1. Home
  2. ਖੇਤੀ ਬਾੜੀ

Wheat Farming Tips: ਕਣਕ ਦੀ ਬਿਮਾਰੀ ਰਹਿਤ ਫਸਲ ਲਈ ਬਿਜਾਈ ਤੋਂ ਪਹਿਲਾਂ ਲੈਣ ਵਾਲੇ ਫੈਸਲੇ ਅਤੇ ਕਾਰਵਾਈਆਂ 'ਤੇ ਇੱਕ ਨਜ਼ਰ

ਕਿਸਾਨਾਂ ਨੂੰ ਕਿਸਮ ਦੀ ਚੋਣ ਆਪਣੀ ਜ਼ਮੀਨ ਨੂੰ ਮੁੱਖ ਕਰਕੇ ਆਪਣੇ ਖੇਤਰ ਵਿੱਚ ਆਉਣ ਵਾਲੀਆਂ ਬਿਮਾਰੀਆਂ ਦਾ ਧਿਆਨ ਰੱਖ ਕੇ ਕਰਨੀ ਚਾਹੀਦੀ ਹੈ। ਦਸੰਬਰ ਦੇ ਮਹੀਨੇ ਤੋਂ ਆਪਣੇ ਖੇਤਾਂ ਦਾ ਰੋਜ਼ ਗੇੜਾ ਮਾਰਦੇ ਰਹਿਣਾ ਚਾਹੀਦਾ ਹੈ, ਤਾਂ ਜੋ ਉੱਲੀਨਾਸ਼ਕਾਂ ਦਾ ਛਿੜਕਾਅ ਕਰਕੇ ਬਿਮਾਰੀ ਨੂੰ ਜਲਦੀ ਹੀ ਰੋਕਿਆ ਜਾ ਸਕੇ।

Gurpreet Kaur Virk
Gurpreet Kaur Virk
ਕਣਕ ਦੀ ਬਿਮਾਰੀ ਰਹਿਤ ਫਸਲ ਲਈ ਨੁਕਤੇ

ਕਣਕ ਦੀ ਬਿਮਾਰੀ ਰਹਿਤ ਫਸਲ ਲਈ ਨੁਕਤੇ

Wheat Farming: ਹਰ ਸਾਲ ਪੰਜਾਬ ਵਿੱਚ ਸਾਡੀ ਕਣਕ ਹੀ ਫਸਲ ਉੱਪਰ ਬਿਜਾਈ ਤੋਂ ਲੈ ਕੇ ਵਾਢੀ ਤੱਕ ਕਈ ਬਿਮਾਰੀਆਂ ਦਾ ਹਮਲਾ ਹੁੰਦਾ ਹੈ। ਇਨ੍ਹਾਂ ਵਿੱਚੋਂ ਕੁਝ ਬਿਮਾਰੀਆਂ ਇਹੋ ਜਿਹੀਆਂ ਹਨ, ਜਿਨ੍ਹਾਂ ਨੂੰ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਅਤੇ ਸਸਤੇ ਵਿੱਚ ਹੀ ਰੋਕ ਸਕਦੇ ਹਾਂ, ਪਰ ਜੇਕਰ ਅਸੀਂ ਕੁਝ ਗੱਲਾਂ ਦਾ ਧਿਆਨ ਬਿਜਾਈ ਤੋਂ ਪਹਿਲਾਂ ਹੀ ਕਰ ਲਈਏ ਜਿਵੇਂ ਕਿ ਕੁੰਗੀਆਂ, ਕਾਂਗਿਆਂਰੀ ਆਦਿ ਨੂੰ ਬਿਮਾਰੀ ਰਹਿਤ ਕਿਸਮਾਂ ਦੀ ਕਾਸ਼ਤ ਕਰਕੇ ਅਤੇ ਬੀਜ ਦੀ ਸੋਧ ਕਰਕੇ ਰੋਕਿਆ ਜਾ ਸਕਦਾ ਹੈ ਅਤੇ ਬਾਅਦ ਵਿੱਚ ਸਾਨੂੰ ਉੱਲੀਨਾਸ਼ਕਾਂ ਦਾ ਛਿੜਕਾਅ ਨਹੀਂ ਕਰਨਾ ਪੈਂਦਾ।

ਕਿਸਮ ਦੀ ਚੋਣ ਸਾਨੂੰ ਆਪਣੀ ਜ਼ਮੀਨ ਨੂੰ ਮੁੱਖ ਕਰਕੇ ਆਪਣੇ ਖੇਤਰ ਵਿੱਚ ਆਉਣ ਵਾਲੀਆਂ ਬਿਮਾਰੀਆਂ ਦਾ ਧਿਆਨ ਰੱਖ ਕੇ ਕਰਨੀ ਚਾਹੀਦੀ ਹੈ ਜਿਵੇਂ ਕਿ ਨੀਂਮ ਪਹਾੜੀ ਜਿਲ੍ਹਿਆਂ ਵਿੱਚ ਪੀਲੀ ਕੁੰਗੀ ਦਾ ਹਮਲਾ ਹਰ ਸਾਲ ਹੁੰਦਾ ਹੈ, ਖਾਸ ਕਰਕੇ ਉਨ੍ਹਾਂ ਕਿਸਮਾਂ ਤੇ ਜਿਨ੍ਹਾਂ ਵਿੱਚ ਉਸ ਬਿਮਾਰੀ ਲਈ ਛਿੜਕਾਅ ਕਰਨਾ ਪੈਂਦਾ ਹੈ।

ਕਈ ਵਾਰ ਤਾਂ ਇਹ ਬਿਮਾਰੀ ਖਾਸ ਕਰਕੇ ਨੀਂਮ ਪਹਾੜੀ ਇਲਾਕਿਆਂ ਵਿੱਚ ਦਸੰਬਰ ਦੇ ਮਹੀਨੇ ਹੀ ਆ ਜਾਂਦੀ ਹੈ ਅਤੇ ਸਾਨੂੰ ਔਸਤਨ 5-6 ਵਾਰ ਉੱਲੀਨਾਸ਼ਕਾ ਦਾ ਛਿੜਕਾਅ ਕਰਨਾ ਪੈਂਦਾ ਹੈ। ਜਿਸ ਨਾਲ ਸਾਡਾ ਕਾਫੀ ਮਾਲੀ ਨੁਕਸਾਨ ਹੋ ਜਾਂਦਾ ਹੈ। ਪਰ ਜੇਕਰ ਸਾਨੂੰ ਪਤਾ ਹੈ ਕਿ ਸਾਡੇ ਖੇਤਾਂ ਵਿੱਚ ਇਸ ਬਿਮਾਰੀ ਦਾ ਹਮਲਾ ਹੁੰਦਾ ਹੈ ਤਾਂ ਉਨ੍ਹਾਂ ਕਿਸਮਾਂ ਦੀ ਚੋਣ ਕਰੋ, ਜਿਨ੍ਹਾਂ ਵਿੱਚ ਇਸ ਬਿਮਾਰੀ ਦਾ ਟਾਕਰਾ ਕਰਨ ਦੀ ਸਮਰੱਥਾ ਹੋਵੇ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੀ ਫਸਲ ਅਤੇ ਪੂਰੇ ਪੰਜਾਬ ਦੀ ਕਣਕ ਨੂੰ ਕੁੰਗੀਆਂ ਦੇ ਹਮਲੇ ਤੋਂ ਬਚਾਅ ਸਕਦੇ ਹਾਂ।

ਹੇਠਾਂ ਕੁਝ ਕਿਸਮਾਂ ਦਾ ਵੇਰਵਾ ਦਿੱਤਾ ਗਿਆ ਹੈ ਜਿਨ੍ਹਾਂ ਵਿੱਚ ਬਿਮਾਰੀਆਂ ਨੂੰ ਟਾਕਰਾ ਕਰਨ ਦੀ ਸਮਰੱਥਾ ਹੈ। ਕਣਕ ਦੀਆਂ ਬਿਮਾਰੀ ਦਾ ਟਾਕਰਾ ਕਰਨ ਵਾਲੀਆਂ ਸਿਫਾਰਿਸ਼ ਕੀਤੀਆਂ ਕਿਸਮਾਂ:

ਬਿਮਾਰੀ

ਸਿਫਾਰਿਸ਼ ਕੀਤੀਆਂ ਕਿਸਮਾਂ

ਪੀਲੀ ਕੁੰਗੀ

ਪੀ ਬੀ ਡਬਲਯੂ ਜ਼ਿੰਕ 2, ਪੀ ਬੀ ਡਬਲਯੂ ਆਰ ਐਸ 1 , ਪੀ ਬੀ ਡਬਲਯੂ 725, ਉੱਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ 752, ਡਬਲਯੂ ਐਚ ਡੀ 943, ਪੀ ਡੀ ਡਬਲਯੂ 291, ਪੀ ਬੀ ਡਬਲਯੂ 660

ਭੂਰੀ ਕੁੰਗੀ

ਪੀ ਬੀ ਡਬਲਯੂ ਜ਼ਿੰਕ 2, ਪੀ ਬੀ ਡਬਲਯੂ 824, ਪੀ ਬੀ ਡਬਲਯੂ 869, ਪੀ ਬੀ ਡਬਲਯੂ 803, ਡੀ ਬੀ ਡਬਲਯੂ 222, ਡੀ ਬੀ ਡਬਲਯੂ 187, ਪੀ ਬੀ ਡਬਲਯੂ 725, ਉੱਨਤ ਪੀ ਬੀ ਡਬਲਯੂ 343, ਉੱਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ 1 ਜ਼ਿੰਕ, ਐਚ ਡੀ 3226, ਪੀ ਬੀ ਡਬਲਯੂ 771, ਪੀ ਬੀ ਡਬਲਯੂ 757, ਡਬਲਯੂ ਐਚ ਡੀ 943, ਪੀ ਡੀ ਡਬਲਯੂ 291, ਪੀ ਬੀ ਡਬਲਯੂ 660

ਕਰਨਾਲ ਬੰਟ/ ਪੱਤਿਆਂ ਦੀ ਕਾਂਗਿਆਰੀ/ ਸਿਟੇ ਦੀ ਕਾਂਗਿਆਰੀ        

ਡਬਲਯੂ ਐਚ ਡੀ 943, ਪੀ ਡੀ ਡਬਲਯੂ 291

 

ਇਹ ਵੀ ਪੜ੍ਹੋ: Drip Irrigation System ਲਗਾਉਣ ਤੋਂ ਪਹਿਲਾਂ ਇਨ੍ਹਾਂ ਬੁਨਿਆਦੀ ਜਾਣਕਾਰੀਆਂ ਦਾ ਹੋਣਾ ਲਾਜ਼ਮੀ, ਜਾਣੋ ਇਸਦੀ ਮੁਰੰਮਤ ਅਤੇ ਸਾਂਭ ਸੰਭਾਲ ਦੇ ਤਰੀਕੇ

ਕਿਸਮ ਦੀ ਚੋਣ ਤੋਂ ਬਾਅਦ ਦੂਸਰਾ ਮੁੱਖ ਕੰਮ ਹੁੰਦਾ ਹੈ; ਬੀਜ ਦੀ ਸੋਧ। ਕੁਝ ਬਿਮਾਰੀਆਂ ਜਿਵੇਂ ਕਿ ਸਿੱਟਿਆਂ ਦੀ ਕਾਂਗਿਆਰੀ, ਪੱਤਿਆਂ ਦੀ ਕਾਂਗਿਆਰੀ ਜਿਹੜੀਆਂ ਕਿ ਬੀਜ ਰਾਹੀਂ ਫੈਲਦੀਆਂ ਹਨ। ਉਨ੍ਹਾਂ ਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਹੁੰਦਾ ਹੈ ਬੀਜ ਦੀ ਸੋਧ। ਜੇਕਰ ਬੀਜ ਦੀ ਸੋਧ ਨਹੀ ਕੀਤੀ ਅਤੇ ਬਿਮਾਰੀ ਖੇਤ ਵਿੱਚ ਆ ਗਈ ਤਾਂ ਉਸ ਸਮੇਂ ਕੋਈ ਵੀ ਉੱਲੀਨਾਸ਼ਕ ਉਸ ਨੂੰ ਰੋਕ ਨਹੀਂ ਸਕਦਾ। ਕਿਉਂਕਿ ਇਨ੍ਹਾਂ ਬਿਮਾਰੀਆਂ ਕਰਕੇ ਪੂਰਾ ਸਿੱਟਾ ਹੀ ਖਰਾਬ ਹੋ ਜਾਂਦਾ ਹੈ ਇਸ ਲਈ ਝਾੜ ਘੱਟ ਜਾਂਦਾ ਹੈ। ਬਹੁਤ ਥੋੜੇ ਜਿੰਨੇ ਪੈਸੇ ਬੀਜ ਦੀ ਸੋਧ 'ਤੇ ਖਰਚ ਕਰਕੇ ਅਸੀਂ ਹੋਣ ਵਾਲੇ ਵੱਡੇ ਨੁਕਸਾਨ ਤੋਂ ਬਚ ਸਕਦੇ ਹਾਂ। ਪਰ ਬੀਜ ਦੀ ਸੋਧ ਹਮੇਸ਼ਾ ਸਿਫਾਰਿਸ਼ ਕੀਤੀਆਂ ਉੱਲੀਨਾਸ਼ਕਾਂ ਅਤੇ ਸਿਫਾਰਿਸ਼ ਕੀਤੀ ਮਿਕਦਾਰ ਦੇ ਅਨੁਸਾਰ ਬੀਜ ਸੋਧਕ ਡਰੰਮ ਨਾਲ ਹੀ ਕਰਨੀ ਚਾਹੀਦੀ ਹੈ ਤਾਂ ਜੋ ਸਾਰੇ ਦਾਣਿਆਂ ਉੱਪਰ ਦਵਾਈ ਚੰਗੀ ਤਰ੍ਹਾਂ ਲੱਗ ਜਾਵੇ। ਕਣਕ ਦੇ ਬੀਜ ਦੀ ਸੋਧ ਲਈ ਸਿਫਾਰਿਸ਼ ਕੀਤੀਆਂ ਉੱਲੀਨਾਸ਼ਕਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ।

ਕਣਕ ਦੇ ਬੀਜ ਦੀ ਬੀਜ ਸੋਧ ਲਈ ਸਿਫਾਰਿਸ਼ ਕੀਤੀਆਂ ਉੱਲੀਨਾਸ਼ਕਾਂ

ਬਿਮਾਰੀ

ਉੱਲੀਨਾਸ਼ਕ       

ਮਾਤਰਾ (ਪ੍ਰਤੀ 40 ਕਿੱਲੋ ਗ੍ਰਾਮ) 

ਸਿੱਟੇ ਦੀ ਕਾਂਗਿਆਰੀ

ਰੈਕਸਿਲ ਈਜ਼ੀ (ਟੈਬੂਕੋਨਾਜ਼ੋਲ)

13 ਮਿ.ਲਿ. 400 ਮਿ.ਲਿ. ਪਾਣੀ

ਸਿੱਟੇ ਅਤੇ ਪੱਤਿਆਂ ਦੀ ਕਾਂਗਿਆਰੀ

ਓਰੀਅਸ 6 ਐਫ ਐਸ (ਟੈਬੂਕੋਨਾਜ਼ੋਲ)

13 ਮਿ.ਲਿ. 400 ਮਿ.ਲਿ. ਪਾਣੀ

 

 

ਵੀਟਾਵੈਕਸ ਪਾਵਰ 75 ਡਬਲਯੂ ਐਸ(ਕਾਰਬੋਕਸਿਨ +ਟੈਟਰਾਮੀਥਾਈਲ ਥਾਈਯੂਰਮ ਡਾਈਸਲਫਾਈਡ)

120 ਗ੍ਰਾਮ

 

 

ਵੀਟਾਵੈਕਸ 75 ਡਬਲਯੂ ਪੀ (ਕਾਰਬੋਕਸਿਨ)

80 ਗ੍ਰਾਮ

 

 

ਟੈਬੂਸੀਡ/ਸੀਡੈਕਸ/ਐਕਸਜ਼ੋਲ 2 ਡੀ ਐਸ (ਟੈਬੂਕੋਨਾਜ਼ੋਲ)

40 ਗ੍ਰਾਮ

 

ਇਸ ਤਰ੍ਹਾਂ ਬਿਜਾਈ ਤੋਂ ਪਹਿਲਾਂ ਲਏ ਗਏ ਸਹੀ ਫੈਸਲੇ ਅਤੇ ਬੀਜ ਸੋਧ ਸਾਨੂੰ ਬਿਮਾਰੀ ਰਹਿਤ ਫਸਲ ਲੈਣ ਵਿੱਚ ਬਹੁਤ ਕਾਰਗਾਰ ਸਾਬਿਤ ਹੁੰਦੇ ਹਨ। ਬਹੁਤ ਘੱਟ ਪੈਸੇ ਖਰਚ ਕਰਕੇ ਅਸੀਂ ਆਪਣੀ ਫਸਲ ਦਾ ਬਚਾਅ ਕਰ ਸਕਦੇ ਹਾਂ। ਪਰ ਪੀਲੀ ਕੁੰਗੀ ਲਈ ਖਾਸ ਕਰਕੇ ਨੀਂਮ ਪਹਾੜੀ ਇਲਾਕਿਆਂ ਵਿੱਚ, ਸਾਨੂੰ ਥੋੜਾ ਚੇਤਵਾਨ ਰਹਿਣਾ ਚਾਹੀਦਾ ਹੈ।ਕਈ ਵਾਰ ਇਸ ਉੱਲੀ ਦੀ ਨਵੀਂ ਕਿਸਮ ਆਉਣ ਕਰਕੇ ਟਾਕਰਾ ਕਰਨ ਵਾਲੀ ਕਿਸਮ ਉੱਪਰ ਵੀ ਬਿਮਾਰੀ ਦਾ ਹਮਲਾ ਹੌ ਸਕਦਾ ਹੈ। ਇਸ ਲਈ ਖਾਸ ਕਰਕੇ ਨੀਂਮ ਪਹਾੜੀ ਇਲਾਕਿਆਂ ਵਿੱਚ ਸਾਨੂੰ ਹਮੇਸ਼ਾ  ਦਸੰਬਰ ਦੇ ਮਹੀਨੇ ਤੋਂ ਆਪਣੇ ਖੇਤਾਂ ਦਾ ਰੋਜ਼ ਗੇੜਾ ਮਾਰਦੇ ਰਹਿਣਾ ਚਾਹੀਦਾ ਹੈ, ਤਾ ਜੋ ਉੱਲੀਨਾਸ਼ਕਾਂ ਦਾ ਛਿੜਕਾਅ ਕਰਕੇ ਬਿਮਾਰੀ ਨੂੰ ਜਲਦੀ ਹੀ ਰੋਕਿਆ ਜਾ ਸਕੇ।

ਸਰੋਤ: ਜਸਪਾਲ ਕੌਰ, ਅਮਰਜੀਤ ਸਿੰਘ ਅਤੇ ਸੁਨੀਲ ਕੁਮਾਰ

Summary in English: Wheat Farming Tips: A look at pre-sowing decisions and actions for a disease-free wheat crop

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters