28ਵਾਂ ਸਲਾਨਾ ਗੁਲਦਾਉਦੀ ਸ਼ੋਅ
Flower Show 2025: ਪੀ.ਏ.ਯੂ. ਦੀ ਪਛਾਣ ਬਣ ਚੁੱਕਾ 28ਵਾਂ ਸਲਾਨਾ ਗੁਲਦਾਉਦੀ ਸ਼ੋਅ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਵੱਲੋਂ ਅਸਟੇਟ ਆਰਗਨਾਈਜ਼ੇਸ਼ਨ ਦੇ ਸਹਿਯੋਗ ਨਾਲ 2-3 ਦਸੰਬਰ ਨੂੰ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਕਰਵਾਇਆ ਜਾ ਰਿਹਾ ਹੈ।
ਆਧੁਨਿਕ ਪੰਜਾਬੀ ਕਵਿਤਾ ਦੇ ਪਿਤਾਮਾ ਅਤੇ ਕੁਦਰਤ ਦੇ ਕਵੀ ਭਾਈ ਵੀਰ ਸਿੰਘ ਨੂੰ ਸਮਰਪਿਤ ਇਹ ਗੁਲਦਾਉਦੀ ਸ਼ੋਅ ਫੁੱਲ ਪ੍ਰੇਮੀਆਂ ਅਤੇ ਫੁੱਲਾਂ ਦੇ ਦਰਸ਼ਕਾਂ ਲਈ ਬੇਹੱਦ ਖਿੱਚ ਰੱਖਦਾ ਹੈ। ਇਸ ਸ਼ੋਅ ਦਾ ਉਦਘਾਟਨ 2 ਦਸੰਬਰ ਨੂੰ ਬਾਅਦ ਦੁਪਹਿਰ 12.30 ਵਜੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਆਪਣੇ ਕਰ-ਕਮਲਾਂ ਨਾਲ ਕਰਨਗੇ।
ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ 12 ਵਰਗਾਂ ਵਿਚ ਗੁਲਦਾਉਦੀ ਦੇ ਮੁਕਾਬਲੇ ਕਰਵਾਏ ਜਾਣਗੇ। ਇਹਨਾਂ ਵਿਚ ਇਨਕਰਵਡ, ਰਿਫਲੈਕਸਡ, ਸਪਾਈਡਰ, ਸਜਾਵਟੀ, ਪੋਪਨ/ਬਟਨ ਇਕਹਿਰੇ ਦੋਹਰੇ ਕੋਰੀਅਨ, ਸਪੂਨ, ਐਨੀਮੂਨ ਅਤੇ ਹੋਰ ਕੋਈ ਵੀ ਵਿਸ਼ੇਸ਼ ਪੌਦੇ ਸ਼ਾਮਿਲ ਹਨ।
ਇਸ ਤੋਂ ਇਲਾਵਾ ਗੁਲਦਾਉਦੀ ਦੀਆਂ ਜਪਾਨੀ ਅਤੇ ਕੋਰੀਅਨ ਕਿਸਮਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਦੇ ਨਾਲ ਹੀ ਖਾਸ ਤਰੀਕੇ ਨਾਲ ਸਜਾਈ ਗੁਲਦਾਉਦੀ ਅਤੇ ਗਮਲਿਆਂ ਦੀ ਸਜਾਵਟ ਦੇ ਮੁਕਾਬਲੇ ਵਿਚ ਨਿੱਜੀ ਫੁੱਲ ਪ੍ਰੇਮੀ ਅਤੇ ਸੰਸਥਾਵਾਂ ਭਾਗ ਲੈ ਸਕਣਗੀਆਂ। ਇਸ ਸ਼ੋਅ ਦੇ ਬਹਾਨੇ ਫੁੱਲ ਪ੍ਰੇਮੀਆਂ ਕੋਲ ਸਜਾਵਟੀ ਫੁੱਲਾਂ ਦੀ ਕਾਸ਼ਤ ਲਈ ਮਾਹਿਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਰਹੇਗਾ।
ਇਹ ਵੀ ਪੜੋ: Punjab ਵਿੱਚ ਵਾਤਾਵਰਨ ਪੱਖੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨ: Vice-Chancellor Dr. Satbir Singh Gosal
ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਲੁਧਿਆਣਾ ਦੀਆਂ ਬਹੁਤ ਸਾਰੀਆਂ ਬਗੀਚੀਆਂ ਅਤੇ ਪਨੀਰੀ ਕੇਂਦਰ ਬਾਗਬਾਨੀ ਦੇ ਪ੍ਰੇਮੀਆਂ ਲਈ ਔਜ਼ਾਰਾਂ ਦੀ ਨੁਮਾਇਸ਼ ਅਤੇ ਵਿਕਰੀ ਮੁਹੱਈਆ ਕਰਾਉਣਗੇ। ਗੁਲਦਾਉਦੀ ਦੇ ਗਮਲੇ ਵਿਭਾਗ ਦੀ ਸਟਾਲ ਉੱਪਰ ਪ੍ਰਤੀ ਗਮਲਾ 150 ਰੁਪਏ ਦੀ ਦਰ ਤੇ ਵਿਕਰੀ ਲਈ ਉਪਲੱਬਧ ਰਹਿਣਗੇ। ਇਸ ਸੰਬੰਧੀ ਕਿਸੇ ਹੋਰ ਜਾਣਕਾਰੀ ਲਈ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨਾਲ ਮੋਬਾਈਲ ਨੰਬਰ 97795-81523 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸਰੋਤ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University)
Summary in English: 28th Annual Guldaudi Flower Show 2025 to be held at PAU on December 2-3