1. Home
  2. ਖਬਰਾਂ

Sangrur ਦੇ ਪਿੰਡ ਬਾਲੀਆਂ ਵਿਖੇ ਪਾਣੀ ਬਚਾਉਣ ਅਤੇ ਝੋਨੇ ਦੀ ਪਰਾਲੀ ਦੀ ਖੇਤ ਵਿੱਚ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ

ਪੀਏਯੂ-ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਬਾਲੀਆਂ ਵਿਖੇ ਪਾਣੀ ਬਚਾਉਣ ਅਤੇ ਝੋਨੇ ਦੀ ਪਰਾਲੀ ਦੀ ਖੇਤ ਵਿੱਚ ਹੀ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਝੋਨੇ ਨੂੰ ਪਾਣੀ ਜੀਰਣ ਤੋਂ ਦੋ ਦਿਨਾਂ ਬਾਅਦ ਹੀ ਦੁਬਾਰਾ ਸਿੰਚਾਈ ਕਰਨੀ ਚਾਹੀਦੀ ਹੈ।

Gurpreet Kaur Virk
Gurpreet Kaur Virk
ਕੈਂਪ ਵਿੱਚ 80 ਤੋਂ ਵੱਧ ਅਗਾਂਹਵਧੂ ਕਿਸਾਨਾਂ ਨੇ ਲਿਆ ਹਿੱਸਾ

ਕੈਂਪ ਵਿੱਚ 80 ਤੋਂ ਵੱਧ ਅਗਾਂਹਵਧੂ ਕਿਸਾਨਾਂ ਨੇ ਲਿਆ ਹਿੱਸਾ

Awareness Camp: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਬਾਲੀਆਂ ਵਿਖੇ ਪਾਣੀ ਦੀ ਸੰਜਮ ਨਾਲ ਵਰਤੋਂ ਨੂੰ ਮੁੱਖ ਰੱਖਦੇ ਹੋਏ ਅਤੇ ਝੋਨੇ ਦੀ ਪਰਾਲੀ ਨੂੰ ਬਗੈਰ ਅੱਗ ਲਗਾਏ ਖੇਤ ਵਿੱਚ ਹੀ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।

ਕੈਂਪ ਵਿੱਚ ਪਿੰਡ ਦੇ ਅਗਾਂਹਵਧੂ 80 ਤੋਂ ਵੱਧ ਕਿਸਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ। ਕੈਂਪ ਦੀ ਪ੍ਰਧਾਨਗੀ ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਵਿਗਿਆਨੀ (ਭੂਮੀ ਵਿਗਿਆਨ) ਨੇ ਕੀਤੀ।

ਇਸ ਮੌਕੇ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਝੋਨੇ ਨੂੰ ਪਾਣੀ ਜੀਰਣ ਤੋਂ ਦੋ ਦਿਨਾਂ ਬਾਅਦ ਹੀ ਦੁਬਾਰਾ ਸਿੰਚਾਈ ਕਰਨੀ ਚਾਹੀਦੀ ਹੈ। ਝੋਨੇ ਵਿੱਚ ਫੋਕ ਘਟਾਉਣ ਲਈ ਜਦੋਂ ਝੋਨਾ ਗੋਭ ਵਿੱਚ ਹੋਵੇ ਤਾਂ 1.5% ਪੋਟਾਸ਼ੀਅਮ ਨਾਈਟ੍ਰੇਟ (3 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲਿਟਰ ਪਾਣੀ ਵਿੱਚ ਪ੍ਰਤੀ ਏਕੜ) ਦੇ ਛਿੜਕਾਅ ਬਾਰੇ ਸੁਝਾਅ ਦਿੱਤਾ। ਉਨ੍ਹਾਂ ਨੇ ਝੋਨੇ ਅਤੇ ਬਾਸਮਤੀ ਦੇ ਕੀੜਿਆਂ ਅਤੇ ਬਿਮਾਰੀਆਂ ਜਿਵੇਂ ਕਿ ਗੋਭ ਦੀ ਸੁੰਡੀ, ਸ਼ੀਥ ਬਲਾਈਟ ਅਤੇ ਬਲਾਸਟ ਦੇ ਪ੍ਰਬੰਧਨ ਲਈ ਨਵੀਆਂ ਸਿਫ਼ਾਰਸ਼ਾਂ ਬਾਰੇ ਗੱਲ ਕੀਤੀ।

ਪ੍ਰੋਗਰਾਮ ਦੌਰਾਨ ਝੋਨੇ ਦੀ ਪਰਾਲੀ ਦੇ ਖੇਤ ਵਿੱਚ ਹੀ ਪ੍ਰਬੰਧਨ ਲਈ ਹੈਪੀਸੀਡਰ, ਸੁਪਰ ਸੀਡਰ, ਪੀ ਏ ਯੂ ਸਮਾਰਟ ਸੀਡਰ ਅਤੇ ਸਰਫੇਸ ਸੀਡਿੰਗ-ਕਮ-ਮਲਚਿੰਗ ਵਿਧੀ ਨਾਲ ਕਣਕ ਦੀ ਬਿਜਾਈ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ। ਉਨ੍ਹਾਂ ਨੇ ਮਿੱਟੀ ਦੀ ਜੈਵਿਕ ਸਿਹਤ ਨੂੰ ਸੁਧਾਰਨ ਲਈ ਅਗਲੀ ਹਾੜੀ ਵਿੱਚ ਬੀਜੀ ਜਾਣ ਵਾਲੀ ਕਣਕ ਨੂੰ ਲੱਗਣ ਵਾਲੇ ਜੈਵਿਕ ਟੀਕੇ ਕੰਨਸ਼ੋਰਸ਼ੀਅਮ ਦੇ ਫਾਇਦਿਆਂ ਬਾਰੇ ਦੱਸਿਆ। ਉਹਨਾਂ ਕਿਸਾਨਾਂ ਨੂੰ ਸਾਉਣੀ ਦੀ ਫਸਲ ਦੀ ਵਾਢੀ ਤੋਂ ਬਾਅਦ ਆਪਣੇ ਖੇਤ ਦੀ ਮਿੱਟੀ ਚੈੱਕ ਕਰਾਉਣ ਲਈ ਪ੍ਰੇਰਿਤ ਕੀਤਾ ਅਤੇ ਮਿੱਟੀ ਪਰਖ ਲਈ ਨਮੂਨਾ ਲੈਣ ਦੇ ਢੰਗ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਉਹਨਾਂ ਅੱਗੇ ਹਾੜੀ ਦੀਆਂ ਮੁੱਖ ਫਸਲਾਂ ਵਿੱਚ ਸੁਚੱਜੇ ਖੁਰਾਕ ਪ੍ਰਬੰਧਨ ਬਾਰੇ ਵਿਚਾਰ ਸਾਂਝੇ ਕੀਤੇ।

ਇਹ ਵੀ ਪੜੋ: Krishi Vigyan Kendra, Bathinda ਵਿਖੇ 20 ਸਤੰਬਰ ਤੱਕ ਚੱਲੇਗਾ ਪਰਾਲੀ ਪ੍ਰਬੰਧਨ ਸੰਬੰਧੀ ਪੰਜ ਦਿਨਾਂ ਸਿਖਲਾਈ ਪ੍ਰੋਗਰਾਮ

ਡਾ. ਅਮਨਦੀਪ ਕੌਰ, ਜਿਲਾ ਪਸਾਰ ਮਾਹਿਰ (ਫਸਲ ਵਿਗਿਆਨ), ਫਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ ਨੇ ਕਿਸਾਨਾਂ ਨੂੰ ਹਾੜ੍ਹੀ ਵਿੱਚ ਬੀਜੀਆਂ ਜਾਣ ਵਾਲੀਆਂ ਕਣਕ ਦੀਆਂ ਨਵੀਆਂ ਸਿਫਾਰਿਸ਼ ਕਿਸਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਖਾਸ ਤੌਰ ਤੇ ਸ਼ੂਗਰ ਵਾਲੀ ਕਿਸਮ ਆਰ ਐਸ 1 ਅਤੇ ਪੀ ਬੀ ਡਬਲਯੂ ਬਿਸਕਿਟ 1 ਕਿਸਮ ਆਦਿ। ਉਨਾਂ ਨੇ ਕਣਕ ਦੇ ਨਦੀਨਾਂ ਖਾਸ ਤੌਰ ਤੇ ਗੁੱਲੀ ਡੰਡੇ ਦੀ ਰੋਕਥਾਮ ਬਾਰੇ ਨਵੇਂ ਨਦੀਨ ਨਾਸ਼ਕਾਂ ਦੀਆਂ ਸਿਫਾਰਿਸ਼ਾਂ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਪੀ.ਏ.ਯੂ ਸਾਹਿਤ, ਧਾਤਾਂ ਦਾ ਚੂਰਾ, ਬਾਈਪਾਸ ਫੈਟ, ਪਸ਼ੂ ਚਾਟ ਅਤੇ ਮਨੁੱਖੀ ਵਰਤੋਂ ਲਈ ਪਾਣੀ ਦੀ ਜਾਂਚ ਕਰਨ ਵਾਲੀ ਕਿੱਟ ਦੀ ਪ੍ਰਦਰਸ਼ਨੀ ਲਗਾਈ ਗਈ।

ਕੈਂਪ ਦੌਰਾਨ ਉੱਠੇ ਕਈ ਸਵਾਲ, ਜਿਸ ਵਿੱਚ ਨੈਨੋ-ਯੂਰੀਆ ਦੇ ਫਾਇਦੇ ਅਤੇ ਨੁਕਸਾਨ, ਮਿੱਟੀ ਅਤੇ ਪਾਣੀ ਦਾ ਨਮੂਨਾ ਕਿਵੇਂ ਲੈਣਾ ਹੈ, ਜੈਵਿਕ ਖੇਤੀ ਵਿੱਚ ਖਾਦ ਪ੍ਰਬੰਧ, ਕਣਕ ਦੇ ਨਦੀਨਾਂ ਦੀ ਰੋਕਥਤਮ ਆਦਿ ਦੇ ਪ੍ਰਭਾਵਸ਼ਾਲੀ ਢੰਗ ਨਾਲ ਉੱਤਰ ਦਿੱਤੇ ਗਏ। ਘਰੇਲੂ ਬਗੀਚੀ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਉਹਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਸਰਦੀ ਰੁੱਤ ਦੀਆਂ ਸਬਜ਼ੀ ਦੀਆਂ ਕਿੱਟਾਂ ਬਾਰੇ ਚਾਨਣਾ ਪਾਇਆ ਅਤੇ ਸੇਲ ਵਾਸਤੇ ਵੀ ਉਪਲਬਧ ਕਰਵਾਇਆ ਗਿਆ। ਇਸ ਮੌਕੇ ਤੇ ਸ. ਸਤਨਾਮ ਸਿੰਘ, ਸੋਸਾਇਟੀ ਮੈਂਬਰ, ਸ. ਲਖਵੀਰ ਸਿੰਘ, ਪ੍ਰਧਾਨ ਕਿਸਾਨ ਯੁਨੀਅਨ, ਸ. ਹਰਦਮ ਸਿੰਘ, ਸ. ਪ੍ਰਗਟ ਸਿੰਘ, ਡਾ. ਗੁਰਜੰਟ ਸਿੰਘ ਅਤੇ ਮਾਸਟਰ ਦਰਸ਼ਨ ਸਿੰਘ ਸ਼ਾਮਿਲ ਸਨ।

Summary in English: An awareness camp was organized at village Baliyan in Sangrur regarding conservation of water and conservation of paddy straw in the field

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters