਸਮ ਦੀ ਅਗਾਂਹੂ ਜਾਣਕਾਰੀ ਦੇ ਨਾਲ ਮੌਸਮ ਸੰਬੰਧੀ ਸਲਾਹ ਵੀ ਜ਼ਾਰੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਵੱਖ-ਵੱਖ ਸਾਧਨਾਂ ਰਾਹੀਂ ਹਰ ਤਰ੍ਹਾਂ ਦੀ ਮੌਸਮ ਦੀ ਭਵਿੱਖਬਾਣੀ ਅਨੁਸਾਰ ਖੇਤੀ ਸਬੰਧੀ ਢੁਕਵੀਂਆਂ ਸਿਫਾਰਿਸ਼ਾਂ ਨੂੰ ਹੇਠਲੇ ਪੱਧਰ 'ਤੇ ਕਿਸਾਨਾਂ ਤੱਕ ਪਹੁੰਚਾਇਆ ਜਾਂਦਾ ਹੈ, ਜਿਸਦੇ ਨਾਲ ਫਸਲ ਦੇ ਨੁਕਸਾਨ ਨੂੰ ਘਟਾਇਆ ਜਾ ਸਕੇ ਅਤੇ ਇਸ ਨਾਲ ਖੇਤੀ ਵਿੱਚ ਹੋਏ ਆਰਥਿਕ ਨੁਕਸਾਨ ਨੂੰ ਵੀ ਘੱਟ ਕੀਤਾ ਜਾ ਸਕੇ।
ਸੰਸਥਾਵਾਂ ਵੱਲੋਂ ਕੀਤੇ ਗਏ ਉਪਰਾਲੇ ਅਧੀਨ ਕਿਸਾਨਾਂ ਅਤੇ ਆਮ ਲੋਕਾਂ ਨੂੰ ਸੂਚਨਾ ਤਕਨਾਲਜੀ ਨਾਲ ਜੋੜਨ ਲਈ ਅਤੇ ਮੌਸਮ ਸੰਬੰਧੀ ਜਾਣਕਾਰੀ ਬਿਨਾਂ ਕਿਸੇ ਖਰਚੇ ਤੋਂ ਪਹੁੰਚਾਉਣ ਲਈ ਮੌਬਾਇਲ ਐਪਸ ਜਾਰੀ ਕੀਤੀਆਂ ਗਈਆਂ ਹਨ। ਮੇਘਦੂਤ ਐਪ ਭਾਰਤੀ ਮੌਸਮ ਵਿਭਾਗ (IMD), ਇੰਡੀਅਨ ਇੰਸਟੀਚਿਊਟ ਆਫ ਟੋਪੀਕਲ ਮੈਟਰੋਲੋਜੀ (IITM) ਅਤੇ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ICAR) ਦੇ ਸਾਂਝੇ ਯੋਗਦਾਨ ਸਦਕਾ ਲਾਂਚ ਕੀਤੀ ਗਈ ਹੈ। ਜਿਸ ਵਿੱਚ ਪਿਛਲੇ 2-3 ਦਿਨਾਂ ਦਾ ਮੌਸਮ, ਆਉਣ ਵਾਲੇ 5 ਦਿਨਾਂ ਦਾ ਮੌਸਮ ਅਤੇ ਇਸ ਮੌਸਮ ਤੇ ਅਧਾਰਿਤ ਖੇਤੀ ਸੰਬੰਧੀ ਸਿਫਾਰਸ਼ਾਂ (ਫਸਲਾਂ ਦੀ ਬਿਜਾਈ, ਵਾਢੀ, ਸਿੰਚਾਈ, ਖਾਦਾਂ ਪਾਉਣਾ, ਸਪਰੇਅ ਕਰਨ, ਬਿਮਾਰੀਆਂ, ਕੀਟਾਂ ਦਾ ਹਮਲਾ ਅਤੇ ਰੋਕਥਾਮ ਆਦਿ) ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਦਾ ਮੁੱਖ ਮੰਤਵ ਕਿਸਾਨਾਂ ਤੱਕ ਮੌਸਮ ਦੀ ਭਵਿੱਖਬਾਣੀ ਅਤੇ ਸਬੰਧਿਤ ਖੇਤੀ ਧੰਦਿਆਂ ਅਤੇ ਕਾਰਜਾਂ ਦੀ ਜਾਣਕਾਰੀ ਬਿਨਾਂ ਦੇਰੀ ਕੀਤਿਆਂ ਸਮੇਂ ਸਿਰ ਉਪਲੱਬਧ ਕਰਾਉਣਾ ਹੈ।
ਭਾਰਤ ਸਰਕਾਰ ਦੇ ਧਰਤ ਵਿਗਿਆਨ ਮੰਤਰਾਲੇ ਦੇ ਮੌਸਮ ਵਿਗਿਆਨ ਵਿਭਾਗ ਵਲੋਂ ਮੌਸਮ ਦੀ ਭਵਿੱਖਬਾਣੀ ਅਤੇ ਚਿਤਾਵਨੀਆਂ ਦੇ ਪਸਾਰ ਵਿੱਚ ਸੁਧਾਰ ਲਈ ਮੌਬਾਇਲ ਐਪ ‘ਮੌਸਮ’ ਜਾਰੀ ਕੀਤੀ ਗਈ ਹੈ ਜੋ ਕਿ ਆਮ ਲੋਕਾਂ ਲਈ ਮੌਸਮ ਸੰਬੰਧੀ ਜਾਣਕਾਰੀ ਬਿਨਾਂ ਕਿਸੇ ਖਰਚੇ ਤੋਂ ਕਰਾਉਂਦੀ ਹੈ। ਦਾਮਿਨੀ ਐਪ ਦੀ ਮਦਦ ਨਾਲ ਬਿਜਲੀ ਡਿੱਗਣ ਤੋਂ 30-40 ਮਿੰਟ ਪਹਿਲਾਂ ਅਸਮਾਨੀ ਬਿਜਲੀ ਅਜਿਹੀ ਕੁਦਰਤੀ ਆਫਤ ਦੀ ਮੋਬਾਇਲ ਤੇ ਚਿਤਾਵਨੀ ਦਿੱਤੀ ਜਾਂਦੀ ਹੈ। ਇਸ ਨੂੰ ਫੋਨ ਤੇ ਡਾਊਨਲੋਡ ਕਰ ਕੇ ਆਪਣਾ ਨਾਂ, ਮੋਬਾਇਲ ਨੰਬਰ, ਪਿੰਨ ਕੋਡ, ਲੋਕੇਸ਼ਨ ਤੇ ਕਿੱਤਾ ਭਰ ਕੇ ਰਜਿਸਟਰ ਕੀਤਾ ਜਾ ਸਕਦਾ ਹੈ।
Summary in English: Weather closely related to agriculture, know how weather information reaches farmers?