Innovative Strategies: ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਮਰੀਕੀ ਵਿਗਿਆਨੀ ਡਾ. ਬੈਰੀ ਟੀ ਰਾਊਜ਼ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਵਿਸ਼ੇਸ਼ ਭਾਸ਼ਣ ਦਿੱਤਾ ਜਿਸ ਦਾ ਵਿਸ਼ਾ ਸੀ ‘ਸਾਡਾ ਸਰੀਰਕ ਢਾਂਚਾ ਕਿਵੇਂ ਰੋਗਜਨਕ ਕਾਰਕਾਂ ਦਾ ਕਰਦਾ ਹੈ ਮੁਕਾਬਲਾ’। ਡਾ. ਬੈਰੀ ਨੇ ਸਾਡੇ ਸਰੀਰ ਦੀ ਬਚਾਅ ਪ੍ਰਣਾਲੀ ਰਾਹੀਂ ਡੇਂਗੂ, ਹੈਪਟਾਈਟਸ ਅਤੇ ਕੋਰੋਨਾ ਆਦਿ ਵਰਗੀਆਂ ਬਿਮਾਰੀਆਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਸੰਬੰਧੀ ਚਾਨਣਾ ਪਾਇਆ।
ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਨੂੰ ਇਕ ਕੇਸ ਅਧਿਐਨ ਦੇ ਤੌਰ ’ਤੇ ਲੈਂਦੇ ਹੋਏ ਮਨੁੱਖੀ ਸਰੀਰ ’ਤੇ ਪੈਂਦੇ ਮਾਰੂ ਅਸਰ ਬਾਰੇ ਦੱਸਿਆ। ਉਨ੍ਹਾਂ ਜਾਣਕਾਰੀ ਦਿੱਤੀ ਕਿ ਮਨੁੱਖੀ ਸਰੀਰ ਦਾ ਬਚਾਓ ਢਾਂਚਾ ਜਦੋਂ ਅਸੰਤੁਲਿਤ ਅਤੇ ਕਾਬੂ ਤੋਂ ਬਾਹਰ ਹੋ ਜਾਂਦਾ ਹੈ ਤਾਂ ਉਹ ਆਪ ਹੀ ਸਰੀਰ ਦਾ ਦੁਸ਼ਮਣ ਬਣ ਜਾਂਦਾ ਹੈ।
ਉਨ੍ਹਾਂ ਨੇ ਵਿਸ਼ਾਣੂਆਂ ਦੀ ਸਰੀਰ ਵਿਚ ਲੁਕਣ ਅਤੇ ਆਪਣਾ ਰੂਪ ਬਦਲਣ ਦੀ ਪ੍ਰਕਿਰਿਆ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਨਵੀਆਂ ਖੋਜਾਂ ਰਾਹੀਂ ਬਹੁਤ ਕੁਝ ਅਜਿਹਾ ਕੀਤਾ ਜਾ ਰਿਹਾ ਹੈ ਜਿਸ ਨਾਲ ਇਲਾਜ ਪ੍ਰਣਾਲੀ ਹੋਰ ਬਿਹਤਰ ਅਤੇ ਸੁਗਮ ਹੋ ਰਹੀ ਹੈ।
ਡਾ. ਲਛਮਣ ਦਾਸ ਸਿੰਗਲਾ, ਨਿਰਦੇਸ਼ਕ ਮਨੁੱਖੀ ਸਾਧਨ ਪ੍ਰਬੰਧ ਕੇਂਦਰ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਵੈਟਨਰੀ ਅਤੇ ਮੈਡੀਕਲ ਖੋਜ ਵਿੱਚ ਉਨੱਤ ਖੋਜਾਂ ਰਾਹੀਂ ਵਿਸ਼ਵ ਸਹਿਯੋਗ ਦੀ ਚਰਚਾ ਕੀਤੀ। ਉਨ੍ਹਾਂ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਦੀ ਸਰਪ੍ਰਸਤੀ ਰਾਹੀਂ ਅਜਿਹੀ ਖੋਜ ਬਿਰਤੀ ਵਾਲੇ ਸਾਇੰਸਦਾਨ ਯੂਨੀਵਰਸਿਟੀ ਵਿਖੇ ਆਉਂਦੇ ਹਨ ਅਤੇ ਗਿਆਨ ਚਰਚਾ ਕਰਦੇ ਹਨ।
ਇਹ ਵੀ ਪੜ੍ਹੋ: Journey of Krishi Jagran: ਕ੍ਰਿਸ਼ੀ ਜਾਗਰਣ ਦੇ 28 ਸਾਲਾਂ ਦਾ ਸ਼ਾਨਦਾਰ ਸਫਰ
ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ, ਜੰਮੂ ਦੇ ਡਾ. ਸ਼ਾਲਿਨੀ ਸ਼ਰਮਾ ਅਤੇ ਡਾ. ਸ਼ਿਲਪਾ ਸੂਦ ਨੇ ਡਾ. ਬੈਰੀ ਨਾਲ ਆਪਣੇ ਕੰਮ ਦੇ ਨਿੱਜੀ ਤਜਰਬੇ ਦੱਸੇ ਅਤੇ ਉਨ੍ਹਾਂ ਦੀ ਖੋਜ ਦੀ ਸਰਾਹਨਾ ਕੀਤੀ। ਡਾ. ਤੇਜਿੰਦਰ ਸਿੰਘ ਰਾਏ, ਸੇਵਾਮੁਕਤ ਪ੍ਰੋਫੈਸਰ ਨੇ ਸਾਰੇ ਸੈਸ਼ਨ ਦਾ ਸੰਖੇਪ ਸਾਰ ਸਾਂਝਾ ਕੀਤਾ। ਇਸ ਸੈਸ਼ਨ ਦਾ ਸੰਯੋਜਨ ਡਾ. ਪਰਮਜੀਤ ਕੌਰ ਨੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ।
Summary in English: American Scientist Dr. Barry gave a speech at the Veterinary University about disease control policies