Wheat Crop: ਭਾਰਤ ਵਿੱਚ ਕਣਕ ਦੀ ਪੈਦਾਵਾਰ ਵਿੱਚ ਪੰਜਾਬ ਮੋਹਰੀ ਸੂਬਾ ਹੈ ਜਿਸ ਦੀ ਪ੍ਰਤੀ ਹੈਕਟੇਅਰ ਔਸਤਨ ਪੈਦਾਵਾਰ 4.8 ਤੋਂ 5.1 ਮੀਟਰਿਕ ਟਨ ਹੈ। ਪੰਜਾਬ ਵਿੱਚ ਵਧੇਰੇ ਪੈਦਾਵਾਰ ਵਿੱਚ ਇਥੋਂ ਦਾ ਅਨੁਕੂਲ ਵਾਤਾਵਰਣ, ਉਪਜਾਊ ਜ਼ਮੀਨ, ਵਧੀਆ ਸਿੰਚਾਈ ਪ੍ਰਬੰਧ, ਖਾਦਾਂ, ਖੇਤੀ ਮਸ਼ੀਨੀਕਰਨ ਅਤੇ ਸਭ ਤੋਂ ਅਹਿਮ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦੇ ਸੁਧਰੇ ਬੀਜ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਗਾਤਾਰ ਵਧੇਰੇ ਝਾੜ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਣ ਵਾਲੀਆਂ ਕਿਸਮਾਂ ਦੀ ਸਿਫ਼ਾਰਿਸ਼ ਕਰਦੀ ਹੈ। ਸਮੇਂ ਸਮੇਂ ਸਿਫ਼ਾਰਿਸ਼ ਕਿਸਮਾਂ ਵਿੱਚ ਪੀ ਬੀ ਡਬਲਯੂ 826 ਕਿਸਾਨਾਂ ਦੇ ਦਿਲਾਂ ਵਿੱਚ ਉਮੀਦ ਦੀ ਕਿਰਨ ਵਜੋਂ ਸਾਹਮਣੇ ਆਈ ਜਿਸ ਨੇ ਨਾ ਸਿਰਫ ਵਧੇਰੇ ਝਾੜ ਬਲਕਿ ਕਿਸਾਨਾਂ ਨੂੰ ਖੁਸ਼ੀ ਅਤੇ ਸੰਤੁਸ਼ਟੀ ਦਾ ਅਹਿਸਾਸ ਦਵਾਇਆ।
ਪੀ ਬੀ ਡਬਲਯੂ 826 ਦੀ ਸਿਫਾਰਸ਼ ਸਮੇਂ ਸਿਰ ਸੇਂਜੂ ਹਾਲਾਤਾਂ ਲਈ ਪੂਰੇ ਪੰਜਾਬ ਲਈ ਕੀਤੀ ਗਈ ਹੈ। ਇਹ ਕਿਸਮ ਔਸਤਨ 24.0 ਕੁਇੰਟਲ ਪ੍ਰਤੀ ਏਕੜ ਝਾੜ ਦੇਣ ਦੀ ਸਮਰੱਥਾ ਰੱਖਦੀ ਹੈ। ਸਮੇਂ ਸਿਰ ਸੇਂਜੂ ਹਾਲਾਤਾਂ ਵਿੱਚ ਕੀਤੇ ਬਹੁ-ਪੱਧਰੀ ਤਜਰਬਿਆਂ ਵਿੱਚ ਪੀ ਬੀ ਡਬਲਯੂ 826 ਨੇ ਐੱਚ ਡੀ 3086, ਐੱਚ ਡੀ 2967, ਡੀ ਬੀ ਡਬਲਯੂ 222 ਅਤੇ ਪੀ ਬੀ ਡਬਲਯੂ 766 ਨਾਲੋਂ ਕਰਮਵਾਰ 15.5, 31.6, 11.3, 8.7 ਅਤੇ 4.4 ਪ੍ਰਤੀਸ਼ਤ ਵਧੇਰੇ ਰਿਕਾਰਡ ਕੀਤਾ ਗਿਆ। ਇਸ ਦੇ ਦਾਣੇ ਮੋਟੇ ਹੋਣ ਕਰਕੇ ਇਸਦੇ ਦਾਣਿਆਂ ਦਾ ਵਜ਼ਨ ਅਤੇ ਹੈਕਟੋਲਿਟਰ ਵਜ਼ਨ ਜ਼ਿਆਦਾ ਹੁੰਦਾ ਹੈ। ਇਸਦਾ ਕੱਦ ਤਕਰੀਬਨ 100 ਸੈ. ਮੀ ਹੈ ਜੋ ਕਿ ਬਾਕੀ ਕਿਸਮਾਂ ਨਾਲੋਂ ਮੱਧਰੀ ਹੈ ਅਤੇ ਇਹ 148 ਦਿਨਾਂ ਵਿੱਚ ਪੱਕ ਦੇ ਤਿਆਰ ਹੋ ਜਾਂਦੀ ਹੈ ਜੋ ਕਿ 7-9 ਦਿਨ ਅਗੇਤੀ ਤਿਆਰ ਹੋ ਜਾਂਦੀ ਹੈ।
ਇਸ ਵਿੱਚ ਵਧੇਰੇ ਤਾਪਮਾਨ ਨਾਲ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਦੇਸ਼ ਪੱਧਰੀ ਕੀਤੇ ਖੋਜ ਤਜਰਬਿਆ ਵਿੱਚ ਉੱਤਰ-ਪੱਛਮੀ ਮੈਦਾਨੀ ਖੇਤਰ (ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉਤਰ ਪ੍ਰਦੇਸ਼, ਰਾਜਸਥਾਨ, ਉਤਰਾਖੰਡ, ਜੰਮੂ ਅਤੇ ਹਿਮਾਚਲ ਪ੍ਰਦੇਸ਼) ਵਿੱਚ ਲਗਾਤਾਰ ਤਿੰਨ ਸਾਲ 2019-20 ਤੋਂ 2021-22 ਤੱਕ ਅਤੇ ਉੁੱਤਰ ਪੂਰਬੀ ਮੈਦਾਨੀ ਖੇਤਰ ( ਉੱਤਰੀ ਯੂ ਪੀ, ਬਿਹਾਰ, ਝਾਰਖੰਡ, ਉੜੀਸਾ, ਅਸਾਮ) ਅਤੇ ਉੱਤਰ ਪੂਰਬੀ ਸੂਬਿਆਂ ਵਿੱਚ ਦੋ ਸਾਲ (2019-2020 ਅਤੇ 2020-21) ਦੇ ਤਜਰਬਿਆਂ ਵਿੱਚ ਪੀ ਬੀ ਡਬਲਯੂ 826 ਪਰਖ ਅਧੀਨ ਸਾਰੀਆਂ ਕਿਸਮਾਂ ਵਿੱਚੋਂ ਪਹਿਲਾਂ ਸਥਾਨ 'ਤੇ ਰਹੀ। ਇਸ ਦੀ ਬਹੁਤ ਵਧੀਆ ਕਾਰਗੁਜ਼ਰੀ ਕਰਕੇ ਇਹ ਕਿਸਮ ਉਤਰ ਪੱਛਮੀ ਮੈਦਾਨੀ ਅਤੇ ਉਤਰ ਪੱਛਮੀ ਮੈਦਾਨੀ ਖੇਤਰਾਂ ਵਿੱਚ ਸਿਫ਼ਾਰਿਸ਼ ਕੀਤੀ ਗਈ ਹੈ।
ਪੀ ਬੀ ਡਬਲਯੂ 826 ਦਾ ਵਾਤਾਵਰਣ ਅਤੇ ਪ੍ਰਜੀਵੀ ਤਣਾਅ ਦਾ ਟਾਕਰਾ ਕਰਨ ਦੀ ਸਮਰੱਥਾ ਹੋਣ ਕਾਰਨ ਸਾਲ 2023-24 ਵਿੱਚ ਇਹ ਕਿਸਮ ਕਿਸਾਨਾਂ ਬਹੁਤ ਹੀ ਪ੍ਰਚਲਿਤ ਹੋ ਗਈ ਕਿ ਕਿਸਾਨ ਮੇਲਿਆਂ ਵਿੱਚ ਇਸ ਕਿਸਮ ਦਾ ਬੀਜ ਖ੍ਰੀਦਣ ਲਈ ਹੁੰਮ ਹੁਮਾ ਕੇ ਪਹੁੰਚੇ। ਪੀ ਬੀ ਡਬਲਯੂ 826 ਦਾ ਔਸਤਨ ਝਾੜ 24 ਕੁਇੰਟਲ ਪ੍ਰਤੀ ਏਕੜ ਰਿਹਾ। ਵਧੇਰੇ ਝਾੜ ਦੇ ਨਤੀਜੇ ਵਜੋਂ ਕਿਸਾਨਾਂ ਵਿੱਚ ਸੁਰੱਖਿਅਤ ਖੁਰਾਕ ਦੇ ਨਾਲ ਨਾਲ ਆਰਥਿਕ ਖੁਸ਼ਹਾਲੀ ਲਿਆਉਣ ਵਿੱਚ ਵੀ ਸਮਰੱਥ ਹੋਈ।
ਪੀ ਬੀ ਡਬਲਯੂ 869: ਇਸ ਕਿਸਮ ਨੂੰ ਝੋਨੇ ਦੇ ਵੱਢ ਵਿੱਚ ਜ਼ੀਰੋ ਟੀਲੇਜ/ਹੈਪੀ ਸੀਡਰ/ਸੁਪਰ ਸੀਡਰ ਨਾਲ ਬਿਜਾਈ ਕਰਨ ਲਈ ਸਿਫ਼ਾਰਸ਼ ਕੀਤਾ ਗਿਆ ਹੈ। ਇਸਦਾ ਔਸਤ ਕੱਦ 101 ਸੈਂਟੀਮੀਟਰ ਹੈ ਅਤੇ ਇਹ ਕਿਸਮ ਪੱਕਣ ਲਈ ਤਕਰੀਬਨ 158 ਦਿਨ ਲੈਂਦੀ ਹੈ। ਇਹ ਭੂਰੀ ਕੁੰਗੀ ਤੋਂ ਰਹਿਤ ਹੈ ਅਤੇ ਪੀਲੀ ਕੁੰਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤ ਝਾੜ 23.2 ਕੁਇੰਟਲ ਪ੍ਰਤੀ ਏਕੜ ਹੈ।
ਸੁਨਹਿਰੀ (ਪੀ ਬੀ ਡਬਲਯੂ 766): ਇਸ ਦਾ ਔਸਤ ਕੱਦ 106 ਸੈਂਟੀਮੀਟਰ ਹੈ। ਇਹ ਕਿਸਮ ਤਕਰੀਬਨ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਕਾਫ਼ੀ ਹੱਦ ਤੱਕ ਅਤੇ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ। ਇਸ ਦਾ ਔਸਤ ਝਾੜ 23.1 ਕੁਇੰਟਲ ਪ੍ਰਤੀ ਏਕੜ ਹੈ।
ਪੀ ਬੀ ਡਬਲਯੂ 824 ਔਸਤ ਝਾੜ 23.3 ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਦਾ ਔਸਤ ਕੱਦ 104 ਸੈਂਟੀਮੀਟਰ ਹੈ ਅਤੇਇਹ ਪੱਕਣ ਲਈ ਤਕਰੀਬਨ 156 ਦਿਨ ਲੈਂਦੀ ਹੈ। ਇਹ ਭੂਰੀ ਕੁੰਗੀ ਤੋਂ ਰਹਿਤ ਹੈ ਅਤੇ ਪੀਲੀ ਕੁੰਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ।
ਇਹ ਵੀ ਪੜ੍ਹੋ: Wheat Varieties: ਕਣਕ ਦੀਆਂ ਇਹ ਤਿੰਨ ਕਿਸਮਾਂ ਘੱਟ ਪਾਣੀ ਅਤੇ ਸੋਕੇ ਵਿੱਚ ਵੀ ਦੇਣਗੀਆਂ ਵੱਧ ਝਾੜ
ਪੀ ਬੀ ਡਬਲਯੂ 803 ਕਿਸਮ ਕੱਲਰ ਨੂੰ ਸਹਿਣਸ਼ੀਲ਼ ਹੈ ਇਸ ਲਈ ਇਸ ਕਿਸਮ ਦੀ ਸਿਫ਼ਾਰਸ਼ ਪੰਜਾਬ ਦੇ ਦੱਖਣ-ਪੱਛਮੀ ਇਲਾਕਿਆਂ (ਬਠਿੰਡਾ, ਫ਼ਰੀਦਕੋਟ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਮਾਨਸਾ ਅਤੇ ਸ਼੍ਰੀ ਮੁਕਤਸਰ ਸਾਹਿਬ) ਲਈ ਕੀਤੀ ਗਈ ਹੈ। ਇਸਦਾ ਔਸਤ ਕੱਦ 100 ਸੈਂਟੀਮੀਟਰ ਹੈ ਅਤੇ ਇਹ ਕਿਸਮ 151 ਦਿਨਾਂ ਵਿੱਚਪੱਕ ਜਾਂਦੀ ਹੈ। ਇਹ ਭੂਰੀ ਕੁੰਗੀ ਤੋਂ ਰਹਿਤ ਹੈ ਅਤੇ ਪੀਲੀ ਕੁੰਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤ ਝਾੜ 22.7 ਕੁਇੰਟਲ ਪ੍ਰਤੀ ਏਕੜ ਹੈ।
ਉੱਨਤ ਪੀ ਬੀ ਡਬਲਯੂ 343: ਇਹ ਕਿਸਮ ਪੀ ਬੀ ਡਬਲਯੂ 343 ਦਾ ਸੋਧਿਆ ਹੋਇਆ ਰੂਪ ਹੈ। ਇਸ ਦਾ ਔਸਤ ਕੱਦ 100 ਸੈਂਟੀਮੀਟਰ ਹੈ। ਇਹ ਕਿਸਮ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਅਤੇ ਪੀਲੀ ਕੁੰਗੀ ਦਾ ਕਾਫ਼ੀ ਹੱਦ ਤੱਕ ਟਾਕਰਾ ਕਰਦੀ ਹੈ। ਇਹ ਕਿਸਮ ਤਕਰੀਬਨ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 23.2 ਕੁਇੰਟਲ ਪ੍ਰਤੀ ਏਕੜ ਹੈ।
ਉੱਨਤ ਪੀ ਬੀ ਡਬਲਯੂ 550: ਇਹ ਕਿਸਮ ਪੀ ਬੀ ਡਬਲਯੂ 550 ਦਾ ਸੋਧਿਆ ਹੋਇਆ ਰੂਪ ਹੈ। ਇਸ ਦਾ ਔਸਤ ਕੱਦ 86 ਸੈਂਟੀਮੀਟਰ ਹੈ। ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਰਹਿਤ ਹੈ। ਇਹ ਤਕਰੀਬਨ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਮੋਟੇ ਅਤੇ ਔਸਤ ਝਾੜ 23.0 ਕੁਇੰਟਲ ਪ੍ਰਤੀ ਏਕੜ ਹੈ। ਇਸ ਦੀ ਬਿਜਾਈ ਨਵੰਬਰ ਦੇ ਦੂਜੇ ਹਫ਼ਤੇ ਤੋਂ ਲੈ ਕੇ ਚੌਥੇ ਹਫ਼ਤੇ ਤੱਕ ਕਰੋ ਅਤੇ 45 ਕਿਲੋ ਬੀਜ ਹੀ ਵਰਤੋ।
ਪੀ ਬੀ ਡਬਲਯੂ 725: ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਣ ਦੇ ਨਾਲ ਨਾਲ ਪਾਪਲਰ ਹੇਠ ਬੀਜਣ ਲਈ ਵੀ ਢੁੱਕਵੀਂ ਹੈ।ਇਹ ਕਿਸਮ ਪੱਕਣ ਲਈ 154 ਦਿਨ ਲੈਂਦੀ ਹੈ ਅਤੇ ਇਸਦਾ ਔਸਤਨ ਕੱਦ 105 ਸੈਂਟੀਮੀਟਰ ਅਤੇ ਝਾੜ 22.9 ਕੁਇੰਟਲ ਪ੍ਰਤੀ ਏਕੜ ਹੈ।
ਪੀ ਬੀ ਡਬਲਯੂ 677: ਇਸ ਕਿਸਮ ਦਾ ਔਸਤਨ ਕੱਦ107 ਸੈਂਟੀਮੀਟਰ ਹੈ ਜੋ ਕਿ ਬਾਕੀ ਕਿਸਮਾਂ ਨਾਲੋਂ ਥੋੜਾ ਵਧੇਰੇ ਹੈ ਪ੍ਰੰਤੂ ਇਸ ਕਿਸਮ ਦਾ ਤਣਾ ਮਜ਼ਬੂਤ ਹੋਣ ਕਾਰਨ ਇਹ ਡਿੱਗਦੀ ਨਹੀਂ। ਪੱਕਣ ਲਈ ਤਕਰੀਬਨ 157 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ।ਇਹ ਕਿਸਮ ਪਾਪਲਰ ਹੇਠ ਬੀਜਣ ਲਈ ਵੀ ਢੁੱਕਵੀਂ ਹੈ।
ਹੋਰ ਸਿਫਾਰਸ਼ ਕਿਸਮਾਂ: ਡੀ ਬੀ ਡਬਲਯੂ 187,ਡੀ ਬੀ ਡਬਲਯੂ 222, ਐੱਚ ਡੀ 3226 ਅਤੇ ਐੱਚ ਡੀ 3086 ਕਿਸਮਾਂ ਦੀ ਸਿਫਾਰਸ਼ ਸਮੇਂ ਸਿਰ ਸੇਂਜੂ ਹਾਲਾਤਾਂ ਲਈ ਕੀਤੀ ਹੈ। ਡੀ ਬੀ ਡਬਲਯੂ 222 ਨੂੰ ਨੀਮ ਪਹਾੜੀ ਇਲਾਕਿਆਂ ਵਿੱਚ ਕਾਸ਼ਤ ਨਾ ਕਰਨ ਦੀ ਵੀ ਸਿਫਾਰਸ਼ ਕੀਤੀ ਜਾਂਦੀ ਹੈ ਕਿਉਂਕਿ ਇਸ ਕਿਸਮ ਵਿੱਚ ਕੁੰਗੀ ਰੋਗ ਨਾਲ ਟਾਕਰਾ ਕਰਨ ਦੀ ਸਮਰੱਥਾ ਬਹੁਤ ਘੱਟ ਹੈ।
ਇਹ ਵੀ ਪੜ੍ਹੋ: Cash Crops: ਕਮਾਦ ਦੀ ਫਸਲ ਤੋਂ ਵਧੇਰੇ ਲਾਭ ਲੈਣ ਲਈ ਅਪਣਾਓ ਇਹ ਲਾਹੇਵੰਦ ਤਕਨੀਕ, ਕਿਸਾਨਾਂ ਨੂੰ ਵਧੀਆ ਝਾੜ ਨਾਲ ਮਿਲੇਗਾ ਤਗੜਾ ਮੁਨਾਫ਼ਾ
ਵਿਸ਼ੇਸ਼ ਉਤਪਾਦ ਲਈ
ਪੀ ਬੀ ਡਬਲਯੂ 1 ਚਪਾਤੀ: ਇਹ ਇੱਕ ਉੱਤਮ ਗੁਣਵੱਤਾ ਵਾਲੀ ਰੋਟੀ ਬਣਾਉਣ ਵਾਲੀ ਕਣਕ ਦੀ ਕਿਸਮ ਹੈ ਅਤੇ ਉੱਤਮ ਦਰਜੇ ਦੀਆਂ ਵਿਸ਼ੇਸ਼ਤਾਵਾਂ ਰੱਖਦੀ ਹੈ।ਇਸ ਦਾ ਔਸਤ ਕੱਦ 103 ਸੈਂਟੀਮੀਟਰ ਹੈ, ਪੱਕਣ ਲਈ ਤਕਰੀਬਨ 154 ਦਿਨ ਲੈਂਦੀ ਹੈ ਅਤੇ ਔਸਤਨ ਝਾੜ 17.2 ਕੁਇੰਟਲ ਪ੍ਰਤੀ ਏਕੜ ਦੇਣ ਦੀ ਸਮਰੱਥਾ ਰੱਖਦੀ ਹੈ।ਇਹ ਕਿਸਮ ਪੀਲੀ ਕੁੰਗੀ ਦਾ ਕਾਫ਼ੀ ਹੱਦ ਤੱਕ ਅਤੇ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ।
ਪੀ ਬੀ ਡਬਲਯੂ ਆਰ ਐਸ 1: ਕਣਕ ਦੀ ਇਸ ਕਿਸਮ ਦੇ ਦਾਣਿਆਂ ਵਿੱਚ ਰਜਿਸਟੈਂਟ ਸਟਾਰਚ ਦੇ ਪੱਧਰ ਵਧੇਰੇ ਹੈ ਜਿਸ ਕਾਰਨ ਇਸਦੇ ਉਤਪਾਦਾਂ ਦਾ ਸੇਵਨ ਨਾਲ ਬਲੱਡ ਸ਼ੂਗਰ ਦੇ ਪੱਧਰ ਵਿੱਚ ਵਾਧਾ ਨਹੀਂ ਹੁੰਦਾ ਸਗੋਂ ਇਹ ਖੁਰਾਕੀ ਫਾਈਬਰ ਦੇ ਤੌਰ ਤੇ ਕੰਮ ਕਰਦਾ ਹੈ, ਜਿਸ ਕਰਕੇ ਗਲਾਈਸੈਮਿਕ ਇੰਡੈਕਸ ਘੱਟ ਜਾਂਦਾ ਹੈ ਅਤੇ ਨਾਲ ਹੀ ਭੱੁਖ ਵੀ ਜਲਦੀ ਖਤਮ ਹੋ ਜਾਂਦੀ ਹੈ।ਇਸ ਦੀ ਰੋਟੀ ਆਮ ਕਣਕ ਦੀ ਰੋਟੀ ਵਾਂਗ ਹੀ ਬਣਦੀ ਹੈ ਅਤੇ ਬਲੱਡ ਸ਼ੂਰਤ ਦੇ ਮਰੀਜ਼ਾਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੁੰਦੀ ਹੈ। ਇਹ ਕਿਸਮ ਪੀਲੀ ਕੂੰਗੀ ਤੋਂ ਰਹਿਤ ਹੈ ਅਤੇ ਭੂਰੀ ਕੁੰਗੀ ਦਾ ਕਾਫ਼ੀ ਹੱਦ ਤੱਕ ਟਾਕਰਾ ਰੱਖਣ ਦੇ ਨਾਲ-ਨਾਲ ਪ੍ਰਤੀ ਏਕੜ 17.1 ਕੁਇੰਟਲ ਝਾੜ ਦੇਣ ਦੀ ਸਮਰੱਥਾ ਵੀ ਰੱਖਦੀ ਹੈ। ਇਸਦਾ ਔਸਤ ਕੱਦ 87 ਸੈਂਟੀਮੀਟਰ ਹੈ ਅਤੇ ਤਕਰੀਬਨ 146 ਦਿਨਾਂ ਵਿੱਚ ਪੱਕ ਜਾਂਦੀ ਹੈ। ਪੀ ਬੀ ਡਬਲਯੂ ਆਰ ਐਸ 1 ਕਿਸਮ ਦੀ ਬਿਜਾਈ ਨਵੰਬਰ ਦੇ ਦੂਜੇ ਹਫ਼ਤੇ ਤੋਂ ਲੈ ਕੇ ਚੌਥੇ ਹਫ਼ਤੇ ਤੱਕ ਕਰੋ।
ਇਸ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਪੀ ਬੀ ਡਬਲਯੂ ਜ਼ਿੰਕ 2 ਤੇ ਪੀ ਬੀ ਡਬਲਯੂ ਜ਼ਿੰਕ 1 ਦੀ ਖੋਜ ਕੀਤੀ ਗਈ। ਪੀ ਬੀ ਡਬਲਯੂ ਜ਼ਿੰਕ 2 ਵਿੱਚ ਜ਼ਿੰਕ ਦੀ ਮਾਤਰਾ 48.5 ਪੀ ਪੀ ਐਮ ਹੁੰਦੀ ਹੈ ਜੋ ਕਿ ਪੀ ਬੀ ਡਬਲਯੂ ਜ਼ਿੰਕ 1 (43.4 ਪੀ ਪੀ ਐਮ) ਨਾਲੋਂ 11.7% ਅਤੇ ਕਣਕ ਦੀਆਂ ਆਮ ਕਿਸਮਾਂ ਨਾਲੋਂ 25% ਵਧੇਰੇ ਹੈ ਅਤੇ ਇਹਨਾਂ ਕਿਸਮਾਂ ਦਾ ਝਾੜ ਕ੍ਰਮਵਾਰ 23.0 ਅਤੇ 22.5 ਕੁਇੰਟਲ ਪ੍ਰਤੀ ਏਕੜ ਹੈ। ਪੀ ਬੀ ਡਬਲਯੂ ਜ਼ਿੰਕ 2 ਤੇ ਪੀ ਬੀ ਡਬਲਯੂ ਜ਼ਿੰਕ 1 ਕਿਸਮਾਂ ਦਾ ਕ੍ਰਮਵਾਰ ਕੱਦ 100 ਤੇ 103 ਸੈਂਟੀਮੀਟਰ ਹੈ ਅਤੇ ਪੱਕਣ ਲਈ ਸਮਾਂ 154 ਅਤੇ 151 ਦਿਨ ਲੈਂਦੀਆਂ ਹਨ।ਪੀ ਬੀ ਡਬਲਯੂ ਜ਼ਿੰਕ 2ਸਿੱਟੇ ਦਰਮਿਆਨੇ ਸੰਘਣੇ ਅਤੇ ਲਾਲ ਘੁੰਡੀਆਂ ਵਾਲੇ ਹੁੰਦੇ ਹਨ।ਇਹ ਕਿਸਮਾਂ ਪੀਲੀ ਕੁੰਗੀ ਅਤੇ ਭੂਰੀ ਕੁੰਗੀ ਦਾ ਦਰਮਿਆਨੇ ਪੱਧਰ ਤੇ ਟਾਕਰਾ ਕਰ ਸਕਦੀ ਹੈ।
ਵਡਾਣਕ ਕਿਸਮਾਂ
ਡਬਲਯੂ ਐਚ ਡੀ 943: ਕਣਕ ਦੀ ਇਸ ਕਿਸਮ ਦਾ ਔਸਤ ਕੱਦ 93 ਸੈਂਟੀਮੀਟਰ ਹੈ ਅਤੇ ਤਕਰੀਬਨ 154 ਦਿਨਾਂ ਵਿੱਚ ਪੱਕ ਜਾਂਦੀ ਹੈ।ਇਹ ਕਿਸਮ ਪੀਲੀ ਕੁੰਗੀ, ਭੂਰੀ ਕੁੰਗੀ, ਸਿੱਟੇ, ਪੱਤਿਆਂ ਦੀ ਕਾਂਗਿਆਰੀ ਅਤੇ ਕਰਨਾਲ ਬੰਟ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ।ਇਸ ਦਾ ਔਸਤ ਝਾੜ 19.8 ਕੁਇੰਟਲ ਪ੍ਰਤੀ ਏਕੜ ਹੈ।
ਪੀ ਡੀ ਡਬਲਯੂ 291: ਇਹ ਕਿਸਮ ਡਬਲਯੂ ਐੱਚ ਡੀ 943 ਵਾਂਗ ਸਾਰੀਆਂ ਬਿਮਾਰੀਆਂ ਨੂੰ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ।ਇਸ ਦਾ ਔਸਤ ਝਾੜ 19.4 ਕੁਇੰਟਲ ਪ੍ਰਤੀਏਕੜਤੇ ਕੱਦ 83 ਸੈਂਟੀਮੀਟਰ ਹੈ ਅਤੇ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੁੰਦੀ ਹੈ।
ਪਿਛੇਤੀ ਬਿਜਾਈ ਲਈ ਸਿਫਾਰਸ਼ ਕਿਸਮਾਂ
ਜਿਨ੍ਹਾਂ ਖੇਤਾਂ ਵਿੱਚ ਝੋਨੇ-ਕਣਕ ਦੇ ਫ਼ਸਲੀ ਚੱਕਰ ਦੀ ਜਗ੍ਹਾ ਕੋਈ ਹੋਰ ਫ਼ਸਲੀ ਚੱਕਰ ਜਿਵੇਂ ਕਿ ਕਪਾਹ-ਕਣਕ, ਕਮਾਦ-ਕਣਕ, ਆਲੂ-ਕਣਕ ਆਦਿ ਅਪਣਾਏ ਜਾਂਦੇ ਹਨ ਉਥੇ ਕਣਕ ਦੀ ਬਿਜਾਈ ਵਿੱਚ ਦੇਰੀ ਹੋ ਜਾਂਦੀ ਹੈ ਜਿਸ ਲਈ ਪੰਜਾਬ ਖੇਤੀਬਾੜੀ ਮਾਹਿਰਾਂ ਨੇ ਪੀ ਬੀ ਡਬਲਯੂ 752, ਪੀ ਬੀ ਡਬਲਯੂ 771 ਅਤੇ ਪੀ ਬੀ ਡਬਲਯੂ 757 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਪੀ ਬੀ ਡਬਲਯੂ 752 ਦਾ ਔਸਤ ਕੱਦ 89 ਸੈਂ. ਮੀ, ਪੱਕਣ ਲਈ ਸਮਾਂ 130 ਦਿਨ ਅਤੇ ਝਾੜ 19.2 ਕੁਇੰਟਲ ਪ੍ਰਤੀ ਏਕੜ ਹੈ। ਪੀ ਬੀ ਡਬਲਯੂ 771 ਕਿਸਮ 133 ਦਿਨਾਂ ਵਿੱਚ ਪੱਕ ਕੇ ਤਿਆਰ ਹੁੰਦੀ ਹੈ ਅਤੇ ਔਸਤਨ ਕੱਦ 80 ਸੈਂ. ਮੀ. ਤੇ ਪ੍ਰਤੀ ਝਾੜ 19.0 ਕੁਇੰਟਲ ਹੈ। ਪੀ ਬੀ ਡਬਲਯੂ 757 ਕਿਸਮ ਦੀ ਬਿਜਾਈ ਲੋਹੜੀ ਤੱਕ ਵੀ ਕੀਤੀ ਜਾ ਸਕਦੀ ਹੈ। ਏਨੀ ਪਿਛੇਤੀ ਬਿਜਾਈ ਹੋਣ ਦੇ ਬਾਵਜੂਦ ਵੀ ਇਹ ਕਿਸਮ 15.8 ਕੁਇੰਟਲ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ ਅਤੇ ਨਾਲ ਹੀ ਇਹ ਕਿਸਮ ਕੁੰਗੀ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਹ ਕਿਸਮ 114 ਦਿਨਾਂ ਵਿੱਚ ਹੀ ਪੱਕ ਕੇ ਤਿਆਰ ਹੋ ਜਾਂਦੀ ਹੈ।
ਸਰੋਤ: ਗੁਰਵਿੰਦਰ ਸਿੰਘ ਮਾਵੀ, ਅਚਲਾ ਸ਼ਰਮਾ ਅਤੇ ਵੀਰਇੰਦਰ ਸਿੰਘ ਸੋਹੂ, ਪਲਾਂਟ ਬਰੀਡਿੰਗ ਵਿਭਾਗ
Summary in English: Wheat Varieties: Sow these improved varieties including PBW 826 for successful wheat cultivation, Know the recommended varieties for late planting