1. Home
  2. ਖਬਰਾਂ

PAU ਦੇ 9 ਵਿਦਿਆਰਥੀ ਪੀ.ਐੱਚ.ਡੀ ਖੋਜ ਲਈ PM Fellowship ਨਾਲ ਸਨਮਾਨਿਤ, VC Dr. Satbir Singh Gosal ਵੱਲੋਂ ਖੁਸ਼ੀ ਦਾ ਪ੍ਰਗਟਾਵਾ

ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਪ੍ਰਾਪਤੀਆਂ ਦੀ ਲੜੀ ਵਧਾਉਣ ਲਈ ਹੋਰ ਉਦਯੋਗਿਕ ਭਾਈਵਾਲੀ ਦੀ ਪਛਾਣ ਕਰਨ। ਖੋਜ ਦੇ ਅਜਿਹੇ ਮੌਕਿਆਂ ਅਤੇ ਉਤਸ਼ਾਹ ਲਈ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਵਰਗੀਆਂ ਪਹਿਲਕਦਮੀਆਂ ਨੂੰ ਵੀ ਡਾ. ਗੋਸਲ ਨੇ ਬੇਹੱਦ ਅਹਿਮ ਆਖਿਆ ਅਤੇ ਉਦਯੋਗਾਂ ਨਾਲ ਸਬੰਧਾਂ ਨੂੰ ਮਜ਼ਬੂਤ ​​ਕਰਨ ਦਾ ਸੱਦਾ ਦਿੱਤਾ।

Gurpreet Kaur Virk
Gurpreet Kaur Virk
ਡਾ. ਸਤਿਬੀਰ ਸਿੰਘ ਗੋਸਲ ਨੇ ਜੇਤੂਆਂ ਅਤੇ ਉਨ੍ਹਾਂ ਦੇ ਸਲਾਹਕਾਰਾਂ ਨੂੰ ਦਿੱਤੀ ਵਧਾਈ

ਡਾ. ਸਤਿਬੀਰ ਸਿੰਘ ਗੋਸਲ ਨੇ ਜੇਤੂਆਂ ਅਤੇ ਉਨ੍ਹਾਂ ਦੇ ਸਲਾਹਕਾਰਾਂ ਨੂੰ ਦਿੱਤੀ ਵਧਾਈ

PM Fellowship: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਨੌਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ 2024 ਵਿੱਚ ਪੀ ਐੱਚ ਡੀ ਖੋਜ ਲਈ ਪ੍ਰਧਾਨ ਮੰਤਰੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ। ਇਕ ਵਿਸ਼ੇਸ਼ ਸਮਾਰੋਹ ਵਿਚ ਇਸ ਪ੍ਰਾਪਤੀ ਉੱਪਰ ਖੁਸ਼ੀ ਅਤੇ ਮਾਣ ਮਹਿਸੂਸ ਕੀਤਾ ਗਿਆ। ਇਹ ਪੀ ਐੱਚ ਡੀ ਖੋਜ ਵਾਸਤੇ ਵੱਕਾਰੀ ਫੈਲੋਸ਼ਿਪ ਹੈ, ਜੋ ਨਿੱਜੀ ਜਨਤਕ ਸਾਂਝੇਦਾਰੀ ਰਾਹੀਂ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਅਤੇ ਭਾਰਤੀ ਉਦਯੋਗ ਸੰਘ ਦੁਆਰਾ ਸਾਂਝੇ ਤੌਰ 'ਤੇ ਦਿੱਤੀ ਜਾਂਦੀ ਹੈ। ਇਸ ਫੈਲੋਸ਼ਿਪ ਦਾ ਉਦੇਸ਼ ਦੇਸ਼ ਵਿੱਚ ਉਦਯੋਗ-ਸੰਬੰਧਿਤ ਖੋਜ ਨੂੰ ਉਤਸ਼ਾਹਿਤ ਕਰਕੇ ਭਵਿੱਖ ਵਿਚ ਉਦਯੋਗ ਦੀ ਰੂਪਰੇਖਾ ਨੂੰ ਮਜ਼ਬੂਤ ਕਰਨਾ ਹੈ।

ਪੀ.ਏ.ਯੂ. ਦੇ ਪ੍ਰਧਾਨ ਮੰਤਰੀ ਫੈਲੋਸ਼ਿਪ ਜੇਤੂ ਵਿਦਿਆਰਥੀ ਅਮਨ ਕੁਮਾਰ, ਆਯੂਸ਼ ਗੁਪਤਾ, ਹਰਵੀਰ ਸਿੰਘ, ਪਰਦੀਪ ਬੈਨੀਵਾਲ, ਰਾਜਵਿੰਦਰ ਕੌਰ, ਰਸ਼ਮਿਤਾ ਸੈਕੀਆ, ਰੁਤੂਪਰਨਾ , ਸੱਤੂ ਮਧੂ ਅਤੇ ਸ਼ਿਵਾਨੀ ਉਪਾਧਿਆਏ ਦੀ ਇਹ ਮਾਣ ਹਾਸਿਲ ਕਰਨ ਵਾਸਤੇ ਸ਼ਲਾਘਾ ਕੀਤੀ ਗਈ।

ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਫੈਲੋਸ਼ਿਪ ਦੇ ਜੇਤੂਆਂ ਦੇ ਸਨਮਾਨ ਵਿੱਚ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਗੋਸਲ ਨੇ ਫੈਲੋਸ਼ਿਪ ਜਿੱਤਣ ਲਈ ਪ੍ਰਸਤਾਵ ਤਿਆਰ ਕਰਨ ਵਾਸਤੇ ਲੋੜੀਂਦੇ ਯਤਨਾਂ 'ਤੇ ਜ਼ੋਰ ਦਿੰਦੇ ਹੋਏ ਜੇਤੂਆਂ ਅਤੇ ਉਨ੍ਹਾਂ ਦੇ ਸਲਾਹਕਾਰਾਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨ ਖੋਜਾਰਥੀਆਂ ਨੂੰ ਮੁੱਢਲੇ ਪੜਾਅ 'ਤੇ ਹੀ ਐਸੀ ਸ਼ਾਨਦਾਰ ਸ਼ੁਰੂਆਤ ਮਿਲਣੀ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਪ੍ਰਾਪਤੀਆਂ ਦੀ ਲੜੀ ਵਧਾਉਣ ਲਈ ਹੋਰ ਉਦਯੋਗਿਕ ਭਾਈਵਾਲੀ ਦੀ ਪਛਾਣ ਕਰਨ। ਖੋਜ ਦੇ ਅਜਿਹੇ ਮੌਕਿਆਂ ਅਤੇ ਉਤਸ਼ਾਹ ਲਈ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਵਰਗੀਆਂ ਪਹਿਲਕਦਮੀਆਂ ਨੂੰ ਵੀ ਡਾ. ਗੋਸਲ ਨੇ ਬੇਹੱਦ ਅਹਿਮ ਆਖਿਆ ਅਤੇ ਉਦਯੋਗਾਂ ਨਾਲ ਸਬੰਧਾਂ ਨੂੰ ਮਜ਼ਬੂਤ ​​ਕਰਨ ਦਾ ਸੱਦਾ ਦਿੱਤਾ।

ਪੀਏਯੂ ਦੇ ਰਜਿਸਟਰਾਰ ਡਾ. ਰਿਸ਼ੀ ਪਾਲ ਸਿੰਘ (ਆਈ.ਏ.ਐਸ.), ਨੇ ਡਾ. ਗੋਸਲ ਦੀ ਦੂਰਅੰਦੇਸ਼ੀ ਅਤੇ ਅਗਵਾਈ ਦੀ ਸ਼ਲਾਘਾ ਕਰਦਿਆਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦਾ ਸਿਹਰਾ ਉਨ੍ਹਾਂ ਦੇ ਮਾਰਗਦਰਸ਼ਨ ਨੂੰ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ, ਸਲਾਹਕਾਰਾਂ ਅਤੇ ਫੈਕਲਟੀ ਦੁਆਰਾ ਦਿਖਾਏ ਸਮੂਹਿਕ ਕਾਰਜ ਦੀ ਪ੍ਰਸ਼ੰਸਾ ਕੀਤੀ ਜਿਸਦੇ ਸਿੱਟੇ ਵਜੋਂ ਇਹ ਸਫਲਤਾ ਹਾਸਿਲ ਹੋ ਸਕੀ ਹੈ। ਉਨ੍ਹਾਂ ਕਿਹਾ ਪੀਏਯੂ ਦੇ ਵਿਦਿਆਰਥੀਆਂ ਵਿੱਚ ਬੇਓੜਕੀ ਸਮਰੱਥਾ ਹੈ, ਅਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਸਮਰੱਥਾ ਦੀ ਪਛਾਣ ਕਰਕੇ ਸਹੀ ਰਸਤਾ ਦਿਖਾ ਸਕੀਏ।

ਫੈਲੋਸ਼ਿਪ ਪ੍ਰੋਗਰਾਮ ਬਾਰੇ ਡਾ. ਮਾਨਵ ਇੰਦਰ ਸਿੰਘ ਗਿੱਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਪੀ ਐੱਚ ਡੀ ਖੋਜ ਲਈ ਪ੍ਰਧਾਨ ਮੰਤਰੀ ਫੈਲੋਸ਼ਿਪ ਦੇ ਵੇਰਵਿਆਂ ਬਾਰੇ ਵਿਸਥਾਰ ਨਾਲ ਦੱਸਿਆ। ਉਨਾਂ ਜਾਣਕਾਰੀ ਦਿੱਤੀ ਕਿ ਫੈਲੋਸ਼ਿਪ ਫੁੱਲ-ਟਾਈਮ ਪੀ ਐਚ ਡੀ ਵਿਦਵਾਨਾਂ ਲਈ ਵਿੱਤੀ ਸਹਾਇਤਾ ਵਜੋਂ 86,000 ਪ੍ਰਤੀ ਮਹੀਨਾ ਦੀ ਮੁਹਈਆ ਕਰਦੀ ਹੈ। ਇਸ ਵਿੱਚੋਂ ਅੱਧੀ ਰਕਮ ਸਰਕਾਰ ਦੁਆਰਾ ਦਿੱਤੀ ਜਾਂਦੀ ਹੈ, ਜਦੋਂ ਕਿ ਬਾਕੀ ਅੱਧੀ ਇੱਕ ਸਾਂਝੀਦਾਰ ਕੰਪਨੀ ਦੁਆਰਾ ਯੋਗਦਾਨ ਪਾਈ ਜਾਂਦੀ ਹੈ, ਜੋ ਖੋਜਾਰਥੀ ਨਾਲ ਖੋਜ ਪ੍ਰੋਜੈਕਟ ਵਿੱਚ ਸਹਿਯੋਗ ਕਰਦੀ ਹੈ। ਡਾ. ਗਿੱਲ ਨੇ ਹੋਰ ਵੇਰਵਾ ਦਿੰਦਿਆਂ ਕਿਹਾ ਕਿ ਫੈਲੋਸ਼ਿਪ, ਚਾਰ ਸਾਲ ਦੇ ਵਕਫੇ ਵਿਚ ਤਕ ਜਾਰੀ ਰਹਿੰਦੀ ਹੈ।

ਇਹ ਵੀ ਪੜ੍ਹੋ: PAU Vice Chancellor Dr. Satbir Singh Gosal ਨੇ ਖੇਤੀ ਚੁਣੌਤੀਆਂ ਦੇ ਹੱਲ ਲਈ ਅਮਰੀਕੀ ਵਫਦ ਨਾਲ ਕੀਤੀਆਂ ਵਿਚਾਰਾਂ

ਖੇਤੀਬਾੜੀ ਕਾਲਜ ਦੇ ਡੀਨ ਡਾ ਚਰਨਜੀਤ ਸਿੰਘ ਔਲਖ ਵੱਲੋਂ ਕੀਤੇ ਧੰਨਵਾਦ ਨਾਲ ਸਮਾਗਮ ਦੀ ਸਮਾਪਤੀ ਹੋਈ। ਉਨ੍ਹਾਂ ਫੈਲੋਸ਼ਿਪ ਜੇਤੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੂਨੀਅਰਾਂ ਨੂੰ ਪ੍ਰਸਤਾਵ ਲਿਖਣ ਅਤੇ ਫੈਲੋਸ਼ਿਪ ਅਰਜ਼ੀ ਪ੍ਰਕਿਰਿਆ ਦੀਆਂ ਬਾਰੀਕੀਆਂ ਬਾਰੇ ਮਾਰਗਦਰਸ਼ਨ ਕਰਨ , ਜਿਸ ਨਾਲ ਪੀਏਯੂ ਦੇ ਹੋਰ ਵਿਦਿਆਰਥੀਆਂ ਨੂੰ ਅਜਿਹੀਆਂ ਵੱਕਾਰੀ ਯੋਗਤਾ ਪ੍ਰਾਪਤ ਕਰਨ ਦੇ ਯੋਗ ਬਣਾਇਆ ਜਾ ਸਕੇ।

ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਅਤੇ ਉਨ੍ਹਾਂ ਦੇ ਨਿਗਰਾਨ ਵਿਗਿਆਨੀਆਂ ਨੇ ਪ੍ਰਸਤਾਵ ਤਿਆਰ ਕਰਨ ਦੇ ਆਪਣੇ ਤਜਰਬੇ ਸਾਂਝੇ ਕੀਤੇ। ਉਹਨਾਂ ਦੀ ਸਫਲਤਾ ਦੀਆਂ ਕਹਾਣੀਆਂ ਉਹਨਾਂ ਦੇ ਸਾਥੀਆਂ ਲਈ ਪ੍ਰੇਰਨਾ ਦੇ ਸਰੋਤ ਵਜੋਂ ਕੰਮ ਕਰਨਗੀਆਂ ਅਤੇ ਭਵਿੱਖ ਵਿਚ ਹੋਰ ਵਿਦਿਆਰਥੀ ਸਫਲਤਾ ਦੇ ਇਸ ਰਾਹ ਦੇ ਪਾਂਧੀ ਬਣ ਸਕਣਗੇ।

Summary in English: 9 PAU students awarded PM Fellowship for PhD research, VC Dr Satbir Singh Gosal expressed his happiness

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters