1. Home
  2. ਖੇਤੀ ਬਾੜੀ

Wheat Straw: ਕਿਸਾਨ ਵੀਰੋਂ ਕਣਕ ਦੇ ਨਾੜ ਨੂੰ ਖੇਤ ਵਿੱਚ ਸੰਭਾਲੋ, ਅੱਗ ਨਾ ਲਗਾ ਕਿ ਇਸ ਦੇ ਖਰਚਿਆਂ ਵਿੱਚ ਗਰਮ ਰੁੱਤ ਦੀ ਮੂੰਗੀ ਜਾਂ ਹਰੀ ਖਾਦ ਉਗਾਓ

ਝੋਨੇ ਲਈ ਕੱਦੂ ਕਰਨ ਤੋਂ ਬਾਅਦ ਖੇਤ ਵਿੱਚ ਲਵਾਈ ਸਮੇਂ ਨਾੜ ਦੇ ਬਚੇ ਹੋਏ ਹਿੱਸੇ ਤੇਜ਼ ਹਵਾ ਨਾਲ ਇੱਕ ਪਾਸੇ ਇਕੱਠੇ ਹੋ ਜਾਂਦੇ ਹਨ, ਜੋ ਕਿ ਤਾਜ਼ੀ ਲਵਾਈ ਕੀਤੀ ਛੋਟੀ ਪਨੀਰੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜਿਸ ਨਾਲ ਫ਼ਸਲ ਦਾ ਨੁਕਸਾਨ ਹੁੰਦਾ ਹੈ। ਹਾਲਾਂਕਿ ਥੋੜ੍ਹੀ ਜਿਹੀ ਖੇਚਲ ਕਰਕੇ ਨਾ ਸਿਰਫ਼ ਇਸ ਨੂੰ ਖੇਤ ਵਿੱਚ ਸੰਭਾਲਿਆ ਜਾ ਸਕਦਾ ਹੈ, ਬਲਕਿ ਅੱਗ ਨਾ ਲਗਾ ਕਿ ਇਸ ਦੇ ਕਰਚਿਆਂ ਵਿੱਚ ਗਰਮ ਰੁੱਤ ਦੀ ਮੂੰਗੀ ਜਾਂ ਹਰੀ ਖਾਦ ਨੂੰ ਵੀ ਉਗਾਇਆ ਜਾ ਸਕਦਾ ਹੈ, ਆਓ ਜਾਂਦੇ ਹਾਂ ਕਿਵੇਂ..?

Gurpreet Kaur Virk
Gurpreet Kaur Virk
ਕਿਸਾਨਾਂ ਨੂੰ ਅਪੀਲ

ਕਿਸਾਨਾਂ ਨੂੰ ਅਪੀਲ

Wheat Straw: ਕਣਕ ਪੰਜਾਬ ਦੀ ਮੁੱਖ ਫ਼ਸਲ ਹੈ। ਸਾਲ 2021-22 ਦੌਰਾਨ ਇਸ ਦੀ ਕਾਸ਼ਤ 35.26 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਗਈ, ਜਿਸ ਤੋਂ ਕੁੱਲ ਪੈਦਾਵਾਰ 148.65 ਲੱਖ ਟਨ ਹੋਈ ਹੈ। ਪੰਜਾਬ ਵਿੱਚ ਕਣਕ ਦੀ ਵਾਢੀ ਜ਼ਿਆਦਾਤਰ ਕੰਬਾਇਨ ਹਾਰਵੈਸਟਰ ਨਾਲ ਕੀਤੀ ਜਾਂਦੀ ਹੈ। ਵਾਢੀ ਕਰਨ ਉਪਰੰਤ ਕਣਕ ਦੇ ਖੜ੍ਹੇ ਖਰਚਿਆਂ ਤੋਂ ਤੂੜੀ ਵਾਲੀ ਮਸ਼ੀਨ ਦੁਆਰਾ ਤੂੜੀ ਬਣਾਈ ਜਾਂਦੀ ਹੈ। ਤੂੜੀ ਬਣਾਉਂਦੇ ਸਮੇਂ ਤੂੜੀ ਵਿੱਚ ਮਿੱਟੀ ਦੇ ਡਲੇ, ਆਦਿ ਨਾ ਆਉਣ, ਇਸ ਲਈ ਮਸ਼ੀਨ ਨੂੰ ਜ਼ਮੀਨ ਤੋਂ ਥੋੜ੍ਹਾ ਉੱਪਰ ਰੱਖ ਕੇ ਚਲਾਇਆ ਜਾਂਦਾ ਹੈ।

ਤੂੜੀ ਬਣਾਉਣ ਪਿੱਛੋਂ ਬਚਿਆ-ਖੁਚਿਆ ਨਾੜ ਅਤੇ ਜੜ੍ਹਾਂ, ਜੋ ਕਿ ਕੁੱਲ ਨਾੜ ਦਾ ਤਕਰੀਬਨ 10-15% ਹੀ ਹੁੰਦਾ ਹੈ, ਬਚ ਜਾਂਦਾ ਹੈ। ਆਮ ਤੌਰ ਤੇ ਕਿਸਾਨ ਵੀਰ ਇਸ ਨੂੰ ਅੱਗ ਲਗਾ ਕੇ ਸਾੜ ਦਿੰਦੇ ਹਨ ਜਿਸ ਨਾਲ ਨਾ ਸਿਰਫ਼ ਮਿੱਟੀ ਵਿੱਚੋਂ ਉਪਜਾਊ ਤੱਤਾਂ ਦਾ ਖਾਤਮਾ ਹੁੰਦਾ ਹੈ ਬਲਕਿ ਮਿੱਟੀ ਦੀ ਉੱਪਰਲੀ ਸੱਤ੍ਹਾ ਵਿੱਚ ਰਹਿਣ ਵਾਲੇ ਸੂਖਮ ਜੀਵਾਣੂਆਂ ਦਾ ਵੀ ਨਾਸ਼ ਹੋ ਜਾਂਦਾ ਹੈ।

ਕਿਸਾਨਾਂ ਦਾ ਕਹਿਣਾ ਹੁੰਦਾ ਹੈ ਕਿ ਝੋਨੇ ਲਈ ਕੱਦੂ ਕਰਨ ਤੋਂ ਬਾਅਦ ਖੇਤ ਵਿੱਚ ਲਵਾਈ ਸਮੇਂ ਨਾੜ ਦੇ ਬਚੇ ਹੋਏ ਹਿੱਸੇ ਤੇਜ਼ ਹਵਾ ਨਾਲ ਇੱਕ ਪਾਸੇ ਇਕੱਠੇ ਹੋ ਜਾਂਦੇ ਹਨ, ਜੋ ਕਿ ਤਾਜ਼ੀ ਲਵਾਈ ਕੀਤੀ ਛੋਟੀ ਪਨੀਰੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜਿਸ ਨਾਲ ਫ਼ਸਲ ਦਾ ਨੁਕਸਾਨ ਹੁੰਦਾ ਹੈ। ਹਾਲਾਂਕਿ ਥੋੜ੍ਹੀ ਜਿਹੀ ਖੇਚਲ ਕਰਕੇ ਨਾ ਸਿਰਫ਼ ਇਸ ਨੂੰ ਖੇਤ ਵਿੱਚ ਸੰਭਾਲਿਆ ਜਾ ਸਕਦਾ ਹੈ, ਬਲਕਿ ਅੱਗ ਨਾ ਲਗਾ ਕਿ ਇਸ ਦੇ ਖਰਚਿਆਂ ਵਿੱਚ ਗਰਮ ਰੁੱਤ ਦੀ ਮੂੰਗੀ ਜਾਂ ਹਰੀ ਖਾਦ ਨੂੰ ਵੀ ਉਗਾਇਆ ਜਾ ਸਕਦਾ ਹੈ।

1. ਗਰਮ ਰੁੱਤ ਦੀ ਮੂੰਗੀ ਦੀ ਹੈਪੀ ਸੀਡਰ ਜਾਂ ਜੀਰੋ ਟਿੱਲ ਡਰਿੱਲ ਨਾਲ ਬਿਜਾਈ

ਗਰਮ ਰੁੱਤ ਦੀ ਮੂੰਗੀ ਦੀਆਂ ਉੱਨਤ ਕਿਸਮਾਂ ਐਸ ਐਮ ਐਲ 1827, ਐਸ ਐਮ ਐਲ 832 ਅਤੇ ਐਸ ਐਮ ਐਲ 668 ਨੂੰ ਜ਼ੀਰੋ ਟਿੱਲ ਡਰਿੱਲ ਜਾਂ ਹੈਪੀ ਸੀਡਰ ਨਾਲ ਰੌਣੀ ਕਰਨ ਉਪਰੰਤ ਵੱਤਰ ਆਉਣ ’ਤੇ ਬੀਜਿਆ ਜਾ ਸਕਦਾ ਹੈ। ਮੂੰਗੀ ਦੀ ਬਿਜਾਈ ਹਰ ਹਾਲਤ ਵਿੱਚ 20 ਅਪ੍ਰੈਲ ਤੱਕ ਮੁਕੰਮਲ ਕਰ ਲਵੋ। ਬੀਜ ਦੀ ਮਾਤਰਾ ਐਸ ਐਮ ਐਲ 668 ਕਿਸਮ ਲਈ 15 ਕਿੱਲੋ ਅਤੇ ਬਾਕੀ ਕਿਸਮਾਂ ਲਈ 12 ਕਿੱਲੋ ਪ੍ਰਤੀ ਏਕੜ ਸਿਫ਼ਾਰਸ਼ ਕੀਤੀ ਗਈ ਹੈ। ਬਿਜਾਈ ਕਰਨ ਸਮੇਂ ਕਤਾਰ ਤੋਂ ਕਤਾਰ ਦਾ ਫਾਸਲਾ 22.5 ਸੈਂਟੀਮੀਟਰ, ਬੂਟੇ ਤੋਂ ਬੂਟੇ ਦਾ ਫਾਸਲਾ 7 ਸੈਂਟੀਮੀਟਰ ਅਤੇ ਡੂੰਘਾਈ 4 ਤੋਂ 6 ਸੈਂਟੀਮੀਟਰ ਰੱਖੋ। ਬਿਜਾਈ ਸਮੇਂ 5 ਕਿੱਲੋ ਨਾਈਟ੍ਰੋਜਨ (11 ਕਿੱਲੋ ਯੂਰੀਆ) ਅਤੇ 16 ਕਿੱਲੋ ਫਾਸਫੋਰਸ (100 ਕਿੱਲੋ ਸਿੰਗਲ ਸੁਪਰ ਫਾਸਫੇਟ) ਡਰਿੱਲ ਕਰੋ। ਬਿਜਾਈ ਤੋਂ 25 ਦਿਨਾਂ ਬਾਅਦ ਪਹਿਲਾ ਪਾਣੀ ਲਗਾਓ ਅਤੇ ਆਖਰੀ ਸਿੰਜਾਈ 55 ਦਿਨਾਂ ਬਾਅਦ ਬੰਦ ਕਰ ਦਿਓ ਤਾਂ ਜੋ ਫ਼ਲੀਆਂ ਇਕਸਾਰ ਪੱਕ ਜਾਣ।

2. ਹਰੀ ਖਾਦ ਲਈ ਢੈਂਚਾ (ਜੰਤਰ) ਦੀ ਕਾਸ਼ਤ

ਢੈਂਚੇ ਦੀ ਹਰੀ ਖਾਦ ਮਿੱਟੀ ਵਿੱਚ ਨਾਈਟ੍ਰੋਜਨ ਤੱਤ ਦੀ ਉਪਲੱਬਧਤਾ ਵਧਾਉਣ ਦੇ ਨਾਲ-ਨਾਲ ਮਿੱਟੀ ਦੀ ਹਾਲਤ ਵਿੱਚ ਵੀ ਸੁਧਾਰ ਕਰਦੀ ਹੈ। ਹਰੀ ਖਾਦ ਲਈ ਇਸ ਦੀ ਕਿਸਮ ਪੰਜਾਬ ਢੈਂਚਾ-1 ਦਾ 20 ਕਿੱਲੋ ਬੀਜ 20-22 ਸੈਂਟੀਮੀਟਰ ਦੂਰੀ ’ਤੇ ਅਪ੍ਰੈਲ ਮਹੀਨੇ ਵਿੱਚ ਡਰਿੱਲ ਕਰ ਦੇਣਾ ਚਾਹੀਦਾ ਹੈ। ਚੰਗਾ ਜੰਮ ਪ੍ਰਾਪਤ ਕਰਨ ਲਈ ਬੀਜ ਨੂੰ 8 ਤੋਂ 10 ਘੰਟੇ ਲਈ ਪਾਣੀ ਵਿੱਚ ਭਿਓਂ ਲਵੋ। ਬਿਜਾਈ ਸਮੇਂ 12 ਕਿੱਲੋ ਫਾਸਫੋਰਸ (75 ਕਿੱਲੋ ਸਿੰਗਲ ਸੁਪਰ ਫਾਸਫੇਟ) ਵਰਤੋ। ਜੇਕਰ ਕਣਕ ਵਿੱਚ ਫਾਸਫੋਰਸ ਦੀ ਸਿਫ਼ਾਰਸ਼ ਕੀਤੀ ਮਾਤਰਾ ਦੀ ਵਰਤੋਂ ਗਈ ਹੈ ਤਾਂ ਢੈਂਚੇ ਵਿੱਚ ਇਸ ਦੀ ਵਰਤੋਂ ਨਾ ਕਰੋ। ਫ਼ਸਲ 50-60 ਦਿਨਾਂ ਵਿੱਚ ਹਰੀ ਖਾਦ ਲਈ ਤਿਆਰ ਹੋ ਜਾਂਦੀ ਹੈ।

ਇਹ ਵੀ ਪੜ੍ਹੋ : Gond Katira: ਗੂੰਦ ਕਤੀਰਾ ਦੀ ਖੇਤੀ ਕਰਕੇ ਕਿਸਾਨ ਆਸਾਨੀ ਨਾਲ ਕਮਾ ਸਕਦੇ ਹਨ ਲੱਖਾਂ ਰੁਪਏ, ਇਹ ਤਕਨੀਕ ਕਿਸਾਨਾਂ ਲਈ ਵਰਦਾਨ

3. ਹਰੀ ਖਾਦ ਲਈ ਸਣ ਦੀ ਬਿਜਾਈ

ਸਣ ਛੇਤੀ ਵਧਣ ਵਾਲੀ ਫ਼ਸਲ ਹੈ ਅਤੇ ਸੋਕਾ, ਖਾਰੀਆਂ ਅਤੇ ਤੇਜ਼ਾਬੀ ਹਾਲਤਾਂ ਨੂੰ ਸਹਿਣ ਕਰਨ ਦੀ ਸੱਮਰਥਾ ਰੱਖਦੀ ਹੈ। ਇਸ ਦੀ ਹਰੀ ਖਾਦ ਕਲਰਾਠੀਆਂ ਜਮੀਨਾਂ ਵਿੱਚ ਸੁਧਾਰ ਕਰਦੀ ਹੈ। ਸਣ ਦੀਆਂ ਪ੍ਰਮਾਣਿਤ ਕਿਸਮ ਪੀ ਏ ਯੂ 1691 ਦੀ ਬਿਜਾਈ ਅਪ੍ਰੈਲ ਮਹੀਨੇ ਵਿੱਚ 20 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ। ਇਸ ਦੀ ਬਿਜਾਈ 22.5 ਸੈਂਟੀਮੀਟਰ ਦੀ ਵਿੱਥ ’ਤੇ ਡਰਿੱਲ ਨਾਲ ਕਤਾਰਾਂ ਵਿੱਚ ਜਾਂ ਛਿੱਟੇ ਨਾਲ ਕਰੋ। ਬੀਜ ਨੂੰ ਭਿਓਂ ਕੇ ਬਿਜਾਈ ਕਰਨ ਨਾਲ ਚੰਗਾ ਜੰਮ ਪ੍ਰਾਪਤ ਕੀਤਾ ਜਾ ਸਕਦਾ ਹੈ।

4. ਝੋਨੇ ਦੀ ਕਾਸ਼ਤ ਲਈ ਖੇਤ ਦੀ ਤਿਆਰੀ

ਕਣਕ ਦੀ ਵਾਢੀ ਅਤੇ ਤੂੜੀ ਬਣਾਉਣ ਤੋਂ ਬਾਅਦ ਬਚੇ-ਖੁਚੇ ਕਰਚਿਆਂ ਨੂੰ ਤਵੀਆਂ ਨਾਲ ਸੁੱਕੇ ਖੇਤ ਵਿੱਚ ਵਾਹ ਦਿਓ ਅਤੇ ਧੁੱਪ ਲੱਗਣ ਦਿਓ। ਖੇਤ ਵਿੱਚ ਸਿੰਚਾਈ ਨਾ ਕਰੋ। ਧੁੱਪ ਲੱਗਣ ਨਾਲ ਖੇਤ ਵਿੱਚ ਮੌਜੂਦ ਹਾਨੀਕਾਰਕ ਉੱਲੀਆਂ ਅਤੇ ਕੀੜੇ ਮਕੌੜੇ ਨਸ਼ਟ ਹੋ ਜਾਂਦੇ ਹਨ। ਜੇਕਰ ਮੀਂਹ ਪੈਂਦਾ ਹੈ ਤਾਂ ਖੇਤ ਨੂੰ ਦੁਬਾਰਾ ਤਵੀਆਂ ਜਾਂ ਹਲਾਂ ਨਾਲ ਵਾਹ ਦਿਓ। ਇਸ ਤਰ੍ਹਾਂ ਕਰਨ ਨਾਲ ਝੋਨੇ ਦੀਆਂ ਬਿਮਾਰੀਆਂ ਅਤੇ ਕੀਟਾਂ ਦੀ ਕਾਫੀ ਹੱਦ ਤੱਕ ਰੋਕਥਾਮ ਕੀਤੀ ਜਾ ਸਕਦੀ ਹੈ। ਜੂਨ ਮਹੀਨੇ ਝੋਨਾ ਲਾਉਣ ਵੇਲੇ ਖੇਤ ਨੂੰ ਲੇਜਰ ਕਰਾਹੇ ਨਾਲ ਪੱਧਰਾ ਕਰਨ ਉਪਰੰਤ ਭਰਵੀਂ ਰੌਣੀ ਕਰਕੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ ਜਾਂ ਫ਼ਿਰ ਕੱਦੂ ਕਰਕੇ ਪਨੀਰੀ ਨਾਲ ਝੋਨੇ ਦੀ ਲਵਾਈ ਕੀਤੀ ਜਾ ਸਕਦੀ ਹੈ।

ਸਰੋਤ: ਰੁਕਿੰਦਰ ਪ੍ਰੀਤ ਸਿੰਘ ਧਾਲੀਵਾਲ ਅਤੇ ਮਨਦੀਪ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ (ਖੇੜੀ)

Summary in English: Wheat Straw: Keep the wheat straw in the field, grow warm season mung bean or green manure at its expense.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters